ਸਰਕਾਰ ਦੀ ਦਲੀਲ ਹੈ ਕਿ ਆਕਸੀਜਨ ਦੀ ਸਿਲੰਡਰਾਂ ਨਾਲ 95 ਫ਼ੀਸਦ ਸ਼ੁੱਧ ਸਪਲਾਈ ਕੀਤੀ ਜਾਂਦੀ ਹੈ ਜਦਕਿ ਪਲਾਂਟਾਂ ਰਾਹੀਂ ਸਪਲਾਈ ਹੋਣ ਵਾਲੀ ਆਕਸੀਜਨ ਦੀ ਸ਼ੁੱਧਤਾ 90-96% ਹੈ। ਮਸਲਾ ਸ਼ੁੱਧ ਜਾਂ ਅਸ਼ੁੱਧ ਸਪਲਾਈ ਦਾ ਨਹੀਂ ਸਗੋਂ ਇਸ ਗੱਲ ਦਾ ਹੈ ਕਿ ਮੌਕੇ ’ਤੇ ਲੋੜਵੰਦ ਮਰੀਜ਼ ਦੀ ਜਾਨ ਬਚਾਉਣ ’ਚ ਇਹ ਸਮਰੱਥ ਹੈ ਜਾਂ ਨਹੀਂ।

ਆਕਸੀਜਨ ਤੋਂ ਬਗ਼ੈਰ ਮਨੁੱਖੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਜੀਵਨ ਚੱਕਰ ਨੂੰ ਨਿਰਵਿਘਨ ਚੱਲਦਾ ਰੱਖਣ ਲਈ ਕੁਦਰਤ ਨੇ ਆਕਸੀਜਨ ਦਾ ‘ਸਿਸਟੇਮੈਟੀਕਲੀ ਪ੍ਰਬੰਧ’ ਕੀਤਾ ਹੋਇਆ ਹੈ। ਆਕਸਜੀਨ ਦੀ ਮਨੁੱਖ ਲਈ ਕਿੰਨੀ ਅਹਿਮੀਅਤ ਹੈ, ਇਸ ਨੂੰ ਕੋਰੋਨਾ ਕਾਲ ’ਚ ਤਕਰੀਬਨ ਸਾਰੇ ਲੋਕ ਨੇੜਿਓਂ ਸਮਝ ਚੁੱਕੇ ਹਨ ਪਰ ਇਹ ਹੈਰਾਨ ਕਰਨ ਵਾਲਾ ਹੈ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ’ਚ ਆਕਸੀਜਨ ਦੇ ਪਲਾਂਟ ਬੰਦ ਪਏ ਹਨ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਖ਼ਤ ਰੁਖ਼ ਅਖ਼ਤਿਆਰ ਕਰਨ ਮਗਰੋਂ ਇਸ ਪਾਸੇ ਸਾਰਿਆਂ ਦਾ ਧਿਆਨ ਗਿਆ ਹੈ। ਫ਼ਿਲਹਾਲ ਇਸ ਮਸਲੇ ’ਤੇ ਸੂਬਾ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ ਹੈ। ਅਦਾਲਤ ਦੀ ਨਾਰਾਜ਼ਗੀ ਇਸ ਲਈ ਵੀ ਅਹਿਮ ਹੈ ਕਿਉਂਕਿ ਜੇਕਰ ਸੂਬਿਆਂ ਦੇ ਹਸਪਤਾਲਾਂ ’ਚ ਅਜਿਹੀਆਂ ਅਣਗਹਿਲੀਆਂ ਸਾਹਮਣੇ ਆਉਣਗੀਆਂ ਤਾਂ ਮਰੀਜ਼ਾਂ ਦੀ ਜਾਨ ਦਾ ਰੱਬ ਹੀ ਰਾਖਾ ਹੈ।
ਅਦਾਲਤ ਨੇ ਇਸ ਬਾਰੇ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਕਿਹਾ ਹੈ ਕਿ ਜਲੰਧਰ, ਫਾਜ਼ਿਲਕਾ, ਕਪੂਰਥਲਾ ਤੇ ਮੋਹਾਲੀ ਸਣੇ ਕਈ ਜ਼ਿਲ੍ਹਿਆਂ ਦੇ ਹਸਪਤਾਲਾਂ ’ਚ ਆਕਸੀਜਨ ਪਲਾਂਟ ਬੰਦ ਪਏ ਹਨ। ਇਸ ਦਾ ਖ਼ਮਿਆਜ਼ਾ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਹਸਪਤਾਲਾਂ ’ਚ ਔਖੀ ਘੜੀ ਵੇਲੇ ਭੁਗਤਣਾ ਪੈਂਦਾ ਹੈ। ਜਲੰਧਰ ’ਚ ਸਰਕਾਰੀ ਹਸਪਤਾਲ ’ਚ ਆਕਸੀਜਨ ਸਪਲਾਈ ਠੱਪ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ। ਇਸ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੂਬਾ ਸਰਕਾਰ ’ਤੇ ਇਲਜ਼ਾਮ ਲੱਗੇ ਹਨ ਕਿ ਉਸ ਵੱਲੋਂ ਅਸਲ ਸਥਿਤੀ ’ਤੇ ਪਰਦਾ ਪਾਇਆ ਜਾ ਰਿਹਾ ਹੈ।
ਸਰਕਾਰ ਦੀ ਦਲੀਲ ਹੈ ਕਿ ਆਕਸੀਜਨ ਦੀ ਸਿਲੰਡਰਾਂ ਨਾਲ 95 ਫ਼ੀਸਦ ਸ਼ੁੱਧ ਸਪਲਾਈ ਕੀਤੀ ਜਾਂਦੀ ਹੈ ਜਦਕਿ ਪਲਾਂਟਾਂ ਰਾਹੀਂ ਸਪਲਾਈ ਹੋਣ ਵਾਲੀ ਆਕਸੀਜਨ ਦੀ ਸ਼ੁੱਧਤਾ 90-96% ਹੈ। ਮਸਲਾ ਸ਼ੁੱਧ ਜਾਂ ਅਸ਼ੁੱਧ ਸਪਲਾਈ ਦਾ ਨਹੀਂ ਸਗੋਂ ਇਸ ਗੱਲ ਦਾ ਹੈ ਕਿ ਮੌਕੇ ’ਤੇ ਲੋੜਵੰਦ ਮਰੀਜ਼ ਦੀ ਜਾਨ ਬਚਾਉਣ ’ਚ ਇਹ ਸਮਰੱਥ ਹੈ ਜਾਂ ਨਹੀਂ। ਕੋਰੋਨਾ ਕਾਲ ’ਚ ਆਕਸੀਜਨ ਦੀ ਘਾਟ ਕਾਰਨ ਪੂਰੇ ਦੇਸ਼ ’ਚ ਵੱਡੀ ਗਿਣਤੀ ’ਚ ਮਨੁੱਖੀ ਜਾਨਾਂ ਗਈਆਂ ਸਨ•। ਪੂਰੇ ਸੰਸਾਰ ’ਚ ਕੋਰੋਨਾ ਕਾਰਨ 70 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।
ਦਹਿਸ਼ਤ ਨਾਲ ਭਰੇ ਇਸ ਮਾਹੌਲ ਵਿਚ ਸਭ ਤੋਂ ਵੱਧ ਲੋਕਾਂ ਨੂੰ ਸਾਹ ਲੈਣ ’ਚ ਦਿੱਕਤਾਂ ਆਉਣ ਕਾਰਨ ਉਨ੍ਹਾਂ ਦੀ ਹਾਲਤ ਵਿਗੜੀ ਸੀ। ਜ਼ਿਆਦਾਤਰ ਮੌਤਾਂ ਦਾ ਕਾਰਨ ਹਸਪਤਾਲਾਂ ਵਿਚ ਆਕਸੀਜਨ ਦੀ ਘਾਟ ਸੀ। ਭਾਰਤ ’ਚ ਮੌਤਾਂ ਦੀ ਗਿਣਤੀ 5 ਲੱਖ ਤੋਂ ਵੱਧ ਦੱਸੀ ਗਈ ਸੀ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮੌਤਾਂ ਦੀ ਗਿਣਤੀ ਵੱਧ ਸੀ। ਹੱਦੋਂ ਵੱਧ ਘਬਰਾਹਟ ਦੇ ਮੌਕਿਆਂ ਦੌਰਾਨ ਮਰੀਜ਼ ਨੂੰ ਸਭ ਤੋਂ ਪਹਿਲਾਂ ਆਕਸੀਜਨ ਦੀ ਲੋੜ ਪੈਂਦੀ ਹੈ।
ਹਸਪਤਾਲਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹ ਆਕਸੀਜਨ ਦਾ ਲੋੜੀਂਦਾ ਸਟਾਕ ਆਪਣੇ ਕੋਲ ਰੱਖਣ। ਦੂਜਾ, ਜਿਨ੍ਹਾਂ ਹਸਪਤਾਲਾਂ ਵਿਚ ਆਕਸੀਜਨ ਦੇ ਪਲਾਂਟ ਲਗਾਏ ਗਏ ਹਨ, ਉਨ੍ਹਾਂ ਨੂੰ ਚਾਲੂ ਰੱਖਣ ਲਈ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਸਪਤਾਲਾਂ ਦੇ ਡਾਕਟਰੀ ਅਮਲੇ ਨੂੰ ਹਦਾਇਤਾਂ ਦਿੰਦੀਆਂ ਰਹਿਣ। ਸੜਕ ਹਾਦਸਿਆਂ ਤੋਂ ਬਾਅਦ ਮਰੀਜ਼ਾਂ ਨੂੰ ਹਸਪਤਾਲਾਂ ’ਚ ਸਭ ਤੋਂ ਪਹਿਲੀ ਲੋੜ ਆਕਸੀਜਨ ਦੀ ਪੈਂਦੀ ਹੈ।
ਇਸ ਦੀ ਘਾਟ ਕਾਰਨ ਬ੍ਰੇਨ ਹੈਮਰੇਜ, ਅੰਗਾਂ ਦਾ ਫੇਲ੍ਹ ਹੋ ਜਾਣਾ ਤੇ ਬਹੁਤੇ ਮਾਮਲਿਆਂ ’ਚ ਮੌਤ ਹੋ ਜਾਣ ਵਰਗੇ ਹਾਲਾਤ ਪੈਦਾ ਹੁੰਦੇ ਹਨ। ਇਸ ਵੇਲੇ ਪ੍ਰਦੂਸ਼ਣ ਦਾ ਪੱਧਰ ਬੇਹੱਦ ਖ਼ਰਾਬ ਸਥਿਤੀ ਵਿਚ ਹੈ ਜਿਸ ਕਾਰਨ ਵਾਤਾਵਰਨ ਵਿਚ ਆਕਸੀਜਨ ਦੀ ਘਾਟ ਵਧਦੀ ਜਾ ਰਹੀ ਹੈ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ ਤੇ ਲਗਾਤਾਰ ਸਨਅਤੀ ਵਿਕਾਸ ਦੇ ਨਾਂ ’ਤੇ ਸ਼ੁੱਧ ਹਵਾ ’ਚ ਜ਼ਹਿਰ ਭਰੀ ਜਾ ਰਹੀ ਹੈ। ਜਿੱਥੇ ਹਸਪਤਾਲਾਂ ਵਿਚ ਆਕਸੀਜਨ ਦੇ ਬੰਦ ਪਏ ਪਲਾਂਟ ਬਿਨਾਂ ਦੇਰੀ ਚਾਲੂ ਕਰਨ ਦੀ ਲੋੜ ਹੈ, ਉੱਥੇ ਹੀ ਆਕਸੀਜਨ ਦੇਣ ਵਾਲੇ ਸਰੋਤਾਂ ਨੂੰ ਵੀ ਤੰਦਰੁਸਤ ਰੱਖਣ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ।