ਇਕ ਹੋਰ ਸੁੰਦਰ ਪੱਖ ‘ਮੁਕਤੀ’ ਨਾਲ ਜੁੜਿਆ ਹੈ-ਮੁਕਤੀ ਇੱਛਾਵਾਂ ਤੋਂ ਨਹੀਂ, ਸਗੋਂ ਉਨ੍ਹਾਂ ਨਾਲ ਜੁੜੇ ਹੋਏ ਲਗਾਅ ਤੋਂ। ਜਦੋਂ ਅਸੀਂ ਚੀਜ਼ਾਂ ਨੂੰ ਉਨ੍ਹਾਂ ਦੀ ਅਸਲੀਅਤ ਵਿਚ ਸਵੀਕਾਰ ਕਰਦੇ ਹਾਂ, ਤਦ ਮਨ ਵਿਚ ਇਕ ਅਜਿਹਾ ਖ਼ਾਲੀਪਣ ਪੈਦਾ ਹੁੰਦਾ ਹੈ ਜੋ ਦਰਅਸਲ, ਖ਼ੁਸ਼ੀ ਨਾਲ ਭਰਿਆ ਹੁੰਦਾ ਹੈ।

ਯੂਨਾਨੀ ਦਾਰਸ਼ਨਿਕ ਅਰਸਤੂ ਨੇ ਖੁਸ਼ੀ ਨੂੰ ‘ਯੂਡੈਮੋਨੀਆ’ ਕਿਹਾ ਹੈ-ਇਕ ਅਜਿਹੀ ਅਵਸਥਾ, ਜਿੱਥੇ ਮਨੁੱਖ ਆਪਣੀ ਪੂਰੀ ਸਮਰੱਥਾ ਨੂੰ ਪ੍ਰਾਪਤ ਕਰਦਾ ਹੈ। ਉਸ ਅਨੁਸਾਰ, ਖ਼ੁਸ਼ੀ ਕੋਈ ਤੁਰੰਤ ਪ੍ਰਾਪਤ ਹੋਣ ਵਾਲੀ ਚੀਜ਼ ਨਹੀਂ ਸਗੋਂ ਜੀਵਨ ਦੀ ਇਕ ਲੰਬੀ ਪ੍ਰਕਿਰਿਆ ਹੈ। ਇਹ ਵਿਚਾਰ ਅੱਜ ਵੀ ਓਨਾ ਹੀ ਸੱਚ ਹੈ, ਜਿੰਨਾ ਹਜ਼ਾਰਾਂ ਸਾਲ ਪਹਿਲਾਂ ਸੀ।
ਬਾਅਦ ਵਿਚ ਭਾਰਤੀ ਰਿਸ਼ੀਆਂ-ਮੁਨੀਆਂ ਨੇ ਖ਼ੁਸ਼ੀ ਦੀ ਵੱਖੋ- ਵੱਖਰੀ ਪਰਿਭਾਸ਼ਾ ਨੂੰ ਸਾਡੇ ਪੁਰਾਣਾਂ, ਉਪਨਿਸ਼ਦਾਂ ਤੇ ਵੇਦਾਂ ਵਿਚ ਵਰਣਨ ਕੀਤਾ ਹੈ। ਮਨੁੱਖੀ ਖ਼ੁਸ਼ੀ-ਇਕ ਅਜਿਹੀ ਅਵਸਥਾ ਹੈ ਜੋ ਸ਼ਬਦਾਂ ਦੀ ਗਿ੍ਰਫ਼ਤ ਵਿਚ ਨਹੀਂ ਆ ਸਕਦੀ। ਇਹ ਨਾ ਤਾਂ ਸਿਰਫ਼ ਹਾਸੇ ਦੀ ਝਲਕ ਹੈ, ਨਾ ਹੀ ਦੁੱਖ ਦੀ ਗ਼ੈਰ-ਮੌਜੂਦਗੀ। ਦਰਅਸਲ, ਖ਼ੁਸ਼ੀ ਮਨ ਦੀ ਸੁਹੱਪਣ ਭਰੀ ਉਹ ਸੰਤੁਲਿਤ ਅਵਸਥਾ ਹੈ ਜਿੱਥੇ ਮਨੁੱਖ ਆਪਣੇ ਅੰਦਰਲੇ ਅਤੇ ਬਾਹਰਲੇ ਸੰਸਾਰ ਨਾਲ ਇਕਮਿਕ ਹੋ ਜਾਂਦਾ ਹੈ। ਦਾਰਸ਼ਨਿਕ ਪੱਧਰ ’ਤੇ ਵੇਖਿਆ ਜਾਵੇ ਤਾਂ ਖ਼ੁਸ਼ੀ ਨੂੰ ਸਮਝਣ ਲਈ ਸਾਨੂੰ ਆਪਣੇ-ਆਪ ਨਾਲ ਸੰਵਾਦ ਕਰਨਾ ਪੈਂਦਾ ਹੈ। ਉਰਦੂ ਸ਼ਾਇਰੀ ਵਿਚ ਵੀ ਖ਼ੁਸ਼ੀ ਨੂੰ ਇਕ ਗੂੜ੍ਹੇ ਤਜਰਬੇ ਵਜੋਂ ਵੇਖਿਆ ਗਿਆ ਹੈ।
ਅੱਜ ਦੁਨੀਆ ਦੇ ਵੱਖ-ਵੱਖ ਸੱਭਿਆਚਾਰਾਂ ਵਿਚ ਖ਼ੁਸ਼ੀ ਦੀ ਪਰਿਭਾਸ਼ਾ ਵੀ ਵੱਖਰੀ ਹੈ। ਭੂਟਾਨ ਦਾ ‘ਗ੍ਰਾਸ ਨੈਸ਼ਨਲ ਹੈਪੀਨੈੱਸ’ ਮਾਡਲ ਸਾਨੂੰ ਇਹ ਸਿਖਾਉਂਦਾ ਹੈ ਕਿ ਖ਼ੁਸ਼ੀ ਸਿਰਫ਼ ਆਰਥਿਕ ਵਿਕਾਸ ਨਾਲ ਨਹੀਂ, ਸਗੋਂ ਸੱਭਿਆਚਾਰਕ ਅਤੇ ਆਤਮਿਕ ਸੰਤੁਲਨ ਨਾਲ ਜੁੜੀ ਹੋਈ ਹੈ। ਇਹ ਇਕ ਅਜਿਹਾ ਵਿਚਾਰ ਹੈ ਜੋ ਆਧੁਨਿਕ ਸਮਾਜ ਵਿਚ ਇਕ ਨਵਾਂ ਪ੍ਰਸ਼ਨ ਖੜ੍ਹਾ ਕਰਦਾ ਹੈ-ਕੀ ਅਸੀਂ ਸੱਚਮੁੱਚ ਖ਼ੁਸ਼ ਹਾਂ? ਅੱਜ ਦੇ ਦੌਰ ਵਿਚ ਜਿੱਥੇ ਤਕਨਾਲੋਜੀ ਨੇ ਸਾਡੇ ਜੀਵਨ ਨੂੰ ਆਸਾਨ ਬਣਾਇਆ ਹੈ, ਉੱਥੇ ਹੀ ਇਹ ਸਾਨੂੰ ਇਕਾਂਤ ਅਤੇ ਮਨੋਵਿਗਿਆਨਕ ਦਬਾਅ ਵੱਲ ਵੀ ਧੱਕ ਰਹੀ ਹੈ। ਸੋਸ਼ਲ ਮੀਡੀਆ ਦੇ ਚਮਕਦਾਰ ਪਰਦੇ ਪਿੱਛੇ ਇਕ ਅਜਿਹਾ ਸੰਸਾਰ ਲੁਕਿਆ ਹੈ ਜਿੱਥੇ ਲੋਕ ਆਪਣੇ-ਆਪ ਨੂੰ ਦੂਜਿਆਂ ਨਾਲ ਤੋਲਦੇ ਰਹਿੰਦੇ ਹਨ। ਇਹ ਤੁਲਨਾ ਅਕਸਰ ਅਸੰਤੁਸ਼ਟੀ ਨੂੰ ਜਨਮ ਦਿੰਦੀ ਹੈ ਜੋ ਖ਼ੁਸ਼ੀਆਂ ਦੇ ਵਿਰੁੱਧ ਹੈ।
ਇਕ ਹੋਰ ਸੁੰਦਰ ਪੱਖ ‘ਮੁਕਤੀ’ ਨਾਲ ਜੁੜਿਆ ਹੈ-ਮੁਕਤੀ ਇੱਛਾਵਾਂ ਤੋਂ ਨਹੀਂ, ਸਗੋਂ ਉਨ੍ਹਾਂ ਨਾਲ ਜੁੜੇ ਹੋਏ ਲਗਾਅ ਤੋਂ। ਜਦੋਂ ਅਸੀਂ ਚੀਜ਼ਾਂ ਨੂੰ ਉਨ੍ਹਾਂ ਦੀ ਅਸਲੀਅਤ ਵਿਚ ਸਵੀਕਾਰ ਕਰਦੇ ਹਾਂ, ਤਦ ਮਨ ਵਿਚ ਇਕ ਅਜਿਹਾ ਖ਼ਾਲੀਪਣ ਪੈਦਾ ਹੁੰਦਾ ਹੈ ਜੋ ਦਰਅਸਲ, ਖ਼ੁਸ਼ੀ ਨਾਲ ਭਰਿਆ ਹੁੰਦਾ ਹੈ। ਇਹ ਖ਼ਾਲੀਪਣ ਡਰਾਵਣਾ ਨਹੀਂ, ਸਗੋਂ ਸ਼ਾਂਤੀਦਾਇਕ ਹੁੰਦਾ ਹੈ। ਅੱਜ ਏਆਈ ਅਤੇ ਆਧੁਨਿਕ ਤਕਨਾਲੋਜੀ ਮਨੁੱਖੀ ਜੀਵਨ ਨੂੰ ਬਦਲ ਰਹੀਆਂ ਹਨ ਪਰ ਸਵਾਲ ਇਹ ਹੈ ਕਿ ਕੀ ਇਹ ਤਬਦੀਲੀਆਂ ਸਾਨੂੰ ਵਧੇਰੇ ਖ਼ੁਸ਼ ਬਣਾਉਣਗੀਆਂ? ਜਾਂ ਫਿਰ ਇਹ ਸਾਨੂੰ ਇਕ ਅਜਿਹੇ ਸੰਸਾਰ ਵੱਲ ਲੈ ਕੇ ਜਾਣਗੀਆਂ ਜਿੱਥੇ ਖ਼ੁਸ਼ੀ ਸਿਰਫ਼ ਇਕ ਡਿਜੀਟਲ ਅਨੁਭਵ ਬਣ ਕੇ ਰਹਿ ਜਾਵੇਗੀ?
ਹੁਣ ਇਸ ਸਵਾਲ ਦਾ ਜਵਾਬ ਸਾਡੇ ਆਪਣੇ ਹੱਥ ਵਿਚ ਹੈ। ਖ਼ੁਸ਼ੀ ਕੋਈ ਬਾਹਰਲੀ ਚੀਜ਼ ਨਹੀਂ ਜੋ ਸਾਨੂੰ ਕਿਸੇ ਮਸ਼ੀਨ ਜਾਂ ਤਕਨਾਲੋਜੀ ਤੋਂ ਮਿਲੇ। ਇਹ ਸਾਡੇ ਅੰਦਰ ਵਸਦੀ ਹੈ, ਸਾਡੇ ਵਿਚਾਰਾਂ, ਸਾਡੇ ਸਬੰਧਾਂ ਅਤੇ ਸਾਡੇ ਜੀਵਨ ਦੇ ਤਰੀਕੇ ਵਿਚ। ਸੂਫ਼ੀ ਦਰਸ਼ਨ ਵਿਚ ਖੁਸ਼ੀ ਨੂੰ ਰੱਬ ਨਾਲ ਮਿਲਾਪ ਦੇ ਤਜਰਬੇ ਨਾਲ ਜੋੜਿਆ ਗਿਆ ਹੈ। ‘ਵਿਸ਼ਵ ਖ਼ੁਸ਼ੀ ਦਿਵਸ’ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਖ਼ੁਸ਼ੀ ਕੋਈ ਸੁਪਨਾ ਨਹੀਂ, ਸਗੋਂ ਇਹ ਸਾਡੇ ਅੰਦਰ ਵਸਦਾ ਇਕ ਸੱਚ ਹੈ।
-ਡਾ. ਕ੍ਰਿਸ਼ਨ ਕੁਮਾਰ ਰੱਤੂ
(ਲੇਖਕ ਦੂਰਦਰਸ਼ਨ ਦਾ ਉਪ ਮਹਾ-ਨਿਰਦੇਸ਼ਕ ਰਿਹਾ ਹੈ)।
-ਮੋਬਾਈਲ : 94787-30156