ਜੇ ਇਜ਼ਰਾਈਲ ਤੇ ਅਮਰੀਕਾ ਇਸ ਗੱਲ ਤੋਂ ਹੈਰਾਨ ਹਨ ਕਿ ਉਹ ਈਰਾਨ ’ਚ ਵੈਨੇਜ਼ੁਏਲਾ ਵਰਗਾ ਕੁਝ ਨਹੀਂ ਕਰ ਸਕੇ ਤਾਂ ਉਨ੍ਹਾਂ ਨੂੰ ਸਿਰਫ਼ ਆਪਣੇ-ਆਪ ਨੂੰ ਹੀ ਦੋਸ਼ੀ ਠਹਿਰਾਉਣਾ ਪਵੇਗਾ ਕਿ ਉਨ੍ਹਾਂ ਨੇ ਇਤਿਹਾਸ ਦੇ ਕਿਸੇ ਪ੍ਰੋਫੈਸਰ ਤੋਂ ਸਬਕ ਨਹੀਂ ਲਿਆ ਜਿਸ ਨੇ ਦੋ ਲਫ਼ਜ਼ਾਂ ’ਚ ਸਮਝਾਉਣਾ ਸੀ ਕਿ ਇਕ ਸਮਰੱਥ ਵਿਰੋਧੀ ਨੂੰ ਵਿਸਫੋਟਕ ਤਾਕਤ ਨਾਲ ਖ਼ਤਮ ਕਰਨਾ ਸੰਭਵ ਨਹੀਂ।

ਅਮਰੀਕਾ ਤੇ ਇਜ਼ਰਾਈਲ ਦੇ ਈਰਾਨ ’ਤੇ ਹਮਲੇ ਨੇ ਨਿਯਮ-ਆਧਾਰਤ ਵਿਸ਼ਵ ਵਿਵਸਥਾ ਨੂੰ ਵੱਡੀ ਢਾਹ ਲਾਈ ਹੈ। ਇਸ ਹਮਲੇ ਸਦਕਾ ਵਿਸ਼ਵ ਭਾਈਚਾਰੇ ਦੁਆਰਾ ਦਹਾਕਿਆਂ ਤੋਂ ਅਣਦੇਖੇ ਕੀਤੇ ਗਏ ਵਧੀਕੀਆਂ ਤੇ ਅਪਰਾਧਕ ਅੱਤਿਆਚਾਰਾਂ ਦਾ ਰਿਕਾਰਡ ਬਹੁਤ ਲੰਮਾ ਹੋ ਗਿਆ ਹੈ। ਅਮਰੀਕਾ-ਇਜ਼ਰਾਈਲ ਦੀ ਜੋੜੀ ਨੇ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਨੂੰ ਵਿਅਰਥ ਬਣਾ ਦਿੱਤਾ ਹੈ। ਸਰਦਾਰੀ ਦੀ ਲਲਕ ਮਨੁੱਖਤਾ ਪ੍ਰਤੀ ਬੇਰਹਿਮ ਹੈ। ਅਮਰੀਕੀਆਂ ਨੇ ਹਮੇਸ਼ਾ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਇਤਿਹਾਸ ਉਨ੍ਹਾਂ ਦੇ ਮਾੜੇ ਕੰਮਾਂ ਅਤੇ ਲਾਭ ਦੇ ਲਾਲਚ ਦੀਆਂ ਉਦਾਹਰਨਾਂ ਨਾਲ ਭਰਿਆ ਪਿਆ ਹੈ ਅਤੇ ਇਹ ਸੂਚੀ ਈਰਾਨ ਤੋਂ ਹੀ ਸ਼ੁਰੂ ਹੁੰਦੀ ਹੈ। ਸੰਨ 1953 ਵਿਚ ਪ੍ਰਧਾਨ ਮੰਤਰੀ ਮੁਹੰਮਦ ਮੋਸਾਦਿਕ ਨੇ ਤੇਲ ਦਾ ਰਾਸ਼ਟਰੀਕਰਨ ਕੀਤਾ ਜਿਸ ਨੂੰ ਅਮਰੀਕਾ ਬਹੁਤ ਨਫ਼ਰਤ ਕਰਦਾ ਸੀ।
ਸੀਆਈਏ ਨੇ ਆਪਣੇ ‘ਆਪ੍ਰੇਸ਼ਨ ਅਜੈਕਸ’ ਵਿਚ ਉਸ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਤੇ ਸ਼ਾਹ ਨੂੰ ਕਮਾਨ ਸੌਂਪੀ। ਸੰਨ 1954 ਵਿਚ ਗੁਆਟੇਮਾਲਾ ਦੇ ਪ੍ਰਧਾਨ ਮੰਤਰੀ, ਜੈਕੋਬੋ ਅਰਬੇਂਜ਼ਾ ਨੂੰ ਸੀਆਈਏ ਨੇ ਆਪ੍ਰੇਸ਼ਨ ‘ਪੀਬੀ ਸਕਸੈੱਸ’ ਤਹਿਤ ਹਟਾ ਦਿੱਤਾ ਕਿਉਂਕਿ ਅਰਬੇਂਜ਼ਾ ਨੇ ਜ਼ਮੀਨੀ ਸੁਧਾਰ ਲਿਆਂਦੇ ਜਿਸ ਨਾਲ ਯੂਨਾਈਟਿਡ ਫਰੂਟ ਕੰਪਨੀ ਦੇ ਮੁਨਾਫ਼ੇ ਪ੍ਰਭਾਵਿਤ ਹੋਏ। ਇਕ ਤਾਨਾਸ਼ਾਹ ਨੂੰ ਸਥਾਪਤ ਕੀਤਾ ਗਿਆ ਜਿਸ ਨਾਲ ਇਕ ਗ੍ਰਹਿ-ਯੁੱਧ ਹੋਇਆ ਜਿਸ ਵਿਚ ਦੋ ਲੱਖ ਤੋਂ ਵੱਧ ਗੁਆਟੇਮਾਲਾ ਵਾਸੀ ਮਾਰੇ ਗਏ। ਕਾਂਗੋ ਦੇ ਪ੍ਰਧਾਨ ਮੰਤਰੀ ਪੈਟ੍ਰੀਸ ਲੂਮੁੰਬਾ ਨੂੰ ਨਾ ਭੁੱਲੋ, ਜਿਸ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦੇ ਸਰੀਰ ਨੂੰ ਤੇਜ਼ਾਬ ਵਿਚ ਤਰਲ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਯੂਰੇਨੀਅਮ ਦਾ ਰਾਸ਼ਟਰੀਕਰਨ ਕਰਨਾ ਚਾਹੁੰਦਾ ਸੀ। ਇਕ ਤਾਨਾਸ਼ਾਹ ਜੋਸਫ਼ ਮੋਬੂਟੂ ਨੂੰ ਆਈਜ਼ਨਹਾਵਰ ਦੇ ਹੁਕਮਾਂ ’ਤੇ ਚਾਰਜ ਦਿੱਤਾ ਗਿਆ।
ਹਰ ਕਿਸੇ ਨੂੰ ਵੀਅਤਨਾਮ ਯਾਦ ਹੈ ਜਦੋਂ 1963 ਵਿਚ ਰਾਸ਼ਟਰਪਤੀ ਐਨਗੋ ਡਿਨਹ ਡਾਇਮ ਨੇ ਅਮਰੀਕੀ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕਨ ਸੀਆਈਏ ਸਮਰਥਿਤ ਇਕ ਤਖ਼ਤਾਪਲਟ ਨੇ ਉਸ ਨੂੰ ਅਤੇ ਉਸ ਦੇ ਭਰਾ ਨੂੰ ਮਾਰ ਦਿੱਤਾ। ਅਮਰੀਕਾ ਨੇ ਪੰਜ ਲੱਖ ਸੈਨਿਕ ਭੇਜੇ। ਲੱਖਾਂ ਲੋਕ ਮਾਰੇ ਗਏ।
ਦਖ਼ਲਅੰਦਾਜ਼ੀ ਦਾ ਕ੍ਰਮ ਹੈਰਾਨ ਕਰਨ ਵਾਲਾ ਹੈ ਜਿਸ ਵਿਚ ਘਾਨਾ (1966) ਵੀ ਸ਼ਾਮਲ ਹੈ ਜਦੋਂ ਰਾਸ਼ਟਰਪਤੀ ਕਵਾਮੇ ਨਕਰੁਮਾਹ ਨੇ ਅਫ਼ਰੀਕਾ ਵਿਚ ਪੱਛਮੀ ਬੈਂਕਿੰਗ ਬੁਨਿਆਦੀ ਢਾਂਚੇ ਨੂੰ ਤੋੜਨ ਦੀ ਜਦੋਜਹਿਦ ਕੀਤੀ ਸੀ। ਸੀਆਈਏ ਨੇ ਚੀਨ ਦੀ ਫੇਰੀ ਦੌਰਾਨ ਉਸ ਨੂੰ ਜਲਾਵਤਨ ਕਰ ਦਿੱਤਾ। ਇਸ ਤੋਂ ਇਲਾਵਾ, ਕਿਊਬਾ ਦੇ ਚੇ ਗਵੇਰਾ, ਜਿਸ ਨੇ ਲਤੀਨੀ ਅਮਰੀਕਾ ਵਿਚ ਸਮਾਜਵਾਦੀ ਕ੍ਰਾਂਤੀ ਦੀ ਅਗਵਾਈ ਕੀਤੀ ਸੀ, ਨੂੰ ਸੀਆਈਏ ਨੇ ਬੋਲੀਵੀਆ ਤੱਕ ਟਰੈਕ ਕੀਤਾ ਤੇ ਫਾਂਸੀ ਦੇ ਦਿੱਤੀ। ਚਿਲੀ ਦੇ ਰਾਸ਼ਟਰਪਤੀ ਸਲਵਾਡੋਰ ਅਲੇਂਡੇ ਨੇ 1973 ਵਿਚ ਤਾਂਬੇ ਦੀਆਂ ਖਾਣਾਂ ਦਾ ਰਾਸ਼ਟਰੀਕਰਨ ਕਰ ਕੇ ਅਮਰੀਕੀਆਂ ਨੂੰ ਨਾਰਾਜ਼ ਕੀਤਾ ਸੀ।
ਅਮਰੀਕੀ ਏਜੰਸੀਆਂ ਨੇ ਉਸ ਨੂੰ ਅਸਥਿਰ ਕਰਨ ਲਈ 8 ਮਿਲੀਅਨ ਡਾਲਰ ਖ਼ਰਚ ਕੀਤੇ ਅਤੇ ਜਨਰਲ ਪਿਨੋਚੇ ਰਾਹੀਂ ਉਸ ਦਾ ਤਖਤਾਪਲਟ ਕਰਵਾ ਦਿੱਤਾ। ਕੋਈ ਵੀ ਇਹ ਨਹੀਂ ਭੁੱਲਿਆ ਕਿ ਅਮਰੀਕਾ ਨੇ ਇਰਾਕ ਨਾਲ ਕੀ ਕੀਤਾ ਸੀ। ਇਕ ਝੂਠ ਦੇ ਆਧਾਰ ’ਤੇ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਸੱਦਾਮ ਹੁਸੈਨ ਨੇ ‘ਜਨਤਕ ਤਬਾਹੀ ਦੇ ਹਥਿਆਰ’ ਇਕੱਠੇ ਕੀਤੇ ਸਨ, 2006 ਵਿਚ ਅਮਰੀਕਾ ਨੇ ਇਸ ਆੜ ਵਿਚ ਇਰਾਕ ’ਤੇ ਹਮਲਾ ਕਰ ਕੇ ਉਸ ਨੂੰ ਫਾਂਸੀ ਦੇ ਦਿੱਤੀ। ਜਦਕਿ ਉੱਥੇ ਅਜਿਹੇ ਕੋਈ ਹਥਿਆਰ ਨਹੀਂ ਮਿਲੇ। ਲੱਖਾਂ ਲੋਕ ਮਾਰੇ ਗਏ। ਇਰਾਕ ਅਜੇ ਵੀ ਸਥਿਰ ਨਹੀਂ ਹੋਇਆ ਹੈ ਪਰ ਤੇਲ ਅਮਰੀਕਾ ਦੇ ਨਿਯੰਤਰਣ ਵਿਚ ਹੈ ਤੇ ਉਨ੍ਹਾਂ ਦੀ ਆਰਥਿਕਤਾ ਉਨ੍ਹਾਂ ਦੁਆਰਾ ਚਲਾਈ ਜਾਂਦੀ ਹੈ। ਇਸ ਤੋਂ ਇਲਾਵਾ, ਲੀਬੀਆ ਦੇ ਤਾਕਤਵਰ ਗੱਦਾਫੀ ਦੀ 2011’ ਗੋਲ਼ੀਆਂ ਮਾਰ ਕੇ ਕਰਵਾਈ ਹੱਤਿਆ ਨੂੰ ਟੈਲੀਵਿਜ਼ਨ ਸੈੱਟਾਂ ’ਤੇ ਪੂਰੀ ਤਰ੍ਹਾਂ ਦਿਖਾਇਆ ਗਿਆ ਸੀ।
ਉਸ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਡਾਲਰ ਦੀ ਥਾਂ ਲੈਣ ਲਈ ਸੋਨੇ ਦੀ ਸਮਰਥਿਤ ਅਫ਼ਰੀਕੀ ਮੁਦਰਾ ਦੀ ਸਿਰਜਣਾ ਦੀ ਕੋਸ਼ਿਸ਼ ਕੀਤੀ ਸੀ। ਨਾਟੋ ਨੇ ਲੀਬੀਆ ’ਤੇ ਦਿਨ-ਰਾਤ ਬੰਬਾਰੀ ਕਰਨ ਲਈ ਅਮਰੀਕਾ ਨਾਲ ਸਹਿਯੋਗ ਕੀਤਾ ਸੀ। ਉਸ ਦੇਸ਼ ਵਿਚ ਹਫੜਾ-ਦਫੜੀ ਅੱਜ ਵੀ ਹੈ। ਸੰਨ 2019 ਤੋਂ ਵੈਨੇਜ਼ੁਏਲਾ ਦੇ ਚੁਣੇ ਹੋਏ ਨੇਤਾ ਨਿਕੋਲਸ ਮਾਦੁਰੋ ਨੂੰ ਅਮਰੀਕਾ ਦੁਆਰਾ ਤਖ਼ਤਾਪਲਟ ਦੀਆਂ ਕਈ ਕੋਸ਼ਿਸ਼ਾਂ ਅਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ। ਅੰਤ ਇਸ ਸਾਲ ਦੇ ਸ਼ੁਰੂ ਵਿਚ ਅਮਰੀਕਾ ਨੇ ਉਸ ਤੇ ਉਸ ਦੀ ਪਤਨੀ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਅਗਵਾ ਕਰ ਕੇ ਉਨ੍ਹਾਂ ਨੂੰ ਅਮਰੀਕਾ ਵਿਚ ਕੈਦ ਕਰ ਲਿਆ ਤੇ ਵੈਨੇਜ਼ੁਏਲਾ ਦੇ ਤੇਲ ’ਤੇ ਕਬਜ਼ਾ ਕਰ ਲਿਆ।
ਅਮਰੀਕਾ ਦੁਆਰਾ ਸਮਰਥਤ ਤਾਨਾਸ਼ਾਹੀ ਸ਼ਾਸਨਾਂ ਦੁਆਰਾ ਲੱਖਾਂ ਨਿਰਦੋਸ਼ ਤਸੀਹੇ ਦੇ ਕੇ ਮਾਰ ਦਿੱਤੇ ਗਏ। ਇਹ ਸੁਣੀ-ਸੁਣਾਈ ਗੱਲ ਨਹੀਂ ਹੈ ਸਗੋਂ ਸੀਆਈਏ ਦਸਤਾਵੇਜ਼ਾਂ, ਅਮਰੀਕੀ ਫ਼ੌਜੀ ਡਾਟਾ, ਵਿਦੇਸ਼ ਵਿਭਾਗ ਦੇ ਰਿਕਾਰਡਾਂ ਤੇ ਰਾਸ਼ਟਰੀ ਸੁਰੱਖਿਆ ਦਸਤਾਵੇਜ਼ਾਂ ਦੇ ਗ਼ੈਰ-ਵਰਗੀਕ੍ਰਿਤ ਡਾਟਾ ਤੋਂ ਪ੍ਰਾਪਤ ਤੱਥ ਹਨ।
ਇਨ੍ਹਾਂ ਕਾਰਵਾਈਆਂ ਪਿੱਛੇ ਤਰਕ ਹਮੇਸ਼ਾ ਆਮ ਲੋਕਾਂ ਦੇ ਗਿਆਨ ਦੇ ਖੇਤਰ ਤੋਂ ਪਰੇ ਰਿਹਾ ਹੈ। ਜਦਕਿ ਇਜ਼ਰਾਈਲ ਹਮੇਸ਼ਾ ਆਪਣੇ ਵਿਹੜੇ ਨੂੰ ਸਾਫ਼ ਕਰਨ ਲਈ ਉਤਸੁਕ ਰਹਿੰਦਾ ਹੈ। ਅਮਰੀਕੀ ਧੱਕੇਸ਼ਾਹੀ ਦਾ ਕਾਰਨ ਇਸ ਦੇ ਕਰਜ਼ੇ ਵਿਚ ਹੈ ਜੋ 44 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ ਹੈ। ਇਸ ਦਾ ਸਾਲਾਨਾ ਵਿਆਜ ਹੀ 1.2 ਟ੍ਰਿਲੀਅਨ ਡਾਲਰ ਤੋਂ ਵੱਧ ਹੈ। ਅਮਰੀਕਾ ਦੀਵਾਲੀਆਪਣ ਦੇ ਕੰਢੇ ’ਤੇ ਹੈ। ਇਸੇ ਕਾਰਨ ਉਹ ਇਜ਼ਰਾਈਲ ਨਾਲ ਮਿਲ ਕੇ ਮਨਮਰਜ਼ੀਆਂ ਕਰ ਰਿਹਾ ਹੈ।
ਊਰਜਾ ਮੁੱਲ ਨੂੰ ਪੈਟਰੋ ਡਾਲਰਾਂ ਨਾਲ ਜੋੜ ਕੇ ਰੱਖਣਾ ਅਤੇ ਪ੍ਰਕਿਰਿਆ ਕਰਨਾ ਉਨ੍ਹਾਂ ਲਈ ਜ਼ਰੂਰੀ ਹੈ ਅਤੇ ਜੋ ਮੁਲਕ ਜਿਵੇਂ ਵੈਨੇਜ਼ੁਏਲਾ, ਇਰਾਕ, ਈਰਾਨ ਆਦਿ ਉਨ੍ਹਾਂ ਦੀ ਇਸ ਕਾਰਵਾਈ ’ਚ ਵਿਘਨ ਪਾਉਂਦੇ ਹਨ, ਅਮਰੀਕਾ ਦੀ ਸਮਝ ’ਚ ਉਹ ਜਬਰ ਦੇ ਹੱਕਦਾਰ ਨੇ। ਡਾਲਰ-ਰਹਿਤ ਲੈਣ-ਦੇਣ ਨੂੰ ਰੋਕਣ ਲਈ ਕਈ ਗੱਠਜੋੜ ਤਿਆਰ ਹੋਏ ਨੇ ਜਿਵੇਂ ਕਿ ਬ੍ਰਿਕਸ, ਆਸੀਆਨ, ਗਲੋਬਲ ਸਾਊਥ, ਇੱਥੋਂ ਤੱਕ ਕਿ ਯੂਰਪੀ ਅਰਥਚਾਰੇ ਵੀ।
ਸਿਰਫ਼ ਇਹ ਤੱਥ ਕਿ ਸ਼ੀਆ ਸੱਤਵੀਂ ਸਦੀ ਤੋਂ ਲੈ ਕੇ ਅੱਜ ਤੱਕ ਇਸਲਾਮੀ ਦੁਨੀਆ ਦੇ ਸਿਰਫ਼ 10 ਪ੍ਰਤੀਸ਼ਤ ਹੁੰਦਿਆਂ ਵੀ ਸੁੰਨੀ ਸ਼ੇਖਾਂ ਵਿਰੁੱਧ ਖੜ੍ਹੇ ਹਨ ਅਤੇ ਅੱਜ ਵੀ ਹਰ ਸਾਲ ਮੁਹੱਰਮ ਦੇ ਮੌਕੇ ਪੈਗੰਬਰ ਦੀ ਸੰਤਾਨ ਦੀ ਰੱਖਿਆ ਨਾ ਕਰਨ ਲਈ ਆਪਣੇ-ਆਪ ਨੂੰ ਸਜ਼ਾ ਦਿੰਦੇ ਹਨ, ਇਹ ਦਰਸਾਉਂਦਾ ਹੈ ਕਿ ਉਹ 1300 ਸਾਲਾਂ ਬਾਅਦ ਵੀ ਨਾ ਤਾਂ ਮਾਫ਼ ਕਰਦੇ ਹਨ ਤੇ ਨਾ ਹੀ ਭੁੱਲਦੇ ਹਨ। ਉਨ੍ਹਾਂ ਨੇ ਇਸਲਾਮ ਨੂੰ ਅਰਬ ਧਰਮ ਤੋਂ ਇਕ ਵਿਸ਼ਵ ਧਰਮ ’ਚ ਸਰਵਵਿਆਪੀ ਕਰ ਦਿੱਤਾ ਹੈ।
ਗਾਜ਼ਾ ਵਿਚ ਹਮਾਸ, ਲਿਬਨਾਨ ’ਚ ਹਿਜ਼ਬੁੱਲਾ, ਯਮਨ ਵਿਚ ਹਾਊਤੀ ਅਤੇ ਹੋਰ, ਦਬਾਅ ਹੇਠ ਵੀ ਇਕਜੁੱਟ ਹਨ। ਉਹ ਇਹ ਵੀ ਜਾਣਦੇ ਹਨ ਕਿ ਹਰ ਵਿਨਾਸ਼ਕਾਰੀ ਹਮਲੇ ਤੋਂ ਬਾਅਦ ਕਿਵੇਂ ਮੁੜ-ਸੰਗਠਿਤ ਹੋਣਾ ਅਤੇ ਦੁਬਾਰਾ ਉੱਭਰਨਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਈਰਾਨੀ ਖ਼ੁਦ ’ਤੇ ਧਰਤੀ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਵਿੱਚੋਂ ਇਕ ਹੋਣ ਦਾ ਮਾਣ ਕਰਦੇ ਹਨ, ਇਕ ਅਮੀਰ ਤੇ ਮਾਣਮੱਤਾ ਸੱਭਿਆਚਾਰ, ਜੋ ਪੱਛਮੀ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ। ਉਹ ਜਾਣਦੇ ਹਨ ਕਿ ਵਿਰੋਧੀ ਗਿਣਤੀ ਜਾਂ ਤਾਕਤ ਦੀ ਪਰਵਾਹ ਕੀਤੇ ਬਿਨਾਂ ਆਪਣੇ ਦੁਸ਼ਮਣਾਂ ਵਿਰੁੱਧ ਆਪਣੀ ਪਿੱਠ ਕੰਧ ਨਾਲ ਲਗਾ ਕੇ ਕਿਵੇਂ ਲੜਨਾ ਹੈ।
ਜੇ ਇਜ਼ਰਾਈਲ ਤੇ ਅਮਰੀਕਾ ਇਸ ਗੱਲ ਤੋਂ ਹੈਰਾਨ ਹਨ ਕਿ ਉਹ ਈਰਾਨ ’ਚ ਵੈਨੇਜ਼ੁਏਲਾ ਵਰਗਾ ਕੁਝ ਨਹੀਂ ਕਰ ਸਕੇ ਤਾਂ ਉਨ੍ਹਾਂ ਨੂੰ ਸਿਰਫ਼ ਆਪਣੇ-ਆਪ ਨੂੰ ਹੀ ਦੋਸ਼ੀ ਠਹਿਰਾਉਣਾ ਪਵੇਗਾ ਕਿ ਉਨ੍ਹਾਂ ਨੇ ਇਤਿਹਾਸ ਦੇ ਕਿਸੇ ਪ੍ਰੋਫੈਸਰ ਤੋਂ ਸਬਕ ਨਹੀਂ ਲਿਆ ਜਿਸ ਨੇ ਦੋ ਲਫ਼ਜ਼ਾਂ ’ਚ ਸਮਝਾਉਣਾ ਸੀ ਕਿ ਇਕ ਸਮਰੱਥ ਵਿਰੋਧੀ ਨੂੰ ਵਿਸਫੋਟਕ ਤਾਕਤ ਨਾਲ ਖ਼ਤਮ ਕਰਨਾ ਸੰਭਵ ਨਹੀਂ। ਉਨ੍ਹਾਂ ਦੇ ਇਸ ਹਮਲੇ ਨੇ ਅਸਲ ਵਿਚ ਈਰਾਨ ਵਿਚ ਇਕ ਵੰਡੀ ਹੋਈ ਪੀੜ੍ਹੀ ਨੂੰ ਇਕਜੁੱਟ ਕੀਤਾ ਹੈ।
ਵਿਸ਼ਵ ਵਿਵਸਥਾ ਨੂੰ ਵਿਗਾੜਨ ਵਾਲੇ ਹਮਲਾਵਰ ਮੁੱਖ ਤੌਰ ’ਤੇ ਆਰਥਿਕ ਕਾਰਨਾਂ ਕਰਕੇ ਜੰਗ ਲੜ ਰਹੇ ਹਨ ਜਦਕਿ ਈਰਾਨ ਲਈ ਸੰਕਟ ਹੋਂਦ ਦਾ ਹੈ। ਬਚਾਅ ਲਈ ਉਨ੍ਹਾਂ ਦੀਆਂ ਯੋਜਨਾਵਾਂ ਚੰਗੀ ਤਰ੍ਹਾਂ ਤਿਆਰ ਕੀਤੀਆਂ ਗਈਆਂ ਹਨ। ਬਹਾਦਰੀ ਤੇ ਜੰਗਬੰਦੀ ਸ਼ੀਆ ਲੋਕਾਂ ਦੀ ਸਥਿਰਤਾ ਦਾ ਪ੍ਰਮਾਣ ਹਨ। ਇਹ ਹੋਰ ਗੱਲ ਹੈ ਕਿ ਸਾਡੇ ਗੁਆਂਢੀ ਇਕ ਗੜਬੜ ਵਾਲੀ ਦੁਨੀਆ ਵਿਚ ਪ੍ਰਸੰਗਿਕਤਾ ਦੀ ਭਾਲ, ਬਲਦੀ ਅੱਗ ’ਤੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ।
ਸਾਨੂੰ ਸ਼ੱਕ ਹੈ ਕਿ ਅੱਜ ਦੀ ਸ਼ਾਂਤੀ ਸਿਰਫ਼ ਜੰਗ ਨੂੰ ਠੱਲ੍ਹ ਪੈਣ ਦੇ ਬਰਾਬਰ ਹੈ ਤੇ ਇਸ ਸਮੱਸਿਆ ਦਾ ਅੰਤ ਨਹੀਂ ਹੈ। ਹੁਣ ਤੱਕ ਇਹ ਸਪਸ਼ਟ ਹੈ ਕਿ ਈਰਾਨ ਨੇ ਕਈ ਮਾਮਲਿਆਂ ’ਚ ਜਿੱਤ ਪ੍ਰਾਪਤ ਕੀਤੀ ਹੈ। ਈਰਾਨ ਵੱਲੋਂ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨਾ, ਖਾੜੀ ਵਿਚ ਇਜ਼ਰਾਈਲ ਅਤੇ ਅਮਰੀਕੀ ਸੰਪਤੀਆਂ ਅਤੇ ਫ਼ੌਜੀ ਅੱਡਿਆਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਆਪਣੇ ਹਥਿਆਰਾਂ ਦੇ ਵਿਕੇਂਦਰੀਕਰਨ ਅਤੇ ਛੁਪਾਉਣ ਦੇ ਸਾਧਨ ਲੱਭਣ ਕਰਕੇ ਇਹ ਉਸ ਦੀ ਜਿੱਤ ਸਮਝੀ ਜਾ ਸਕਦੀ ਹੈ ਜਦਕਿ ਅਮਰੀਕਾ ਕਈ ਪਹਿਲੂਆਂ ਤੋਂ ਕਮਜ਼ੋਰ ਹੋਇਆ ਹੈ।
-ਗੁਣਬੀਰ ਸਿੰਘ
-(ਪ੍ਰਧਾਨ, ਦਿਲਬੀਰ ਫਾਊਂਡੇਸ਼ਨ)।
-ਮੋਬਾਈਲ : 97791-40004