ਖੇੜੇ ਨੂੰ ਖ਼ੁਸ਼ ਕਰ ਲਓ ਤਾਂ ਫ਼ਸਲਾਂ ’ਤੇ ਖ਼ੁਦ-ਬ-ਖ਼ੁਦ ਖੇੜਾ ਆ ਜਾਂਦਾ ਹੈ। ਦੋਵਾਂ ਭਰਾਵਾਂ ਕੋਲ ਜ਼ਮੀਨ ਭਾਵੇਂ ਘੱਟ ਸੀ ਪਰ ਉਹ ਠੇਕੇ ’ਤੇ ਜ਼ਮੀਨਾਂ ਲੈ ਕੇ ਗੁਜ਼ਾਰਾ ਕਰਦੇ ਆ ਰਹੇ ਸਨ। ਦੋਵਾਂ ਭਰਾਵਾਂ ਦੇ ਪਿਆਰ ਨੂੰ ਵੇਖ ਕੇ ਲੋਕ ਉਨ੍ਹਾਂ ਨੂੰ ਰਾਮ-ਲਛਮਣ ਦੀ ਜੋੜੀ ਕਹਿੰਦੇ। ਦੋਵੇਂ ਭਰਾ ਸਿਹਰੇ ਸਜਾ ਕੇ ਇੱਕੋ ਘਰ ਢੁੱਕੇ ਸਨ।

ਰਿਆਸਤੀ ਜ਼ਿਲ੍ਹਾ ਫ਼ਰੀਦਕੋਟ ਦੇ ਘੁੱਗ ਵਸਦੇ ਪਿੰਡ ਹਰੀਨੌਂ ਦੀ ਮੋਹੜੀ ਗੱਡਣ ਵਾਲਾ ਜਫੇਰਾ; ਖੇਤਾਂ ਦਾ ਰਖਵਾਲਾ ਸਮਝਿਆ ਜਾਣ ਵਾਲਾ ਖੇਤਰਪਾਲ (ਖੇਤਪਾਲ) ਤੇ ਭੂਮੀਆ (ਖੇੜਾ) ਬੇਹੱਦ ਉਦਾਸ ਹੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਇਸ ਪਿੰਡ ਦੇ ਦੋ ਸਕੇ ਭਰਾਵਾਂ ਨੇ ਬਾਹਮਣਵਾਲਾ ਨੇੜੇ ਛਿੰਦਵਾੜਾ ਐਕਸਪ੍ਰੈੱਸ ਅੱਗੇ ਛਾਲ ਮਾਰ ਕੇ ਆਪਣੀ ਜੀਵਨ-ਲੀਲ੍ਹਾ ਖ਼ਤਮ ਕਰ ਲਈ ਤਾਂ ਲੋਕਧਾਰਾ ਦੇ ਉਪਰੋਕਤ ਖੇਤਰੀ ਦੇਵਤਿਆਂ ਦਾ ਜਿਵੇਂ ਮਰਨ ਹੋ ਗਿਆ ਸੀ। ਲੋਕ ਵਿਸ਼ਵਾਸ ਅਨੁਸਾਰ ਜਠੇਰਾ, ਖੇਤਰਪਾਲ ਤੇ ਭੂਮੀਆ (ਖੇੜਾ) ਆਪੋ-ਆਪਣੇ ਪਿੰਡ ਤੇ ਉਸ ਦੇ ਨਿਵਾਸੀਆਂ ਦੀ ਰੱਖਿਆ ਕਰਦੇ ਹਨ।
ਜਸਕਰਨ (38) ਅਤੇ ਜੋਰਾ ਸਿੰਘ (36) ਦੇ ਪੁਰਖਿਆਂ ਨੇ ਖੇਤਰਪਾਲ ਨੂੰ ਸਮੂਰਤ ਕਰਨ ਲਈ ਹੱਥ ਕੁ ਚੌੜੇ ਤੇ ਲੰਬੇ ਪੱਥਰ ’ਤੇ ਨੱਕ, ਅੱਖਾਂ ਤੇ ਮੂੰਹ ਬਣਾ ਕੇ ਉਸ ਨੂੰ ਖੇਤਾਂ ਵਿਚ ਇਸ ਆਸ ਨਾਲ ਗੱਡਿਆ ਸੀ ਕਿ ਉਹ ਉਨ੍ਹਾਂ ਦੇ ਘਰ-ਪਰਿਵਾਰ ਤੇ ਫ਼ਸਲਾਂ ਦੀ ਰਖਵਾਲੀ ਕਰੇਗਾ। ਪੀੜ੍ਹੀ-ਦਰ-ਪੀੜ੍ਹੀ ਉਹ ਉਸ ਨੂੰ ਧਿਆਉਂਦੇ ਆ ਰਹੇ ਸਨ। ਫ਼ਸਲ ਨੂੰ ਘੁੰਗਰੂਆਂ ਵਾਲੀ ਦਾਤੀ ਪੈਂਦੀ ਤਾਂ ਪਹਿਲੀ ਭਰੀ ਖੇਤਰਪਾਲ ਨੂੰ ਭੇਟ ਕੀਤੀ ਜਾਂਦੀ। ਉਨ੍ਹਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਪੰਛੀਆਂ, ਜਨੌਰਾਂ ਤੋਂ ਇਲਾਵਾ ਖੇਤਰਪਾਲ/ਭੂਮੀਆ ਫ਼ਸਲਾਂ ਨੂੰ ਬਦਰੂਹਾਂ ਤੋਂ ਵੀ ਬਚਾਉਂਦੇ ਹਨ।
ਖੇੜੇ ਨੂੰ ਖ਼ੁਸ਼ ਕਰ ਲਓ ਤਾਂ ਫ਼ਸਲਾਂ ’ਤੇ ਖ਼ੁਦ-ਬ-ਖ਼ੁਦ ਖੇੜਾ ਆ ਜਾਂਦਾ ਹੈ। ਦੋਵਾਂ ਭਰਾਵਾਂ ਕੋਲ ਜ਼ਮੀਨ ਭਾਵੇਂ ਘੱਟ ਸੀ ਪਰ ਉਹ ਠੇਕੇ ’ਤੇ ਜ਼ਮੀਨਾਂ ਲੈ ਕੇ ਗੁਜ਼ਾਰਾ ਕਰਦੇ ਆ ਰਹੇ ਸਨ। ਦੋਵਾਂ ਭਰਾਵਾਂ ਦੇ ਪਿਆਰ ਨੂੰ ਵੇਖ ਕੇ ਲੋਕ ਉਨ੍ਹਾਂ ਨੂੰ ਰਾਮ-ਲਛਮਣ ਦੀ ਜੋੜੀ ਕਹਿੰਦੇ। ਦੋਵੇਂ ਭਰਾ ਸਿਹਰੇ ਸਜਾ ਕੇ ਇੱਕੋ ਘਰ ਢੁੱਕੇ ਸਨ। ਦੋਨਾਂ ਦੇ ਇਕ-ਇਕ ਬੇਟੀ ਸੀ। ਧੀਆਂ ਧਰੇਕਾਂ ਵਾਂਗ ਵਧਦੀਆਂ ਵੇਖ ਕੇ ਉਹ ਖ਼ੌਫ਼ਜ਼ਦਾ ਹੋ ਜਾਂਦੇ।
ਕੀਟਨਾਸ਼ਕ/ਨਦੀਨਨਾਸ਼ਕ ਤੋਂ ਇਲਾਵਾ ਖੇਤੀਬਾੜੀ ਦੇ ਹੋਰ ਖ਼ਰਚੇ ਪੂਰੇ ਕਰਨ ਦੀ ਉਨ੍ਹਾਂ ਕੋਲ ਹੈਸੀਅਤ ਨਹੀਂ ਸੀ। ਕਰਜ਼ੇ ਦੇ ਮੱਕੜਜਾਲ਼ ਵਿਚ ਫਸ ਕੇ ਉਨ੍ਹਾਂ ਦੇ ਨਿੱਤ ਸੁਪਨੇ ਟੁੱਟਦੇ। ਵਿਆਜ ਚੁਕਾਉਣ ਲਈ ਹੋਰ ਕਰਜ਼ਾ ਚੁੱਕਣਾ ਉਨ੍ਹਾਂ ਦੀ ਮਜਬੂਰੀ ਬਣ ਗਿਆ। ‘ਭੰਡਾ-ਭੰਡਾਰੀਆ, ਕਿੰਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ’ ਦੇ ਅਖਾਣ ਮੁਤਾਬਕ ਕਰਜ਼ੇ ਦੇ ਬੋਝ ਨੇ ਉਨ੍ਹਾਂ ਦਾ ਜੀਣਾ ਹਰਾਮ ਕਰ ਰੱਖਿਆ ਸੀ। ਮੌਸਮ ਦਾ ਮਿਜ਼ਾਜ ਵੱਖਰਾ ਸਤਾਉਂਦਾ। ਕਿਸੇ ਵਪਾਰੀ ਵਾਂਗ ਉਹ ਆਪਣੀ ਖੜ੍ਹੀ ਫ਼ਸਲ ਨੂੰ ਤਿਜੌਰੀ ਵਿਚ ਨਹੀਂ ਸਨ ਰੱਖ ਸਕਦੇ।
ਮੌਸਮ ਗੁਸਤਾਖ਼ ਹੁੰਦਾ ਤਾਂ ਨਿੱਸਰੀ ਫ਼ਸਲ ’ਤੇ ਗੜੇਮਾਰ ਹੋ ਜਾਂਦੀ। ਸੋਕਾ ਕਦੇ ਡੋਬਾ ਉਨ੍ਹਾਂ ਦੇ ਲੇਖਾਂ ਵਿਚ ਲਿਖਿਆ ਹੋਇਆ ਸੀ। ਖੇਤੀਬਾੜੀ ਸੱਚਮੁੱਚ ਲਾਹੇਵੰਦ ਧੰਦਾ ਨਹੀਂ ਸੀ ਰਿਹਾ। ਜ਼ਿਮੀਂਦਾਰ ਪਰਿਵਾਰ ਦੇ ਜਾਇਆਂ ਦੀ ਫੋਕੀ ਸ਼ਾਨ ਨੇ ਉਨ੍ਹਾਂ ਨੂੰ ਦਿਹਾੜੀ-ਦੱਪਾ ਕਰਨ ਦੀ ਇਜਾਜ਼ਤ ਵੀ ਨਾ ਦਿੱਤੀ। ਉਨ੍ਹਾਂ ਨੇ ਆਪਣੀਆਂ ਪਤਨੀਆਂ (ਸਕੀਆਂ ਭੈਣਾਂ) ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ ਕਿ ਉਹ ਕੋਈ ਨਾ ਕੋਈ ਕੰਮ ਕਰ ਕੇ ਉਨ੍ਹਾਂ ਸਿਰ ਚੜ੍ਹੇ ਕਰਜ਼ੇ ਦਾ ਬੋਝ ਘੱਟ ਕਰਨ ਵਿਚ ਸਹਾਈ ਹੋਣਾ ਚਾਹੁੰਦੀਆਂ ਹਨ। ਅਣਖ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਤੇ ਬਦਕਿਸਮਤੀ ਸਾਬਿਤ ਹੋਈ।
ਅਖੇ, ਲੋਕ ਕੀ ਕਹਿਣਗੇ ਕਿ ਜ਼ਿਮੀਂਦਾਰਾਂ ਦੀਆਂ ਬਹੂਆਂ ਲੋਕਾਂ ਦੇ ਖੇਤਾਂ ਵਿਚ ਕੰਮ ਕਰਦੀਆਂ ਹਨ। ਲੋਕ-ਸਿਆਣਪ ਨੂੰ ਉਹ ਦਰਕਿਨਾਰ ਕਰਦੇ ਆਏ ਸਨ-ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ! ਜਸਕਰਨ ਦੀ ਪਤਨੀ ਕਹਿੰਦੀ ਹੈ ਕਿ ਦੋਵੇਂ ਭਰਾਵਾਂ ਦਾ ਬੇਹੱਦ ਆਪਸੀ ਪਿਆਰ ਸੀ। ਇਸੇ ਲਈ ਗੱਡੀ ਅੱਗੇ ਛਾਲ ਮਾਰਨ ਵੇਲੇ ਦੋਨਾਂ ਨੇ ਇਕ-ਦੂਜੇ ਦਾ ਹੱਥ ਫੜਿਆ ਸੀ। ਬੀਵੀ-ਬੱਚੀਆਂ ਨਾਲ ਵੀ ਉਨ੍ਹਾਂ ਦਾ ਅੰਤਾਂ ਦਾ ਮੋਹ ਸੀ।
ਜੇ ਇਹ ਸੱਚਾਈ ਹੈ ਤਾਂ ਫਿਰ ਅਣਿਆਈ ਮੌਤ ਸਹੇੜਨ ਤੋਂ ਪਹਿਲਾਂ ਉਨ੍ਹਾਂ ਨੂੰ ਮਾਸੂਮ ਬੱਚੀਆਂ ’ਤੇ ਤਰਸ ਕਿਉਂ ਨਾ ਆਇਆ? ਇਹ ਕੇਵਲ ਦੋਨਾਂ ਮ੍ਰਿਤਕ ਭਰਾਵਾਂ ਦਾ ਕਸੂਰ ਨਹੀਂ, ਇਸ ਵਿਚ ਰਾਸ਼ਟਰੀ ਤੰਤਰ ਤੇ ਸਮਾਜ, ਸਭ ਦਾ ਦੋਸ਼ ਹੈ। ਮਾਨਸਿਕ ਰੋਗ ਨੂੰ ਪਿੰਡਾਂ ਵਿਚ ਰੋਗ ਹੀ ਨਹੀਂ ਸਮਝਿਆ ਜਾਂਦਾ। ਕਰਜ਼ੇ ਹੇਠ ਦੱਬਣ ਕਾਰਨ ਡਿਪ੍ਰੈਸ਼ਨ ਵਿਚ ਗਏ ਭਰਾਵਾਂ ਦੀ ਕਿਸੇ ਨੇ ਬਾਤ ਪੁੱਛੀ ਹੁੰਦੀ ਤਾਂ ਉਹ ਅਜਿਹਾ ਭਿਅੰਕਰ ਕਦਮ ਨਾ ਚੁੱਕਦੇ। ਸ਼ਾਹੂਕਾਰਾਂ ਦਾ ਕਰਜ਼ਾ ਅਮਰਵੇਲ ਵਾਂਗ ਕਿਸੇ ਵੀ ਪਰਿਵਾਰ ਨੂੰ ਖੜਸੁੱਕ ਕਰ ਸਕਦਾ ਹੈ। ਸਮਾਜ ਦੀਆਂ ਮਹਿੰਗੀਆਂ ਰੀਤਾਂ ਤੇ ਰੀਸੋ-ਰੀਸੀ ਭੋਗਾਂ ਤੇ ਵਿਆਹਾਂ ’ਤੇ ਸ਼ਾਹੀ ਖ਼ਰਚ ਕਰਨ ਨਾਲ ਪਰਿਵਾਰਾਂ ਦਾ ਆਰਥਿਕ-ਢਾਂਚਾ ਲੜਖੜਾ ਜਾਂਦਾ ਹੈ।
ਬੱਚੀਆਂ ਦੇ ਹੱਥ ਪੀਲੇ ਕਰਨ ਤੇ ਦਾਜ-ਦਹੇਜ ਦਾ ਡਰ ਨਾ ਸਤਾਉਂਦਾ ਤਾਂ ਸ਼ਾਇਦ ਉਹ ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਸੌ ਵਾਰ ਸੋਚਦੇ। ਆਤਮਿਕ/ਅਧਿਆਤਮਕ ਸ਼ਕਤੀ ਉਨ੍ਹਾਂ ਦਾ ਮਾਰਗ-ਦਰਸ਼ਨ ਕਰ ਸਕਦੀ ਸੀ। ਗੁਰਬਾਣੀ ਦਾ ਮੁੱਖ ਵਾਕ ਹੈ, ‘‘ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ’’ (ਭਾਵ, ਚਟਾਨਾਂ/ਪੱਥਰਾਂ ਵਿਚ ਪੈਦਾ ਹੋਏ ਜੀਵਾਂ ਦਾ ਰਿਜ਼ਕ ਵੀ ਉਨ੍ਹਾਂ ਸਾਹਵੇਂ ਹੁੰਦਾ ਹੈ)। ਇਹ ਅਟੱਲ ਸੱਚਾਈ ਹੈ ਕਿ ‘ਜੋ ਆਇਆ ਸੋ ਚਲਸੀ, ਸਭੁ ਕੋਈ ਆਈ ਵਾਰੀਐ’ ਪਰ ਆਪਣੀ ਵਾਰੀ ਉਡੀਕਣ ਤੋਂ ਪਹਿਲਾਂ ਹੀ ਤੁਰ ਜਾਣਾ ਸਿਤਮਜ਼ਰੀਫ਼ੀ ਹੈ।
ਇਸੇ ਸ਼ਲੋਕ ਦੀਆਂ ਅਗਲੀਆਂ ਸਤਰਾਂ, ‘‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’’ ਜੀਵਨ-ਜਾਚ ਤੇ ਜੀਵਨ-ਸ਼ੈਲੀ ਦਾ ਮੰਤਰ ਪ੍ਰਸਤੁਤ ਕਰਦੀਆਂ ਹਨ। ਸੰਘਰਸ਼ ਦਾ ਦੂਜਾ ਨਾਂ ਹੀ ਜੀਵਨ ਹੈ। ਕੋਈ ਬਾਂਹ ਨਹੀਂ ਫੜਦਾ ਤਾਂ ਗੁਰਬਾਣੀ ਦੀ ਲੋਅ ਵਿਚ ਫ਼ੈਸਲੇ ਲਏ ਜਾਣੇ ਚਾਹੀਦੇ ਹਨ।
ਇਹ ਵੀ ਵਿਡੰਬਣਾ ਹੈ ਕਿ ‘ਉਦਾਸ ਮੌਸਮ’ ਖ਼ਿਲਾਫ਼ ਲੜਨ ਦਾ ਹੋਕਾ ਦੇਣ ਵਾਲੇ ਪੰਜਾਬੀ ਦੇ ਇਨਕਲਾਬੀ ਕਵੀ ਪਾਸ਼ ਦੀ ਸ਼ਹਾਦਤ ਵਾਲੇ ਦਿਨ ਇਨ੍ਹਾਂ ਭਰਾਵਾਂ ਨੇ ਖ਼ੁਦ ਦੀ ਜਾਨ ਅਜਾਈਂ ਗੁਆ ਦਿੱਤੀ ਸੀ। ਪਾਸ਼ ਨੂੰ ਉਸ ਦੇ ਜੱਦੀ ਪਿੰਡ ਤਲਵੰਡੀ ਸਲੇਮ (ਜਲੰਧਰ) ਵਿਚ ਦਹਿਸ਼ਤਗਰਦਾਂ ਨੇ 23 ਮਾਰਚ 1988 ਨੂੰ ਗੋਲ਼ੀਆਂ ਮਾਰ ਕੇ ਢੇਰ ਕਰ ਦਿੱਤਾ ਸੀ।
ਉਹ ਸੁਪਨਿਆਂ ਦੇ ਮਰ ਜਾਣ ਨੂੰ ਸਭ ਤੋਂ ਖ਼ਤਰਨਾਕ ਕਹਿੰਦਾ ਸੀ। ਸੁਪਨੇ ਮਰ ਜਾਣ ਤੋਂ ਬਾਅਦ ਹੀ ਤਾਂ ਦੋਹਾਂ ਭਰਾਵਾਂ ਨੇ ਖ਼ੁਦ ਨੂੰ ਮਾਰ-ਮੁਕਾਇਆ ਸੀ।• ਕਾਸ਼! ਤੇਈ ਮਾਰਚ ਵਾਲੇ ਦਿਨ ਫਾਂਸੀ ਦੇ ਰੱਸਿਆਂ ਨੂੰ ਹੱਸ-ਹੱਸ ਚੁੰਮਣ ਵਾਲੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਆਜ਼ਾਦੀ ਸੰਗਰਾਮ ਤੋਂ ਮ੍ਰਿਤਕਾਂ ਨੇ ਸਬਕ ਲਿਆ ਹੁੰਦਾ।
ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ ਵਾਲਿਆਂ ਕਰਕੇ ਤੇਈ ਮਾਰਚ ਅਣਖ ਦਾ ਪ੍ਰਤੀਕ ਬਣ ਗਿਆ। ਇਸੇ ਲਈ ਇਸ ਦਿਹਾੜੇ ਨੂੰ ਉਤਸਵ ਵਾਂਗ ਮਨਾਇਆ ਜਾਂਦਾ ਹੈ। ਇਸੇ ਦਿਨ ਅਜਾਈਂ ਜਾਨ ਗੁਆਉਣ ਵਾਲਿਆਂ ਨੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ। ਸੰਵੇਦਨਸ਼ੀਲ ਲੋਕਾਂ ਲਈ ਇਹ ਬੇਹੱਦ ਮਨਹੂਸ ਅਤੇ ਉਦਾਸ ਕਰਨ ਵਾਲੀ ਖ਼ਬਰ ਸੀ। ‘ਪੰਜਾਬੀ ਸਦਾ ਚੜ੍ਹਦੀਕਲਾ ਵਿਚ ਰਹਿੰਦੇ ਹਨ’ ਦੀ ਧਾਰਨਾ ਨੂੰ ਵੀ ਖੁੰਢਾ ਕੀਤਾ ਹੈ।
ਕਾਸ਼! ਮਰਨ ਦੇ ਫ਼ੈਸਲੇ ’ਤੇ ਸਹਿਮਤ ਹੋਣ ਦੀ ਬਜਾਏ ਦੋਨੋਂ ਭਾਈ ਇਕ-ਦੂਜੇ ਨੂੰ ਸਮਝਾ ਲੈਂਦੇ। ਹਾਲਾਤ ਨਾਲ ਦਸਤਪੰਜਾ ਲੈਣ ਲਈ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਕਰਦੇ। ਇਸ ਤੋਂ ਕੁਝ ਦਿਨ ਪਹਿਲਾਂ ਵੇਅਰਹਾਊਸਿੰਗ ਦੇ ਜ਼ਿਲ੍ਹਾ ਮੈਨੇਜਰ (ਅੰਮ੍ਰਿਤਸਰ-ਤਰਨਤਾਰਨ) ਡਾ. ਗਗਨਦੀਪ ਸਿੰਘ ਰੰਧਾਵਾ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮੰਦਭਾਗੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਵੀ 23 ਮਾਰਚ ਵਾਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਅਜਿਹੀਆਂ ਦਿਲ ਕੰਬਾਊ ਖ਼ਬਰਾਂ ਨਸ਼ਰ ਹੋਣ ਤੋਂ ਬਾਅਦ ਜ਼ਲਜ਼ਲੇ ਦੇ ਝਟਕੇ ਮਹਿਸੂਸ ਹੁੰਦੇ ਹਨ।
ਮਿਥਿਹਾਸ ਅਨੁਸਾਰ ਜਿਵੇਂ ਧੌਲੇ ਬਲਦ ਨੇ ਸਿੰਙ ਬਦਲਿਆ ਹੋਵੇ ਜਾਂ ਪ੍ਰਿਥਵੀ ਨੂੰ ਆਪਣੇ ਫਨਾਂ ’ਤੇ ਚੁੱਕਣ ਵਾਲੇ ਸ਼ੇਸ਼ਨਾਗ ਨੇ ਉਬਾਸੀ ਲਈ ਹੋਵੇ। ਜੇਠ-ਹਾੜ ਦੀਆਂ ਧੁੱਪਾਂ ਵਿਚ ਖ਼ੂਨ-ਪਸੀਨਾ ਵਹਾ ਕੇ ਰਾਹਲਾਂ ਤੇ ਸਿਆੜ ਕੱਢਣ ਵਾਲਾ ਅੰਨਦਾਤਾ ਇੰਨਾ ਕਮਜ਼ੋਰ ਕਦੇ ਵੀ ਨਹੀਂ ਸੀ ਹੋਇਆ।
ਆਪਣੇ ਹੀ ਵੱਟੇ ਹੋਏ ਰੱਸਿਆਂ ਨੂੰ ਆਪਣੇ ਗਲ ਵਿਚ ਪਾਉਣਾ ਤੇ ਕੀੜੇਮਾਰ ਦਵਾਈਆਂ ਪੀ ਕੇ ਖ਼ੁਦਕੁਸ਼ੀਆਂ ਕਰਨਾ ਸਮਾਜ ਤੇ ਸਿਸਟਮ ਦੀਆਂ ਨਾਕਾਮੀਆਂ ਨੂੰ ਵੀ ਦਰਸਾਉਂਦਾ ਹੈ। ਪੁਰਾਤਨ ਜੀਵਨ-ਜਾਚ ਨੂੰ ਭੁੱਲਣ ਜਾਂ ਕੁਦਰਤੀ ਖੇਤੀ ਤੋਂ ਮੁੱਖ ਮੋੜਨ ਕਰਕੇ ਵੀ ਚਿੰਤਾਤੁਰ ਹਾਲਾਤ ਪੈਦਾ ਹੋਏ ਹਨ। ਰੀਸੋ-ਰੀਸ ਟਰੈਕਟਰ ਜਾਂ ਮਹਿੰਗੀ ਖੇਤੀ-ਮਸ਼ੀਨਰੀ ਖ਼ਰੀਦਣਾ ਹਾਲਾਤ ਨੂੰ ਹੋਰ ਪੇਚੀਦਾ ਬਣਾਉਂਦਾ ਹੈ। ਇਸ ਦਾ ਇਕਮਾਤਰ ਹੱਲ ਸਹਿਕਾਰਤਾ ਹੈ।
ਗੁਜਰਾਤ ਵਰਗੇ ਸੂਬਿਆਂ ਨੇ ਸਹਿਕਾਰਤਾ ਨੂੰ ਅਪਣਾ ਕੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਇਆ ਹੈ। ਗੁਜਰਾਤ ਲਈ ਸਹਿਕਾਰਤਾ ਸਭ ਤੋਂ ਵੱਡਾ ਮੰਤਰ ਸਿੱਧ ਹੋਇਆ ਹੈ। ਸਹਿਕਾਰਤਾ ਲਹਿਰ ਨੇ ਅਜਿਹੇ ਸੂਬਿਆਂ ਦੀ ਤਸਵੀਰ ਤੇ ਕਿਸਾਨਾਂ ਦੀ ਤਕਦੀਰ ਬਦਲੀ ਹੈ।
ਪੰਜਾਬ ਵਿਚ ਜਦੋਂ ‘ਟਰੈਕਟਰ ਬਾਜ਼ਾਰ’ ਲੱਗਣੇ ਸ਼ੁਰੂ ਹੋਏ ਸਨ ਤਾਂ ਸਰਕਾਰ ਨੂੰ ਫੌਰੀ ਧਿਆਨ ਦੇਣਾ ਚਾਹੀਦਾ ਸੀ। ਸਹਿਕਾਰੀ ਸਭਾਵਾਂ ਰਾਹੀਂ ਬੀਜ/ਖਾਦ ਸਸਤੇ ਮਿਲਣ ਤਾਂ ਕਿਸਾਨਾਂ ਨੂੰ ਸ਼ਾਹੂਕਾਰਾਂ ਦੀ ਲੁੱਟ-ਖਸੁੱਟ ਤੋਂ ਬਚਾਇਆ ਜਾ ਸਕਦਾ ਹੈ। ਹੱਥਾਂ ਨਾਲ ਹੱਥ ਫੜ ਕੇ ਖ਼ੁਦਕੁਸ਼ੀ ਕਰਨ ਨਾਲ ਤਾਂ ਵਿਨਾਸ਼ ਦਾ ਦਰ ਖੁੱਲ੍ਹਦਾ ਹੈ। ਸਾਂਝੀ ਖੇਤੀ, ਸਾਂਝੇ ਸਾਹ ਤੇ ਸਾਂਝੇ ਚੁੱਲ੍ਹੇ ਬਲਣ ਨਾਲ ਹੀ ਖ਼ੁਸ਼ਹਾਲੀ ਆ ਸਕਦੀ ਹੈ। ਜਦੋਂ ਕਿਸਾਨ ਆਪਣੀ ਫ਼ਸਲ ਦਾ ਖ਼ੁਦ ਮੁੱਲ ਤੈਅ ਕਰਨ ਦੇ ਕਾਬਲ ਹੋ ਗਿਆ ਤਾਂ ਖ਼ੁਦਕੁਸ਼ੀਆਂ ਵਰਗੀਆਂ ਮਨਹੂਸ ਖ਼ਬਰਾਂ ਪੜ੍ਹਨ-ਸੁਣਨ ਨੂੰ ਨਹੀਂ ਮਿਲਣਗੀਆਂ।
ਵਰਿੰਦਰ ਸਿੰਘ ਵਾਲੀਆ
ਸੰਪਾਦਕ