ਕਈ ਉਦਯੋਗਾਂ ਵਿਚ ਕੰਪਨੀਆਂ ਯੋਗ ਲੋਕਾਂ ਨੂੰ ਲੱਭ ਰਹੀਆਂ ਹਨ। ਛੋਟੇ ਸ਼ਹਿਰਾਂ ਦੇ ਪ੍ਰਾਈਵੇਟ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੈ, ਹਾਲਾਂਕਿ ਬੀਐੱਡ ਵਾਲੇ ਬਹੁਤ ਹਨ ਪਰ ਫਿਰ ਵੀ ਠੀਕ ਉਮੀਦਵਾਰ ਨਹੀਂ ਮਿਲਦੇ। ਇਸੇ ਤਰ੍ਹਾਂ ਬੈਂਕਿੰਗ ਅਤੇ ਫਾਈਨਾਂਸ ਖੇਤਰ ਤੇਜ਼ੀ ਨਾਲ ਵਧ ਰਹੇ ਹਨ।

ਭਾਰਤ ਵਿਚ ਨੌਕਰੀਆਂ ਬਾਰੇ ਚਰਚਾ ਫਿਰ ਤੋਂ ਵਧ ਰਹੀ ਹੈ। ਕਈ ਰਿਪੋਰਟਾਂ ਵਿਚ ਦਿਖਾਇਆ ਜਾ ਰਿਹਾ ਹੈ ਕਿ ਨੌਜਵਾਨਾਂ ਵਿਚ ਬੇਰੁਜ਼ਗਾਰੀ ਤੇ ਅਰਧ-ਬੇਰੁਜ਼ਗਾਰੀ ਵਧ ਰਹੀ ਹੈ। ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਪੜ੍ਹਾਈ ਤੋਂ ਬਾਅਦ ਚੰਗੀ ਨੌਕਰੀ ਲੈਣਾ ਔਖਾ ਹੋ ਗਿਆ ਹੈ ਜਿਸ ਨਾਲ ਨਿਰਾਸ਼ਾ ਅਤੇ ਕਰੀਅਰ ਵਿਚ ਦੇਰੀ ਆ ਰਹੀ ਹੈ।
ਇਹ ਗੱਲਾਂ ਪੂਰੀ ਤਰ੍ਹਾਂ ਗ਼ਲਤ ਨਹੀਂ ਹਨ ਪਰ ਇਹ ਸਿਰਫ਼ ਇਕ ਪਾਸਾ ਦਿਖਾਉਂਦੀਆਂ ਹਨ। ਜੇ ਅਸੀਂ ਜ਼ਮੀਨੀ ਹਕੀਕਤ ਵੇਖੀਏ, ਖ਼ਾਸ ਕਰਕੇ ਛੋਟੇ ਸ਼ਹਿਰਾਂ ਵਿਚ, ਤਾਂ ਇਕ ਹੋਰ ਸੱਚਾਈ ਸਾਹਮਣੇ ਆਉਂਦੀ ਹੈ। ਇਕ ਪਾਸੇ ਕਿਹਾ ਜਾਂਦਾ ਹੈ ਕਿ ਨੌਕਰੀਆਂ ਨਹੀਂ ਹਨ ਪਰ ਦੂਜੇ ਪਾਸੇ ਕਈ ਥਾਵਾਂ ’ਤੇ ਨੌਕਰੀਆਂ ਖ਼ਾਲੀ ਪਈਆਂ ਹਨ ਅਤੇ ਉਨ੍ਹਾਂ ਲਈ ਢੰਗ ਦੇ ਲੋਕ ਨਹੀਂ ਮਿਲ ਰਹੇ। ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ ਅਸਲ ਵਿਚ ਨੌਕਰੀਆਂ ਦੀ ਘਾਟ ਹੈ ਜਾਂ ਨੌਜਵਾਨ ਤਿਆਰ ਨਹੀਂ ਹਨ ਜਾਂ ਉਨ੍ਹਾਂ ਵਿਚ ਇੱਛਾ ਦੀ ਕਮੀ ਹੈ। s
ਕਈ ਉਦਯੋਗਾਂ ਵਿਚ ਕੰਪਨੀਆਂ ਯੋਗ ਲੋਕਾਂ ਨੂੰ ਲੱਭ ਰਹੀਆਂ ਹਨ। ਛੋਟੇ ਸ਼ਹਿਰਾਂ ਦੇ ਪ੍ਰਾਈਵੇਟ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੈ, ਹਾਲਾਂਕਿ ਬੀਐੱਡ ਵਾਲੇ ਬਹੁਤ ਹਨ ਪਰ ਫਿਰ ਵੀ ਠੀਕ ਉਮੀਦਵਾਰ ਨਹੀਂ ਮਿਲਦੇ। ਇਸੇ ਤਰ੍ਹਾਂ ਬੈਂਕਿੰਗ ਅਤੇ ਫਾਈਨਾਂਸ ਖੇਤਰ ਤੇਜ਼ੀ ਨਾਲ ਵਧ ਰਹੇ ਹਨ। ਪ੍ਰਾਈਵੇਟ ਬੈਂਕ, ਇੰਸ਼ੋਰੈਂਸ ਕੰਪਨੀਆਂ ਅਤੇ ਐੱਨਬੀਐੱਫਸੀ ਲੋਕਾਂ ਨੂੰ ਸੇਲਜ਼, ਕਸਟਮਰ ਸਰਵਿਸ ਅਤੇ ਹੋਰ ਕੰਮਾਂ ਲਈ ਲੈਣਾ ਚਾਹੁੰਦੀਆਂ ਹਨ। ਫਿਰ ਵੀ ਕਈ ਨੌਕਰੀਆਂ ਖ਼ਾਲੀ ਰਹਿ ਜਾਂਦੀਆਂ ਹਨ ਕਿਉਂਕਿ ਨੌਕਰੀ ਲੱਭਣ ਵਾਲਿਆਂ ਵਿਚ ਰੁਚੀ ਘੱਟ ਹੈ। ਸਰਕਾਰੀ ਨੌਕਰੀ ਦਾ ਆਕਰਸ਼ਣ ਅਜੇ ਵੀ ਬਹੁਤ ਵੱਧ ਹੈ। ਲੋਕਾਂ ਨੂੰ ਲੱਗਦਾ ਹੈ ਕਿ ਇਸ ਵਿਚ ਸਥਿਰਤਾ ਹੈ, ਇੱਜ਼ਤ ਹੈ ਅਤੇ ਸੁਰੱਖਿਆ ਹੈ। ਇਸ ਲਈ ਲੱਖਾਂ ਲੋਕ ਕੁਝ ਹਜ਼ਾਰ ਪੋਸਟਾਂ ਲਈ ਅਪਲਾਈ ਕਰਦੇ ਹਨ। ਕਈ ਵਾਰ 10 ਲੱਖ ਤੋਂ ਵੱਧ ਲੋਕ ਅਰਜ਼ੀਆਂ ਦਿੰਦੇ ਹਨ ਪਰ ਚੋਣ ਦਰ ਬਹੁਤ ਘੱਟ ਹੁੰਦੀ ਹੈ। ਫਿਰ ਵੀ ਕਈ ਨੌਜਵਾਨ ਸਾਲਾਂ ਤੱਕ ਸਿਰਫ਼ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਰਹਿੰਦੇ ਹਨ ਜਿਸ ਨਾਲ ਉਨ੍ਹਾਂ ਦਾ ਕਰੀਅਰ ਲੇਟ ਹੋ ਜਾਂਦਾ ਹੈ।
ਅੱਜ-ਕੱਲ੍ਹ ਨੌਜਵਾਨਾਂ ਵਿਚ ਕੰਫਰਟ ਜ਼ੋਨ ਦੀ ਸੋਚ ਵੀ ਵਧ ਰਹੀ ਹੈ। ਉਹ ਅਜਿਹੀ ਨੌਕਰੀ ਚਾਹੁੰਦੇ ਹਨ ਜਿਸ ਵਿਚ ਦਬਾਅ ਘੱਟ ਹੋਵੇ, ਟਾਈਮ ਫਿਕਸ ਹੋਵੇ ਅਤੇ ਕੰਮ ਆਸਾਨ ਹੋਵੇ। ਕੰਪਨੀਆਂ ਕਹਿੰਦੀਆਂ ਹਨ ਕਿ ਨੌਜਵਾਨ ਫੀਲਡ ਜੌਬ ਜਾਂ ਸੇਲਜ਼ ਜੌਬ ਨਹੀਂ ਕਰਨਾ ਚਾਹੁੰਦੇ, ਉਹ ਡੈਸਕ ਜੌਬ ਹੀ ਚਾਹੁੰਦੇ ਹਨ, ਬਿਨਾਂ ਤਜਰਬੇ ਦੇ ਵਧੀਆ ਤਨਖ਼ਾਹ ਚਾਹੁੰਦੇ ਹਨ ਅਤੇ ਛੋਟੇ ਸ਼ਹਿਰਾਂ ਵਿਚ ਕੰਮ ਕਰਨ ਤੋਂ ਵੀ ਕਤਰਾਉਂਦੇ ਹਨ। ਸ਼ੁਰੂ ਤੋਂ ਹੀ ਆਰਾਮਦਾਇਕ ਜ਼ਿੰਦਗੀ ਚਾਹੁਣਾ ਹਕੀਕਤ ਨਾਲ ਮੇਲ ਨਹੀਂ ਖਾਂਦਾ। ਅਸਲ ਵਿਚ ਜਿਹੜੀਆਂ ਨੌਕਰੀਆਂ ਵੱਧ ਹਨ, ਉਨ੍ਹਾਂ ਵਿਚ ਫੀਲਡ ਵਰਕ, ਗਾਹਕਾਂ ਨਾਲ ਗੱਲਬਾਤ ਅਤੇ ਪਰਫਾਰਮੈਂਸ ਆਧਾਰਤ ਕੰਮ ਹੁੰਦਾ ਹੈ। ਬੈਂਕਿੰਗ, ਇੰਸ਼ੋਰੈਂਸ, ਰਿਟੇਲ ਅਤੇ ਐੱਫਐੱਮਸੀਜੀ ਵਿਚ ਸ਼ੁਰੂਆਤੀ ਨੌਕਰੀਆਂ ਉਕਤ ਤਰ੍ਹਾਂ ਦੀਆਂ ਹੁੰਦੀਆਂ ਹਨ। ਇਹ ਕੰਮ ਔਖੇ ਜ਼ਰੂਰ ਹੁੰਦੇ ਹਨ ਪਰ ਇਨ੍ਹਾਂ ਨਾਲ ਹੀ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਬਹੁਤ ਸਾਰੇ ਸਫਲ ਲੋਕਾਂ ਨੇ ਆਪਣੀ ਸ਼ੁਰੂਆਤ ਇੱਥੋਂ ਹੀ ਕੀਤੀ ਹੈ ਪਰ ਫਿਰ ਵੀ ਨੌਜਵਾਨ ਇਨ੍ਹਾਂ ਤੋਂ ਬਚਦੇ ਹਨ।
ਭਾਰਤ ਵਿਚ ਉੱਚ ਸਿੱਖਿਆ ਵਧੀ ਹੈ ਪਰ ਗੁਣਵੱਤਾ ਓਨੀ ਨਹੀਂ ਵਧੀ। ਕਈ ਰੁਜ਼ਗਾਰਦਾਤਾ ਕਹਿੰਦੇ ਹਨ ਕਿ ਨੌਜਵਾਨਾਂ ਵਿਚ ਬੁਨਿਆਦੀ ਹੁਨਰਾਂ ਦੀ ਘਾਟ ਹੈ ਜਿਵੇਂ ਕਿ ਲਿਖਣ, ਗੱਲਬਾਤ ਕਰਨ, ਸੋਚਣ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨ ਦੀ ਸਮਰੱਥਾ। ਕਈ ਵਾਰ ਉਹ ਇਕ ਸਾਧਾਰਨ ਅਰਜ਼ੀ ਵੀ ਸਹੀ ਢੰਗ ਨਾਲ ਨਹੀਂ ਲਿਖ ਸਕਦੇ। ਅਕਸਰ ਸਕਿੱਲ ਗੈਪ ਦੀ ਗੱਲ ਹੁੰਦੀ ਹੈ ਪਰ ਇਕ ਹੋਰ ਵੱਡੀ ਸਮੱਸਿਆ ‘ਵਿੱਲ ਪਾਵਰ ਗੈਪ’ ਹੈ ਜਿਸ ਦਾ ਮਤਲਬ ਹੈ ਕਿ ਮੌਕੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਲੈਣ ਦੀ ਇੱਛਾ ਘੱਟ ਹੈ। ਕਈ ਨੌਜਵਾਨ ਐਂਟਰੀ ਲੈਵਲ ਜੌਬ ਨਹੀਂ ਕਰਨਾ ਚਾਹੁੰਦੇ, ਨਵੇਂ ਖੇਤਰਾਂ ਵਿਚ ਜਾਣ ਤੋਂ ਡਰਦੇ ਹਨ ਅਤੇ ਮੌਕਿਆਂ ਦੀ ਉਡੀਕ ਕਰਦੇ ਰਹਿੰਦੇ ਹਨ।
ਹੁਨਰ ਸਿੱਖੇ ਜਾ ਸਕਦੇ ਹਨ ਪਰ ਇੱਛਾ ਆਪਣੇ ਮਨ ਦੀ ਗੱਲ ਹੈ। ਅੱਜ-ਕੱਲ੍ਹ ਦੀ ਆਰਥਿਕਤਾ ਵਿਚ ਕਮਾਈ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨਾ ਮੁੱਲ ਪੈਦਾ ਕਰਦੇ ਹੋ। ਕਰੀਅਰ ਦੇ ਸ਼ੁਰੂ ਵਿਚ ਸਿੱਖਣਾ, ਕੰਮ ਕਰਨਾ ਅਤੇ ਆਪਣੇ-ਆਪ ਨੂੰ ਬਦਲਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਪਰ ਕਈ ਨੌਜਵਾਨ ਬਿਨਾਂ ਤਜਰਬੇ ਦੇ ਹੀ ਵੱਡੀ ਕਮਾਈ ਦੀ ਉਮੀਦ ਰੱਖਦੇ ਹਨ ਜਿਸ ਨਾਲ ਹਕੀਕਤ ਅਤੇ ਉਮੀਦ ਵਿਚ ਫ਼ਰਕ ਪੈਦਾ ਹੁੰਦਾ ਹੈ। ਬੇਰੁਜ਼ਗਾਰੀ ਦੀ ਗੱਲ ਸਿਰਫ਼ ਨੌਕਰੀਆਂ ਦੀ ਗਿਣਤੀ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਇਸ ਵਿਚ ਨੌਜਵਾਨਾਂ ਦੇ ਹੁਨਰ, ਸਿੱਖਿਆ ਅਤੇ ਸੋਚ ਵੀ ਆਉਂਦੀ ਹੈ ਅਤੇ ਉਦਯੋਗਾਂ ਦੀ ਲੋੜ ਵੀ। ਦੋਵਾਂ ਵਿਚਕਾਰ ਜੋ ਖੱਪਾ ਹੈ, ਉਹ ਸਿਰਫ਼ ਨੀਤੀਆਂ ਨਾਲ ਨਹੀਂ, ਸਗੋਂ ਸੋਚ ਵਿਚ ਬਦਲਾਅ ਨਾਲ ਪੂਰਿਆ ਜਾ ਸਕਦਾ ਹੈ।
ਇਸ ਸਮੱਸਿਆ ਦਾ ਹੱਲ ਇਹ ਹੈ ਕਿ ਨੌਜਵਾਨ ਲਚਕੀਲੇ ਬਣਨ, ਪ੍ਰੈਕਟੀਕਲ ਸਿੱਖਿਆ ਲੈਣ, ਸ਼ੁਰੂਆਤੀ ਮੁਸ਼ਕਲਾਂ ਨੂੰ ਸਿੱਖਣ ਦਾ ਮੌਕਾ ਮੰਨਣ ਅਤੇ ਨਵੇਂ ਜੋਖ਼ਮ ਲੈਣ ਲਈ ਤਿਆਰ ਰਹਿਣ। ਇਸ ਨਾਲ ਨੌਕਰੀ ਅਤੇ ਮੌਕੇ ਵਿਚਕਾਰਲੀ ਦੂਰੀ ਘੱਟ ਹੋ ਸਕਦੀ ਹੈ। ਮਾਪਿਆਂ ਦੀ ਭੂਮਿਕਾ ਇਸ ਪੂਰੇ ਮਾਮਲੇ ਵਿਚ ਬਹੁਤ ਮਹੱਤਵਪੂਰਨ ਹੈ।
ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ਼ ਸੁਰੱਖਿਅਤ ਤੇ ਆਰਾਮਦਾਇਕ ਨੌਕਰੀਆਂ ਵੱਲ ਹੀ ਨਾ ਧੱਕਣ, ਸਗੋਂ ਉਨ੍ਹਾਂ ਨੂੰ ਕਰੀਅਰ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਤ ਕਰਨ। ਬੱਚਿਆਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਸ਼ੁਰੂਆਤੀ ਦੌਰ ਵਿਚ ਮੁਸ਼ਕਲਾਂ, ਫੀਲਡ ਵਰਕ ਅਤੇ ਛੋਟੀਆਂ ਪੁਜ਼ੀਸ਼ਨਾਂ ਵੀ ਸਿੱਖਣ ਦਾ ਹਿੱਸਾ ਹੁੰਦੀਆਂ ਹਨ। ਜੇ ਮਾਪੇ ਬੱਚਿਆਂ ਨੂੰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਣ ਲਈ ਹੌਸਲਾ ਦੇਣਗੇ ਤਾਂ ਉਹ ਨਾ ਸਿਰਫ਼ ਜ਼ਿਆਦਾ ਤਜਰਬਾ ਹਾਸਲ ਕਰਨਗੇ, ਸਗੋਂ ਆਪਣੇ ਜੀਵਨ ਵਿਚ ਜਲਦੀ ਅੱਗੇ ਵੀ ਵਧ ਸਕਣਗੇ। ਸਹੀ ਮਾਰਗਦਰਸ਼ਨ ਅਤੇ ਹੌਸਲਾ-ਅਫ਼ਜ਼ਾਈ ਨਾਲ ਬੱਚਿਆਂ ਵਿਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਜੋ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਮੌਕਿਆਂ ਨੂੰ ਅਪਣਾਉਣ ਲਈ ਤਿਆਰ ਕਰਦਾ ਹੈ। ਅੰਤ ਵਿਚ ਗੱਲ ਇਹ ਨਹੀਂ ਕਿ ਨੌਕਰੀਆਂ ਹਨ ਜਾਂ ਨਹੀਂ, ਗੱਲ ਇਹ ਹੈ ਕਿ ਕੀ ਅਸੀਂ ਉਨ੍ਹਾਂ ਲਈ ਤਿਆਰ ਹਾਂ। ਅੱਜ ਦੇ ਬਦਲਦੇ ਸਮੇਂ ਵਿਚ ਉਹੀ ਲੋਕ ਅੱਗੇ ਵਧਦੇ ਹਨ ਜੋ ਸਿੱਖਦੇ ਹਨ, ਆਪਣੇ-ਆਪ ਨੂੰ ਬਦਲਦੇ ਹਨ ਅਤੇ ਮੌਕੇ ਨੂੰ ਫੜਦੇ ਹਨ।
-ਡਾ. ਸੰਜੇ ਮਿੱਤਲ
-(ਚਾਰਟਰਡ ਵੈਲਥ ਮੈਨੇਜਰ)।
-ਮੋਬਾਈਲ : 81466-24667