ਸਭ ਤੋਂ ਪਹਿਲਾਂ 22 ਅਕਤੂਬਰ 1893 ਨੂੰ ਕੌਂਸਲ ਦੀ ਪਲੇਠੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਮਿਡਲ ਸਕੂਲ ਦੀ ਸ਼ੁਰੂਆਤ ਹੋਈ ਜੋ ਇਸ ਸਮੇਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਹੈ। ਕੌਂਸਲ ਪ੍ਰਬੰਧਕਾਂ ਦੇ ਫ਼ੈਸਲੇ ਅਨੁਸਾਰ ਭਾਈ ਰਾਮ ਸਿੰਘ ਨੇ ਕਾਲਜ ਦਾ ਨਕਸ਼ਾ ਤਿਆਰ ਕੀਤਾ ਅਤੇ ਬਤੌਰ ਇੰਜੀਨੀਅਰ ਭਾਈ ਧਰਮ ਸਿੰਘ ਘਰਜਾਖੀਆ ਨਿਗਰਾਨ ਸਨ।

ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ (27 ਜੂਨ 1839) ਉਪਰੰਤ ਸਿੱਖ ਰਾਜ ਇਕ ਦਹਾਕੇ ਵਿਚ ਖੇਰੂੰ-ਖੇਰੂੰ ਹੁੰਦਾ ਓੜਕ ਖ਼ਤਮ ਹੋ ਗਿਆ। ਉਣੱਤੀ ਮਾਰਚ 1849 ਨੂੰ ਲਾਰਡ ਡਲਹੌਜ਼ੀ ਦੀ ਸਰਕਾਰ ਨੇ ਪੰਜਾਬ ਨੂੰ ਭਾਰਤੀ ਬ੍ਰਿਟਿਸ਼ ਸਾਮਰਾਜ ਵਿਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ। ‘ਜੈਸਾ ਰਾਜ, ਵੈਸਾ ਧਰਮ’ ਅਨੁਸਾਰ ਈਸਾਈ ਪਾਦਰੀਆਂ ਨੇ ਕੁਝ ਕੁ ਸਾਲਾਂ ਵਿਚ ਹੀ ਇੱਥੇ ਪ੍ਰਚਾਰ ਦੇ ਕਈ ਕੇਂਦਰ ਸਥਾਪਤ ਕਰ ਲਏ। ਨਵੇਂ-ਨਵੇਂ ਸਕੂਲ ਕਾਲਜ ਖੁੱਲ੍ਹ ਰਹੇ ਸਨ ਤੇ ਇਨ੍ਹਾਂ ਅਦਾਰਿਆਂ ਵਿਚ ਆਪਣੇ ਮੱਤ ਦਾ ਪ੍ਰਚਾਰ ਹੋਣ ਲੱਗ ਪਿਆ।
ਸੰਨ 1873 ਵਿਚ ਅੰਮ੍ਰਿਤਸਰ ਮਿਸ਼ਨ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਈਸਾਈ ਧਰਮ ਧਾਰਨ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਸਾਡੇ ਪੁਰਖਿਆਂ ਨੇ ਆਪਣੀ ਹੋਂਦ ਬਚਾਉਣ ਲਈ 1 ਅਕਤੂਬਰ 1873 ਨੂੰ ਸਿੰਘ ਸਭਾ ਲਹਿਰ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਇਸ ਦਾ ਮੁੱਖ ਉਦੇਸ਼ ਹੀ ਆਪਣੀ ਭਾਸ਼ਾ, ਸਾਹਿਤ, ਸੱਭਿਆਚਾਰ, ਵਿੱਦਿਆ ਤੇ ਸਿੱਖੀ ਦਾ ਪ੍ਰਚਾਰ-ਪਸਾਰ ਕਰਨਾ ਸੀ। ਓਧਰ 2 ਨਵੰਬਰ 1879 ਨੂੰ ਸਿੰਘ ਸਭਾ ਲਾਹੌਰ ਸਥਾਪਤ ਹੋਈ। ਜਦੋਂ ਕਾਫ਼ੀ ਗਿਣਤੀ ਵਿਚ ਸਿੰਘ ਸਭਾਵਾਂ ਬਣ ਗਈਆਂ ਤਾਂ 1883 ਵਿਚ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਹੋਈ। ਕੌਮੀ ਮਿਸ਼ਨ ਇਕ ਹੁੰਦਿਆਂ ਵੀ ਕੁਝ ਮਤਭੇਦਾਂ ਕਰਕੇ ਸਿੰਘ ਸਭਾ ਲਾਹੌਰ ਨੇ 1886 ਵਿਚ ਖ਼ਾਲਸਾ ਦੀਵਾਨ ਲਾਹੌਰ ਸਥਾਪਤ ਕਰ ਲਿਆ।
ਸਿੱਖ ਸਮਾਜ ਵਿਚ ਉੱਚ ਵਿੱਦਿਆ ਦੇ ਪ੍ਰਸਾਰ ਤੇ ਆਪਣੀ ਹੋਂਦ ਬਚਾਉਣ ਲਈ ਖ਼ਾਲਸਾ ਦੀਵਾਨ ਅੰਮ੍ਰਿਤਸਰ ਅਤੇ ਖ਼ਾਲਸਾ ਦੀਵਾਨ ਲਾਹੌਰ, ਦੋਨੋਂ ਹੀ ਉੱਦਮਸ਼ੀਲ ਸਨ। ਇੱਧਰ ਖ਼ਾਲਸਾ ਦੀਵਾਨ ਅੰਮ੍ਰਿਤਸਰ ਨੇ 1883 ਵਿਚ ਹੀ ਖ਼ਾਲਸਾ ਕਾਲਜ ਦੀ ਸਥਾਪਨਾ ਸਬੰਧੀ ਅੰਮ੍ਰਿਤਸਰ ਵਿਖੇ ਲਾਲਾ ਸੰਤ ਰਾਮ ਦੇ ਘਰ ਜਨਰਲ ਇਕੱਤਰਤਾ ਕੀਤੀ ਜਿਸ ਵਿਚ ਬਾਬਾ ਖੇਮ ਸਿੰਘ ਬੇਦੀ, ਬਿਕਰਮ ਸਿੰਘ, ਮਾਨ ਸਿੰਘ, ਕੈਪਟਨ ਗੁਲਾਬ ਸਿੰਘ ਅਟਾਰੀ ਵਾਲੇ, ਭਾਈ ਭਗਤ ਸਿੰਘ (ਗ੍ਰੰਥੀ ਸ੍ਰੀ ਦਰਬਾਰ ਸਾਹਿਬ), ਲਹਿਣਾ ਸਿੰਘ ਗੁਜਰਾਂਵਾਲੇ, ਚੰਦਾ ਸਿੰਘ ਆਦਿ ਸ਼ਖ਼ਸੀਅਤਾਂ ਨੇ ਉੱਦਮ ਆਰੰਭ ਕੀਤਾ। ਦੂਜੇ ਪਾਸੇ ਖ਼ਾਲਸਾ ਦੀਵਾਨ ਲਾਹੌਰ ਦਾ ਵੀ ਇਹੀ ਮਿਸ਼ਨ ਸੀ ਅਤੇ ਉਨ੍ਹਾਂ ਨੇ ਖ਼ਾਲਸਾ ਕਾਲਜ ਵਿੱਦਿਅਕ ਲਹਿਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ 22 ਫਰਵਰੀ 1890 ਨੂੰ ‘ਖ਼ਾਲਸਾ ਕਾਲਜ ਐਸਟੈਬਲਿਸ਼ਮੈਂਟ ਕਮੇਟੀ’ ਬਣਾਈ ਤੇ ਇਸ ਦੇ ਪ੍ਰਬੰਧ ਲਈ 25 ਮੈਂਬਰਾਂ ਦੀ ਕਾਰਜਕਾਰੀ ਕਮੇਟੀ ਨਿਯੁਕਤ ਕਰ ਦਿੱਤੀ। ਇਸ ਸਬੰਧੀ ਸਮਕਾਲੀ ਸਪਤਾਹਿਕ ‘ਖ਼ਾਲਸਾ ਅਖ਼ਬਾਰ ਲਾਹੌਰ’ ਦੀ ਵਿਸ਼ੇਸ਼ ਖਬਰ ਹੈ ਕਿ 22 ਫਰਵਰੀ 1890 ਨੂੰ ਖ਼ਾਲਸਾ ਦੀਵਾਨ ਨੇ ਸਾਰਾ ਕੰਮ ਤਿਆਰ ਕਰਕੇ ਇਕ ਖ਼ਾਲਸਾ ਕਾਲਜ ਐਸਟੈਬਲਿਸ਼ਮੈਂਟ ਕਮੇਟੀ ਬਣਾਈ।’ ਇਹ ਕਮੇਟੀ 3 ਅਪ੍ਰੈਲ 1892 ਤੱਕ ਕਾਰਜਸ਼ੀਲ ਰਹੀ ਤੇ 14 ਅਪ੍ਰੈਲ 1892 ਨੂੰ ਬਤੌਰ ‘ਖ਼ਾਲਸਾ ਕਾਲਜ ਸੁਸਾਇਟੀ ਅੰਮ੍ਰਿਤਸਰ’ ਰਜਿਸਟਰਡ ਹੋਈ। ਸੁਸਾਇਟੀ ਦੇ ਸੁਚੱਜੇ ਪ੍ਰਬੰਧ ਤੇ ਸੰਭਾਲ ਲਈ 100 ਮੈਂਬਰਾਂ ਦੀ ਕੌਂਸਲ ਅਤੇ ਇਨ੍ਹਾਂ ’ਚੋਂ 30 ਮੈਂਬਰਾਂ ਦੀ ਐਗਜ਼ੈਕਟਿਵ ਕਮੇਟੀ ਬਣਾਈ ਗਈ। ਇਸ ਕਮੇਟੀ ਦੇ ਪ੍ਰਧਾਨ ਡਾ. ਵਿਲੀਅਮ.ਐੱਚ.ਰੈਟੀਗਨ, ਮੀਤ ਪ੍ਰਧਾਨ ਸਰ ਅਤਰ ਸਿੰਘ ਅਤੇ ਪਹਿਲੇ ਅੱਠ ਮਹੀਨੇ ਦੇ ਕਰੀਬ ਮਿਸਟਰ ਡਬਲਯੂ.ਐੱਮ.ਬੈੱਲ ਸਕੱਤਰ ਰਹੇ ਪਰ 18 ਦਸੰਬਰ 1892 ਨੂੰ ਜਵਾਹਰ ਸਿੰਘ ਕੂਪਰ ਨੇ ਬਤੌਰ ਸਕੱਤਰ ਜ਼ਿੰਮੇਵਾਰੀ ਸੰਭਾਲੀ।
ਸਮਕਾਲੀ ਖ਼ਾਲਸਾ ਅਖ਼ਬਾਰ ਲਾਹੌਰ ਅਨੁਸਾਰ ਖ਼ਾਲਸਾ ਕਾਲਜ ਦੇ ਨਾਮਕਰਨ ਤੇ ਸਥਾਪਨਾ ਸਬੰਧੀ ਲੰਬੀ ਚਰਚਾ ਤੋਂ ਬਾਅਦ 3 ਮਾਰਚ 1892 ਨੂੰ ਕੋਟ ਸੈਦ ਮਹਿਮੂਦ (ਹੁਣ ਕੋਟ ਖ਼ਾਲਸਾ) ਦੀ 101 ਏਕੜ ਜ਼ਮੀਨ ਦਸ ਹਜ਼ਾਰ ਰੁਪਏ ਵਿਚ ਖ਼ਰੀਦੀ ਗਈ ਅਤੇ 5 ਮਾਰਚ 1892 ਨੂੰ ਸਰ ਜੇਮਜ਼ ਲਾਇਲ ਗਵਰਨਰ ਪੰਜਾਬ ਵੱਲੋਂ ਵੱਡੇ ਕੌਮੀ ਇਕੱਠ ਵਿਚ ਖ਼ਾਲਸਾ ਕਾਲਜ ਦਾ ਨੀਹ ਪੱਥਰ ਰੱਖਿਆ ਗਿਆ। ਇਸ ਸਥਾਨ ਉੱਪਰ ਹੀ ਸਤੰਬਰ 1896 ਵਿਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਿਆਰ ਹੋਈ ਤੇ ਅੱਜ ਵੀ ਇਹ ਇਤਿਹਾਸਕ ਨੀਂਹ ਪੱਥਰ ਕਾਲਜ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹੈ।
ਸਭ ਤੋਂ ਪਹਿਲਾਂ 22 ਅਕਤੂਬਰ 1893 ਨੂੰ ਕੌਂਸਲ ਦੀ ਪਲੇਠੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਮਿਡਲ ਸਕੂਲ ਦੀ ਸ਼ੁਰੂਆਤ ਹੋਈ ਜੋ ਇਸ ਸਮੇਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਹੈ। ਕੌਂਸਲ ਪ੍ਰਬੰਧਕਾਂ ਦੇ ਫ਼ੈਸਲੇ ਅਨੁਸਾਰ ਭਾਈ ਰਾਮ ਸਿੰਘ ਨੇ ਕਾਲਜ ਦਾ ਨਕਸ਼ਾ ਤਿਆਰ ਕੀਤਾ ਅਤੇ ਬਤੌਰ ਇੰਜੀਨੀਅਰ ਭਾਈ ਧਰਮ ਸਿੰਘ ਘਰਜਾਖੀਆ ਨਿਗਰਾਨ ਸਨ। ਖ਼ਾਲਸਾ ਕਾਲਜ ਦੀ ਉਸਾਰੀ ਲਈ ਕਾਲਜ ਦੇ ਚੌਗਿਰਦੇ ਅੰਦਰ ਹੀ ਭੱਠੇ ਲਗਾਏ ਗਏ ਤੇ ਸੱਤ ਵੱਖ-ਵੱਖ ਸੰਚਿਆਂ ਅਨੁਸਾਰ ਇੱਟਾਂ ਤਿਆਰ ਕੀਤੀਆਂ ਗਈਆਂ। ਕਾਲਜ ਦੀਆਂ ਕਲਾਸਾਂ ਮਈ 1897 ਵਿਚ ਸ਼ੁਰੂ ਹੋਈਆਂ। ਇੱਥੇ ਸੰਸਾਰੀ ਵਿੱਦਿਆ ਦੇ ਨਾਲ ਗੁਰਮਤਿ ਵਿੱਦਿਆ ਪ੍ਰਦਾਨ ਕਰਨ ਲਈ ਇਸੇ ਸਾਲ ਗਿ. ਦਿੱਤ ਸਿੰਘ ਜੀ ਨੇ ਦੋ ਪੁਸਤਕਾਂ ਤਿਆਰ ਕੀਤੀਆਂ ਜੋ ਕੌਂਸਲ ਵੱਲੋਂ ਪ੍ਰਕਾਸ਼ਤ ਕੀਤੀਆਂ ਗਈਆਂ। ਇੱਥੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮੈਡੀਕਲ ਸਹੂਲਤ ਲਈ ਕੌਂਸਲ ਵੱਲੋਂ 1904 ਵਿਚ ਡਿਸਪੈਂਸਰੀ ਬਣਾਈ ਗਈ ਜੋ ਹੁਣ ਵੀ ਨਵੀਨ ਬਿਲਡਿੰਗ ਵਿਚ ਸੇਵਾ ਨਿਭਾ ਰਹੀ ਹੈ। ਬਾਕੀ ਵਿਭਾਗਾਂ ਦੇ ਨਾਲ-ਨਾਲ ਕਾਲਜ ਵਿਖੇ 1905 ਵਿਚ ਧਾਰਮਿਕ ਵਿਭਾਗ ਸਥਾਪਤ ਹੋਇਆ ਤੇ 1930 ਵਿਚ ਸਿੱਖ ਇਤਿਹਾਸ ਖੋਜ ਕੇਂਦਰ ਦੀ ਸਥਾਪਨਾ ਕੀਤੀ ਗਈ। ਇਨ੍ਹਾਂ ਦੋਨਾਂ ਵਿਭਾਗਾਂ ਵਿਚ ਭਾਈ ਜੋਧ ਸਿੰਘ, ਪ੍ਰੋ. ਸਾਹਿਬ ਸਿੰਘ, ਡਾ. ਤਾਰਨ ਸਿੰਘ, ਪ੍ਰੋ. ਪ੍ਰਕਾਸ਼ ਸਿੰਘ, ਡਾ. ਗੰਡਾ ਸਿੰਘ, ਡਾ. ਕਿਰਪਾਲ ਸਿੰਘ, ਡਾ. ਦਵਿੰਦਰ ਸਿੰਘ ਆਦਿ ਸ਼ਖ਼ਸੀਅਤਾਂ ਨੇ ਸਿੱਖ ਧਰਮ ਤੇ ਇਤਿਹਾਸ ਸਬੰਧੀ ਖੋਜ ਭਰਪੂਰ ਕਾਰਜ ਕੀਤਾ।
ਕੌਂਸਲ ਨੇ ਇਸਤਰੀਆਂ ਦੀ ਵਿੱਦਿਆ ਨੂੰ ਮੁੱਖ ਰੱਖ ਕੇ 1930 ਵਿਚ ਲੜਕੀਆਂ ਲਈ ਖ਼ਾਲਸਾ ਕਾਲਜ ਪ੍ਰਾਇਮਰੀ ਸਕੂਲ ਸ਼ੁਰੂ ਕੀਤਾ ਜੋ ਇਸ ਸਮੇਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਜੋਂ ਸਥਾਪਤ ਹੈ। ਇਸੇ ਤਰ੍ਹਾਂ 1954 ਵਿਚ ਖ਼ਾਲਸਾ ਕਾਲਜ ਆਫ ਐਜੂਕੇਸ਼ਨ; 1968 ਵਿਚ ਖ਼ਾਲਸਾ ਕਾਲਜ ਫਾਰ ਵਿਮੈੱਨ; 1984 ਵਿਚ ਖ਼ਾਲਸਾ ਕਾਲਜ ਪਬਲਿਕ ਸਕੂਲ ਅਤੇ 2001 ਵਿਚ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਸਥਾਪਤ ਹੋਇਆ। ਸੰਨ 2004 ਤੱਕ ਕੌਂਸਲ ਦੇ ਪ੍ਰਬੰਧ ਅਧੀਨ ਕੇਵਲ 3 ਕਾਲਜ ਅਤੇ 4 ਸਕੂਲ ਸਨ। ਜਦੋਂ ਮਈ 2004 ’ਚ ਸਤਿਆਜੀਤ ਸਿੰਘ ਮਜੀਠੀਆ ਨੇ ਬਤੌਰ ਪ੍ਰਧਾਨ ਅਤੇ ਰਜਿੰਦਰ ਮੋਹਨ ਸਿੰਘ ਛੀਨਾ ਨੇ ਬਤੌਰ ਸਕੱਤਰ ਸੇਵਾ ਸੰਭਾਲੀ ਤਾਂ ਇਨ੍ਹਾਂ ਦੋ ਦਹਾਕਿਆਂ ਵਿਚ 10 ਨਵੇਂ ਕਾਲਜ, 2 ਸਕੂਲ ਤੇ ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਹੋਈ ਹੈ। ਕੌਂਸਲ ਦੇ ਇਤਿਹਾਸ ਵਿਚ ਇਹ ਸੁਨਹਿਰੀ ਕਾਲ ਹੈ। ਇਨ੍ਹਾਂ ਸਥਾਪਤ ਵਿੱਦਿਅਕ ਅਦਾਰਿਆਂ ਵਿਚ ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੀਨਿਊ ਅੰਮ੍ਰਿਤਸਰ (2005); ਖ਼ਾਲਸਾ ਕਾਲਜ ਆਫ ਨਰਸਿੰਗ (2006); ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ (2008); ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (2009); ਖ਼ਾਲਸਾ ਕਾਲਜ ਆਫ ਫਾਰਮੇਸੀ (2009); ਖ਼ਾਲਸਾ ਕਾਲਜ ਆਫ ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼, ਮੋਹਾਲੀ (2009); ਖ਼ਾਲਸਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ (2009); ਖ਼ਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ (2010); ਖ਼ਾਲਸਾ ਕਾਲਜ ਚਵਿੰਡਾ ਦੇਵੀ (2011); ਖ਼ਾਲਸਾ ਕਾਲਜ ਆਫ ਲਾਅ (2012); ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਫਾਰ ਵਿਮੈੱਨ (2016); ਖ਼ਾਲਸਾ ਕਾਲਜ ਪਬਲਿਕ ਸਕੂਲ ਘੁੱਗ, ਜਲੰਧਰ (2024) ਆਦਿ ਵਿੱਦਿਅਕ-ਸੰਸਥਾਵਾਂ ਸ਼ਾਨਦਾਰ ਢੰਗ ਨਾਲ ਕਾਰਜਸ਼ੀਲ ਹਨ।
ਸੰਨ 1920 ਵਿਚ ਸਿੱਖ ਯੂਨੀਵਰਸਿਟੀ ਬਣਾਉਣ ਦਾ ਸੁਪਨਾ ਜੋ ਕੌਂਸਲ ਦੇ ਸੁਹਿਰਦ ਪ੍ਰਬੰਧਕਾਂ ਨੇ ਸੌ ਸਾਲ ਪਹਿਲਾਂ ਲਿਆ ਸੀ, ਉਹ ਵਰਤਮਾਨ ਪ੍ਰਬੰਧਕਾਂ ਦੀ ਸਮਰਪਿਤ ਭਾਵਨਾ ਸਦਕਾ ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ 2024 ਵਿਚ ਸਥਾਪਤ ਹੋਣ ਨਾਲ ਪੂਰਾ ਹੋ ਗਿਆ। ਇਸ ਦੇ ਚਾਂਸਲਰ ਸਤਿਆਜੀਤ ਸਿੰਘ ਮਜੀਠੀਆ, ਪ੍ਰੋ. ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਵਾਈਸ ਚਾਂਸਲਰ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਮਹਿਲ ਸਿੰਘ ਨਿਯੁਕਤ ਹੋਏ ਹਨ। ਇਸ ਤੋਂ ਇਲਾਵਾ ਕੌਂਸਲ ਨੇ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਵੀ ਪ੍ਰਾਜੈਕਟ ਉਲੀਕਿਆ ਹੈ। ਸੁਹਿਰਦ ਪ੍ਰਬੰਧਕਾਂ ਵੱਲੋਂ ਜਿੱਥੇ ਸਿੱਖ ਇਤਿਹਾਸ ਖੋਜ ਕੇਂਦਰ ਦੀ ਸ਼ਾਨਦਾਰ ਇਮਾਰਤ ਤਿਆਰ ਕਰਵਾਈ ਗਈ ਓਥੇ ਹੀ 2014 ਵਿਚ ਦੁਰਲੱਭ ਪੁਸਤਕਾਂ, ਅਖ਼ਬਾਰ ਤੇ ਪੁਰਾਤਨ ਖਰੜਿਆਂ ਨੂੰ ਡਿਜੀਟਲ ਕਰਵਾਇਆ ਗਿਆ ਅਤੇ ਇਤਿਹਾਸਕ ਗੈਲਰੀ ਨੂੰ ਨਵੀਨ ਤਰਤੀਬ ਦਿੱਤੀ ਗਈ। ਕੌਂਸਲ ਵੱਲੋਂ ਅਪ੍ਰੈਲ 2022 ਵਿਚ ‘ਗੁਰਮਤਿ ਸਿੱਖਿਆ ਸੈਂਟਰ’ ਸਥਾਪਤ ਕੀਤਾ ਗਿਆ ਜਿੱਥੇ ਹਰ ਸਾਲ ਬਾਰ੍ਹਵੀਂ ਪਾਸ ਅੰਮ੍ਰਿਤਧਾਰੀ 25 ਲੜਕੇ/ਲੜਕੀਆਂ ਨੂੰ ਪੰਜ ਸਾਲਾ ਗੁਰਮਤਿ ਟੀਚਰ ਟਰੇਨਿੰਗ ਕੋਰਸ ਕਰਵਾਇਆ ਜਾਂਦਾ ਹੈ। ਇਸ ’ਚ ਬੀਏ/ਐੱਮਏ, ਗੁਰਮਤਿ ਵਿੱਦਿਆ, ਕਥਾ, ਕੀਰਤਨ ਦੇ ਨਾਲ ਉਰਦੂ, ਫ਼ਾਰਸੀ, ਫਰੈਂਚ ਆਦਿ ਭਾਸ਼ਾਵਾਂ ਦਾ ਗਿਆਨ ਦਿੱਤਾ ਜਾਂਦਾ ਹੈ। ਇਨ੍ਹਾਂ ਵਿਦਿਆਰਥੀਆਂ ਲਈ ਵਿੱਦਿਆ, ਭੋਜਨ, ਹੋਸਟਲ ਆਦਿ ਸਭ ਮੁਫ਼ਤ ਹੈ। ਕੌਂਸਲ ਦੇ ਸਮੂਹ ਵਿੱਦਿਅਕ ਅਦਾਰਿਆਂ ਵਿਚ ਧਾਰਮਿਕ ਪ੍ਰੀਖਿਆ ਹੁੰਦੀ ਹੈ, ਨਕਦ ਇਨਾਮ ਦਿੱਤੇ ਜਾਂਦੇ ਹਨ, ਗੁਰਮਤਿ ਕੈਂਪ ਲੱਗਦੇ ਹਨ। ਅਕਾਦਮਿਕ ਪੱਧਰ ’ਤੇ ਹੁਸ਼ਿਆਰ ਅਤੇ ਸਪੋਰਟਸ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਹੂਲਤਾਂ ਹਨ। ਕਾਲਜ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਮਨਾਏ ਜਾਂਦੇ ਹਨ, ਵਿਸਾਖੀ ਸਮੇਂ ਅੰਮ੍ਰਿਤ ਸੰਚਾਰ ਹੁੰਦਾ ਹੈ। ਸਮੇਂ-ਸਮੇਂ ’ਤੇ ਸੈਮੀਨਾਰ ਕੀਤੇ ਜਾਂਦੇ ਹਨ। ਗੁਰੂ ਨਾਨਕ ਪ੍ਰਕਾਸ਼ ਪੁਰਬ ਸਮੇਂ ਇੱਥੋਂ ਦਾ ਨਗਰ ਕੀਰਤਨ ਵਿਸ਼ੇਸ਼ ਮਾਨਤਾ ਰੱਖਦਾ ਹੈ ਕਿਉਂਕਿ ਕੌਂਸਲ ਦੀਆਂ ਵੱਖ-ਵੱਖ ਸੰਸਥਾਵਾਂ ਵਿਚ ਤੀਹ ਹਜ਼ਾਰ ਦੇ ਕਰੀਬ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਹਨ। ਹਰ ਸਾਲ ਕਾਲਜ ਦਾ ਪੁਸਤਕ ਮੇਲਾ ਕੌਂਸਲ ਪ੍ਰਬੰਧਕਾਂ ਦੀ ਵੱਡੀ ਦੇਣ ਹੈ। ਤੱਤਸਾਰ ਇਹ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਇਤਿਹਾਸਕ ਸਫ਼ਰ ਮਾਣਮੱਤਾ ਹੈ।
-ਡਾ. ਇੰਦਰਜੀਤ ਸਿੰਘ ਗੋਗੋਆਣੀ
-(ਮੁਖੀ,ਧਰਮ ਅਧਿਐਨ ਵਿਭਾਗ, ਖ਼ਾਲਸਾ ਯੂਨੀਵਰਸਟੀ, ਅੰਮ੍ਰਿਤਸਰ)।
-ਮੋਬਾਈਲ : 98159-85559