ਪਹਿਲਾਂ ਸਾਡੇ ਦਫ਼ਤਰ ਦਾ ਨਾਂ ਜ਼ਿਲ੍ਹਾ ਉਦਯੋਗ ਦਫ਼ਤਰ ਹੁੰਦਾ ਸੀ ਪਰ 1979 ਵਿਚ ਇਸ ਦਾ ਨਾਂ ਜ਼ਿਲ੍ਹਾ ਉਦਯੋਗ ਕੇਂਦਰ ਪੈ ਗਿਆ। ਪਹਿਲਾਂ ਇੱਥੋਂ ਦੇ ਮੁੱਖ ਅਫ਼ਸਰ ਨੂੰ ਜ਼ਿਲ੍ਹਾ ਉਦਯੋਗ ਅਫ਼ਸਰ ਕਿਹਾ ਜਾਂਦਾ ਸੀ ਅਤੇ ਅੱਜ-ਕੱਲ੍ਹ ਜਨਰਲ ਮੈਨੇਜਰ ਸਿਸਟਮ ਤਹਿਤ ਅਫ਼ਸਰਾਂ ਦੀ ਗਿਣਤੀ ਵੀ ਵਧ ਗਈ ਹੈ ਅਤੇ ਕਲੈਰੀਕਲ ਅਮਲੇ ਦੀ ਵੀ।

ਜ਼ਿੰਦਗੀ ਵਿਚ ਬਹੁਤ ਅਜਿਹੇ ਮੌਕੇ ਆਏ ਜਦੋਂ ਅਣਕਿਆਸੇ ਖ਼ਰਚੇ ਸਿਰ ’ਤੇ ਪੈ ਗਏ। ਪਹਿਲਾਂ-ਪਹਿਲਾਂ ਦਫ਼ਤਰ ਦੁਪਹਿਰ ਦੀ ਰੋਟੀ ਨਾਲ ਨਹੀਂ ਲਿਜਾਂਦਾ ਸਾਂ। ਲੰਚ ਟਾਈਮ ’ਤੇ ਹਰ ਰੋਜ਼ ਦਫ਼ਤਰ ਕੁਲਚੇ-ਛੋਲਿਆਂ ਵਾਲਾ ਆ ਜਾਂਦਾ ਸੀ ਅਤੇ ਦੋ ਰੁਪਏ ਦੀ ਪਲੇਟ ਨਾਲ ਦੁਪਹਿਰ ਦਾ ਡੰਗ ਟੱਪ ਜਾਂਦਾ ਸੀ। ਸਿਰਫ਼ ਦੋ ਰੁਪਏ ਵਿਚ ਹੀ ਗੁਜ਼ਾਰਾ ਨਹੀਂ ਸੀ ਹੁੰਦਾ। ਜਦੋਂ ਵੀ ਦੁਪਹਿਰੇ ਕੁਲਚੇ-ਛੋਲੇ ਵਾਲੇ ਤੋਂ ਮੈਂ ਪਲੇਟ ਮੰਗਵਾਉਣੀ ਤਾਂ ਦਫ਼ਤਰ ਦਾ ਸੇਵਾਦਾਰ ਸੁਪਰਡੈਂਟ ਨੂੰ ਦੱਸ ਦਿੰਦਾ ਅਤੇ ਐਨ ਮੌਕੇ ’ਤੇ ਸੁਪਰਡੈਂਟ ਵੀ ਮੇਰੇ ਕਮਰੇ ਵਿਚ ਆ ਜਾਂਦਾ। ਰੀਸੋ-ਰੀਸੇ ਇਕ-ਅੱਧਾ ਹੋਰ ਸਹਿਯੋਗੀ ਵੀ ਓਥੇ ਆ ਜਾਂਦਾ।
ਲਿਹਾਜ਼ਾ ਮੈਂ ਦੁਪਹਿਰ ਲਈ ਘਰੋਂ ਰੋਟੀ ਲਿਆਉਣੀ ਹੀ ਠੀਕ ਸਮਝੀ। ਇੰਜ ਹੀ ਹਰ ਸ਼ਨਿੱਚਰਵਾਰ ਸੁਪਰਡੈਂਟ ਅਤੇ ਮੈਂ ਦਫ਼ਤਰ ਆ ਜਾਂਦੇ ਅਤੇ ਬਕਾਇਆ ਪਏ ਕੰਮ ਦਾ ਨਿਪਟਾਰਾ ਕਰ ਕੇ ਬਾਅਦ ਦੁਪਹਿਰ ਘਰਾਂ ਨੂੰ ਚਲੇ ਜਾਂਦੇ ਸਾਂ। ਇਕ ਸ਼ਨੀਵਾਰ ਕੰਮ ਜਲਦੀ ਮੁੱਕ ਗਿਆ ਅਤੇ ਅਸੀਂ ਘਰ ਨੂੰ ਚਾਲੇ ਪਾ ਲਏ।
ਹਰ ਸ਼ਨੀਵਾਰ ਮੈਂ ਅਕਸਰ ਬਾਜਵਾ ਫੋਟੋਜ਼, ਸਿਨੇਮਾ ਰੋਡ ਬਟਾਲਾ ਦੀ ਦੁਕਾਨ ’ਤੇ ਜਾਂਦਾ ਸਾਂ ਅਤੇ ਓਥੇ ਕਈ ਸਾਹਿਤਕਾਰ ਵੀ ਮਿਲ ਪੈਂਦੇ ਸਨ। ਰਸਤੇ ਵਿਚ ਇਕ ਘਰ ਅੱਗੇ ਭਟੂਰਿਆਂ ਦੀ ਰੇਹੜੀ ਲੱਗਦੀ ਸੀ। ਜਾਂਦਿਆਂ ਓਥੋਂ ਦੋ ਰੁਪਏ ਦੇ ਦੋ ਭਟੂਰੇ ਖਾ ਲੈਣੇ ਅਤੇ ਮੁੜ ਬਾਜਵੇ ਦੀ ਦੁਕਾਨ ’ਤੇ ਚਲੇ ਜਾਣਾ ਜਿੱਥੋਂ ਰਾਤ ਪਏ ਹੀ ਘਰ ਨੂੰ ਮੁੜੀਦਾ ਸੀ। ਉਸ ਦਿਨ ਡੇਰਾ ਰੋਡ ਫਾਟਕ ’ਤੇ ਜਾਣ ’ਤੇ ਮਨ ਵਿਚ ਆਇਆ ਕਿ ਦੁਪਹਿਰ ਦਾ ਵੇਲਾ ਹੈ, ਚਲੋ ਘਰੋਂ ਹੁੰਦੇ ਜਾਂਦੇ ਹਾਂ। ਰੋਟੀ ਪੱਕਦੀ ਹੋਣੀ ਏ, ਉਹੀ ਖਾ ਕੇ ਬਾਅਦ ਵਿਚ ਬਾਜਵਾ ਜੀ ਕੋਲ ਚਲੇ ਜਾਵਾਂਗਾ। ਮੇਰਾ ਦਫ਼ਤਰ ਇੰਡਸਟ੍ਰੀਅਲ ਅਸਟੇਟ ਬਟਾਲਾ ਵਿਖੇ ਸੀ ਅਤੇ ਡੇਰਾ ਰੋਡ ਦੇ ਫਾਟਕ ਤੋਂ ਖੱਬੇ ਪਾਸੇ ਚੰਦਰ ਨਗਰ ਮੁਹੱਲੇ ਵਿਚ ਮੇਰਾ ਘਰ ਹੈ।
ਲਿਹਾਜ਼ਾ ਮੈਂ ਘਰ ਵੱਲ ਨੂੰ ਸਾਈਕਲ ਮੋੜ ਲਿਆ। ਸਾਈਕਲ ਘਰ ਦੇ ਬਾਹਰ ਹੀ ਖੜ੍ਹਾ ਰਹਿਣ ਦਿੱਤਾ ਕਿ ਰੋਟੀ ਖਾ ਕੇ ਸਾਈਕਲ ਲੈ ਕੇ ਬਾਜ਼ਾਰ ਚਲਾ ਜਾਵਾਂਗਾ। ਅੰਦਰ ਵੜਦਿਆਂ ਹੀ ਮੈਨੰ ਬਾਹਰਲੀ ਬੈਠਕ ’ਚੋਂ ਕਿਸੇ ਦੇ ਗੱਲਾਂ ਕਰਦਿਆਂ ਦੀ ਆਵਾਜ਼ ਸੁਣਾਈ ਦਿੱਤੀ। ਅੰਦਰ ਝਾਤੀ ਮਾਰੀ ਤਾਂ ਆਪਣੇ ਹੀ ਮਹਿਮਾਨ ਨਿਕਲੇ। ਇਕ ਮੇਰਾ ਭਣਵੱਈਆ ਅਤੇ ਦੂਜਾ ਉਸ ਦਾ ਵੱਡਾ ਭਰਾ ਸੀ ਜਿਸ ਨਾਲ ਭੈਣ ਦੇ ਵਿਆਹ ਸਮੇਂ ਮੇਰੀ ਮਿਲਣੀ ਹੋਈ ਸੀ। ਉਹ ਚਾਹ ਪੀ ਰਹੇ ਸਨ। ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਧਾਰੀਵਾਲ ਤੋਂ ਹੋ ਕੇ ਆਏ ਹਨ। ਧਾਰੀਵਾਲ ਭਣਵੱਈਏ ਦੇ ਵੱਡੇ ਭਰਾ ਦੇ ਸਹੁਰੇ ਹਨ ਅਤੇ ਉਨ੍ਹਾਂ ਦੀ ਭੂਆ ਵੀ ਓਥੇ ਹੀ ਵਿਆਹੀ ਹੋਈ ਹੈ। ਆਪ ਉਹ ਲਧਿਆਣੇ ਰਹਿੰਦਾ ਹੈ।
ਭੈਣ ਦੇ ਵਿਆਹ ਤੋਂ ਬਾਅਦ ਅੱਜ ਕਈ ਸਾਲਾਂ ਬਾਅਦ ਉਸ ਦੇ ਦਰਸ਼ਨ ਹੋਏ ਸਨ। ਪ੍ਰਾਹੁਣਚਾਰੀ ਦੀ ਰਸਮ ਨਿਭਾਉਂਦੇ ਹੋਏ ਮੈਂ ਕਹਿ ਬੈਠਾ, ‘‘ਬੜੇ ਚਿਰਾਂ ਬਾਅਦ ਆਏ ਹੋ । ਰਾਤ ਰਹੋ।’’ ਉਹ ਝੱਟ ਕਹਿਣ ਲੱਗੇ, “ਜੇ ਤੁਸੀਂ ਨਾ ਮਿਲਦੇ ਤਾਂ ਚਲੇ ਜਾਣਾ ਸੀ, ਤੁਸੀਂ ਕਹਿੰਦੇ ਹੋ ਤਾਂ ਰਹਿ ਹੀ ਲੈਂਦੇ ਹਾਂ।’’ ਮੈਂ ਮਹਿਮਾਨਾਂ ਦੀ ਰਾਤ ਨੂੰ ਕੀਤੀ ਜਾਣ ਵਾਲੀ ਸੇਵਾ ਦੇ ਪ੍ਰਬੰਧ ਵਿਚ ਰੁੱਝ ਗਿਆ ਸਾਂ। ਉਨ੍ਹੀਂ ਦਿਨੀਂ ਪੰਜਾਬ ਸਰਕਾਰ ਦੇ ਕਲੈਰੀਕਲ ਕਾਮਿਆਂ ਦੇ ਤਨਖ਼ਾਹ ਸਕੇਲ ਅੱਜ ਵਰਗੇ ਨਹੀਂ ਸਨ। ਮੈਂ ਬਤੌਰ ਸਟੈਨੋ ਜ਼ਿਲ੍ਹਾ ਉਦਯੋਗ ਕੇਂਦਰ ਬਟਾਲਾ ਵਿਖੇ ਸਾਲ 1976 ਵਿਚ ਭਰਤੀ ਹੋਇਆ ਸੀ।
ਪਹਿਲਾਂ ਸਾਡੇ ਦਫ਼ਤਰ ਦਾ ਨਾਂ ਜ਼ਿਲ੍ਹਾ ਉਦਯੋਗ ਦਫ਼ਤਰ ਹੁੰਦਾ ਸੀ ਪਰ 1979 ਵਿਚ ਇਸ ਦਾ ਨਾਂ ਜ਼ਿਲ੍ਹਾ ਉਦਯੋਗ ਕੇਂਦਰ ਪੈ ਗਿਆ। ਪਹਿਲਾਂ ਇੱਥੋਂ ਦੇ ਮੁੱਖ ਅਫ਼ਸਰ ਨੂੰ ਜ਼ਿਲ੍ਹਾ ਉਦਯੋਗ ਅਫ਼ਸਰ ਕਿਹਾ ਜਾਂਦਾ ਸੀ ਅਤੇ ਅੱਜ-ਕੱਲ੍ਹ ਜਨਰਲ ਮੈਨੇਜਰ ਸਿਸਟਮ ਤਹਿਤ ਅਫ਼ਸਰਾਂ ਦੀ ਗਿਣਤੀ ਵੀ ਵਧ ਗਈ ਹੈ ਅਤੇ ਕਲੈਰੀਕਲ ਅਮਲੇ ਦੀ ਵੀ। ਪਹਿਲਾਂ ਇੱਥੇ ਇਕ ਅਫ਼ਸਰ ਹੀ ਹੁੰਦਾ ਸੀ ਪਰ ਅੱਜ-ਕੱਲ੍ਹ ਇਕ ਜਨਰਲ ਮੈਨੇਜਰ ਅਤੇ ਚਾਰ-ਚਾਰ ਫੰਕਸ਼ਨਲ ਮੈਨੇਜਰ ਹੁੰਦੇ ਹਨ। ਪਹਿਲਾਂ ਇਕ ਸਹਾਇਕ ਅਮਲਾ ਸ਼ਾਖਾ ਦਾ ਇੰਚਾਰਜ ਹੁੰਦਾ ਸੀ ਅਤੇ ਇਕ ਲੋਨ ਅਕਾਊਂਟੈਂਟ ਹੁੰਦਾ ਸੀ ਜਿਹੜਾ ਕਰਜ਼ੇ ਦੇਣ ਦਾ ਕੰਮ ਕਰਦਾ ਸੀ ਅਤੇ ਕਰਜ਼ੇ ਦੀ ਵਸੂਲੀ ਦਾ ਜ਼ਿੰਮਾ ਵੀ ਓਸੇ ਦਾ ਹੁੰਦਾ ਸੀ।
ਅੱਜ-ਕੱਲ੍ਹ ਚਾਰ-ਚਾਰ ਸੀਨੀਅਰ ਸਹਾਇਕ ਅਤੇ ਇਕ ਸੁਪਰਡੈਂਟ ਦੀ ਪੋਸਟ ਜ਼ਿਲ੍ਹਾ ਉਦਯੋਗ ਕੇਂਦਰਾਂ ਵਿਚ ਹੈ। ਉਸ ਵੇਲੇ ਦੀ ਤੇ ਅੱਜ-ਕੱਲ੍ਹ ਦੀ ਤਨਖ਼ਾਹ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਮੇਰੀ ਤਨਖ਼ਾਹ ਉਨ੍ਹੀਂ ਦਿਨੀਂ ਚਾਰ ਸੌ ਤੋਂ ਥੋੜ੍ਹੀ ਜ਼ਿਆਦਾ ਸੀ। ਪਿਤਾ ਜੀ ਕਢਾਈ ਦਾ ਕੰਮ ਕਰਦੇ ਸਨ ਅਤੇ ਸਾਡੀ ਡੇਰਾ ਰੋਡ ’ਤੇ ਦੁਕਾਨ ਸੀ ਜਿੱਥੇ ਅੱਜ-ਕੱਲ੍ਹ ਮੇਰਾ ਛੋਟਾ ਭਰਾ ਬਿਜਲੀ ਦਾ ਸਾਮਾਨ ਵੇਚਦਾ ਹੈ। ਕਢਾਈ ਦੇ ਕੰਮ ਵਿਚ ਉਨ੍ਹੀਂ ਦਿਨੀਂ ਆਮਦਨ ਘੱਟ ਹੁੰਦੀ ਸੀ। ਲੋਕੀਂ ਸ਼ਾਲਾਂ, ਸਰਾਹਣਿਆਂ, ਦੁਪੱਟਿਆਂ ਤੇ ਅੰਗੀਠੀ ਪੋਸ਼ਾਂ ਆਦਿ ’ਤੇ ਕਢਾਈ ਕਰਵਾਉਂਦੇ ਸਨ।
ਇਹ ਕੰਮ ਲਗਜ਼ਰੀ ਆਈਟਮ ਵਿਚ ਆਉਂਦਾ ਹੈ। ਤਿੱਥ-ਤਿਉਹਾਰਾਂ ਵਾਲੇ ਦਿਨਾਂ ਵਿਚ ਦੁਕਾਨ ’ਤੇ ਚਾਹ ਪੀਣ ਜੋਗੇ ਪੈਸੇ ਵੀ ਨਹੀਂ ਸਨ ਆਉਂਦੇ। ਗਾਹਕ ਸੋਚਦਾ ਸੀ ਕਿ ਸਰਾਹਣੇ ਬਾਅਦ ਵਿਚ ਲੈ ਆਵਾਂਗੇ, ਤਿੱਥ-ਤਿਉਹਾਰ ਲੰਘ ਜਾਣ ਦਿਉ। ਮੈਂ ਨੌਕਰੀ ਵਿਚ 1976 ਵਿਚ ਆਇਆ ਸਾਂ। ਪਹਿਲਾਂ ਮੈਂ ਵੀ ਦੁਕਾਨ ’ਤੇ 16 ਸਾਲ ਕਢਾਈ ਦਾ ਕੰਮ ਕੀਤਾ ਸੀ। ਸਟੈਨੋ ਦੀ ਨੌਕਰੀ ਦਾ ਇਹ ਲਾਭ ਸੀ ਕਿ ਤਿੱਥ-ਤਿਉਹਾਰਾਂ ’ਤੇ ਅਫ਼ਸਰ ਨੂੰ ਜੇ ਗਿਫਟ ਮਿਲਦਾ ਸੀ ਤਾਂ ਸਟੈਨੋ ਨੂੰ ਵੀ ਮਿਲ ਜਾਂਦਾ ਸੀ। ਨੌਕਰੀ ਦੌਰਾਨ ਤਿਉਹਾਰਾਂ ’ਤੇ ਮਠਿਆਈ ਦੀ ਕੋਈ ਕਿੱਲਤ ਨਹੀਂ ਸੀ ਆਉਂਦੀ।
ਮੇਰੇ ਘਰ ਹਰ ਹਫ਼ਤੇ ਕੋਈ ਨਾ ਕੋਈ ਮਹਿਮਾਨ ਆਇਆ ਹੀ ਰਹਿੰਦਾ ਸੀ। ਪਿਤਾ ਜੀ ਦੇ ਨਾਲ ਦੁਕਾਨ ’ਤੇ ਛੋਟਾ ਭਰਾ ਬੈਠਦਾ ਸੀ। ਵਿਆਹ ਪਿੱਛੋਂ ਕਾਫ਼ੀ ਸਮਾਂ ਸਾਡੀ ਰੋਟੀ ਇਕੱਠੀ ਰਹੀ ਸੀ ਪਰ ਇਕ ਦਿਨ ਘਰ ਵਿਚ ਨਨਾਣ-ਭਰਜਾਈ ਦਾ ਕੋਈ ਝਗੜਾ ਹੋ ਗਿਆ। ਮਾਤਾ ਨੇ ਆਪਣੀ ਧੀ ਦਾ ਪੱਖ ਪੂਰਿਆ। ਮੇਰੀ ਘਰਵਾਲੀ ਨੇ ਕਿਹਾ ਕਿ ਉਹ ਹੁਣ ਇਕੱਠੀ ਨਹੀਂ ਰਹਿ ਸਕਦੀ। ਮਾਤਾ ਨੇ ਸਾਡੀ ਰੋਟੀ ਵੱਖ ਕਰ ਦਿੱਤੀ।
ਮਾਤਾ ਆਪਣੇ ਚੌਕੇ ਵਿਚ ਮੀਟ-ਆਂਡਾ ਨਹੀਂ ਸੀ ਬਣਾਉਣ ਦਿੰਦੀ। ਇਸ ਲਈ ਜਿਹੜਾ ਵੀ ਸਾਂਝਾ ਮਹਿਮਾਨ ਆਉਂਦਾ (ਭਾਵ ਭੈਣ-ਭਣਵੱਈਆ) ਉਹ ਮੇਰੇ ਵੱਲ ਹੀ ਆਉਂਦਾ। ਉਨ੍ਹੀਂ ਦਿਨੀਂ ਇਕ ਮਹਿਮਾਨ (ਖਾਣ-ਪੀਣ ਵਾਲਾ) 200 ਰੁਪਏ ਵਿਚ ਪੈਂਦਾ ਸੀ ਅਤੇ ਅੱਜ-ਕੱਲ੍ਹ ਇਕ ਹਜ਼ਾਰ ਵਿਚ। ਭੈਣ-ਭਣਵੱਈਆ ਮੇਰੇ ਘਰੋਂ ਖਾ-ਪੀ ਕੇ ਮਾਤਾ ਵੱਲ ਸੌਣ ਚਲੇ ਜਾਂਦੇ। ਸਵੇਰ ਦੀ ਰੋਟੀ ਉਹ ਮਾਤਾ ਵੱਲੋਂ ਖਾਂਦੇ।
ਮਾਤਾ ਤੁਰਨ ਲੱਗੀ ਧੀ ਨੂੰ 20 ਰੁਪਏ ਦਿੰਦੀ ਸੀ ਜਿਸ ਕਰਕੇ ਭੈਣਾਂ ਮਾਤਾ ਦਾ ਜੱਸ ਗਾਉਂਦੀਆਂ। ਇਕ ਦਿਨ ਅੱਜ ਆਏ ਜੀਜੇ ਨੇ ਆਪਣੀ ਘਰਵਾਲੀ ਭਾਵ ਮੇਰੀ ਭੈਣ ਨੂੰ ਕਹਿ ਹੀ ਦਿੱਤਾ ਸੀ ਕਿ ਭਾਅ ਜੀ ਦੇ ਰਾਤੀਂ ਖ਼ਰਚੇ 200 ਰੁਪਏ ਦਾ ਕੋਈ ਮੁੱਲ ਨਹੀਂ, ਮਾਤਾ ਦੇ 20 ਰੁਪਏ ਚੰਗੇ ਲੱਗਦੇ ਹਨ। ਹੁਣ ਮੇਰੇ ਮਾਤਾ ਪਿਤਾ ਵੀ ਇਸ ਦੁਨੀਆ ਵਿਚ ਨਹੀਂ। ਘਰ ਆਈ ਮੇਰੀ ਭੈਣ ਨੂੰ ਤੁਰਨ ਲੱਗਿਆਂ ਮੇਰੀ ਘਰਵਾਲੀ ਘੱਟ ਤੋਂ ਘੱਟ ਇਕ ਸੌ ਰੁਪਿਆ ਜ਼ਰੂਰ ਦਿੰਦੀ ਹੈ ਤਾਂ ਕਿ ਧੀ-ਧਿਆਣੀ ਨੂੰ ਮਾਂ ਚੇਤੇ ਨਾ ਆਵੇ। ਉਸ ਦਿਨ ਮੇਰੀ ਜੇਬ ਵਿਚ ਸਿਰਫ਼ 100 ਰੁਪਏ ਸਨ।
ਪਹਿਲਾਂ ਪਤਾ ਹੁੰਦਾ ਤਾਂ ਦਫ਼ਤਰ ਦੇ ਸੁਪਰਡੈਂਟ ਤੋਂ ਉਧਾਰੇ ਫੜ ਲੈਂਦਾ। ਪਿਤਾ ਜੀ ਕੋਲੋਂ ਮੰਗਣੇ ਮੈਂ ਠੀਕ ਨਾ ਸਮਝੇ। ਖ਼ੈਰ, ਸਿੰਬਲ ਚੌਕ ਵਿਚ ਇਕ ਦੁਕਾਨਦਾਰ ਮੇਰਾ ਚੰਗਾ ਵਾਕਿਫ ਸੀ। ਉਸ ਨੇ ਮੈਨੂੰ ਠੇਕੇ ਤੋਂ ਰੰਮ ਦੀ ਬੋਤਲ ਲੈ ਦਿੱਤੀ ਜਿਹੜੀ ਕਿ ਉਨ੍ਹੀਂ ਦਿਨੀਂ 155 ਰੁਪਏ ਦੀ ਆਈ ਸੀ। ਮੀਟ ਵੀ ਉਦੋਂ ਸਸਤਾ ਸੀ। ਸੋ, ਇਨ੍ਹਾਂ ਪੈਸਿਆਂ ਵਿਚ ਸਰ ਗਿਆ। ਮਹਿਮਾਨ ਸਵੇਰੇ ਖ਼ੁਸ਼ੀ-ਖ਼ੁਸ਼ੀ ਚਲੇ ਗਏ। ਮੈਂ ਮਨ ਹੀ ਮਨ ਇਹ ਚਿਤਵਦਾ ਰਿਹਾ ਕਿ ਜਿੰਨਾ ਮਰਜ਼ੀ ਸਰਫ਼ਾ ਕਰ ਲਵੋ, ਜਿਹੜਾ ਖ਼ਰਚਾ ਪੈਣਾ ਹੈ, ਉਹ ਪੈ ਕੇ ਹੀ ਰਹਿੰਦਾ ਹੈ।
-ਅਜੀਤ ਕਮਲ
-ਮੋਬਾਈਲ : 94173-76895