ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਤਿੰਨ ਭੈਣਾਂ ਨੇ ਇਸੇ ਕਾਰਨ ਆਪਣੇ ਫਲੈਟ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਨ੍ਹਾਂ ਤਿੰਨਾਂ ਭੈਣਾਂ ਨੂੰ ਮੋਬਾਈਲ ’ਤੇ ਕੋਰੀਅਨ ਗੇਮਾਂ ਖੇਡਣ ਦਾ ਸ਼ੌਕ ਸੀ। ਆਤਮਹੱਤਿਆ ਕਰਨ ਵਾਲੀਆਂ ਕੁੜੀਆਂ ਦੀ ਉਮਰ 12 ਸਾਲ ਤੋਂ 15 ਸਾਲ ਦੇ ਵਿਚਕਾਰ ਹੈ।
ਤਕਨੀਕ ਅਤੇ ਇੰਟਰਨੈੱਟ ਮੀਡੀਆ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਇਸ ਤੋਂ ਬਗ਼ੈਰ ਕਿਸੇ ਕੰਮ ਦੀ ਕਲਪਨਾ ਨਹੀਂ ਹੋ ਸਕਦੀ ਹੈ ਪਰ ਕਈ ਵਾਰ ਇਸ ਦੇ ਨਤੀਜੇ ਸੋਚ ਤੋਂ ਪਰ੍ਹੇ ਨਿਕਲਦੇ ਹਨ। ਮੋਬਾਈਲ ਹੁਣ ਸਿਰਫ਼ ਫੋਨ ਕਰਨ ਤੇ ਸੁਣਨ ਤੱਕ ਹੀ ਸੀਮਤ ਨਹੀਂ ਰਹਿ ਗਿਆ ਹੈ। ਮੋਬਾਈਲ ਦੇ ਮੱਕੜਜਾਲ ’ਚ ਬੱਚੇ ਬੁਰੀ ਤਰ੍ਹਾਂ ਫਸੇ ਹੋਏ ਹਨ। ਹਾਲਾਂਕਿ ਇਸ ਤੋਂ ਵੱਡੀ ਉਮਰ ਦੇ ਲੋਕ ਵੀ ਅਛੂਤੇ ਨਹੀਂ ਰਹੇ ਹਨ।
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਤਿੰਨ ਭੈਣਾਂ ਨੇ ਇਸੇ ਕਾਰਨ ਆਪਣੇ ਫਲੈਟ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਨ੍ਹਾਂ ਤਿੰਨਾਂ ਭੈਣਾਂ ਨੂੰ ਮੋਬਾਈਲ ’ਤੇ ਕੋਰੀਅਨ ਗੇਮਾਂ ਖੇਡਣ ਦਾ ਸ਼ੌਕ ਸੀ। ਆਤਮਹੱਤਿਆ ਕਰਨ ਵਾਲੀਆਂ ਕੁੜੀਆਂ ਦੀ ਉਮਰ 12 ਸਾਲ ਤੋਂ 15 ਸਾਲ ਦੇ ਵਿਚਕਾਰ ਹੈ। ਤਿੰਨਾਂ ਵੱਲੋਂ ਲਿਖੇ ਗਏ ਖੁਦਕੁਸ਼ੀ ਨੋਟ ’ਚ ਜ਼ਿਕਰ ਹੈ ਕਿ ਪਰਿਵਾਰ ਇਨ੍ਹਾਂ ਤੋਂ ਕੋਰੀਅਨ ਕਲਚਰ ਛੁਡਾਉਣਾ ਚਾਹੁੰਦਾ ਸੀ ਤੇ ਇਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਇਹ ਇਕੱਲੀ ਘਟਨਾ ਨਹੀਂ ਹੈ ਜਿਸ ਨੇ ਬੱਚਿਆਂ ’ਚ ਮੋਬਾਈਲ ਦੇ ਘਾਤਕ ਨਤੀਜੇ ਸਾਹਮਣੇ ਲਿਆਂਦੇ ਹਨ। ਭੋਪਾਲ ’ਚ 14 ਸਾਲ ਦੇ ਲੜਕੇ ਨੇ ਵੀ ਮੋਬਾਈਲ ’ਚ ਗੇਮਾਂ ਖੇਡਣ ਖਾਤਰ ਖ਼ੁਦਕੁਸ਼ੀ ਕੀਤੀ ਹੈ।
ਇਹ ਲੜਕਾਂ ਅੱਠਵੀਂ ਜਮਾਤ ’ਚ ਪੜ੍ਹਦਾ ਸੀ ਤੇ ਇਸ ਨੂੰ ਫਰੀ ਫਾਇਰ ਮੋਬਾਈਲ ਗੇਮ ਖੇਡਣ ਦੀ ਆਦਤ ਸੀ। ਇਨ੍ਹਾਂ ਘਟਨਾਵਾਂ ਨੂੰ ਦੇਖ ਕੇ ਸਵਾਲ ਉੱਠਦਾ ਹੈ ਕਿ ਮੋਬਾਈਲ ਆਖਰ ਬੱਚਿਆਂ ਲਈ ਇੰਨਾ ਜਾਨਲੇਵਾ ਕਿਉਂ ਹੁੰਦਾ ਜਾ ਰਿਹਾ ਹੈ? ਬੱਚੇ ਅਜਿਹਾ ਕੀ ਦੇਖ ਰਹੇ ਹਨ, ਜਿਸ ਕਾਰਨ ਸਥਿਤੀ ਨੂੰ ਸਾਂਭਣਾ ਬੱਚਿਆਂ ਦੇ ਨਾਲ-ਨਾਲ ਮਾਪਿਆਂ ਲਈ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ? ਸਵਾਲ ਇਹ ਵੀ ਹੈ ਕਿ ਮਾਪਿਆਂ ਦੀ ਬੱਚਿਆਂ ਨੂੰ ਸਹੀ ਸੇਧ ਦੇਣ ਦੀ ਭੂਮਿਕਾ ਕਿਉਂ ਪੱਛੜ ਰਹੀ ਹੈ? ਬੱਚੇ ਕੀ ਦੇਖਦੇ ਹਨ ਤੇ ਉਸ ਨਾਲ ਉਨ੍ਹਾਂ ਦੀ ਰੁਟੀਨ ਜ਼ਿੰਦਗੀ ਕਿਵੇਂ ਪ੍ਰਭਾਵਿਤ ਹੋ ਰਹੀ ਹੈ, ਇਹ ਜਾਨਣਾ ਮਾਪਿਆਂ ਦੀ ਮੁੱਢਲੀ ਜ਼ਿੰਮੇਵਾਰੀ ਹੈ।
ਪਿਛਲੇ ਸਾਲ ਤਾਮਿਲਨਾਡੂ ਤੇ ਦਿੱਲੀ ’ਚ ਮੋਬਾਈਲ ਗੇਮਾਂ ਨੂੰ ਲੈ ਕੇ ਪਰਿਵਾਰਕ ਝਗੜਿਆਂ ਤੋਂ ਬਾਅਦ ਨਾਬਾਲਗ ਬੱਚਿਆਂ ਨੇ ਖ਼ੁਦਕੁਸ਼ੀ ਕੀਤੀ ਸੀ। ਤੇਲੰਗਾਨਾ ’ਚ 2025 ’ਚ ਇਕ ਨੌਵੀਂ ਜਮਾਤ ਦੇ 13 ਸਾਲ ਦੇ ਬੱਚੇ ਨੇ ਪੱਬਜੀ ਗੇਮ ਕਾਰਨ ਜਾਨ ਦਿੱਤੀ ਸੀ। ਇਸ ਮਾਮਲੇ ’ਚ ਵੀ ਉਸ ਨੂੰ ਮਾਪੇ ਇਹ ਗੇਮ ਖੇਡਣ ਤੋਂ ਰੋਕਦੇ ਸਨ। ਇਸੇ ਸਾਲ ਹਰਿਆਣਾ ਦੇ ਕੁਰੂਕਸ਼ੇਤਰ ’ਚ ਇਕ ਨਾਬਾਲਗ ਨੇ ਇਸ ਵਜ੍ਹਾ ਨਾਲ ਜਾਨ ਗੁਆਈ ਸੀ।
ਗੁਜਰਾਤ ਦੇ ਅਨੰਦ ਅਤੇ ਉੱਤਰਾਖੰਡ ਦੇ ਹਰਿਦੁਆਰ ’ਚ ਵੀ ਛੋਟੇ ਬੱਚਿਆਂ ਵੱਲੋਂ ਅਜਿਹੀਆਂ ਗੇਮਾਂ ਕਾਰਨ ਆਤਮਹੱਤਿਆ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਬਹੁਤ ਸਾਰੇ ਅਜਿਹੇ ਮੁਲਕ ਹਨ ਜੋ ਬੱਚਿਆਂ ਦੀ ਮਾਨਸਿਕ ਸਥਿਤੀ ਨੂੰ ਸਮਝਦਿਆਂ ਉਨ੍ਹਾਂ ਤੋਂ ਮੋਬਾਈਲ ਦੇ ਰੂਪ ’ਚ ਇੰਟਰਨੈੱਟ ਮੀਡੀਆ ਨੂੰ ਦੂਰ ਰੱਖ ਰਹੇ ਹਨ। ਆਸਟ੍ਰੇਲੀਆ ਨੇ ਪਿਛਲੇ ਦਿਨੀਂ ਅਜਿਹੇ ਲੱਖਾਂ ਖਾਤੇ ਬੰਦ ਕੀਤੇ, ਜਿਹੜੇ ਬੱਚਿਆਂ ਨਾਲ ਜੁੜੇ ਹੋਏ ਸਨ।
ਇਹ ਕਦਮ ਭਾਰਤ ਵਰਗੇ ਮੁਲਕ ’ਚ ਵੀ ਚੁੱਕਣ ਦੀ ਇਸ ਵੇਲੇ ਫੌਰੀ ਲੋੜ ਹੈ। ਬੱਚੇ ਫੋਨ ’ਚ ਕਿਉਂ ਵਿਅਸਤ ਰਹਿੰਦੇ ਹਨ ਤੇ ਮੋਬਾਈਲ ਗੇਮਾਂ ਉਨ੍ਹਾਂ ਨੂੰ ਕਿਹੜੇ ਲਾਲਚ ਦਿੰਦੀਆਂ ਹਨ, ਇਸ ਦਾ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਜੇਕਰ ਬੱਚਿਆਂ ’ਚ ਮੋਬਾਈਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਮਾਨਸਿਕ ਜਾਂ ਸਰੀਰਕ ਪਰੇਸ਼ਾਨੀ ਨਜ਼ਰ ਆਉਂਦੀ ਹੈ ਤਾਂ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।
ਮਾਪਿਆਂ ਨੂੰ ਭਾਵਨਾਤਕ ਵਹਿਣ ’ਚ ਇਸ ਗੱਲ ਨਾਲ ਕਦੇ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ ਕਿ ਛੋਟੀ ਉਮਰ ’ਚ ਉਨ੍ਹਾਂ ਦੀ ਖ਼ੁਸ਼ੀ ਲਈ ਮੋਬਾਈਲ ਫੜਾ ਦਿੱਤਾ ਜਾਵੇ। ਮੋਬਾਈਲ ਦੀ ਬੱਚਿਆਂ ਨੂੰ ਜ਼ਰੂਰਤ ਅਤੇ ਉਨ੍ਹਾਂ ਦੇ ਮਾਨਸਿਕ ਪੱਧਰ ’ਤੇ ਪੈਂਦੇ ਇਸ ਦੇ ਪ੍ਰਭਾਵ ਨੂੰ ਸਮਝਣ ਦੀ ਲੋੜ ਹੈ।