ਬਠਿੰਡਾ ਦੇ ਡੱਬਵਾਲੀ ਰੋਡ ’ਤੇ ਇਸ ਵਰ੍ਹੇ 17 ਜਨਵਰੀ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਮਹਿਲਾ ਕਾਂਸਟੇਬਲ ਸਣੇ ਪੰਜ ਲੋਕਾਂ ਦੀ ਮੌਤ ਦੀ ਰਿਪੋਰਟ ਵੀ ਹੈਰਾਨ ਕਰਨ ਵਾਲੀ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਬਣੀ ਕਮੇਟੀ ਦੀ ਜਾਂਚ ਰਿਪੋਰਟ ’ਚ ਸਾਹਮਣੇ ਆਇਆ ਕਿ ਹਾਦਸੇ ਦੇ ਸ਼ਿਕਾਰ ਲੋਕ ਸ਼ਿਮਲਾ ਤੋਂ ਆਪਣੇ ਘਰ ਜਾ ਰਹੇ ਸਨ ਤੇ ਗੱਡੀ ਦੀ ਸਪੀਡ 120 ਕਿੱਲੋਮੀਟਰ ਪ੍ਰਤੀ ਘੰਟਾ ਸੀ।

ਪੰਜਾਬ ਸਣੇ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ’ਚ ਨਿੱਤ ਹੀ ਦਰਦਨਾਕ ਸੜਕ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ’ਚ ਅਨਮੋਲ ਜਾਨਾਂ ਜਾਣ ਮਗਰੋਂ ਪਿੱਛੇ ਪਰਿਵਾਰਾਂ ਦੇ ਪਰਿਵਾਰ ਉੱਜੜ ਰਹੇ ਹਨ। ਇਨ੍ਹਾਂ ਹਾਦਸਿਆਂ ਦੀਆਂ ਰਿਪੋਰਟਾਂ ’ਤੇ ਝਾਤ ਮਾਰੀ ਜਾਵੇ ਤਾਂ ਕਈ ਵਾਰ ਲਾਪਰਵਾਹੀ ਤੇ ਕਾਹਲੀ ਨਾਲ ਵਾਹਨ ਚਲਾਉਣਾ ਵੱਡਾ ਕਾਰਨ ਸਾਹਮਣੇ ਆਉਂਦਾ ਹੈ। ਹਾਲਾਂਕਿ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਕਰਕੇ ਲੋਕ ਮੌਤ ਦੇ ਮੂੰਹ ’ਚ ਜਾ ਰਹੇ ਹਨ।
ਬਠਿੰਡਾ ਦੇ ਡੱਬਵਾਲੀ ਰੋਡ ’ਤੇ ਇਸ ਵਰ੍ਹੇ 17 ਜਨਵਰੀ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਮਹਿਲਾ ਕਾਂਸਟੇਬਲ ਸਣੇ ਪੰਜ ਲੋਕਾਂ ਦੀ ਮੌਤ ਦੀ ਰਿਪੋਰਟ ਵੀ ਹੈਰਾਨ ਕਰਨ ਵਾਲੀ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਬਣੀ ਕਮੇਟੀ ਦੀ ਜਾਂਚ ਰਿਪੋਰਟ ’ਚ ਸਾਹਮਣੇ ਆਇਆ ਕਿ ਹਾਦਸੇ ਦੇ ਸ਼ਿਕਾਰ ਲੋਕ ਸ਼ਿਮਲਾ ਤੋਂ ਆਪਣੇ ਘਰ ਜਾ ਰਹੇ ਸਨ ਤੇ ਗੱਡੀ ਦੀ ਸਪੀਡ 120 ਕਿੱਲੋਮੀਟਰ ਪ੍ਰਤੀ ਘੰਟਾ ਸੀ।
ਇਸ ਕਾਰਨ ਗੱਡੀ ਡਿਵਾਈਡਰ ਨਾਲ ਟਕਰਾ ਕੇ ਬੇਕਾਬੂ ਹੋ ਗਈ। ਹਾਲਾਂਕਿ ਰਿਪੋਰਟ ’ਚ ਸੰਘਣੀ ਧੁੰਦ, ਤੇਜ਼ ਰਫ਼ਤਾਰ ਤੇ ਸੜਕ ’ਤੇ ਨਿਰਮਾਣ ਕਾਰਜਾਂ ਲਈ ਲਗਾਈਆਂ ਗਈਆਂ ਰੋਕਾਂ ਦਾ ਵੀ ਜ਼ਿਕਰ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਸੀ। ਹੁਣ ਇਹ ਰਿਪੋਰਟ ਸੁਪਰੀਮ ਕੋਰਟ ਨੂੰ ਭੇਜੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ’ਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਸਕਣ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ’ਚ ਤੇਜ਼ ਰਫ਼ਤਾਰ ਤੇ ਸੜਕਾਂ ’ਤੇ ਲਟਕੇ ਹੋਏ ਨਿਰਮਾਣ ਕਾਰਜ ਜ਼ਿੰਦਗੀਆਂ ਲਈ ਕਾਲ ਬਣੇ ਹੋਣ।
ਪੂਰੇ ਮੁਲਕ ’ਚ ਸੜਕਾਂ ਤੇ ਕੌਮੀ ਸ਼ਾਹਰਾਹਾਂ ਦਾ ਜਾਲ਼ ਵਿਛ ਰਿਹਾ ਹੈ। ਕਈ ਪ੍ਰਾਜੈਕਟ ਕਈ ਸਾਲਾਂ ਤੋਂ ਚੱਲ ਰਹੇ ਹਨ। ਇਨ੍ਹਾਂ ਦੇ ਨਿਰਮਾਣ ਵਾਲੀਆਂ ਥਾਵਾਂ ’ਤੇ ਰੱਖਿਆ ਗਿਆ ਸਾਮਾਨ, ਸਪਸ਼ਟ ਚੇਤਾਵਨੀ ਬੋਰਡਾਂ ਦੀ ਘਾਟ ਅਤੇ ਰਾਤ ਵੇਲੇ ਰੋਸ਼ਨੀ ਦਾ ਸਹੀ ਪ੍ਰਬੰਧ ਨਾ ਹੋਣਾ ਮੁੱਖ ਤੌਰ ’ਤੇ ਸੜਕ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ।
ਪਿਛਲੇ 10 ਸਾਲਾਂ ਦਾ ਰਿਕਾਰਡ ਦੇਖਿਆ ਜਾਵੇ ਤਾਂ 2014 ਤੋਂ 2023 ਤੱਕ ਸੜਕ ਹਾਦਸਿਆਂ ’ਚ 15 ਲੱਖ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਰੇਕ ਸਾਲ ਡੇਢ ਲੱਖ ਤੋਂ ਵੱਧ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਪੂਰੇ ਮੁਲਕ ’ਚ ਸਾਲ 2022 ’ਚ 4,61,312 ਅਤੇ 2023 ’ਚ 4,80,583 ਲੋਕਾਂ ਦੀ ਮੌਤ ਸੜਕੀ ਅੱਤਵਾਦ ਕਾਰਨ ਹੋਈ।
ਇਨ੍ਹਾਂ ਮੌਤਾਂ ’ਚ 70 ਫ਼ੀਸਦੀ ਮਾਮਲੇ ਓਵਰਸਪੀਡ ਨਾਲ ਜੁੜੇ ਹੋਏ ਹਨ। ਬਲੈਕ ਸਪੌਟਸ ਵੀ ਹਾਦਸਿਆਂ ਦਾ ਵੱਡਾ ਕਾਰਨ ਹਨ। ਸਾਲ 2016-2023 ਦੀ ਇਕ ਰਿਪੋਰਟ ’ਚ ਪੰਜਾਬ ’ਚ 784 ਬਲੈਕ ਸਪੌਟ ਪਛਾਣੇ ਗਏ ਹਨ। ਹਾਲਾਂਕਿ ਸਰਕਾਰ ਦੇ ਦਾਅਵੇ ਮੁਤਾਬਕ 60 ਫ਼ੀਸਦ ਨੂੰ ਦਰੁਸਤ ਕਰ ਲਿਆ ਹੈ। ਅਜਿਹੀਆਂ ਸੜਕਾਂ ’ਤੇ ਪੈਦਲ ਯਾਤਰੀਆਂ, ਦੋਪਹੀਆ ਵਾਹਨ ਚਾਲਕਾਂ ਅਤੇ ਨੌਜਵਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਦੂਜੇ ਪਾਸੇ ਰਾਸ਼ਟਰੀ ਰਾਜਮਾਰਗਾਂ ਤੇ ਸੜਕਾਂ ਦੇ ਨਿਰਮਾਣ ਕਾਰਜ ਕਈ-ਕਈ ਸਾਲ ਵੱਖ-ਵੱਖ ਕਾਰਨਾਂ ਕਰਕੇ ਲਟਕੇ ਰਹਿੰਦੇ ਹਨ। ਨਿਰਮਾਣ ਥਾਵਾਂ ਦੇ ਆਲੇ ਦੁਆਲੇ ਖਿੱਲਰਿਆ ਹੋਇਆ ਸਾਮਾਨ ਬਾਹਰੋਂ ਆਉਣ ਵਾਲੇ ਤੇ ਸਥਾਨਕ ਲੋਕਾਂ ਲਈ ਪਰੇਸ਼ਾਨੀਆਂ ਦਾ ਸਬੱਬ ਬਣਦਾ ਹੈ।
ਟਰੈਫਿਕ ਨਿਯਮਾਂ ਦੀ ਅਣਦੇਖੀ ਅਤੇ ਨਾਬਾਲਗ ਵਾਹਨ ਚਾਲਕ ਵੀ ਭਿਆਨਕ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਦੇ ਨਾਲ-ਨਾਲ ਸਾਰੇ ਵਾਹਨ ਚਾਲਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਡਰਾਈਵਿੰਗ ਕਰਦੇ ਸਮੇਂ ਚੌਕਸ ਰਹਿਣ।
ਸੜਕਾਂ ਦੇ ਨਿਰਮਾਣ ਕਾਰਜਾਂ ਨੂੰ ਮਿੱਥੇ ਸਮੇਂ ਦੌਰਾਨ ਨਿਬੇੜਨ ਲਈ ਠੇਕੇਦਾਰਾਂ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਕਿਸੇ ਦੂਜੇ ਸੂਬੇ ’ਚ ਡਰਾਈਵਿੰਗ ਕਰਦਿਆਂ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ। ਬਾਕੀ, ਬਚਾਅ ’ਚ ਹੀ ਬਚਾਅ ਹੈ।