ਸੋਚ-ਸੋਚ ਕੇ ਤੇ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਧੰਨ ਸੀ ਉਹ ਸੰਗੀਤਕ ਖੋਜ ਕਰਤਾ। ਉਹ ਪੰਜਾਬ ਦੇ ਗੀਤ ਸੰਗੀਤ ਦੇ ਤਵੇ (ਕਾਲੇ ਰਿਕਾਰਡ) ਸਾਂਭਣ ਵਾਲਾ ਪ੍ਰਥਮ ਸ਼ਖ਼ਸ ਸੀ। ਇਹ ਸੱਚ ਹੈ ਕਿ ਸ਼ਾਇਦ ਹੀ ਕੋਈ ਹੋਰ ਉਸ ਵਾਂਗ ਹੰਭਲਾ ਮਾਰ ਸਕੇ। ਅਹਿਮ ਗੱਲ ਇਹ ਕਿ ਉਸ ਦਾ ਇਸ ਵਿਚ ਨਾ ਕੋਈ ਸਵਾਰਥ ਸੀ, ਨਾ ਲੋਭ ਲਾਲਚ ਸੀ। ਉਹ ਤਾਂ ਆਪਣੇ ਕੋਲੋਂ ਪੈਸੇ ਖ਼ਰਚ ਕੇ ਇਹ ਸਭ ਕੁਝ ਇਕੱਠਾ ਕਰਦਾ ਰਿਹਾ। ਘਰੋਂ ਸਰਦਾ-ਪੁੱਜਦਾ ਸੀ।

ਪੰਜਾਬੀਆਂ ਦਾ ਸਾਡਾ ਬਾਈ ਗੁਰਮੁੱਖ ਸਿੰਘ ਲਾਲੀ ਏਨੀ ਛੇਤੀ ਤੁਰ ਜਾਏਗਾ, ਸੱਚ ਨਹੀਓਂ ਆਉਂਦਾ ਪਿਆ। ਹਾਲੇ ਕੱਲ੍ਹ- ਪਰਸੋਂ ਤਾਂ ਉਹ ਭੱਜਿਆ ਫਿਰਦਾ ਸੀ। ਰੋਜ਼ ਵਾਂਗ ਓਹਦੇ ਨਾਲ ਗੱਲ ਹੁੰਦੀ ਰਹਿੰਦੀ। ਹਮੇਸ਼ਾ ਚੜ੍ਹਦੀ ਕਲਾ ਵਿਚ ਦਿਸਦਾ। ਲੱਭ ਕੇ ਲਿਆਂਦੇ ਨਵੇਂ ਗੀਤਾਂ ਦੇ ਵੇਰਵੇ ਦੇਈ ਜਾਂਦਾ। ਹੁਣ ਤੀਕ ਪੈਂਤੀ ਹਜ਼ਾਰ ਤੋਂ ਵਧੇਰੇ ਗੀਤਾਂ ਦੀ ਰਿਕਾਰਡਿੰਗ ਇਕੱਠੀ ਕਰੀ ਬੈਠਾ ਸੀ (ਇਸ ਵਿਚ ਪਾਕਿਸਤਾਨ ਦੇ ਪੰਜਾਬੀ ਗਾਇਕ ਤੇ ਗਾਇਕਾਵਾਂ ਵੀ ਸ਼ਾਮਲ ਸਨ), ਅਣਗਿਣੇ ਰਾਗੀ ਸਨ, ਢਾਡੀ ਸਨ, ਗਾਇਕ ਤੇ ਗਾਇਕਾਵਾਂ ਸਨ, ਸੋਲੋ ਗਾਉਣ ਵਾਲੇ ਵੱਖ ਤੇ ਦੋਗਾਣੇ ਗਾਉਣ ਵਾਲੇ ਵੱਖ ਸਨ। ਸਭਨਾਂ ਦੀਆਂ ਆਵਾਜ਼ਾਂ ਸਨ ਓਹਦੇ ਕੋਲ, ਜੋ ਉਹ ਬੜੇ ਫ਼ਿਕਰ ਨਾਲ ਸਾਂਭੀ ਬੈਠਾ ਸੀ।
ਬਹੁਤ ਸਾਰੇ ਕਵੀਸ਼ਰਾਂ ਦੇ ਰਿਕਾਰਡ ਵੀ ਸਾਂਭੇ ਹੋਏ ਸਨ ਤੇ ਪੁਰਾਣੇ ਤੋਂ ਪੁਰਾਣੇ ਅਤੇ ਢਾਡੀਆਂ ਦੇ ਭਰੇ ਹੋਏ ਤਵੇ ਵੀ, ਤੂੰਬੇ ਅਲਗੋਜਿਆਂ ਵਾਲਿਆਂ ਦੇ ਰਿਕਾਰਡ ਵੀ, ਪੰਜਾਬੀ ਫਿਲਮਾਂ ਦੇ ਗੀਤਾਂ ਦਾ ਵੱਖਰਾ ਰਿਕਾਰਡ ਰੱਖੀ ਬੈਠਾ ਸੀ ਲਾਲੀ ਬਾਈ। ਕੀ-ਕੀ ਗਿਣੀਏ ਤੇ ਗਿਣਾਈਏ! ਇਕ ਵੱਡੀ ਲਾਇਬ੍ਰੇਰੀ ਬਣਾ ਰੱਖੀ ਸੀ ਓਸ ਨੇ ਘਰ ਆਪਣੇ। ਜਿਹੜੇ ਕਮਰੇ ਵਿਚ ਜਾਓ, ਰਿਕਾਰਡ ਹੀ ਰਿਕਾਰਡ ਪਏ ਹੋਏ, ਤਵੇ ਹੀ ਤਵੇ, ਖਿੱਲਰੇ-ਪੁੱਲਰੇ ਮਿਲਦੇ।
ਲੱਗਦਾ ਇਓਂ ਹੁੰਦਾ ਕਿ ਇੱਥੋਂ ਕੁਝ ਨਹੀਂ ਲੱਭਣਾ ਪਰ ਜਦ ਕੋਈ ਸੰਗੀਤ ਪ੍ਰੇਮੀ ਜਾਂ ਖੋਜੀ ਉਸ ਦੇ ਕੋਲ ਖੋਜ ਵਾਸਤੇ ਜਾਂਦਾ ਸੀ, ਤਾਂ ਉਸ ਦਾ ਉਤਸ਼ਾਹ ਤੇ ਚਾਅ ਚੱਕਿਆ ਨਾ ਜਾਂਦਾ। ਉਹ ਖੁੱਲ੍ਹੇ-ਡੁੱਲੇ ਘਰ ਵਿਚ ਖੁੱਲ੍ਹੇ ਦਿਲ ਨਾਲ ਭੱਜਿਆ ਫਿਰਦਾ ਤੇ ਪਤਾ ਨਹੀਂ ਮਿੰਟੋ-ਮਿੰਟੀ ਕਿਵੇਂ ਸਾਰਾ ਕੁਝ ਅਗਲੇ ਦੇ ਮੂਹਰੇ ਧਰ ਦਿੰਦਾ ਤੇ ਬੇਰੋਕ ਬੋਲਣ ਲੱਗਦਾ, ‘‘ਆਹ ਸੁਣੋ, ਆਹ ਰਿਕਾਰਡ ਐ, ਇਸ ਸਾਲ ਵਿਚ ਤੇ ਇਸ ਕੰਪਨੀ ਵਿਚ ਰਿਕਾਰਡ ਕੀਤਾ ਗਿਆ ਤੇ ਆਹ-ਆਹ ਗਵੱਈਏ ਨੇ, ਆਹ ਸੰਗੀਤ ਦੇਣ ਵਾਲੇ ਨੇ, ਆਹ ਲਿਖਣ ਵਾਲੇ ਨੇ ਇਹਦੇ ਅਤੇ ਆਹ ਸੁਣੋ ਜ਼ਰਾ, ਆਹ ਦੇਖੋ ਤਵੇ ’ਤੇ ਫੋਟੋ ਇਨ੍ਹਾਂ ਦੀ।’’ ਉਸ ਕੋਲ ਜਾਣ ਵਾਲਾ ਸੁਣ-ਸੁਣ ਥੱਕ ਜਾਂਦਾ ਪਰ ਲਾਲੀ ਬਾਈ ਨਾ ਥੱਕਦਾ ਸੀ, ਨਾ ਅੱਕਦਾ ਸੀ। ਪਟਾਰੀਆਂ ਖੋਲ੍ਹੀ ਤੁਰਿਆ ਜਾਂਦਾ ਗੀਤ-ਸੰਗੀਤ ਦੀਆਂ। ਬੜੇ-ਬੜੇ ਦੁਰਲੱਭ ਗੀਤ, ਅਮੋਲਕ ਆਵਾਜ਼ਾਂ ਸਾਂਭ ਗਿਆ ਲਾਲੀ ਬਾਈ।
ਮੇਰਾ ਉਸ ਦੇ ਨਾਲ ਵਾਹ-ਵਾਸਤਾ ਲਗਪਗ ਤੀਹ ਸਾਲ ਪੁਰਾਣਾ ਸੀ ਜਦ ਤੋਂ ਮੈਂ ਪੰਜਾਬ ਦੇ ਗੀਤ-ਸੰਗੀਤ ਦੇ ਵਿਸ਼ੇ ਉੱਤੇ ਖੋਜਾਂ ਕਰਨ ਲੱਗਿਆ, ਤਦ ਤੋਂ ਲਾਲੀ ਜੀ ਦੇ ਬੜਾ ਨੇੜੇ ਹੋ ਕੇ ਵਿਚਰਿਆ-ਵਰਤਿਆ। ਸੱਚਮੁੱਚ ਗੁਰਮੁੱਖ ਸਿੰਘ ਲਾਲੀ ਸੰਗੀਤ ਖੇਤਰ ਦਾ ਇਕ ਹੀਰਾ ਤੇ ਅਣਥੱਕ ਖੋਜੀ ਸੀ। ਪਤਾ ਨਹੀਂ ਕਿਵੇਂ-ਕਿਵੇਂ, ਕਿੱਥੋਂ-ਕਿੱਥੋਂ, ਖੋਜ-ਖੋਜ ਕੇ ਲਿਆਇਆ ਸੀ ਉਹ ਇਹ ਸਭ ਕੁਝ। ਸਿਰਫ਼ ਲੱਭਣ-ਲੁਭਾਉਣ ਤੀਕ ਹੀ ਸੀਮਤ ਨਾ ਰਿਹਾ ਸਗੋਂ ਬਹੁਤ ਸਾਰੇ ਕਾਲਮ ਅਖ਼ਬਾਰਾਂ ਵਿਚ ਵੀ ਛਪਵਾਈ ਗਿਆ ਕਿ ਇਹ ਸਭ ਕੁਝ ਕਿਵੇਂ ਇਕੱਠਾ ਕੀਤਾ ਸੀ ਉਸ ਨੇ।
ਸੋਚ-ਸੋਚ ਕੇ ਤੇ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਧੰਨ ਸੀ ਉਹ ਸੰਗੀਤਕ ਖੋਜ ਕਰਤਾ। ਉਹ ਪੰਜਾਬ ਦੇ ਗੀਤ ਸੰਗੀਤ ਦੇ ਤਵੇ (ਕਾਲੇ ਰਿਕਾਰਡ) ਸਾਂਭਣ ਵਾਲਾ ਪ੍ਰਥਮ ਸ਼ਖ਼ਸ ਸੀ। ਇਹ ਸੱਚ ਹੈ ਕਿ ਸ਼ਾਇਦ ਹੀ ਕੋਈ ਹੋਰ ਉਸ ਵਾਂਗ ਹੰਭਲਾ ਮਾਰ ਸਕੇ। ਅਹਿਮ ਗੱਲ ਇਹ ਕਿ ਉਸ ਦਾ ਇਸ ਵਿਚ ਨਾ ਕੋਈ ਸਵਾਰਥ ਸੀ, ਨਾ ਲੋਭ ਲਾਲਚ ਸੀ। ਉਹ ਤਾਂ ਆਪਣੇ ਕੋਲੋਂ ਪੈਸੇ ਖ਼ਰਚ ਕੇ ਇਹ ਸਭ ਕੁਝ ਇਕੱਠਾ ਕਰਦਾ ਰਿਹਾ। ਘਰੋਂ ਸਰਦਾ-ਪੁੱਜਦਾ ਸੀ।
ਲੈਂਡ ਮਾਰਟਗੇਜ ਬੈਂਕ ਵਿਚ ਮੈਨੇਜਰ ਰਿਹਾ ਸੀ ਤੇ ਫਿਰ 2024 ਵਿਚ ਸਰਪੰਚ ਬਣ ਗਿਆ ਪਿੰਡ ਆਪਣੇ ਦਾ ਤੇ ਪਿੰਡ ਦੇ ਵਿਕਾਸ ਕਾਰਜਾਂ ਵਿਚ ਜੁਟ ਗਿਆ। ਮੈਂ ਓਹਦੇ ਘਰ ਬੜੇ ਵਾਰ ਗਿਆ, ਕਦੇ ਇਕੱਲਾ ਗਿਆ, ਕਦੇ ਬਾਪੂ ਜਗਦੇਵ ਸਿੰਘ ਜੱਸੋਵਾਲ ਨਾਲ ਤੇ ਕਦੇ ਕਿਸੇ ਹੋਰ ਦੋਸਤ ਨਾਲ। ਬਾਪੂ ਜੱਸੋਵਾਲ ਜਦ ਬਰਨਾਲੇ ਇਲਾਕੇ ਵਿਚ ਆਇਆ ਕਰੇ ਤੇ ਵਲ ਭੰਨ ਕੇ ਨਾਈ ਵਾਲੇ ਜਾਇਆ ਕਰੇ, ਅਸੀਂ ਨਾਲ ਹੀ ਹੋਇਆ ਕਰੀਏ, ਖ਼ਾਸ ਕਰ ਕੇ ਅਜੋਕਾ ਚਰਚਿਤ ਗਾਇਕ ਰਵਿੰਦਰ ਗਰੇਵਾਲ ਵੀ ਤੇ ਨਿਰਮਲ ਜੌੜਾ ਸਮੇਤ ਹੋਰ ਬੜੇ ਨਾਂ ਹਨ। ਲਾਲੀ ਦੇ ਘਰ ਮਹਿਫਲ ਲੱਗ ਜਾਂਦੀ ਸੀ।
ਘਰ ਆਏ-ਗਏ ਨੂੰ ਉਹ ਹੱਥਾਂ ਉੱਤੇ ਚੁੱਕ ਲੈਂਦਾ। ਫਿਰ ਆਪਣੀ ਵਿਸ਼ਾਲ ਸੰਗੀਤਕ ਲਾਇਬ੍ਰੇਰੀ ਵਿਚ ਲੈ ਜਾਂਦਾ, ਵੰਨ-ਸੁਵੰਨਾ ਸੰਗੀਤ ਗੂੰਜਣ ਲੱਗਦਾ, ਸਮੇਂ ਦਾ ਪਤਾ ਹੀ ਨਾ ਲੱਗਦਾ ਕਿ ਕਦੋਂ ਰਾਤ ਪਈ ਤੇ ਕਦੋਂ ਦਿਨ ਚੜ੍ਹ ਆਇਆ। ਲਾਲੀ ਦੇ ਘਰ ਸੰਗੀਤ ਵੱਜਦਾ ਰਹਿੰਦਾ। ਖੁੱਲ੍ਹੇ ਵਿਹੜੇ ਵਿਚ ਲੱਗੇ ਰੁੱਖ ਤੇ ਫੁੱਲ-ਪੱਤੀਆਂ ਵੀ ਹਮੇਸ਼ਾ ਸੰਗੀਤਕ ਫਿਜ਼ਾ ਵਿਚ ਨਸ਼ਿਆਏ ਹੋਏ ਜਾਪਦੇ। ਉਸ ਨੂੰ ਗੀਤ-ਸੰਗੀਤ ਨਾਲ ਦਿਲੋਂ ਡਾਹਢਾ ਮੋਹ-ਤਿਹੁ ਸੀ। ਘਰ ਵਿਚ ਜਗ੍ਹਾ ਦੀ ਥੋੜ ਪੈ ਗਈ। ਕਿੱਥੇ ਰੱਖੇ ਉਹ ਰਿਕਾਰਡ ਤੇ ਮਸ਼ੀਨਾਂ ਗਰਾਮੋਫੋਨ ਦੀਆਂ।
ਪੁਰਾਣਾ ਘਰ ਭਰਿਆ ਪਿਆ ਸੀ ਇਸ ਸਭ ਮਾਲ ਨਾਲ ਤੇ ਨਵੀਂ ਕੋਠੀ ਪਾਈ, ਉਹ ਵੀ ਭਰ ਗਈ। ਘਰ ਵਾਲੇ ਫਿਰ ਪਰੇਸ਼ਾਨ ਤੇ ਹੈਰਾਨ ਪਰ ਘਰ ਦਿਆਂ ਦਾ ਸਾਥ ਪੂਰਾ ਓਹਦੇ ਨਾਲ ਹੋਣ ਕਾਰਨ ਉਹ ਏਨਾ ਕੁਝ ਇਕੱਠਾ ਕਰ ਗਿਆ। ਸੰਨ 2013 ਵਿਚ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਨ। ਪੰਜਾਬ ਸਰਕਾਰ ਨੇ ਸਟੇਟ ਐਵਾਰਡਾਂ ਲਈ ਪੰਦਰਾਂ ਜਣੇ ਚੁਣੇ। ਲਾਲੀ ਜੀ ਸੰਗੀਤਕ ਖੇਤਰ ਵਿੱਚੋਂ ਤੇ ਮੈਂ ਸਾਹਿਤਕ ਖੇਤਰ ਵਿੱਚੋਂ ਤੇ ਨਾਟਕ ਖੇਤਰ ਵਿੱਚੋਂ ਕੇਵਲ ਧਾਲੀਵਾਲ। ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਹੋਇਆ। ਮੁੱਖ ਮੰਤਰੀ ਨੇ ਵਾਰੋ-ਵਾਰੀ ਸਾਡਾ ਸਭ ਦਾ ਸਨਮਾਨ ਕਰਿਆ।
ਜਦ ਲਾਲੀ ਜੀ ਦੀ ਵਾਰੀ ਆਈ ਸਨਮਾਨ ਲੈਣ ਦੀ, ਤਾਂ ਉਸ ਨੇ ਬਾਦਲ ਸਾਹਿਬ ਨੂੰ ਇਕ ਤਵਾ-ਰਿਕਾਰਡ ਭੇਟ ਕੀਤਾ ਜੋ ਭਾਈ ਛੈਲਾ ਜੀ ਦਾ ਗਾਇਆ ਹੋਇਆ ਰਿਕਾਰਡ ਸੀ। ਬਾਦਲ ਸਾਹਿਬ ਖ਼ੁਸ਼ ਹੋ ਕੇ ਬੋਲੇ, ‘‘ਕਾਕਾ ਜੀ, ਆਹ ਕਾਲਾ ਤਵਾ ਮੈਂ ਬੜੇ ਸਾਲ ਬਾਅਦ ਵੇਖਿਆ ਐ ਪਰ ਇਹਨੂੰ ਸੁਣਾਂਗਾ ਕਿਵੇਂ?’’ ਫਿਰ ਸਮਾਂ ਆਇਆ, ਮੈਂ ਪੰਜਾਬ ਸਰਕਾਰ ਦੀ ਆਰਟਸ ਕੌਂਸਲ ਚੰਡੀਗੜ੍ਹ ਵਿਚ ਮੀਡੀਆ ਤੇ ਸੱਭਿਆਚਾਰਕ ਅਧਿਕਾਰੀ ਵਜੋਂ ਤਾਇਨਾਤ ਸਾਂ। ਕੌਂਸਲ ਦੇ ਚੇਅਰਮੈਨ ਪਦਮਸ੍ਰੀ ਸੁਰਜੀਤ ਪਾਤਰ ਸਨ। ਇਕ ਦਿਨ ਉਹ ਆਖਣ ਲੱਗੇ ਕਿ ਮਾਂ-ਬੋਲੀ ਦਿਵਸ ਮੌਕੇ ਇਕ ਐਸੀ ਸ਼ਖ਼ਸੀਅਤ ਨੂੰ ਸਨਮਾਨਿਤ ਕਰਨਾ ਹੈ ਜੋ ਗੀਤ-ਸੰਗੀਤ ਦੇ ਖੇਤਰ ਨੂੰ ਸਮਰਪਿਤ ਹੋਵੇ। ਮੇਰੀ ਡਿਊਟੀ ਲੱਗੀ ਕਿ ਅਜਿਹੇ ਲੋਕਾਂ ਦੇ ਬਾਇਓਡਾਟੇ ਇਕੱਠੇ ਕਰਾਂ।
ਗੁਰਮੁੱਖ ਸਿੰਘ ਲਾਲੀ ਨੂੰ ਬਾਇਓਡਾਟਾ ਭੇਜਣ ਲਈ ਫੋਨ ਕੀਤਾ ਤਾਂ ਫੋਨ ਵਿੱਚੋਂ ਆਵਾਜ਼ ਆਈ, ‘‘ਯਾਰ, ਕਦੇ ਲੋੜ ਹੀ ਨਹੀ ਪਈ ਬਾਇਓਡਾਟਾ ਬਣਾਉਣ ਦੀ, ਜੇ ਆਖੋ ਤਾਂ ਬਣਵਾ ਕੇ ਭੇਜ ਦਿੰਨਾ ਆਂ।’’ ਫਿਰ ਵੀ ਉਸ ਨੇ ਪੰਦਰਾਂ ਦਿਨ ਬਾਇਓਡਾਟਾ ਤਿਆਰ ਕਰਨ ਉੱਤੇ ਲਾ ਦਿੱਤੇ।
ਪੰਜਾਬ ਆਰਟਸ ਕੌਂਸਲ ਵੱਲੋਂ ਲਾਲੀ ਨੂੰ ‘ਪੰਜਾਬੀ ਮਾਂ-ਬੋਲੀ ਸੇਵਕ ਪੁਰਸਕਾਰ’ ਇਕ ਲੱਖ ਰੁਪਏ ਦੀ ਰਾਸ਼ੀ ਵਾਲਾ ਪ੍ਰਦਾਨ ਕੀਤਾ ਗਿਆ ਤੇ ਮੌਕੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਸਮਾਗਮ ’ਚ ਆਏ। ਲਾਲੀ ਜੀ ਆਪਣੀ ਤਵੇ ਸੁਣਾਉਣ ਵਾਲੀ ਮਸ਼ੀਨ ਵੀ ਨਾਲ ਲਿਆਏ ਸਨ। ਭਰੇ ਪੰਡਾਲ ਵਿਚ ਉਸ ਨੇ ਦੁਰਲੱਭ ਤੇ ਯਾਦਗਾਰੀ ਗੀਤਾਂ ਦੇ ਤਵੇ ਲਾ-ਲਾ ਸੁਣਾਏ। ਮੁੱਖ ਮੰਤਰੀ ਜੀ ਏਨੇ ਖ਼ੁਸ਼ ਹੋਏ ਤੇ ਸਭ ਦੇ ਸਾਹਮਣੇ ਲਾਲੀ ਜੀ ਨੂੰ ਆਖਣ ਲੱਗੇ ਕਿ ਨਕਦ ਪੈਸੇ ਲੈ ਲਵੀਂ ਤੇ ਆਹ ਇਕ ਗੀਤਾਂ ਦੀ ਮਸ਼ੀਨ ਮੈਨੂੰ ਲਿਆ ਦੇ।
ਪਿਛਲੇ ਦਿਨੀਂ ਲਾਲੀ ਦਾ ਫੋਨ ਆਇਆ ਕਿ ਉਹ ਆਪਣੇ ਜ਼ਿਲ੍ਹੇ ਦੇ ਨਵੇਂ ਬਣੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਮਿਲ ਕੇ ਆਇਆ ਹੈ ਜੋ ਸਾਹਿਤਕ ਤੇ ਸੱਭਿਆਚਾਰਕ ਰੁਚੀਆਂ ਵਾਲੇ ਹਨ ਤੇ ਨਾਲ ਹੀ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਬੇਨਤੀ ਕਰਕੇ ਆਇਆ ਹਾਂ। ਲਾਲੀ ਉਤਸ਼ਾਹ ਨਾਲ ਭਰਿਆ ਹੋਇਆ ਦੱਸ ਰਿਹਾ ਸੀ ਕਿ ਮੈਂ ਸਰਪੰਚ ਹੁੰਦਿਆਂ ਆਪਣੇ ਪਿੰਡ ਦੀ ਕਾਇਆਕਲਪ ਕਰ ਦੇਣੀ ਹੈ। ਉਸ ਦੇ ਪਿਤਾ ਪਰਗਟ ਸਿੰਘ ਜੀ ਵੀ ਪਿੰਡ ਦੇ ਸਰਪੰਚ ਰਹੇ ਸਨ। ਕੁਦਰਤ ਤੇ ਕਾਦਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਲਾਲੀ ਦੇ ਤੁਰ ਜਾਣ ਦੀ ਮਨਹੂਸ ਖ਼ਬਰ ਆ ਗਈ। ਗੁਰਮੁੱਖ ਸਿੰਘ ਲਾਲੀ ਕਦੇ ਨਹੀਂ ਭੁੱਲੇਗਾ। ਇਕ ਗੀਤ ਦੇ ਬੋਲ ਹਨ : ਲਾਲੀ, ਪੰਛੀ ਉੱਡ ਨੀ ਗਿਆ, ਰੋਵਾਂ ਵੇਖ ਕੇ ਬਨੇਰਾ ਖਾਲੀ...।
-ਨਿੰਦਰ ਘੁਗਿਆਣਵੀ
-ਮੋਬਾਈਲ : 94174-21700