ਜਹਾਨ ਖ਼ਾਨ ਦੀਆਂ ਫ਼ੌਜਾਂ ਨੇ ਸਿੱਖਾਂ ਦੇ ਪਰਿਵਾਰਾਂ ਅਤੇ ਫ਼ੌਜਾਂ ’ਤੇ ਸਾਹਮਣੇ ਤੋਂ ਹਮਲਾ ਕਰ ਦਿੱਤਾ ਅਤੇ ਪਿਛਲੇ ਪਾਸਿਓਂ ਅਬਦਾਲੀ ਦੀ ਫ਼ੌਜ ਸਿੱਖਾਂ ’ਤੇ ਟੁੱਟ ਪਈ। ਸਿੱਖ ਪਰਿਵਾਰਾਂ ਅਤੇ ਫ਼ੌਜਾਂ ’ਤੇ ਇਹ ਹਮਲਾ ਬਹੁਤ ਅਚਨਚੇਤ ਹੋਇਆ। ਖ਼ਾਲਸਾਈ ਫੌਜ ਨੇ ਪਰਿਵਾਰਾਂ ਦੇ ਆਲੇ-ਦੁਆਲੇ ਘੇਰਾ ਬਣਾਇਆ ਅਤੇ ਬਰਨਾਲੇ ਵੱਲ ਅੱਗੇ ਵਧਣ ਲੱਗੇ ਪ੍ਰੰਤੂ ਅਬਦਾਲੀ ਅਤੇ ਜਹਾਨ ਖ਼ਾਨ ਦੀਆਂ ਫ਼ੌਜਾਂ ਨੇ ਬਹੁਤ ਕੱਟ-ਵੱਢ ਕੀਤੀ।

ਸਿੱਖ ਤਵਾਰੀਖ਼ ਲਾਸਾਨੀ ਕੁਰਬਾਨੀਆਂ ਨਾਲ ਭਰੀ ਪਈ ਹੈ। ਪੰਜ ਫਰਵਰੀ 1761 ਨੂੰ ਮਾਲੇਰਕੋਟਲਾ ਨੇੜੇ ਕੁੱਪ ਰੁਹੀੜਾ ’ਚ ਵਾਪਰੇ ਵੱਡੇ ਘੱਲੂਘਾਰੇ ਨੇ ਲਹੂ-ਭਿੱਜੇ ਸਿੱਖ ਇਤਿਹਾਸ ’ਚ ਇਕ ਹੋਰ ਪੰਨਾ ਜੋੜ ਦਿੱਤਾ ਸੀ। ਸੰਨ 1761 ਈਸਵੀ ਵਿਚ ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੀ ਲੜਾਈ ਵਿਚ ਮਰਾਠਿਆਂ ਨੂੰ ਹਰਾ ਕੇ ਦਿੱਲੀ ’ਤੇ ਕਬਜ਼ਾ ਕਰ ਕੇ ਸ਼ਾਹ ਆਲਮ ਦੂਜੇ ਨੂੰ ਦਿੱਲੀ ਦੀ ਗੱਦੀ ’ਤੇ ਬਿਠਾ ਦਿੱਤਾ ਅਤੇ ਆਪ 13 ਮਾਰਚ 1761 ਨੂੰ ਵਾਪਸ ਅਫ਼ਗਾਨਿਸਤਾਨ ਮੁੜ ਗਿਆ।
ਵਾਪਸੀ ਸਮੇਂ ਦਿੱਲੀ ਅਤੇ ਪੰਜਾਬ ਵਿਚ ਉਸ ਨੇ ਵੱਡੀ ਲੁੱਟਮਾਰ ਕੀਤੀ ਅਤੇ ਤਕਰੀਬਨ 2200 ਨੌਜਵਾਨ ਲੜਕੀਆਂ/ਔਰਤਾਂ ਨੂੰ ਕੈਦ ਕਰ ਕੇ ਆਪਣੇ ਨਾਲ ਕਾਬਲ ਲਿਜਾਣ ਲੱਗਾ। ਲੁੱਟ ਦਾ ਸਾਜ਼ੋ-ਸਾਮਾਨ, ਧਨ-ਦੌਲਤ ਅਤੇ ਬੰਦੀ ਬਣਾਈਆਂ ਹੋਈਆਂ ਔਰਤਾਂ ਅਬਦਾਲੀ ਦੀ ਫ਼ੌਜ ਦੇ ਪਿੱਛੇ ਸੈਨਿਕਾਂ ਦੀ ਦੇਖ-ਰੇਖ ਹੇਠ ਗੱਡੀਆਂ ’ਤੇ ਆ ਰਹੀਆਂ ਸਨ। ਭਾਰਤ ਦੇ ਵੱਖ-ਵੱਖ ਰਾਜਾਂ ਦੇ ਰਾਜਿਆਂ ਨੇ ਹਿੰਦੂ ਔਰਤਾਂ ਨੂੰ ਛੁਡਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਕਿਉਂਕਿ ਅਬਦਾਲੀ ਦੀ ਕਰੂਰਤਾ ਤੋਂ ਸਾਰੇ ਹੀ ਡਰਦੇ ਸਨ। ਜਦੋਂ ਜੱਸਾ ਸਿੰਘ ਆਹਲੂਵਾਲੀਆ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਦੂਸਰੇ ਮਿਸਲਾਂ ਦੇ ਸਰਦਾਰਾਂ ਨਾਲ ਬੰਦੀ ਬਣਾਈਆਂ ਬੀਬੀਆਂ-ਭੈਣਾਂ ਨੂੰ ਛੁਡਵਾਉਣ ਬਾਰੇ ਤਹੱਈਆ ਕੀਤਾ।
ਸਾਰੇ ਜਥੇਦਾਰਾਂ ਨੇ ਰਲ਼ ਕੇ ਦੁਸ਼ਮਣ ਨੂੰ ਲਲਕਾਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇ ਨਾਲ ਜਥੇਦਾਰ ਚੜ੍ਹਤ ਸਿੰਘ ਅਤੇ ਜਥੇਦਾਰ ਸ਼ਾਮ ਸਿੰਘ ਵੀ ਸ਼ਾਮਲ ਸਨ। ਰਾਤ ਦੇ ਹਨੇਰੇ ਵਿਚ ਸਿੱਖ ਜਥੇਦਾਰਾਂ ਨੇ ਆਪਣੀਆਂ ਫ਼ੌਜਾਂ ਨਾਲ ਅਬਦਾਲੀ ਦੇ ਮਾਲ-ਅਸਬਾਬ ’ਤੇ ਅਚਾਨਕ ਧਾਵਾ ਬੋਲ ਦਿੱਤਾ ਅਤੇ 2200 ਹਿੰਦੁਸਤਾਨੀ ਔਰਤਾਂ ਨੂੰ ਕੈਦ ਵਿਚੋਂ ਛੁਡਾ ਲਿਆ। ਜਦੋਂ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਤਿਲਮਿਲਾਇਆ।
ਸਿੱਖਾਂ ਨੇ ਅਬਦਾਲੀ ਦੇ ਖ਼ਜ਼ਾਨੇ ਦੀ ਵੀ ਲੁੱਟਮਾਰ ਕੀਤੀ ਅਤੇ ਚਾਰਮਹਲ ਦੇ ਫ਼ੌਜਦਾਰ ਮਿਰਜਾ ਜਾਨ ਨੂੰ ਮਾਰ ਦਿੱਤਾ।ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਜਰਨੈਲ ਨੂਰਦੀਨ ਮਿਗਜਾਈ ਅਧੀਨ 12000 ਫ਼ੌਜੀਆਂ ਦੀ ਟੁਕੜੀ ਨੂੰ ਸਿੱਖਾਂ ਤੋਂ ਬਦਲਾ ਲੈਣ ਵਾਸਤੇ ਭੇਜਿਆ। ਵਜ਼ੀਰਾਬਾਦ ਕੋਲ ਘਮਸਾਣ ਦੀ ਲੜਾਈ ਹੋਈ ਅਤੇ ਨੂਰਦੀਨ ਲੜਾਈ ਦੇ ਮੈਦਾਨ ਵਿਚੋਂ ਭੱਜ ਕੇ ਸਿਆਲਕੋਟ ਦੇ ਕਿਲ੍ਹੇ ਵਿਚ ਲੁਕ ਗਿਆ। ਚੜ੍ਹਤ ਸਿੰਘ ਨੇ ਉਸ ਦਾ ਪਿੱਛਾ ਕੀਤਾ। ਨੂਰਦੀਨ ਆਪਣੀ ਜਾਨ ਬਚਾਅ ਕੇ ਕੰਧਾਰ ਵਾਪਸ ਭੱਜ ਗਿਆ। ਲਾਹੌਰ ਦੇ ਸੂਬੇਦਾਰ ਉਬੈਦ ਖ਼ਾਨ ਨੂੰ ਜਦੋਂ ਪਤਾ ਲੱਗਾ ਤਾਂ ਉਹ ਵੱਡੀ ਫ਼ੌਜ ਲੈ ਕੇ ਗੁਜਰਾਂਵਾਲਾ ਵੱਲ ਜੱਥੇਦਾਰ ਚੜ੍ਹਤ ਸਿੰਘ ਦੀ ਫ਼ੌਜ ਨਾਲ ਟਾਕਰਾ ਲੈਣ ਲਈ ਚੱਲ ਪਿਆ।
ਜਦੋਂ ਜੱਸਾ ਸਿੰਘ ਆਹਲੂਵਾਲੀਆ ਨੂੰ ਇਸ ਦੀ ਖ਼ਬਰ ਮਿਲੀ ਤਾਂ ਉਹ ਵੀ ਆਪਣੀ ਫ਼ੌਜ ਲੈ ਕੇ ਚੜ੍ਹਤ ਸਿੰਘ ਦੀ ਹਮਾਇਤ ਲਈ ਪਹੁੰਚ ਗਿਆ। ਸਿੱਖਾਂ ਨੇ ਦੁਰਾਨੀਆਂ ਦੀ ਫ਼ੌਜ ’ਤੇ ਤਾਬੜਤੋੜ ਹਮਲਾ ਕਰ ਦਿੱਤਾ। ਉਮੀਦ ਖ਼ਾਨ ਵਾਪਸ ਲਾਹੌਰ ਭੱਜ ਗਿਆ। ਸਿੱਖਾਂ ਦੀਆਂ ਫ਼ੌਜਾਂ ਨੇ ਲਾਹੌਰ ਘੇਰ ਲਿਆ। ਲਾਹੌਰ ਸ਼ਹਿਰ ਦੇ ਲੋਕਾਂ ਨੇ ਸਿੱਖਾਂ ਵਾਸਤੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਫ਼ੌਜਾਂ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲਾਹੌਰ ਸ਼ਹਿਰ ਵਿਚ ਦਾਖ਼ਲ ਹੋ ਗਈਆਂ। ਦੀਵਾਲੀ ’ਤੇ ਸਾਰੀਆਂ ਮਿਸਲਾਂ ਦਾ ਇਕੱਠ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਹੋਇਆ।
ਪੰਜਾਬ ਵਿਚ ਸਿੱਖ ਰਾਜ ਸਥਾਪਤ ਕਰਨ ਦਾ ਮਤਾ ਅਕਾਲ ਬੁੰਗੇ ਸਾਹਮਣੇ ਪਾਸ ਕੀਤਾ ਗਿਆ। ਇਹ ਵੀ ਪਾਸ ਕੀਤਾ ਗਿਆ ਕਿ ਜੰਡਿਆਲੇ ਦੇ ਨਿਰੰਜਨੀਏ, ਕਸੂਰੀਏ, ਮਾਲੇਰਕੋਟੀਏ, ਅਫ਼ਗਾਨੀ ਅਤੇ ਸਰਹੰਦ ਦੇ ਫ਼ੌਜਦਾਰ ਜੈਨ ਖ਼ਾਨ ਪੰਥ ਦੇ ਦੋਖੀ ਹਨ ਅਤੇ ਅਬਦਾਲੀ ਦੇ ਏਜੰਟ ਹਨ।
ਮਿਸਲਾਂ ਦੇ ਜਥੇਦਾਰਾਂ ਵੱਲੋਂ ਇਨ੍ਹਾਂ ਨੂੰ ਸੋਧਣ ਦਾ ਫ਼ੈਸਲਾ ਕੀਤਾ ਗਿਆ। ਇਸ ਮਤੇ ਰਾਹੀਂ ਇਹ ਵੀ ਫ਼ੈਸਲਾ ਲਿਆ ਗਿਆ ਕਿ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਮਾਲਵੇ ਦੀ ਧਰਤੀ ’ਤੇ ਭੇਜ ਦਿੱਤਾ ਜਾਵੇ ਤਾਂ ਜੋ ਜੰਗਾਂ ਦੇ ਦੌਰਾਨ ਇਨ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ ਅਤੇ ਸਾਰੇ ਪੰਜਾਬ ਵਿਚ ਖ਼ਾਲਸਾ ਰਾਜ ਸਥਾਪਿਤ ਹੋ ਸਕੇ। ਇਸ ਮੁੱਦੇ ਨੂੰ ਮੁੱਖ ਰੱਖਦੇ ਹੋਏ ਖ਼ਾਲਸਾਈ ਫ਼ੌਜਾਂ ਨੇ ਮਾਝੇ ਅਤੇ ਦੁਆਬੇ ਦੇ ਸਿੱਖ ਬਜ਼ੁਰਗਾਂ, ਔਰਤਾਂ ਨੂੰ ਇੱਕਠਾ ਕਰ ਲਿਆ ਅਤੇ ਆਪਣੀ ਫ਼ੌਜ ਨਾਲ ਮਾਲਵੇ ਵੱਲ ਕੂਚ ਕਰ ਦਿੱਤਾ। ਰਸਤੇ ਵਿਚ ਜੰਡਿਆਲੇ ਦੇ ਫ਼ੌਜਦਾਰ ਨੂੰ ਸਬਕ ਸਿਖਾਉਣ ਲਈ ਖ਼ਾਲਸਾਈ ਫ਼ੌਜਾਂ ਨੇ ਜੰਡਿਆਲੇ ਨੂੰ ਘੇਰਾ ਪਾ ਲਿਆ। ਅਕਿਲ ਦਾਸ ਨੇ ਅਬਦਾਲੀ ਨੂੰ ਮਦਦ ਵਾਸਤੇ ਸੁਨੇਹਾ ਭੇਜਿਆ।
ਅਬਦਾਲੀ ਸਿੱਖਾਂ ਤੋਂ ਪਹਿਲਾਂ ਹੀ ਸਖ਼ਤ ਨਾਰਾਜ਼ ਸੀ ਅਤੇ ਗੁੱਸੇ ਨਾਲ ਭਰਿਆ ਬੈਠਾ ਸੀ। ਉਹ ਸਿੱਖਾਂ ਤੋਂ ਬਦਲਾ ਲੈਣ ਲਈ ਵੱਡੀ ਫ਼ੌਜ ਲੈ ਕੇ ਪੰਜਾਬ ਵੱਲ ਚੱਲ ਪਿਆ। ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਮਿਸਲ ਸਰਦਾਰਾਂ ਨੇ ਜੰਡਿਆਲੇ ਦਾ ਘੇਰਾ ਚੁੱਕ ਲਿਆ ਅਤੇ ਅਬਦਾਲੀ ਤੋਂ ਪਹਿਲਾਂ ਸਿੱਖਾਂ ਦੇ ਪਰਿਵਾਰਾਂ ਨੂੰ ਸਤਲੁਜ ਤੋਂ ਪਾਰ ਸੁਰੱਖਿਅਤ ਜਗ੍ਹਾ ’ਤੇ ਪਹੁੰਚਾਉਣ ਦਾ ਫ਼ੈਸਲਾ ਕੀਤਾ। ਪੰਜਾਬ ਪਹੁੰਚ ਕੇ ਅਬਦਾਲੀ ਨੂੰ ਪਤਾ ਲੱਗਾ ਕਿ ਸਿੱਖ ਫ਼ੌਜਾਂ ਅਤੇ ਕਈ ਹਜ਼ਾਰ ਸਿੱਖ ਪਰਿਵਾਰ ਮਾਲੇਰਕੋਟਲੇ ਕੋਲ ਪਹੁੰਚ ਚੁੱਕੇ ਹਨ। ਉਸ ਨੇ ਜਹਾਨ ਖ਼ਾਨ ਨੂੰ ਫ਼ੌਜ ਭੇਜਣ ਲਈ ਆਦੇਸ਼ ਦਿੱਤੇ ।
ਜਹਾਨ ਖ਼ਾਨ 3 ਫਰਵਰੀ ਨੂੰ ਫ਼ੌਜਾਂ ਲੈ ਕੇ ਮਾਲੇਰਕੋਟਲੇ ਦੇ ਨੇੜੇ ਪਿੰਡ ਕੁੱਪ ਕੋਲ ਪਹੁੰਚ ਗਿਆ। ਉਧਰੋਂ ਅਬਦਾਲੀ ਆਪਣੀਆਂ ਫ਼ੌਜਾਂ ਨਾਲ 4 ਫਰਵਰੀ 1762 ਨੂੰ ਸਿੱਖਾਂ ਦਾ ਖੁਰਾਖੋਜ਼ ਮਿਟਾਉਣ ਵਾਸਤੇ ਮਾਲੇਰਕੋਟਲੇ ਕੋਲ ਪਹੁੰਚ ਗਿਆ। ਉਸ ਸਮੇਂ ਤਕਰੀਬਨ 30 ਹਜ਼ਾਰ ਸਿੱਖ ਆਪਣੇ ਪਰਿਵਾਰਾਂ ਨਾਲ ਮਿਸਲਾਂ ਦੇ ਜਥੇਦਾਰਾਂ ਦੀ ਅਗਵਾਈ ਹੇਠ ਕੁੱਪ ਪਿੰਡ ਪਹੁੰਚ ਚੁੱਕੇ ਸਨ ਅਤੇ ਉਨ੍ਹਾਂ ਨੇ ਉਥੋਂ ਬਰਨਾਲੇ ਵੱਲ ਕੂਚ ਕਰਨਾ ਸੀ ਤਾਂ ਜੋ ਉਹ ਬਾਬਾ ਆਲਾ ਸਿੰਘ ਦੀਆਂ ਫ਼ੌਜਾਂ ਦੇ ਨੇੜੇ ਸੁਰੱਖਿਅਤ ਪਹੁੰਚ ਜਾਣ।
ਜਹਾਨ ਖ਼ਾਨ ਦੀਆਂ ਫ਼ੌਜਾਂ ਨੇ ਸਿੱਖਾਂ ਦੇ ਪਰਿਵਾਰਾਂ ਅਤੇ ਫ਼ੌਜਾਂ ’ਤੇ ਸਾਹਮਣੇ ਤੋਂ ਹਮਲਾ ਕਰ ਦਿੱਤਾ ਅਤੇ ਪਿਛਲੇ ਪਾਸਿਓਂ ਅਬਦਾਲੀ ਦੀ ਫ਼ੌਜ ਸਿੱਖਾਂ ’ਤੇ ਟੁੱਟ ਪਈ। ਸਿੱਖ ਪਰਿਵਾਰਾਂ ਅਤੇ ਫ਼ੌਜਾਂ ’ਤੇ ਇਹ ਹਮਲਾ ਬਹੁਤ ਅਚਨਚੇਤ ਹੋਇਆ। ਖ਼ਾਲਸਾਈ ਫੌਜ ਨੇ ਪਰਿਵਾਰਾਂ ਦੇ ਆਲੇ-ਦੁਆਲੇ ਘੇਰਾ ਬਣਾਇਆ ਅਤੇ ਬਰਨਾਲੇ ਵੱਲ ਅੱਗੇ ਵਧਣ ਲੱਗੇ ਪ੍ਰੰਤੂ ਅਬਦਾਲੀ ਅਤੇ ਜਹਾਨ ਖ਼ਾਨ ਦੀਆਂ ਫ਼ੌਜਾਂ ਨੇ ਬਹੁਤ ਕੱਟ-ਵੱਢ ਕੀਤੀ।
ਇਤਿਹਾਸਕਾਰਾਂ ਅਨੁਸਾਰ 15 ਤੋਂ 20 ਹਜ਼ਾਰ ਔਰਤਾਂ, ਬੱਚੇ, ਸਿੱਖ ਮਰਦ ਅਤੇ ਫ਼ੌਜੀ ਇਸ ਲੜਾਈ ਵਿਚ ਸ਼ਹੀਦ ਹੋ ਗਏ। ਲੜਾਈ ਵਿਚ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ, ਸ਼ਾਮ ਸਿੰਘ ਅਤੇ ਹੋਰ ਸਰਦਾਰਾਂ ਨੇ ਬਹੁਤ ਬਹਾਦਰੀ ਨਾਲ ਦੁਰਾਨੀ ਦੀਆਂ ਫ਼ੌਜਾਂ ਦਾ ਟਾਕਰਾ ਕੀਤਾ। ਇਸ ਲੜਾਈ ਵਿਚ ਜੱਸਾ ਸਿੰਘ ਆਹਲੂਵਾਲੀਆ ਨੂੰ 22 ਫੱਟ ਲੱਗੇ ਅਤੇ ਦੂਸਰੇ ਸਰਦਾਰਾਂ ਨੂੰ ਸੱਤ ਤੋਂ 10 ਫੱਟ ਲੱਗੇ। ਰਤਨ ਸਿੰਘ ਭੰਗੂ ਨੇ ਆਪਣੀ ਲਿਖਤ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਇਸ ਵੱਡੇ ਘੱਲੂਘਾਰੇ ਦੇ ਵੇਰਵੇ ਦਿੱਤੇ ਹਨ। ਉਸ ਦੇ ਆਪਣੇ ਪਿਤਾ ਅਤੇ ਚਾਚਾ ਇਸ ਜੰਗ ਵਿਚ ਸ਼ਾਮਲ ਸਨ। ਇਸ ਜੰਗ ਵਿਚ ਅਬਦਾਲੀ ਵੱਲੋਂ ਕੀਤੇ ਗਏ ਕਤਲੇਆਮ ਦਾ ਸਿੱਖ ਕੌਮ ਨੂੰ ਬਹੁਤ ਵੱਡਾ ਧੱਕਾ ਲੱਗਾ।
ਇਸ ਹਮਲੇ ਤੋਂ ਬਾਅਦ 9 ਅਪ੍ਰੈਲ 1762 ਨੂੰ ਅਬਦਾਲੀ ਨੇ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬਰੂਦ ਲਗਾ ਕੇ ਢਾ-ਢੇਰੀ ਕਰ ਦਿੱਤਾ ਅਤੇ ਪਵਿੱਤਰ ਸਰੋਵਰ ਵਿਚ ਗਾਵਾਂ ਵੱਢ ਕੇ ਸੁੱਟ ਦਿੱਤੀਆਂ। ਬਾਰੂਦ ਦੇ ਧਮਾਕਿਆਂ ਦੌਰਾਨ ਕੁਝ ਇੱਟਾਂ ਦਰਬਾਰ ਸਾਹਿਬ ਤੋਂ ਉੱਡ ਕੇ ਪਰਿਕਰਮਾ ਵਿਚ ਖੜ੍ਹੇ ਅਬਦਾਲੀ ਦੇ ਨੱਕ ’ਤੇ ਜਾ ਕੇ ਵੱਜੀਆਂ ਤੇ ਗਹਿਰਾ ਜ਼ਖ਼ਮ ਕਰ ਦਿੱਤਾ। ਇਸ ਜ਼ਖ਼ਮ ਤੋਂ ਅਬਦਾਲੀ ਰਾਜ਼ੀ ਨਾ ਹੋ ਸਕਿਆ। ਇਸ ਜ਼ਖ਼ਮ ਦੇ ਗੈਗਰੀਨ ਹੋਣ ਕਾਰਨ ਅਬਦਾਲੀ ਦੀ ਤਕਰੀਬਨ 10 ਸਾਲ ਬਾਅਦ ਮੌਤ ਹੋ ਗਈ।
ਅਬਦਾਲੀ ਨੂੰ ਉਮੀਦ ਸੀ ਕਿ ਇਸ ਵੱਡੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੇ ਹੌਸਲੇ ਪਸਤ ਹੋ ਗਏ ਹੋਣਗੇ। ਲੇਕਿਨ ਦਰਬਾਰ ਸਾਹਿਬ ਦੀ ਬੇਅਦਬੀ ਅਤੇ ਘੱਲੂਕਾਰੇ ਦਾ ਬਦਲਾ ਲੈਣ ਦੀ ਭਾਵਨਾ ਨਾਲ ਸਿੱਖ ਮਿਸਲਾਂ ਵਿਚ ਗੁੱਸੇ ਦੀ ਲਹਿਰ ਭੜਕ ਉੱਠੀ। ਉਨ੍ਹਾਂ ਨੇ ਅਗਸਤ 1762 ਤੱਕ ਸਤਲੁਜ ਤੋਂ ਲੈ ਕੇ ਦਿੱਲੀ ਤੱਕ ਕਬਜ਼ਾ ਕਰ ਲਿਆ ਤੇ ਫੇਰ 24 ਸਤੰਬਰ 1762 ਨੂੰ ਅੰਮ੍ਰਿਤਸਰ ਵਿਖੇ ਇਕੱਠ ਕੀਤਾ। ਅਬਦਾਲੀ ਸਿੱਖਾਂ ਦੇ ਇਸ ਹੌਸਲੇ ਨੂੰ ਵੇਖ ਕੇ ਹੈਰਾਨ ਰਹਿ ਗਿਆ। ਉਸ ਨੇ ਸਿੱਖਾਂ ਨਾਲ ਸਮਝੌਤਾ ਕਰਨ ਲਈ ਏਲਚੀ ਭੇਜੇ ਲੇਕਿਨ ਸਿੱਖਾਂ ਨੇ ਅਬਦਾਲੀ ਦੀ ਕੋਈ ਵੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ।
ਸਿੱਖਾਂ ਦੇ ਮਨਸੂਬੇ ਨੂੰ ਭਾਂਪਦੇ ਹੋਏ ਅਬਦਾਲੀ ਨੇ ਵਾਪਸ ਕਾਬਲ ਜਾਣਾ ਉਚਿਤ ਸਮਝਿਆ ਤੇ ਉਹ ਪੰਜਾਬ ਦੇ ਵੱਖ-ਵੱਖ ਪਰਗਨਿਆਂ ਵਿਚ ਆਪਣੇ ਸੂਬੇਦਾਰ ਨਿਯੁਕਤ ਕਰ ਕੇ 12 ਦਸੰਬਰ 1762 ਨੂੰ ਵਾਪਸ ਕਾਬਲ ਪਹੁੰਚ ਗਿਆ। ਅਪ੍ਰੈਲ 12, 1763 ਈਸਵੀ ਦੀ ਵਿਸਾਖੀ ਨੂੰ ਸਿੱਖਾਂ ਨੇ ਹਰਿਮੰਦਰ ਸਾਹਿਬ ਵਿਖੇ ਇਕ ਵੱਡਾ ਇਕੱਠ ਕੀਤਾ ਤੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਲਈ 14 ਲੱਖ ਰੁਪਏ ਇਕੱਠੇ ਕੀਤੇ। ਜਿਸ ਵਿਚ ਜੱਸਾ ਸਿੰਘ ਆਹਲੂਵਾਲੀਆ ਦੀ ਮਿਸਲ ਨੇ 9 ਲੱਖ ਰੁਪਏ ਦਾ ਵੱਡਾ ਯੋਗਦਾਨ ਪਾਇਆ।
ਆਓ ਵੱਡੇ ਘੱਲੂਘਾਰੇ ਦੇ ਇਸ ਖ਼ੂਨੀ ਦਿਵਸ ਨੂੰ ਯਾਦ ਕਰਦੇ ਹੋਏ ਉਨ੍ਹਾਂ ਹਜ਼ਾਰਾਂ ਬੇਕਸੂਰ ਨਿਹੱਥੇ ਸਿੰਘਾਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਅਤੇ ਸਾਰੇ ਅਰਦਾਸ ਕਰੀਏ ਕਿ ਅਕਾਲ ਪੁਰਖ ਸਿੱਖ ਕੌਮ ਵਿਚ ਇਕਸੁਰਤਾ ਲਿਆਵੇ ਅਤੇ ਸੱਚ, ਇਨਸਾਫ਼ ਅਤੇ ਮਨੁੱਖੀ ਅਧਿਕਾਰਾਂ ਲਈ ਪੰਜਾਬੀ ਇਕਜੁਟ ਹੋ ਕੇ ਅੱਗੇ ਵਧਣ ਤਾਂ ਜੋ ਪੰਜ ਦਰਿਆਵਾਂ ਦੀ ਇਸ ਧਰਤੀ ’ਤੇ ਸ਼ਾਂਤੀ, ਖ਼ੁਸ਼ਹਾਲੀ ਅਤੇ ਆਪਸੀ ਭਾਈਚਾਰਾ ਮੁੜ ਸਥਾਪਿਤ ਹੋ ਸਕੇ।
-ਡਾ. ਗੁਰਮੋਹਨ ਸਿੰਘ ਵਾਲੀਆ
-ਸਾਬਕਾ ਵੀਸੀ, ਸ੍ਰੀ ਗੁਰੂ ਗ੍ਰੰਥ ਸਾਹਿਬ, ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ।