- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਹੋਏ ਬੰਬ ਧਮਾਕੇ ਤੇ ਪ੍ਰਸ਼ਾਸਨਿਕ ਬਿਲਡਿੰਗਾਂ ਨੂੰ ਉਡਾਉਣ ਵਾਲੀਆਂ ਆ ਰਹੀਆਂ ਧਮਕੀ ਵਾਲੀਆਂ ਈਮੇਲਾਂ ਪੁਲਿਸ ਪ੍ਰਸ਼ਾਸਨ ਲਈ ਸਿਰਦਰਦੀ ਬਣੀਆਂ ਹੋਈਆਂ ਹਨ। ਆਮ ਲੋਕ ਵੀ ਇਸ ਦਹਿਸ਼ਤ ਦਾ ਤਣਾਅ ਹੰਢਾਉਂਦੇ ਹਨ। ਸਰਹੱਦੀ ਇਲਾਕਾ ਗੁਰਦਾਸਪੁਰ ਬੰਬ ਧਮਾਕਿਆਂ ਦਾ ਲਗਾਤਾਰ ਗਵਾਹ ਬਣ ਰਿਹਾ ਹੈ।

ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਹੋਏ ਬੰਬ ਧਮਾਕੇ ਤੇ ਪ੍ਰਸ਼ਾਸਨਿਕ ਬਿਲਡਿੰਗਾਂ ਨੂੰ ਉਡਾਉਣ ਵਾਲੀਆਂ ਆ ਰਹੀਆਂ ਧਮਕੀ ਵਾਲੀਆਂ ਈਮੇਲਾਂ ਪੁਲਿਸ ਪ੍ਰਸ਼ਾਸਨ ਲਈ ਸਿਰਦਰਦੀ ਬਣੀਆਂ ਹੋਈਆਂ ਹਨ। ਆਮ ਲੋਕ ਵੀ ਇਸ ਦਹਿਸ਼ਤ ਦਾ ਤਣਾਅ ਹੰਢਾਉਂਦੇ ਹਨ। ਸਰਹੱਦੀ ਇਲਾਕਾ ਗੁਰਦਾਸਪੁਰ ਬੰਬ ਧਮਾਕਿਆਂ ਦਾ ਲਗਾਤਾਰ ਗਵਾਹ ਬਣ ਰਿਹਾ ਹੈ।
ਕਲਾਨੌਰ ਦੇ ਇਕ ਨਿੱਜੀ ਹਸਪਤਾਲ ’ਚ ਚਿੱਟੇ ਦਿਨ ਨੌਜਵਾਨ ਵੱਲੋਂ ਕੀਤਾ ਗਿਆ ਗ੍ਰਨੇਡ ਹਮਲਾ ਆਪਣੀ ਹੀ ਤਰ੍ਹਾਂ ਦੀ ਦਹਿਸ਼ਤੀ ਘਟਨਾ ਹੈ। ਬੇਸ਼ੱਕ ਛੇ ਘੰਟਿਆਂ ਅੰਦਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਇਸ ਨਾਲ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਇਸ ਘਟਨਾ ਪਿੱਛੇ ਅਸਲ ਮਨਸ਼ਾ ਕੀ ਹੈ। ਦੂਜੇ ਪਾਸੇ ਹਸਪਤਾਲ ਦੇ ਮਾਲਕ ਨੇ ਕਿਹਾ ਹੈ ਕਿ ਉਸ ਕੋਲੋਂ ਲਗਾਤਾਰ ਫਿਰੌਤੀ ਮੰਗੀ ਜਾ ਰਹੀ ਸੀ।• ਹੋ ਸਕਦਾ ਹੈ ਕਿ ਇਹ ਘਟਨਾ ਉਸੇ ਦਾ ਨਤੀਜਾ ਹੋਵੇ।
ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਦਰਵਾਜ਼ੇ ਦੇ ਸ਼ੀਸ਼ੇ ਤੱਕ ਟੁੱਟ ਗਏ। ਇਸੇ ਦਿਨ ਬਟਾਲਾ ’ਚ ਰੈਸਟੋਰੈਂਟ ਦੇ ਬਾਹਰ ਗੋਲ਼ੀਆਂ ਚੱਲਣ ਦੀ ਘਟਨਾ ਵਾਪਰੀ ਹੈ। ਗੁਰਦਾਸਪੁਰ ’ਚ ਇਸ ਤੋਂ ਪਹਿਲਾਂ ਪੁਲਿਸ ਚੌਂਕੀ ’ਚ ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਕਰ ਦੇਣ ਦੀ ਘਟਨਾ ਵੀ ਵਾਪਰ ਚੁੱਕੀ ਹੈ। ਇਸ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਵੱਲੋਂ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਇਹ ਲੋਕ ਕਿੰਨੇ ਬੇਖੌਫ਼ ਹਨ।
ਇਸ ਦਾ ਸਬੂਤ ਪਿਛਲੇ ਮਹੀਨੇ ਜਲੰਧਰ ’ਚ ਬੀਐੱਸਐੱਫ ਚੌਂਕ ’ਚ ਸਕੂਟੀ ’ਚ ਰੱਖ ਕੇ ਕੀਤੇ ਗਏ ਧਮਾਕੇ ਤੋਂ ਵੀ ਮਿਲਦਾ ਹੈ। ਪਿਛਲੇ ਕੁਝ ਸਾਲਾਂ ਤੋਂ ਇਹ ਗ੍ਰਨੇਡ ਸੁੱਟ ਕੇ ਕੀਤੇ ਗਏ ਧਮਾਕਿਆਂ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਹਨ। ਸਾਲ 2021 ’ਚ ਨਵਾਂਸ਼ਹਿਰ ਦੇ ਸੀਆਈਏ ਦਫ਼ਤਰ ’ਤੇ ਵੀ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ-10 ’ਚ ਇਕ ਘਰ ’ਤੇ ਗ੍ਰਨੇਡ ਸੁੱਟਿਆ ਗਿਆ। ਸਾਲ 2024 ਅਤੇ 25 ਦਰਮਿਆਨ ਪੰਜਾਬ ’ਚ ਪੁਲਿਸ ਥਾਣਿਆਂ, ਚੌਂਕੀਆਂ ਅਤੇ ਕੁਝ ਘਰਾਂ ’ਤੇ ਵੀ ਜਾਨਲੇਵਾ ਹੈਂਡ ਗ੍ਰਨੇਡ ਸੁੱਟੇ ਗਏ ਹਨ।
ਇਸ ਸਾਲ ਚੰਡੀਗੜ੍ਹ ’ਚ ਬੀਜੇਪੀ ਦੀ ਪੰਜਾਬ ਇਕਾਈ ਦੇ ਦਫ਼ਤਰ ’ਤੇ ਗ੍ਰਨੇਡ ਸੁੱਟ ਕੇ ਦਹਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਕ ਰਿਪੋਰਟ ਦੀ ਮੰਨੀਏ ਤਾਂ ਹੁਣ ਤੱਕ 60 ਤੋਂ ਵੱਧ ਗ੍ਰਨੇਡ ਬਰਾਮਦ ਕੀਤੇ ਜਾ ਚੁੱਕੇ ਹਨ। ਸਵਾਲ ਇਹ ਉੱਠਦਾ ਹੈ ਕਿ ਆਖ਼ਰ ਇਹ ਸਿਲਸਿਲਾ ਕਦੋਂ ਤੱਕ ਇਵੇਂ ਹੀ ਜਾਰੀ ਰਹੇਗਾ।
ਆਪਣੇ ਜਾਨਮਾਲ ਦੀ ਸੁਰੱਖਿਆ ਲਈ ਆਮ ਜਨਤਾ ਦੀ ਸਿੱਧੀ ਟੇਕ ਪੁਲਿਸ ਥਾਣਿਆਂ ’ਤੇ ਹੁੰਦੀ ਹੈ ਪਰ ਜਦੋਂ ਪੁਲਿਸ ਥਾਣਿਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਹੀ ਨਿਸ਼ਾਨੇ ’ਤੇ ਲਿਆ ਜਾਣ ਲੱਗਦਾ ਹੈ ਤਾਂ ਲੋਕਾਂ ਦਾ ਭਰੋਸਾ ਵੀ ਡੋਲਦਾ ਹੈ। ਦਰਅਸਲ, ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਮੁਲਕ ਦੇ ਬਾਕੀ ਖਿੱਤਿਆਂ ਨਾਲੋਂ ਸਭ ਤੋਂ ਵੱਧ ਸੰਵੇਦਨਸ਼ੀਲ ਹੈ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪੰਜਾਬ ਨੇ ਲਗਾਤਾਰ ਆਪਣੇ ਪਿੰਡੇ ’ਤੇ ਕਈ ਤਰ੍ਹਾਂ ਦੇ ਤਸ਼ੱਦਦ ਹੰਢਾਏ ਹਨ। ਸਰਹੱਦੀ ਇਲਾਕਿਆਂ ਦੇ ਵਿਕਾਸ ’ਚ ਇਹ ਦਹਿਸ਼ਤੀ ਘਟਨਾਵਾਂ ਵੱਡਾ ਰੋੜਾ ਹਨ।
ਗਵਾਂਢੀ ਮੁਲਕ ਖ਼ਾਸਕਰ ਪਾਕਿਸਤਾਨ ਤੋਂ ਹੁੰਦੀ ਕਿਸੇ ਵੀ ਤਰ੍ਹਾਂ ਦੀ ਗੜਬੜ ਦਾ ਵੀ ਅਸਰ ਪੰਜਾਬ ’ਤੇ ਹੀ ਪੈਂਦਾ ਹੈ। ਸਰਹੱਦੀ ਇਲਾਕਿਆਂ ’ਚ ਹੁੰਦੀਆਂ ਅੱਤਵਾਦੀ ਘਟਨਾਵਾਂ ਲੋਕਾਂ ਦੇ ਮਨਾਂ ’ਚ ਇੱਥੋਂ ਤੱਕ ਬੈਠ ਗਈਆਂ ਹਨ ਕਿ ਹੁਣ ਤਾਂ ਉਨ੍ਹਾਂ ਨੂੰ ਇਹ ਘਟਨਾਵਾਂ ਆਮ ਲੱਗਣ ਲੱਗ ਪਈਆਂ ਹਨ। ਅਜਿਹੇ ਦੌਰ ’ਚ ਸੁਰੱਖਿਆ ਏਜੰਸੀਆਂ ਦੀ ਮੁੱਢਲੀ ਜ਼ਿੰਮੇਦਾਰੀ ਬਣਦੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਪੱਕੇ ਪੈਰੀਂ ਲੱਭ ਕੇ ਨੱਥ ਪਾਈ ਜਾਵੇ।