ਸਿਰਜਣਹਾਰ ਨੇ ਮਨੁੱਖ ਨੂੰ ਸੋਚਣ ਅਤੇ ਬੋਲਣ ਦਾ ਵਰਦਾਨ ਦੇ ਕੇ ਆਮ ਜੀਵਾਂ ਨਾਲੋਂ ਸਰਵੋਤਮ ਬਣਾਇਆ ਹੈ। ਉਹ ਆਪਣੀ ਸੋਹਣੀ ਜੀਵਨ ਜਾਚ ਲਈ ਆਪਣਾ ਚੰਗਾ-ਬੁਰਾ ਸੋਚ ਸਕਦਾ ਹੈ। ਆਪਣੀਆਂ ਖ਼ੁਸ਼ੀਆਂ-ਗ਼ਮੀਆਂ, ਲੋੜਾਂ-ਥੁੜ੍ਹਾਂ, ਮਜਬੂਰੀਆਂ-ਮਗਰੂਰੀਆਂ ਤੇ ਭਾਵਨਾਵਾਂ ਦਾ ਪ੍ਰਗਟਾਵਾ ਬੋਲ ਕੇ ਕਰ ਸਕਦਾ ਹੈ। ਬੱਚਾ ਜਦੋਂ ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਜੰਮਦਾ ਹੈ ਤਾਂ ਉਸ ਨੂੰ ਬੋਲੀ ਦੀ ਸੋਝੀ ਨਹੀਂ ਹੁੰਦੀ ਹੈ ਪਰ ਸਮੇਂ ਦੇ ਨਾਲ-ਨਾਲ ਮਾਂ-ਬੋਲੀ ਦੇ ਰੂਪ ਵਿਚ ਬੜਾ ਕੁਝ ਸਿੱਖਦਾ ਰਹਿੰਦਾ ਹੈ

ਸਿਰਜਣਹਾਰ ਨੇ ਮਨੁੱਖ ਨੂੰ ਸੋਚਣ ਅਤੇ ਬੋਲਣ ਦਾ ਵਰਦਾਨ ਦੇ ਕੇ ਆਮ ਜੀਵਾਂ ਨਾਲੋਂ ਸਰਵੋਤਮ ਬਣਾਇਆ ਹੈ। ਉਹ ਆਪਣੀ ਸੋਹਣੀ ਜੀਵਨ ਜਾਚ ਲਈ ਆਪਣਾ ਚੰਗਾ-ਬੁਰਾ ਸੋਚ ਸਕਦਾ ਹੈ। ਆਪਣੀਆਂ ਖ਼ੁਸ਼ੀਆਂ-ਗ਼ਮੀਆਂ, ਲੋੜਾਂ-ਥੁੜ੍ਹਾਂ, ਮਜਬੂਰੀਆਂ-ਮਗਰੂਰੀਆਂ ਤੇ ਭਾਵਨਾਵਾਂ ਦਾ ਪ੍ਰਗਟਾਵਾ ਬੋਲ ਕੇ ਕਰ ਸਕਦਾ ਹੈ। ਬੱਚਾ ਜਦੋਂ ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਜੰਮਦਾ ਹੈ ਤਾਂ ਉਸ ਨੂੰ ਬੋਲੀ ਦੀ ਸੋਝੀ ਨਹੀਂ ਹੁੰਦੀ ਹੈ ਪਰ ਸਮੇਂ ਦੇ ਨਾਲ-ਨਾਲ ਮਾਂ-ਬੋਲੀ ਦੇ ਰੂਪ ਵਿਚ ਬੜਾ ਕੁਝ ਸਿੱਖਦਾ ਰਹਿੰਦਾ ਹੈ। ਮਾਂ ਬੜਾ ਮਿੱਠਾ ਤੇ ਪਿਆਰਾ ਸ਼ਬਦ ਹੈ ਤਾਂ ਮਾਂ-ਬੋਲੀ ਵੀ ਮਾਖਿਓਂ ਮਿੱਠੇ ਭਾਵਨਾਤਮਕ ਅਤੇ ਅਨੰਦਮਈ ਸ਼ਬਦਾਂ ਦੇ ਅਰਥਾਂ ਦੀ ਪ੍ਰਤੀਕ ਹੁੰਦੀ ਹੈ। ਦੁਨੀਆ ਦੀ ਹਰ ਮਾਂ, ਚਾਹੇ ਉਹ ਅਨਪੜ੍ਹ ਹੋਵੇ, ਆਪਣੇ ਬੱਚੇ ਨੂੰ ਆਪਣੀ ਬੋਲੀ ਸਿਖਾਉਣ ਲਈ ਇਕ ਸਫਲ ਤੇ ਪਰਪੱਕ ਗੁਰੂ ਤੇ ਅਧਿਆਪਕ ਸਾਬਿਤ ਹੁੰਦੀ ਹੈ। ਜ਼ਿੰਦਗੀ ਦੇ ਔਖੇ-ਸੌਖੇ ਰਾਹਾਂ ’ਤੇ ਪੱਕੇ ਪੈਰੀਂ ਤੁਰਨਾ ਸਿਖਾਉਣ ਲਈ ਬੱਚੇ ਨੂੰ ਪਹਿਲੀ ਪੁਲਾਂਘ ਪੁੱਟਣੀ ਵੀ ਮਾਂ ਹੀ ਸਿਖਾਉਂਦੀ ਹੈ। ਮਾਂ ਆਪਣੇ ਬੱਚੇ ਨੂੰ ਲਾਡ ਭਰੇ ਤੋਤਲੇ ਬੋਲ ਬੋਲਦੀ ਹੋਈ ਉਸ ਨੂੰ ਸਿਖਾਉਣ ਵੇਲੇ ਸਿਖਾਏ ਜਾ ਰਹੇ ਸ਼ਬਦਾਂ ਦੇ ਵਿਵਹਾਰਕ ਅਰਥ ਵੀ ਸਮਝਾਉਂਦੀ ਹੈ। ਹੱਸਣ ਵੇਲੇ ਹੱਸਦਿਆਂ, ਰੋਣ ਵੇਲੇ ਰੋਂਦਿਆਂ, ਡਰ ਵੇਲੇ ਡਰ ਦਾ ਪ੍ਰਗਟਾਵਾ ਕਰਦਿਆਂ, ਖ਼ੁਸ਼ੀ ਵੇਲੇ ਖ਼ੁਸ਼ੀ ਦੇ ਹਾਵ-ਭਾਵ ਪੇਸ਼ ਕਰਦਿਆਂ ਹਰ ਦਿਨ, ਹਰ ਘੜੀ ਬੱਚੇ ਦੇ ਮਨ-ਮਸਤਕ ’ਤੇ ਮਾਂ-ਬੋਲੀ ਦੇ ਸੁਨਹਿਰੀ ਅੱਖਰਾਂ ਦੇ ਪੂਰਨੇ ਪਾਉਂਦੀ ਰਹਿੰਦੀ ਹੈ। ਮਨੁੱਖ ਆਪਣੀ ਗੱਲ ਸਮਝਾਉਣ ਤੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਲਈ ਦੁਨੀਆ ਦੀਆਂ ਕਿੰਨੀਆਂ ਵੀ ਬੋਲੀਆਂ ਸਿੱਖ ਸਕਦਾ ਹੈ, ਉਹ ਆਪਣੇ ਬੋਲੇ ਜਾ ਰਹੇ ਸ਼ਬਦਾਂ ਦੇ ਅਰਥਾਂ ਦੇ ਰੂਪ ਵਿਚ ਪ੍ਰਗਟਾਵਾ ਕਰ ਸਕਦਾ ਹੈ ਪਰ ਆਪਣੇ ਅੰਤਰਮਨ ਦੇ ਚਾਵਾਂ, ਉਮੰਗਾਂ, ਅਰਮਾਨਾਂ, ਰੀਝਾਂ, ਵੈਰਾਗ ਤੇ ਵਿਛੋੜਿਆਂ ਦਾ ਇਜ਼ਹਾਰ ਆਪਣੀ ਮਾਂ-ਬੋਲੀ ਵਿਚ ਹੀ ਕੀਤਾ ਜਾ ਸਕਦਾ ਹੈ। ਜ਼ਿੰਦਗੀ ਵਿਚ ਆਪਣੀ ਮਾਂ-ਬੋਲੀ ਵਾਲੇ ਗੀਤਾਂ ’ਤੇ ਹੀ ਹੱਸਿਆ ਤੇ ਨੱਚਿਆ ਜਾ ਸਕਦਾ ਹੈ, ਆਪਣੇ ਅੰਤਰਮਨ ਦੀ ਖ਼ੁਸ਼ੀ ਦੱਸਣ ਲਈ ਦਿਲੋ-ਦਿਮਾਗ ਆਪਣੀ ਮਾਂ-ਬੋਲੀ ਦੇ ਸ਼ਬਦਾਂ ’ਤੇ ਹੀ ਇਕਸੁਰ ਹੁੰਦੇ ਹਨ। ਆਪਣੇ ਕਿਸੇ ਅਹਿਮ ਰਿਸ਼ਤੇ ਵਾਲੇ ਜਾਂ ਜਾਨੋਂ ਵੱਧ ਪਿਆਰੇ ਸੱਜਣ ਦੇ ਜਹਾਨ ਤੋਂ ਤੁਰ ਜਾਣ ਜਾਂ ਵਿਛੜ ਜਾਣ ’ਤੇ ਹੂਕਾਂ-ਕੂਕਾਂ, ਵੈਰਾਗ-ਵਿਛੋੜੇ ਦੇ ਵੈਣ ਵੀ ਆਪਣੀ ਮਾਂ-ਬੋਲੀ ’ਚ ਹੀ ਪਾਏ ਜਾ ਸਕਦੇ ਹਨ। ਸਮੇਂ, ਸਥਾਨ ਅਤੇ ਸਥਿਤੀ ਅਨੁਸਾਰ ਖ਼ੁਦ ਅਤੇ ਨਾਲ ਵਾਲਿਆਂ ਨੂੰ ਹੰਝੂ ਵਗਾਉਣ ਤੇ ਭੁੱਬਾਂ ਮਾਰ ਕੇ ਰੋਣ ਤੱਕ ਪਿਘਲਾ ਦੇਣ ਵਾਲੇ ਸ਼ਬਦ ਮਾਂ-ਬੋਲੀ ਦੇ ਰੂਪ ਵਿਚ ਹੀ ਬੁੱਲ੍ਹਾਂ ’ਤੇ ਆਉਂਦੇ ਹਨ। ਜਿਵੇਂ-ਜਿਵੇਂ ਲੋਕ ਰੋਜ਼ੀ-ਰੋਟੀ ਦੀ ਭਾਲ ਲਈ ਵਿਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ ਤਾਂ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਸਾਡੀ ਮਾਂ-ਬੋਲੀ ਪੰਜਾਬੀ ਨੂੰ ਖ਼ਤਰਾ ਹੈ ਪਰ ਜੇ ਅਸੀਂ ਆਪਣੀ ਮਾਂ-ਬੋਲੀ ਦੇ ਸੱਚੇ ਸਪੂਤ ਬਣ ਕੇ ਇਸ ਨੂੰ ਮਾਣ ਦੇਈਏ ਤਾਂ ਸਾਡੇ ਮਹਾਨ ਗੁਰੂਆਂ, ਪੀਰਾਂ-ਫਕੀਰਾਂ ਦੀ ਬਖ਼ਸ਼ੀ ਅਤੇ ਵਰੋਸਾਈ ਇਸ ਬੋਲੀ ਨੂੰ ਕੋਈ ਵੀ ਖ਼ਤਰਾ ਨਹੀਂ ਹੈ। ਜਿਸ ਰੁੱਖ ਦੀਆਂ ਜੜ੍ਹਾਂ ਮਜ਼ਬੂਤ ਹੋਣ, ਉਸ ਨੂੰ ਕੋਈ ਵੀ ਹਵਾਵਾਂ-ਹਨੇਰੀਆਂ ਨਹੀਂ ਉਖਾੜ ਸਕਦੀਆਂ। ਜੇ ਅਸੀਂ ਇਹ ਪ੍ਰਣ ਕਰੀਏ ਕਿ ਅਜੋਕੇ ਸਮੇਂ ਦੇ ਅਖੌਤੀ ਹਾਣੀ ਬਣਦੇ ਹੋਏ ਆਪਣੀ ਮਾਂ-ਬੋਲੀ ਨੂੰ ਨਹੀਂ ਭੁੱਲਾਂਗੇ ਤਾਂ ਸਾਡੇ ਬੱਚੇ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਕਦੇ ਵੀ ਆਪਣੀ ਮਾਂ-ਬੋਲੀ ਨੂੰ ਨਹੀਂ ਭੁੱਲਣਗੀਆਂ। ਆਓ! ਮਾਵਾਂ ਦੀ ਮਮਤਾ ਅਤੇ ਮੋਹ-ਮੁਹੱਬਤ ਜਿਹੀ ਮਿੱਠੀ ਅਤੇ ਮਾਣਮੱਤੀ ਆਪਣੀ ਮਾਂ-ਬੋਲੀ ਦਾ ਸਤਿਕਾਰ ਕਰੀਏ ਅਤੇ ਇਸ ਦੇ ਹੋਰ ਪ੍ਰਚਾਰ, ਪ੍ਸਾਰ, ਵਿਕਾਸ ਅਤੇ ਸਲਾਮਤੀ ਲਈ ਦੁਆਵਾਂ ਕਰੀਏ।
-ਨਿਰਮਲ ਸਿੰਘ ਦਿਓਲ, ਮਲੋਟ।
-ਵ੍ਹਟਸਐਪ : 94171-04961