ਇਕੱਲੇ ਧੋਖਾਧੜੀਆਂ ਜਾਂ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ’ਚ ਹੀ ਖ਼ੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਨਹੀਂ ਆ ਰਹੇ। ਪਿਛਲੇ ਦਿਨੀਂ ਕੋਟਕਪੁਰਾ ਦੇ ਹਰੀਨੌਂ ਪਿੰਡ ’ਚ ਕਰਜ਼ੇ ਤੋਂ ਤੰਗ ਆ ਕੇ ਦੋ ਸਕੇ ਭਰਾਵਾਂ ਨੇ ਰੇਲ ਪਟੜੀ ’ਤੇ ਇਕ-ਦੂਜੇ ਦਾ ਹੱਥ ਫੜ ਕੇ ਛਾਲ ਮਾਰ ਕੇ ਜਾਨ ਦੇ ਦਿੱਤੀ ਸੀ।

ਇਸ ਸਾਲ ਦਾ ਮਾਰਚ ਮਹੀਨਾ ਪੰਜਾਬ ’ਚ ਕਈ ਥਾਈਂ ਖ਼ੁਦਕੁਸ਼ੀਆਂ ਦੇ ਮਾਮਲਿਆਂ ਦਾ ਗਵਾਹ ਬਣਿਆ ਹੈ। ਤਰਨਤਾਰਨ ’ਚ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜੀਐੱਮ ਗਗਨਦੀਪ ਸਿੰਘ ਰੰਧਾਵਾ ਵੱਲੋਂ ਸੂਬਾ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ’ਤੇ ਵੱਡੇ ਇਲਜ਼ਾਮ ਲਗਾ ਕੇ ਆਤਮ-ਹੱਤਿਆ ਵਰਗਾ ਕਦਮ ਚੁੱਕਣਾ ਹਾਲੇ ਜ਼ੇਰੇ-ਤਫ਼ਤੀਸ਼ ਹੈ। ਰੰਧਾਵਾ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਜਿਸ ਤਰੀਕੇ ਨਾਲ ਵੀਡੀਓ ਬਣਾ ਕੇ ਆਪਣੇ ਮਾਨਸਿਕ ਹਾਲਾਤ ਜਨਤਾ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਅਸਹਿ ਤੇ ਅਕਹਿ ਮਾਨਸਿਕ ਦਬਾਅ ’ਚੋਂ ਲੰਘ ਰਿਹਾ ਸੀ।
ਰੰਧਾਵਾ ਦੇ ਪਰਿਵਾਰ ਸਣੇ ਉਸ ਦੇ ਮਿੱਤਰ-ਸੱਜਣ ਵੀ ਇਹ ਕਹਿ ਰਹੇ ਹਨ ਕਿ ਉਹ ਕੁਝ ਸਮੇਂ ਤੋਂ ਅਜੀਬ ਤਰ੍ਹਾਂ ਦੇ ਤਣਾਅ ਨਾਲ ਜੂਝ ਰਿਹਾ ਸੀ।
ਆਪਣੀ ਜੀਵਨ-ਲੀਲ੍ਹਾ ਖ਼ਤਮ ਕਰਨ ਵਰਗਾ ਫ਼ੈਸਲਾ ਬੇਹੱਦ ਦਰਦੀਲਾ ਹੁੰਦਾ ਹੈ। ਕੋਈ ਪੜ੍ਹਿਆ-ਲਿਖਿਆ ਵਿਅਕਤੀ ਅਜਿਹਾ ਕਦਮ ਚੁੱਕਦਾ ਹੈ ਤਾਂ ਸਪਸ਼ਟ ਹੈ ਕਿ ਉਸ ਨੂੰ ਅਜਿਹਾ ਕਰਨ ਲਈ ਹਾਲਾਤ ਨੇ ਮਜਬੂਰ ਕੀਤਾ ਹੋਵੇਗਾ। ਤਾਜ਼ਾ ਮਾਮਲਾ ਵੀ ਇਸੇ ਤਰ੍ਹਾਂ ਦੇ ਇਲਜ਼ਾਮਾਂ ਤੋਂ ਬਾਅਦ ਆਤਮ-ਹੱਤਿਆ ਕਰਨ ਨਾਲ ਜੁੜਿਆ ਹੋਇਆ ਹੈ। ਬਠਿੰਡਾ ’ਚ ਕਾਂਗਰਸ ਦੇ ਮਰਹੂਮ ਆਗੂ ਸੁਖਰਾਜ ਸਿੰਘ ਨੱਤ ਦੇ ਇਕਲੌਤੇ ਪੁੱਤਰ ਤੇ ਪੇਸ਼ੇ ਤੋਂ ਵਕੀਲ ਦਵਿੰਦਰ ਪਾਲ ਸਿੰਘ ਨੱਤ ਨੇ ਵੀ ਮੋਹਾਲੀ-ਜ਼ੀਰਕਪੁਰ ਦੇ ਨਾਮੀ ਬਿਲਡਰ ਦਾ ਨਾਂ ਲੈ ਕੇ ਸੁਸਾਈਡ ਨੋਟ ਲਿਖਿਆ ਤੇ ਵੀਡੀਓ ਬਣਾ ਕੇ ਉਸ ਦੇ ਪਰਿਵਾਰ ਨੂੰ ਦੋਸ਼ੀ ਠਹਿਰਾਇਆ। ਹਾਲਾਂਕਿ ਮੁੱਢਲੀ ਜਾਂਚ ਇਹ ਕਹਿੰਦੀ ਹੈ ਕਿ ਮਾਮਲਾ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਨਾਲ ਜੁੜਿਆ ਹੋਇਆ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਕ ਵਕੀਲ, ਜਿਸ ਨੂੰ ਕਿਸੇ ਵੀ ਧੋਖਾਧੜੀ ਨਾਲ ਲੜਨ ਲਈ ਸਾਰੇ ਕਾਨੂੰਨੀ ਤੌਰ-ਤਰੀਕੇ ਪਤਾ ਸਨ, ਉਹ ਖ਼ੁਦਕੁਸ਼ੀ ਵਰਗਾ ਰਾਹ ਕਿਉਂ ਚੁਣ ਰਿਹਾ ਹੈ।
ਇਕੱਲੇ ਧੋਖਾਧੜੀਆਂ ਜਾਂ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ’ਚ ਹੀ ਖ਼ੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਨਹੀਂ ਆ ਰਹੇ। ਪਿਛਲੇ ਦਿਨੀਂ ਕੋਟਕਪੁਰਾ ਦੇ ਹਰੀਨੌਂ ਪਿੰਡ ’ਚ ਕਰਜ਼ੇ ਤੋਂ ਤੰਗ ਆ ਕੇ ਦੋ ਸਕੇ ਭਰਾਵਾਂ ਨੇ ਰੇਲ ਪਟੜੀ ’ਤੇ ਇਕ-ਦੂਜੇ ਦਾ ਹੱਥ ਫੜ ਕੇ ਛਾਲ ਮਾਰ ਕੇ ਜਾਨ ਦੇ ਦਿੱਤੀ ਸੀ। ਇਨ੍ਹਾਂ ਭਰਾਵਾਂ ’ਤੇ ਫ਼ਸਲ ਖ਼ਰਾਬ ਹੋਣ ਕਾਰਨ ਤਕਰੀਬਨ 25 ਲੱਖ ਰੁਪਏ ਦਾ ਕਰਜ਼ਾ ਸੀ। ਬਠਿੰਡਾ ’ਚ ਇੱਕੋ ਦਿਨ ਤਿੰਨ ਲੋਕਾਂ ਨੇ ਖ਼ੁਦਕੁਸ਼ੀ ਕੀਤੀ ਤੇ ਇਸ ਪਿੱਛੇ ਵੀ ਮਾਨਸਿਕ ਕਾਰਨ ਦੱਸੇ ਗਏ ਸਨ। ਪਿਛਲੇ ਇਕ ਦਹਾਕੇ ਤੋਂ ਪੰਜਾਬ ਨੇ ਵੱਖ-ਵੱਖ ਕਾਰਨਾਂ ਕਰਕੇ ਖ਼ੁਦਕੁਸ਼ੀਆਂ ਦੇਖੀਆਂ ਹਨ।
ਸਾਲ 2019 ’ਚ 2357 ਖ਼ੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ। ਹਾਲਾਂਕਿ ਇਕ ਮੀਡੀਆ ਰਿਪੋਰਟ ਮੁਤਾਬਕ ਪੰਜਾਬ ’ਚ ਖ਼ੁਦਕੁਸ਼ੀਆਂ ਦੇ ਮਾਮਲਿਆਂ ਦੀ ਦਰ ਮੁਲਕ ਦੇ ਦੂਜੇ ਹਿੱਸਿਆਂ ਨਾਲੋਂ ਘੱਟ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਜ਼ਿਆਦਾਤਰ ਮਾਮਲੇ ਸਿੱਧੇ ਰੂਪ ’ਚ ਕਿਸਾਨਾਂ ’ਤੇ ਕਰਜ਼ਿਆਂ ਦੇ ਦਬਾਅ ਨਾਲ ਜੁੜੇ ਹੋਏ ਹਨ।
ਇਸ ਤੋਂ ਇਲਾਵਾ ਘਰੇਲੂ ਮਾਮਲਿਆਂ ਤੇ ਨੌਜਵਾਨਾਂ ਵੱਲੋਂ ਵੱਖ-ਵੱਖ ਕਾਰਨਾਂ ਕਰਕੇ ਖ਼ੁਦਕੁਸ਼ੀਆਂ ਦਾ ਰਾਹ ਚੁਣਨਾ ਵੀ ਗੰਭੀਰ ਸਮੱਸਿਆ ਵਾਂਗ ਹੈ। ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ, ਆਰਥਿਕ ਤੰਗੀਆਂ-ਤੁਰਸ਼ੀਆਂ ਤੇ ਨਸ਼ੇ ਕਾਰਨ ਵੀ ਲੋਕ ਇਸ ਪਾਸੇ ਤੁਰਦੇ ਹਨ ਪਰ ਕੀ ਸਾਰੇ ਪਾਸਿਆਂ ਤੋਂ ਹਾਰ ਮਿਲਣ ਜਾਂ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਦਬਾਅ ਦਾ ਇੱਕੋ-ਇੱਕ ਹੱਲ ਖ਼ੁਦ ਨੂੰ ਖ਼ਤਮ ਕਰਨਾ ਹੈ?
ਬੇਸ਼ੱਕ ਕਿਸੇ ਵੀ ਤਰ੍ਹਾਂ ਦੇ ਤਣਾਅ ਨੂੰ ਕਈ ਵਾਰ ਸਹਿਣ ਕਰਨਾ ਵੱਸੋਂ ਬਾਹਰ ਹੋ ਜਾਂਦਾ ਹੈ ਪਰ ਕਿਸੇ ਸਮੱਸਿਆ ’ਚ ਘਿਰਨ ਮਗਰੋਂ ਉਸ ਬਾਰੇ ਦੂਜਿਆਂ ਨਾਲ ਗੱਲ ਕਰਨੀ ਬੇਹੱਦ ਜ਼ਰੂਰੀ ਹੈ। ਬਹੁਤ ਸਾਰੀਆਂ ਐੱਨਜੀਓ ਤੇ ਸਰਕਾਰਾਂ ਦੀਆਂ ਹੈਲਪਲਾਈਨਾਂ ਇਸ ਪਾਸੇ ਕੰਮ ਕਰ ਰਹੀਆਂ ਹਨ। ਵੇਲੇ ਸਿਰ ਉਨ੍ਹਾਂ ਦੀ ਮਦਦ ਲੈਣੀ ਚਾਹੀਦੀ ਹੈ। ਜ਼ਿੰਦਗੀ ’ਚ ਨਾਂਹ-ਪੱਖੀ ਵਿਚਾਰਾਂ ਨੂੰ ਛੱਡ ਕੇ ਇਸ ਦੀ ਅਹਿਮੀਅਤ ਸਮਝਦਿਆਂ ਜਿਉਣ ਦੇ ਮੌਕਿਆਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਜੀਵਨ ਦੇ ਹਰੇਕ ਚੰਗੇ-ਮਾੜੇ ਹਾਲਾਤ ਨਾਲ ‘ਚੜ੍ਹਦੀ ਕਲਾ’ ਵਾਲੀ ਸੋਚ ਅਪਣਾ ਕੇ ਹੀ ਲੜਿਆ ਤੇ ਜਿੱਤਿਆ ਜਾ ਸਕਦਾ ਹੈ।