- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦੇਸ਼ੀ ਧਰਤੀ ’ਤੇ ਹੋਣ ਵਾਲੀਆਂ ਇਹ ਮੌਤਾਂ ਵੱਡੀ ਚਿੰਤਾ ਦਾ ਵਿਸ਼ਾ ਹਨ। ਸਾਲ 2024 ’ਚ ਸਾਢੇ ਸੱਤ ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਉੱਚ ਸਿੱਖਿਆ ਲਈ ਵਿਦੇਸ਼ਾਂ ਦਾ ਰੁਖ਼ ਕੀਤਾ। ਨੀਤੀ ਅਯੋਗ ਦੀ ਰਿਪੋਰਟ ਮੁਤਾਬਕ ਇਸ ਵੇਲੇ 13 ਲੱਖ ਤੋਂ ਵੱਧ ਵਿਦਿਆਰਥੀ ਵਿਦੇਸ਼ਾਂ ’ਚ ਪੜ੍ਹ ਰਹੇ ਹਨ।

ਰੁਜ਼ਗਾਰ ਖ਼ਾਤਰ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਰਵਾਸ ਲਗਾਤਾਰ ਜਾਰੀ ਹੈ। ਲੱਖਾਂ ਰੁਪਏ ਖ਼ਰਚ ਕੇ ਪੰਜਾਬ ਸਣੇ ਮੁਲਕ ਦੇ ਹੋਰ ਹਿੱਸਿਆਂ ਤੋਂ ਨੌਜਵਾਨ ਧੜਾਧੜ ਵਿਦੇਸ਼ ਜਾ ਰਹੇ ਹਨ। ਕੁਝ ਸਾਲਾਂ ਤੋਂ ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਨਾਲ ਵੱਖ-ਵੱਖ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਖ਼ਾਸ ਤੌਰ ’ਤੇ ਸਿਹਤ ਅਤੇ ਕਈ ਹੋਰ ਕਾਰਨਾਂ ਕਰਕੇ ਪੰਜਾਬੀ ਮੁੰਡਿਆਂ ਤੇ ਕੁੜੀਆਂ ਦਾ ਜਾਨੀ ਨੁਕਸਾਨ ਹੋ ਰਿਹਾ ਹੈ।
ਦਿੜ੍ਹਬਾ ਦੇ ਨੌਜਵਾਨ ਦੀ ਬਰਮਿੰਘਮ ਅਤੇ ਆਸਟ੍ਰੇਲੀਆ ’ਚ ਬੰਡਾਲਾ ਦੇ ਮੁੰਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ। ਪਿਛਲੇ ਸਾਲ ਗੁਰਦਾਸਪੁਰ ਦੇ 45 ਸਾਲਾ ਵਿਅਕਤੀ ਦੀ ਦੁਬਈ ’ਚ ਮੌਤ ਹੋਈ ਸੀ। ਇਸੇ ਸਾਲ ਤਰਨਤਾਰਨ ਦੇ ਵਿਅਕਤੀ ਦੀ ਪੁਰਤਗਾਲ ’ਚ ਅਣਪਛਾਤੇ ਕਾਰਨਾਂ ਕਰਕੇ ਮੌਤ ਹੋਈ। ਇਹ ਵਿਅਕਤੀ 20 ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ।
ਵਿਦੇਸ਼ੀ ਧਰਤੀ ’ਤੇ ਹੋਣ ਵਾਲੀਆਂ ਇਹ ਮੌਤਾਂ ਵੱਡੀ ਚਿੰਤਾ ਦਾ ਵਿਸ਼ਾ ਹਨ। ਸਾਲ 2024 ’ਚ ਸਾਢੇ ਸੱਤ ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਉੱਚ ਸਿੱਖਿਆ ਲਈ ਵਿਦੇਸ਼ਾਂ ਦਾ ਰੁਖ਼ ਕੀਤਾ। ਨੀਤੀ ਅਯੋਗ ਦੀ ਰਿਪੋਰਟ ਮੁਤਾਬਕ ਇਸ ਵੇਲੇ 13 ਲੱਖ ਤੋਂ ਵੱਧ ਵਿਦਿਆਰਥੀ ਵਿਦੇਸ਼ਾਂ ’ਚ ਪੜ੍ਹ ਰਹੇ ਹਨ। ਪੰਜਾਬ ਦੀ ਤ੍ਰਾਸਦੀ ਹੈ ਕਿ ਇੱਥੋਂ ਮੁਲਕ ਦੇ ਹੋਰ ਹਿੱਸਿਆਂ ਨਾਲੋਂ ਵੱਧ ਵਿਦਿਆਰਥੀ ਪੜ੍ਹਾਈ ਤੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ। ਕੈਨੇਡਾ ਤੋਂ ਇਲਾਵਾ ਸਭ ਤੋਂ ਵੱਧ ਰੁਝਾਨ ਅਮਰੀਕਾ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਰਮਨੀ ਜਾਣ ਦਾ ਹੈ।
ਵਿਦੇਸ਼ਾਂ ਦੀਆਂ ਸੁੱਖ-ਸਹੂਲਤਾਂ ਵਾਲੀ ਜ਼ਿੰਦਗੀ ਦੇ ਲਾਲਚ ’ਚ ਬਹੁਤੇ ਵਿਦਿਆਰਥੀ ਉੱਥੇ ਜਾਣ ਲਈ ਪੁਲਾਂਘ ਪੁੱਟਦੇ ਹਨ। ਉੱਥੋਂ ਦੀਆਂ ਅਸਲ ਔਕੜਾਂ ਤੋਂ ਉਹ ਜਾਣੂ ਨਹੀਂ ਹੁੰਦੇ। ਪੰਜਾਬ ਦਾ ਇਕ ਔਸਤ ਵਿਦਿਆਰਥੀ 30 ਤੋਂ 40 ਲੱਖ ਰੁਪਏ ਲਾ ਕੇ ਵਿਦੇਸ਼ੀ ਧਰਤੀ ’ਤੇ ਪੈਰ ਰੱਖਦਾ ਹੈ।
ਬਹੁਤਾਤ ’ਚ ਵਿਦਿਆਰਥੀ ਆਪਣੀ ਧਰਤੀ ਪੜ੍ਹਾਈ ਦੇ ਨਾਲ-ਨਾਲ ਬੇਗਾਨੇ ਮੁਲਕ ’ਚ ਵਸਣ ਦੀ ਆਸ ’ਚ ਛੱਡਦੇ ਹਨ। ਉੱਥੇ ਪਹੁੰਚ ਕੇ ਵੱਧ ਪੈਸਾ ਕਮਾਉਣ ਲਈ ਡਬਲ ਸ਼ਿਫਟਾਂ ਵੀ ਕਰਦੇ ਹਨ। ਇਹ ਭੱਜ-ਦੌੜ ਵੱਖਰਾ ਤਣਾਅ ਪੈਦਾ ਕਰਦੀ ਹੈ। ਮਾਪਿਆਂ ਨੂੰ ਵੀ ਆਸ ਹੁੰਦੀ ਹੈ ਕਿ ਲੱਖਾਂ ਰੁਪਏ ਖ਼ਰਚ ਕੇ ਬਾਹਰ ਭੇਜਿਆ ਬੱਚਾ ਘਰ ਦੇ ਵਿੱਤੀ ਹਾਲਾਤ ਠੀਕ ਕਰੇਗਾ। ਇੱਥੇ ਮਾਪਿਆਂ ’ਤੇ ਲੱਖਾਂ ਰੁਪਏ ਦਾ ਕਰਜ਼ਾ ਚੜ੍ਹਦਾ ਹੈ ਤੇ ਸਬੰਧਤ ਮੁਲਕ ਦੇ ਨਵੇਂ ਸਮਾਜਿਕ ਤੇ ਆਰਥਿਕ ਪ੍ਰਬੰਧ ਨਾਲ ਬੱਚਿਆਂ ਨੂੰ ਲੰਬੀ ਲੜਾਈ ਲੜਨੀ ਪੈਂਦੀ ਹੈ।
ਪਰਿਵਾਰ ਦੇ ਇਕ ਸੁਰੱਖਿਅਤ ਮਾਹੌਲ ’ਚੋਂ ਨਿਕਲ ਕੇ ਇਕਦਮ ਮੁਸ਼ਕਲਾਂ ਨਾਲ ਜੂਝਣਾ ਉਨ੍ਹਾਂ ਲਈ ਆਸਾਨ ਨਹੀਂ ਹੁੰਦਾ। ਕਰਜ਼ਾ ਚੁੱਕ ਕੇ ਚੁੱਕਿਆ ਕਦਮ ਤੇ ‘ਲੋਕ ਲਾਜ’ ਦੇ ਬੱਝੇ ਵਿਦਿਆਰਥੀ ਇਸ ਤਣਾਅ ਨੂੰ ਮਾਪਿਆਂ ਨਾਲ ਵੀ ਸਾਂਝਾ ਨਹੀਂ ਕਰਦੇ। ਚੌਵੀ ਘੰਟੇ ਇਕ ਖ਼ਾਸ ਤਰ੍ਹਾਂ ਦਾ ਫ਼ਿਕਰ ਉਨ੍ਹਾਂ ਦੇ ਨਾਲ ਰਹਿੰਦਾ ਹੈ। ਪਿਛਲੇ ਕੁਝ ਸਾਲਾਂ ’ਚ ਕਈ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ਾਂ ’ਚ ਭਿਆਨਕ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ।
ਸਾਲ 2019 ਤੋਂ 2024 ਦੀ ਇਕ ਰਿਪੋਰਟ ਮੁਤਾਬਕ 41 ਦੇਸ਼ਾਂ ’ਚ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ। ਇਸ ’ਚ ਨਸਲੀ ਹਿੰਸਾ, ਸੜਕ ਹਾਦਸੇ, ਸਿਹਤ ਅਤੇ ਹੋਰ ਕਈ ਨਿੱਜੀ ਕਾਰਨ ਸ਼ਾਮਲ ਸਨ। ਵਿਦੇਸ਼ ਮੰਤਰਾਲੇ ਦੀ ਇਕ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ’ਚ ਅਮਰੀਕਾ ’ਚ 172 ਵਿਦਿਆਰਥੀਆਂ ਦੀ ਮੌਤ ਹੋਈ।
ਇਹ ਅੰਕੜੇ ਦੇਖ ਕੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਆਪਣੇ ਮੁਲਕ ’ਚ ਆਖ਼ਰ ਅਸੀਂ ਕੀ ਦੇਣ ਤੋਂ ਪੱਛੜ ਰਹੇ ਹਾਂ ਕਿ ਵਿਦੇਸ਼ ਜਾਣਾ ਉਨ੍ਹਾਂ ਦੀ ਮਜਬੂਰੀ ਬਣ ਰਿਹਾ ਹੈ। ਮਾਪਿਆਂ ਨੂੰ ਬੱਚਿਆਂ ਦਾ ਮਾਨਸਿਕ ਪੱਧਰ ਸਮਝਣ ਦੀ ਲੋੜ ਹੈ। ਉਨ੍ਹਾਂ ਨੂੰ ਵਿਦੇਸ਼ ਭੇਜ ਕੇ ਘੱਟੋ-ਘੱਟ ਇੰਨਾ ਕੁ ਰਾਹ ਖੁੱਲ੍ਹਾ ਰੱਖਣਾ ਚਾਹੀਦਾ ਹੈ ਕਿ ਜੇਕਰ ਕਿਸੇ ਕਾਰਨ ਉਨ੍ਹਾਂ ਨੂੰ ਵਿਦੇਸ਼ਾਂ ’ਚ ਪੱਕੀ ਠਹਿਰ ਨਹੀਂ ਮਿਲਦੀ ਤਾਂ ਉਹ ਤਣਾਅ ਰਹਿਤ ਹੋ ਕੇ ਘਰ ਮੁੜ ਸਕਣ।