ਇਸ ਕਾਰਨ ਹੋਰਮੁਜ਼ ਜਲਡਮਰੂ ਦੀ ਮਹੱਤਤਾ ਭਾਰਤ ਲਈ ਹੋਰ ਵੀ ਵਧ ਜਾਂਦੀ ਹੈ। ਕੁਝ ਵਿਸ਼ਲੇਸ਼ਕਾਂ ਅਨੁਸਾਰ ਜੇਕਰ ਇੱਥੇ ਤਣਾਅ ਵਧਦਾ ਹੈ ਤਾਂ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 20–30 ਰੁਪਏ ਪ੍ਰਤੀ ਲੀਟਰ ਤੱਕ ਵਾਧਾ ਹੋ ਸਕਦਾ ਹੈ ਜੋ ਦੇਸ਼ ਦੀ ਆਰਥਿਕਤਾ ਲਈ ਵੱਡਾ ਝਟਕਾ ਹੋਵੇਗਾ। ਢੋਆ-ਢੁਆਈ ਮਹਿੰਗੀ ਹੋਣ ਕਾਰਨ ਮਹਿੰਗਾਈ ਦਰ ਵੀ ਤੇਜ਼ੀ ਨਾਲ ਵਧ ਸਕਦੀ ਹੈ।

ਹੋਰਮੁਜ਼ ਜਲਡਮਰੂ ਇਸ ਵੇਲੇ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਸਮੁੰਦਰੀ ਖੇਤਰਾਂ ਵਿੱਚੋਂ ਇਕ ਬਣ ਚੁੱਕਾ ਹੈ ਜਿਸ ’ਤੇ ਸਮੁੱਚੇ ਵਿਸ਼ਵ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮੱਧ-ਪੂਰਬ ਵਿਚ ਇਸ ਸਮੇਂ ਚੱਲ ਰਹੇ ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਤਣਾਅ ਨੂੰ ਜੇਕਰ ਕੂਟਨੀਤੀ ਰਾਹੀਂ ਨਾ ਰੋਕਿਆ ਗਿਆ ਤਾਂ ਇਸ ਸਮੁੰਦਰੀ ਰਸਤੇ ਵਿਚ ਲੱਗੀ ਅੱਗ ਪੂਰੀ ਦੁਨੀਆ ਦੇ ਚੁੱਲ੍ਹਿਆਂ ਨੂੰ ਠੰਢੇ ਕਰ ਸਕਦੀ ਹੈ।
ਉੱਤਰ ਵਿਚ ਈਰਾਨ ਅਤੇ ਦੱਖਣ ਵਿਚ ਓਮਾਨ ਅਤੇ ਸੰਯੁਕਤ ਅਰਬ ਅਮੀਰਾਤ ਨਾਲ ਘਿਰਿਆ ਲਗਪਗ 167 ਕਿੱਲੋਮੀਟਰ ਲੰਬਾ ਸਟਰੇਟ ਆਫ ਹੋਰਮੁਜ਼ ਨਾਂ ਨਾਲ ਜਾਣਿਆ ਜਾਂਦਾ ਇਹ ਜਲਮਾਰਗ ਈਰਾਨ ਦੇ ਲਾਰਕ ਟਾਪੂ ਅਤੇ ਓਮਾਨ ਦੇ ਮੁਸੰਦਮ ਤੱਟ ਵਿਚਕਾਰ ਆ ਕੇ ਸਿਰਫ਼ ਲਗਪਗ 33 ਕਿੱਲੋਮੀਟਰ ਚੌੜਾ ਰਹਿ ਜਾਂਦਾ ਹੈ।
ਇਹ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇਲ ਟਰਾਂਜ਼ਿਟ ਪੁਆਇੰਟ ਮੰਨਿਆ ਜਾਂਦਾ ਹੈ। ਹੋਰਮੁਜ਼ ਫ਼ਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅਰਬ ਸਾਗਰ ਨਾਲ ਜੋੜਦਾ ਹੈ। ਮੰਨਿਆ ਜਾਂਦਾ ਹੈ ਕਿ ‘ਹੋਰਮੁਜ਼’ ਨਾਂ ਫ਼ਾਰਸੀ ਦੇ ਸ਼ਬਦ ‘ਹੁਰਮੁਜ਼’ ਤੋਂ ਆਇਆ ਹੈ ਜੋ ਕਿ ਇਕ ਪ੍ਰਾਚੀਨ ਬੰਦਰਗਾਹ ਦਾ ਨਾਂ ਸੀ।
ਇਸ ਮਾਰਗ ਰਾਹੀਂ ਹਰ ਰੋਜ਼ ਲਗਪਗ 120 ਵੱਡੇ ਵਪਾਰਕ ਜਹਾਜ਼ ਲੰਘਦੇ ਹਨ ਅਤੇ ਕਰੀਬ 20 ਤੋਂ 21 ਮਿਲੀਅਨ ਬੈਰਲ ਤੇਲ ਦੀ ਆਵਾਜਾਈ ਹੁੰਦੀ ਹੈ ਜੋ ਵਿਸ਼ਵ ਦੇ ਸਮੁੰਦਰੀ ਤੇਲ ਵਪਾਰ ਦਾ ਲਗਪਗ 25 ਤੋਂ 30 ਫ਼ੀਸਦੀ ਹੈ। ਹੁਣ ਇਸ ਮਾਰਗ ’ਤੇ ਤਣਾਅ ਅਤੇ ਖ਼ਤਰਾ ਕਾਫ਼ੀ ਵਧ ਗਿਆ ਹੈ। ਆਵਾਜਾਈ ਪਹਿਲਾਂ ਵਾਂਗ ਨਹੀਂ ਰਹੀ। ਯਾਦ ਰਹੇ ਕਿ ਇਸ ਜਲਮਾਰਗ ਵਿਚ ਆਈ ਇਕ ਛੋਟੀ ਰੁਕਾਵਟ ਵੀ ਵਿਸ਼ਵ ਦੀ ਊਰਜਾ ਸਪਲਾਈ ਨੂੰ ਹਿਲਾਉਣ ਦੇ ਸਮਰੱਥ ਹੈ ਅਤੇ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਗੋਡਿਆਂ ਭਾਰ ਲਿਆ ਸਕਦੀ ਹੈ।
ਇੰਨੇ ਵੱਡੇ ਸਮੁੰਦਰੀ ਟਰੈਫਿਕ ਲਈ ਵਰਤਿਆ ਜਾਣ ਵਾਲਾ ਅਸਲ ਸ਼ਿਪਿੰਗ ਚੈਨਲ ਸਿਰਫ਼ 6 ਕੁ ਕਿੱਲੋਮੀਟਰ ਚੌੜਾ ਹੈ। ਇਸ ਦੀ ਡੂੰਘਾਈ ਲਗਪਗ 50 ਤੋਂ 100 ਮੀਟਰ ਹੈ ਜਿਸ ਕਾਰਨ ਬਹੁਤ ਵੱਡੇ ਤੇਲ ਟੈਂਕਰਾਂ ਨੂੰ ਚੱਲਣ ਲਈ ਸੀਮਤ ਜਗ੍ਹਾ ਮਿਲਦੀ ਹੈ। ਇੱਥੇ ਜਹਾਜ਼ਾਂ ਲਈ ਆਉਣ ਅਤੇ ਜਾਣ ਦੇ ਵੱਖੋ-ਵੱਖਰੇ ਰਸਤੇ ਬਣਾਏ ਗਏ ਹਨ। ਇਸ ਵਿਵਸਥਾ ਨੂੰ ਟਰੈਫਿਕ ਸੈਪਰੇਸ਼ਨ ਸਕੀਮ ਦਾ ਨਾਂ ਦਿੱਤਾ ਹੋਇਆ ਹੈ। ਇਹ ਰਸਤੇ ਸਿਰਫ਼ 3-3 ਕਿੱਲੋਮੀਟਰ ਚੌੜੇ ਹਨ।
ਇਨ੍ਹਾਂ ਦੋਵਾਂ ਰਸਤਿਆਂ ਦੇ ਵਿਚਕਾਰ ਇਕ ਬਫਰ ਜ਼ੋਨ ਰੱਖਿਆ ਗਿਆ ਹੈ ਤਾਂ ਜੋ ਜਹਾਜ਼ ਆਪਸ ਵਿਚ ਨਾ ਟਕਰਾਉਣ। ਸਾਊਦੀ ਅਰਬ, ਇਰਾਕ, ਕੁਵੈਤ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਵੱਡੇ ਤੇਲ ਉਤਪਾਦਕ ਦੇਸ਼ ਆਪਣੇ ਤੇਲ ਦੀ ਬਰਾਮਦ ਲਈ ਇਸ ਮਾਰਗ ’ਤੇ ਨਿਰਭਰ ਹਨ।
ਦੁਨੀਆ ਦੀ ਤਰਲ ਕੁਦਰਤੀ ਗੈਸ ਦਾ ਲਗਪਗ 20–25 ਫ਼ੀਸਦੀ ਹਿੱਸਾ ਵੀ ਇਸੇ ਰਸਤੇ ਰਾਹੀਂ ਜਾਂਦਾ ਹੈ ਅਤੇ ਸਭ ਤੋਂ ਵੱਡਾ ਤਰਲ ਕੁਦਰਤੀ ਗੈਸ ਨਿਰਯਾਤਕ ਦੇਸ਼ ਕਤਰ ਆਪਣੀ ਜ਼ਿਆਦਾਤਰ ਗੈਸ ਇਸੇ ਰਸਤੇ ਰਾਹੀਂ ਭੇਜਦਾ ਹੈ।
ਇਹ ਉਹ ਬਿੰਦੂ ਹੈ ਜਿਸ ’ਤੇ ਈਰਾਨ ਦੀ ਸਭ ਤੋਂ ਮਜ਼ਬੂਤ ਪਕੜ ਹੈ। ਈਰਾਨ ਦੇ ਤੱਟਵਰਤੀ ਹਿੱਸੇ ਅਤੇ ਟਾਪੂ-ਜਿਵੇਂ ਕਿ ਕਿਸ਼ਮ ਅਤੇ ਹੋਰਮੁਜ਼-ਇਸ ਤੰਗ ਰਸਤੇ ਦੇ ਬਿਲਕੁਲ ਉੱਪਰ ਸਥਿਤ ਹਨ ਜਿਸ ਕਾਰਨ ਉਹ ਇੱਥੋਂ ਲੰਘਣ ਵਾਲੇ ਜਹਾਜ਼ਾਂ ’ਤੇ ਨਿਗਰਾਨੀ ਰੱਖ ਸਕਦਾ ਹੈ ਅਤੇ ਲੋੜ ਪੈਣ ’ਤੇ ਰਸਤਾ ਰੋਕਣ ਦੀ ਸਮਰੱਥਾ ਵੀ ਰੱਖਦਾ ਹੈ। ਇਸ ਰਸਤੇ ਦੇ ਬੰਦ ਹੋਣ ਕਾਰਨ ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆ ਸਕਦਾ ਹੈ।
ਕੁਝ ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਅਨੁਸਾਰ ਕੱਚੇ ਤੇਲ ਦੀ ਕੀਮਤ 150 ਤੋਂ 200 ਡਾਲਰ ਪ੍ਰਤੀ ਬੈਰਲ ਤੱਕ ਵੀ ਪਹੁੰਚ ਸਕਦੀ ਹੈ। ਭਾਰਤ ਆਪਣੀ ਲੋੜ ਦਾ 85 ਫ਼ੀਸਦੀ ਤੋਂ ਵੱਧ ਕੱਚਾ ਤੇਲ ਦਰਾਮਦ ਕਰਦਾ ਹੈ ਪਰ ਰੂਸ ਤੋਂ ਦਰਾਮਦ ਵਧਣ ਕਾਰਨ ਖਾੜੀ ਦੇਸ਼ਾਂ ਦੀ ਹਿੱਸੇਦਾਰੀ ਕੁਝ ਸਾਲਾਂ ਵਿਚ ਕਰੀਬ 50–55 ਫ਼ੀਸਦੀ ਤੱਕ ਰਹਿ ਗਈ ਸੀ। ਪਿੱਛੇ ਜਿਹੇ ਜਦੋਂ ਭਾਰਤ ਨੇ ਰੂਸ ਤੋਂ ਤੇਲ ਦੀ ਖ਼ਰੀਦ ਘਟਾਈ ਤਾਂ ਉਸ ਦੀ ਪੂਰਤੀ ਮੁੱਖ ਤੌਰ ’ਤੇ ਇਰਾਕ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਖਾੜੀ ਦੇਸ਼ਾਂ ਤੋਂ ਕੀਤੀ ਗਈ।
ਇਸ ਕਾਰਨ ਹੋਰਮੁਜ਼ ਜਲਡਮਰੂ ਦੀ ਮਹੱਤਤਾ ਭਾਰਤ ਲਈ ਹੋਰ ਵੀ ਵਧ ਜਾਂਦੀ ਹੈ। ਕੁਝ ਵਿਸ਼ਲੇਸ਼ਕਾਂ ਅਨੁਸਾਰ ਜੇਕਰ ਇੱਥੇ ਤਣਾਅ ਵਧਦਾ ਹੈ ਤਾਂ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 20–30 ਰੁਪਏ ਪ੍ਰਤੀ ਲੀਟਰ ਤੱਕ ਵਾਧਾ ਹੋ ਸਕਦਾ ਹੈ ਜੋ ਦੇਸ਼ ਦੀ ਆਰਥਿਕਤਾ ਲਈ ਵੱਡਾ ਝਟਕਾ ਹੋਵੇਗਾ। ਢੋਆ-ਢੁਆਈ ਮਹਿੰਗੀ ਹੋਣ ਕਾਰਨ ਮਹਿੰਗਾਈ ਦਰ ਵੀ ਤੇਜ਼ੀ ਨਾਲ ਵਧ ਸਕਦੀ ਹੈ। ਇਸ ਤੋਂ ਇਲਾਵਾ ਖਾੜੀ ਦੇਸ਼ਾਂ ਵਿਚ ਵਸਦੇ ਲੱਖਾਂ ਭਾਰਤੀਆਂ ਦੀ ਸੁਰੱਖਿਆ ਵੀ ਇਕ ਵੱਡੀ ਚਿੰਤਾ ਬਣ ਸਕਦੀ ਹੈ।
ਪੁਰਾਣੇ ਸਮਿਆਂ ਤੋਂ ਹੀ ਇਹ ਰਸਤਾ ਵਪਾਰ ਲਈ ਬਹੁਤ ਮਹੱਤਵਪੂਰਨ ਰਿਹਾ ਹੈ। ਪ੍ਰਾਚੀਨ ਕਾਲ ਵਿਚ ਇਹ ਜਲਮਾਰਗ ਭਾਰਤ ਅਤੇ ਚੀਨ ਤੋਂ ਯੂਰਪ ਤੱਕ ਮਸਾਲੇ ਅਤੇ ਰੇਸ਼ਮ ਲੈ ਕੇ ਜਾਣ ਵਾਲੇ ਜਹਾਜ਼ਾਂ ਲਈ ਇਕ ਮਹੱਤਵਪੂਰਨ ਰਸਤਾ ਸੀ ਤੇ 16ਵੀਂ ਅਤੇ 17ਵੀਂ ਸਦੀ ਵਿਚ ਪੁਰਤਗਾਲ ਨੇ ਇਸ ਖੇਤਰ ’ਤੇ ਕਬਜ਼ਾ ਕਰ ਕੇ ਮਸਾਲਿਆਂ ਦੇ ਵਪਾਰ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਬ੍ਰਿਟਿਸ਼ ਅਤੇ ਡੱਚਾਂ ਨੇ ਵੀ ਇਸ ਖੇਤਰ ਵਿਚ ਆਪਣਾ ਪ੍ਰਭਾਵ ਵਧਾਇਆ। ਜਦੋਂ ਵੀ ਅਮਰੀਕਾ ਅਤੇ ਈਰਾਨ ਦੇ ਸਬੰਧ ਵਿਗੜਦੇ ਹਨ, ਹੋਰਮੁਜ਼ ਵਿਚ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਇਹ ਪਹਿਲੀ ਵਾਰ ਨਹੀਂ ਕਿ ਇੱਥੇ ਜੰਗੀ ਹਾਲਾਤ ਬਣੇ ਹੋਣ। ਟੈਂਕਰ ਯੁੱਧ (1984–1988) ਦੌਰਾਨ ਲਗਪਗ 450 ਤੋਂ ਵੱਧ ਵਪਾਰਕ ਜਹਾਜ਼ਾਂ ’ਤੇ ਹਮਲੇ ਹੋਏ ਸਨ। ਅਠਾਰਾਂ ਅਪ੍ਰੈਲ 1988 ਨੂੰ ਆਪ੍ਰੇਸ਼ਨ ਪ੍ਰਾਇੰਗ ਮਾਂਟਿਸ ਦੌਰਾਨ ਅਮਰੀਕਾ ਨੇ ਈਰਾਨ ਵਿਰੁੱਧ ਵੱਡੀ ਸਮੁੰਦਰੀ ਕਾਰਵਾਈ ਕੀਤੀ ਸੀ।
ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕੀ ਜਲ ਸੈਨਾ ਦੀ ਸਭ ਤੋਂ ਵੱਡੀ ਲੜਾਈ ਮੰਨੀ ਜਾਂਦੀ ਹੈ। ਇਸ ਦੌਰਾਨ ਈਰਾਨ ਦੇ ਦੋ ਤੇਲ ਪਲੇਟਫਾਰਮ ਤਬਾਹ ਕੀਤੇ ਗਏ ਅਤੇ ਉਸ ਦੀ ਜਲ ਸੈਨਾ ਨੂੰ ਭਾਰੀ ਨੁਕਸਾਨ ਪਹੁੰਚਿਆ ਪਰ ਅੱਜ ਦੀ ਸਥਿਤੀ ਪਹਿਲਾਂ ਨਾਲੋਂ ਕਾਫ਼ੀ ਵਧੇਰੇ ਗੰਭੀਰ ਹੈ ਕਿਉਂਕਿ ਹੁਣ ਡ੍ਰੋਨ ਟੈਕਨਾਲੋਜੀ, ਸਮੁੰਦਰੀ ਸੁਰੰਗਾਂ ਅਤੇ ਹਾਈਪਰਸੋਨਿਕ ਮਿਜ਼ਾਈਲਾਂ ਨੇ ਯੁੱਧ ਦਾ ਰੂਪ ਬਦਲ ਦਿੱਤਾ ਹੈ।
ਇਸ ਤੋਂ ਇਲਾਵਾ ਹੂਤੀ ਵਿਦਰੋਹੀਆਂ ਵੱਲੋਂ ਲਾਲ ਸਾਗਰ ਵਿਚ ਕੀਤੇ ਜਾ ਰਹੇ ਹਮਲਿਆਂ ਨੇ ਖੇਤਰੀ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ ਅਤੇ ਜਹਾਜ਼ਾਂ ਦੇ ਬੀਮਾ ਖ਼ਰਚਿਆਂ ਵਿਚ ਕਈ ਗੁਣਾ ਵਾਧਾ ਹੋ ਗਿਆ ਹੈ। ਅੱਜ ਦੇ ਬਦਲੇ ਹੋਏ ਹਾਲਾਤ ਵਿਚ ਰੂਸ ਅਤੇ ਚੀਨ ਵਰਗੀਆਂ ਤਾਕਤਾਂ ਦੇ ਹਿੱਤ ਵੀ ਇਸ ਖੇਤਰ ਨਾਲ ਜੁੜੇ ਹੋਏ ਹਨ। ਇਸ ਲਈ ਅਮਰੀਕਾ ਲਈ ਵੀ ਰਸਤਾ ਆਸਾਨ ਨਹੀਂ ਰਹਿ ਗਿਆ। ਇਹ ਜੰਗ ਜਿੰਨੀ ਜਲਦੀ ਰੁਕ ਜਾਵੇ, ਓਨੀ ਹੀ ਦੁਨੀਆ ਲਈ ਚੰਗੀ ਗੱਲ ਹੋਵੇਗੀ, ਨਹੀਂ ਤਾਂ ਇਸ ਦਾ ਖ਼ਮਿਆਜ਼ਾ ਉਨ੍ਹਾਂ ਦੇਸ਼ਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ ਜਿਨ੍ਹਾਂ ਦਾ ਇਸ ਨਾਲ ਸਿੱਧਾ ਸਬੰਧ ਨਹੀਂ ਹੈ।
-ਗੁਰ ਕ੍ਰਿਪਾਲ ਸਿੰਘ ਅਸ਼ਕ
-ਮੋਬਾਈਲ : 98780-19889