ਪਿਛਲੇ ਸਾਲਾਂ ਦੌਰਾਨ ਪ੍ਰਸ਼ਨ ਪੱਤਰਾਂ ’ਚ 40% ਪ੍ਰਸ਼ਨ ਔਸਤ ਤੋਂ ਸੌਖੇ ਹੁੰਦੇ ਸਨ। 40% ਪ੍ਰਸ਼ਨ ਔਸਤ ਤੇ 20% ਪ੍ਰਸ਼ਨ ਔਸਤ ਤੋਂ ਔਖੇ ਹੁੰਦੇ ਸਨ। ਹੁਣ 30% ਪ੍ਰਸ਼ਨ ਔਸਤ ਤੋਂ ਸੌਖੇ ਹੋਣਗੇ। ਔਸਤ ਪ੍ਰਸ਼ਨ 40% ਹੋਣਗੇ ਜਦਕਿ 30% ਪ੍ਰਸ਼ਨ ਔਸਤ ਤੋਂ ਔਖੇ ਸ਼ਾਮਲ ਕੀਤੇ ਜਾਣਗੇ।

ਸਾਡੇ ਦੇਸ਼ ਦੇ ਸਿੱਖਿਆ ਬੋਰਡ ਕਈ ਸਾਲਾਂ ਤੋਂ ਚੰਗੇ ਨਤੀਜੇ ਵਿਖਾਉਣ ਲਈ ਪ੍ਰੀਖਿਆਵਾਂ ਬਹੁਤ ਸੌਖੇ ਢੰਗ ਨਾਲ ਪਾਸ ਕਰਵਾ ਕੇ ਅੰਕਾਂ ਦੇ ਗੱਫੇ ਦੇ ਕੇ ਵਿਦਿਆਰਥੀਆਂ ਨੂੰ ਗਿਆਨ ਤੋਂ ਊਣੀਆਂ ਡਿਗਰੀਆਂ ਵੰਡਦੇ ਰਹੇ ਹਨ । ਪਿਛਲੇ ਸਾਲਾਂ ਦੌਰਾਨ ਜਿਨ੍ਹਾਂ ਸਕੂਲਾਂ ਵਿਚ ਲੰਬੇ ਸਮੇਂ ਤੋਂ ਔਖੇ ਵਿਸ਼ਿਆਂ ਦੇ ਅਧਿਆਪਕ ਤੱਕ ਨਹੀਂ ਹੁੰਦੇ ਸਨ, ਉਨ੍ਹਾਂ ਦੇ ਨਤੀਜੇ 100% ਹੁੰਦੇ ਸਨ। ਜਿਹੜੇ ਬੱਚੇ ਜ਼ਿਆਦਾਤਰ ਸਕੂਲਾਂ `ਚੋਂ ਗ਼ੈਰਹਾਜ਼ਰ ਰਹਿੰਦੇ ਸਨ, ਉਹ ਵੀ 70% ਤੋਂ 80% ਅੰਕਾਂ ਨਾਲ ਸੌਖੇ ਹੀ ਪਾਸ ਹੋ ਜਾਂਦੇ ਸਨ। ਇੰਗਲਿਸ਼, ਗਣਿਤ, ਸਮਾਜਿਕ ਵਰਗੇ ਔਖੇ ਵਿਸ਼ਿਆਂ ਅਤੇ ਭਾਸ਼ਾਵਾਂ ਦੇ 100% ਅੰਕ ਬੱਚੇ ਆਮ ਹੀ ਲੈ ਜਾਂਦੇ ਸਨ।
ਕੋਵਿਡ ਕਾਰਨ ਸਕੂਲ ਬੰਦ ਰਹਿਣ `ਤੇ ਆਨਲਾਈਨ ਪੜ੍ਹਾਈ ਹੋਣ ਦੀ ਵਜ੍ਹਾ ਕਾਰਨ ਸਿੱਖਿਆ ਬੋਰਡ ਨੂੰ ਪ੍ਰੀਖਿਆਵਾਂ ਦਾ ਪੈਟਰਨ ਸੌਖਾ ਬਣਾਉਣਾ ਪਿਆ ਪਰ ਸਿੱਖਿਆ ਵਿਭਾਗ ਨੇ 100% ਨਤੀਜੇ ਵਿਖਾਉਣ ਦੀ ਆੜ ਵਿਚ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਸਿੱਖਿਆ ਦੇ ਮਿਆਰ ’ਤੇ ਅਸਰ ਪੈ ਰਿਹਾ ਹੈ। ਬੱਚਿਆਂ ਕੋਲ ਅੰਕਾਂ ਦੇ ਗੱਫਿਆਂ ਵਾਲੇ ਸਰਟੀਫਿਕੇਟ ਤਾਂ ਸਨ ਪਰ ਉਨ੍ਹਾਂ ਪੱਲੇ ਉੱਚ ਸਿੱਖਿਆ ਅਤੇ ਨੌਕਰੀਆਂ ਲਈ ਹੋਣ ਵਾਲੇ ਟੈਸਟ ਪਾਸ ਕਰਨ ਲਈ ਗਿਆਨ ਨਹੀਂ ਸੀ। ਉਹ ਆਪਣੇ ਫਾਰਮ ਤੱਕ ਨਹੀਂ ਭਰ ਸਕਦੇ ਸਨ।
ਸਿੱਖਿਆ ਸਰੋਕਾਰਾਂ ਨਾਲ ਜੁੜੇ ਮਾਹਿਰਾਂ ਨੇ ਆਪਣੇ ਲੇਖਾਂ ਰਾਹੀਂ ਪ੍ਰੀਖਿਆਵਾਂ ਦੇ ਪੱਧਰ ’ਤੇ ਬੜੇ ਸਵਾਲ ਚੁੱਕੇ ਪਰ ਸਿੱਖਿਆ ਵਿਭਾਗ ਅਤੇ ਬੋਰਡ ਨੇ ਕੋਈ ਧਿਆਨ ਨਹੀਂ ਦਿੱਤਾ। ਪਰ ਹੁਣ ਜਦੋਂ ਸਿੱਖਿਆ ਵਿਭਾਗ ਅਤੇ ਬੋਰਡ ਨੂੰ ਪ੍ਰੀਖਿਆਵਾਂ ਦੇ ਹੇਠਲੇ ਪੱਧਰ ਦਾ ਅਹਿਸਾਸ ਹੋਇਆ ਤਾਂ ਸਿੱਖਿਆ ਬੋਰਡ ਨੇ ਪ੍ਰੀਖਿਆਵਾਂ ਦੇ ਪੈਟਰਨ ਵਿਚ ਬਦਲਾਅ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਹ ਇਕ ਸ਼ਲਾਘਾਯੋਗ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਲਿਆ ਗਿਆ ਫ਼ੈਸਲਾ ਹੈ। ਇਸ ਨਾਲ ਬੱਚਿਆਂ ਨੂੰ ਪ੍ਰੀਖਿਆਵਾਂ ਪਾਸ ਕਰਨ ਲਈ ਮਿਹਨਤ ਕਰਨ ਦੀ ਆਦਤ ਪਵੇਗੀ। ਸਿੱਖਿਆ ਬੋਰਡ ਨੇ 2025-26 ਦੇ ਵਿੱਦਿਅਕ ਵਰ੍ਹੇ ਤੋਂ ਪ੍ਰੀਖਿਆਵਾਂ ਵਿਚ ਤਬਦੀਲੀਆਂ ਕਰਦੇ ਹੋਏ ਪ੍ਰੀਖਿਆਵਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਵਿਵਸਥਾ ਕੀਤੀ ਹੈ ਤਾਂ ਜੋ ਬੱਚਿਆਂ ਕੋਲ ਨਾ ਕੇਵਲ ਜਮਾਤਾਂ ਪਾਸ ਕਰਨ ਅਤੇ ਗੱਫੇ ਅੰਕਾਂ ਵਾਲੇ ਸਰਟੀਫਿਕੇਟ ਹੋਣ ਬਲਕਿ ਉਨ੍ਹਾਂ ਕੋਲ ਗਿਆਨ ਦਾ ਭੰਡਾਰ ਵੀ ਹੋਵੇ ਜੋ ਉਨ੍ਹਾਂ ਦੇ ਭਵਿੱਖ ਵਿਚ ਕੰਮ ਆ ਸਕੇ । ਹੁਣ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਉਹੀ ਬੱਚੇ ਪਾਸ ਕਰ ਸਕਣਗੇ ਤੇ ਅੰਕ ਉਨ੍ਹਾਂ ਬੱਚਿਆਂ ਦੇ ਹੀ ਆ ਸਕਣਗੇ, ਜਿਹੜੇ ਬੱਚੇ ਮਿਹਨਤ ਨਾਲ ਪੜ੍ਹਾਈ ਕਰਨਗੇ ਅਤੇ ਜਿਨ੍ਹਾਂ ਸਕੂਲਾਂ `ਚ ਅਧਿਆਪਕ ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾਈ ਕਰਵਾਉਣਗੇ। ਬੋਰਡ ਨੇ 2025-26 ਦੀਆਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਸਿੱਖਿਆ ਵਿਭਾਗ ਅਤੇ ਸਕੂਲਾਂ ਨੂੰ ਜਾਣੂ ਕਰਵਾ ਦਿੱਤਾ ਹੈ। ਹੁਣ ਪ੍ਰਸ਼ਨ ਪੱਤਰਾਂ ’ਚ ਸੌਖੇ ਪ੍ਰਸ਼ਨਾਂ ’ਚ 10% ਕਟੌਤੀ ਕਰ ਦਿੱਤੀ ਗਈ ਹੈ। ਔਖੇ ਪ੍ਰਸ਼ਨਾਂ ਦੀ ਸੰਖਿਆ 10% ਵਧਾ ਦਿੱਤੀ ਗਈ ਹੈ। ਪ੍ਰਸ਼ਨ ਪੱਤਰਾਂ ਨੂੰ ਵਿਵਹਾਰਕ, ਵਿਚਾਰਸ਼ੀਲ ਅਤੇ ਗੁਣਾਤਮਕ ਬਣਾਉਣ ਦੀ ਦਿਸ਼ਾ ’ਚ ਕਦਮ ਚੁੱਕੇ ਗਏ ਹਨ। ਹੁਣ ਅੰਕਾਂ ਦੇ ਗੱਫੇ ਆਉਣੇ ਸੌਖੇ ਨਹੀਂ ਹੋਣਗੇ ।
ਹੁਣ ਟੈਕਸਟ ਬੁਕਸ ਦੇ ਅਭਿਆਸ ਦੇ ਪ੍ਰਸ਼ਨ ਯਾਦ ਕਰਨੇ ਹੀ ਕਾਫ਼ੀ ਨਹੀਂ ਹੋਣਗੇ । ਬੱਚੇ ਪੂਰਾ ਪਾਠ ਪੜ੍ਹ ਕੇ ਹੀ ਪ੍ਰਸ਼ਨ ਪੱਤਰਾਂ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਸਕਣਗੇ। ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਬੱਚਿਆਂ ਨੂੰ ਕਿਤਾਬਾਂ ਦੇ ਪੂਰੇ ਪਾਠ ਪੜ੍ਹਾਏ ਜਾਣ ਤੇ ਉਨ੍ਹਾਂ ਨੂੰ ਰੱਟਾ ਨਾ ਲਗਵਾਇਆ ਜਾਵੇ। ਅਧਿਆਪਕਾਂ ਨੂੰ ਜਮਾਤਾਂ ਵਿਚ ਪੂਰਾ ਪਾਠ ਪੜ੍ਹਾਉਣਾ ਪਵੇਗਾ ਅਤੇ ਬੱਚਿਆਂ ਨੂੰ ਪਾਠਾਂ ਵਿਚੋਂ ਵਾਧੂ ਪ੍ਰਸ਼ਨ ਤਿਆਰ ਕਰਨੇ ਪੈਣਗੇ। ਨਵੇਂ ਪੈਟਰਨ ਦੇ ਅਨੁਸਾਰ ਹੁਣ ਪ੍ਰਸ਼ਨ ਪੱਤਰਾਂ ਵਿਚ ਆਬਜੈਕਟਿਵ ਪ੍ਰਸ਼ਨਾਂ ਦੀ ਸੰਖਿਆ 40% ਤੋਂ ਘਟਾ ਕੇ 25% ਕਰ ਦਿੱਤੀ ਗਈ ਹੈ। ਪਾਠਾਂ ’ਚੋਂ 75% ਪ੍ਰਸ਼ਨ ਪੁੱਛੇ ਜਾਣਗੇ ।
ਪਿਛਲੇ ਸਾਲਾਂ ਦੌਰਾਨ ਪ੍ਰਸ਼ਨ ਪੱਤਰਾਂ ’ਚ 40% ਪ੍ਰਸ਼ਨ ਔਸਤ ਤੋਂ ਸੌਖੇ ਹੁੰਦੇ ਸਨ। 40% ਪ੍ਰਸ਼ਨ ਔਸਤ ਤੇ 20% ਪ੍ਰਸ਼ਨ ਔਸਤ ਤੋਂ ਔਖੇ ਹੁੰਦੇ ਸਨ। ਹੁਣ 30% ਪ੍ਰਸ਼ਨ ਔਸਤ ਤੋਂ ਸੌਖੇ ਹੋਣਗੇ। ਔਸਤ ਪ੍ਰਸ਼ਨ 40% ਹੋਣਗੇ ਜਦਕਿ 30% ਪ੍ਰਸ਼ਨ ਔਸਤ ਤੋਂ ਔਖੇ ਸ਼ਾਮਲ ਕੀਤੇ ਜਾਣਗੇ। ਪ੍ਰੀਖਿਆਵਾਂ ਨੂੰ ਪਾਸ ਕਰਨ ਲਈ ਔਖਾ ਬਣਾਉਣਾ ਅਤੇ ਪ੍ਰਸ਼ਨ ਪੱਤਰਾਂ ਵਿਚ 25% ਪ੍ਰਸ਼ਨ ਪੂਰੇ ਪਾਠ ਵਿਚੋਂ ਪਾਉਣਾ ਬੋਰਡ ਦਾ ਸ਼ਲਾਘਾਯੋਗ ਫ਼ੈਸਲਾ ਹੈ ।
ਇਸ ਫ਼ੈਸਲੇ ਨਾਲ ਬੱਚਿਆਂ ਨੂੰ ਪੜ੍ਹਨ ਦੀ ਆਦਤ ਪਵੇਗੀ, ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਵੇਗਾ। ਉਹ ਦਾਖ਼ਲਿਆਂ ਅਤੇ ਨੌਕਰੀਆਂ ਲਈ ਹੋਣ ਵਾਲੇ ਟੈਸਟ ਪਾਸ ਕਰਨ ਯੋਗ ਹੋ ਸਕਣਗੇ । ਪ੍ਰੀਖਿਆਵਾਂ ਅਤੇ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ। ਪਰ ਇਸ ਦੇ ਨਾਲ ਬੋਰਡ ਨੂੰ ਪਰਚਿਆਂ ਦੇ ਮੁਲਾਂਕਣ ’ਚ ਵੀ ਸੁਧਾਰ ਕਰਨਾ ਪਵੇਗਾ। ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨੀ ਪਵੇਗੀ। ਇਸ ਤੋਂ ਬਿਨਾਂ ਬੋਰਡ ਦੇ ਇਸ ਫ਼ੈਸਲੇ ਨੂੰ ਸਫ਼ਲ ਬਣਾਉਣ ਵਿਚ ਔਕੜ ਆਵੇਗੀ ।
-ਪ੍ਰਿੰਸੀਪਲ ਵਿਜੈ ਕੁਮਾਰ
, 98726 27136