ਉਸ ਦੇ ਕਤਲ ਦੇ ਅਸਲ ਕਾਰਨ ਹਾਲਾਂਕਿ ਜਾਂਚ ਅਧੀਨ ਹਨ ਪਰ ਮੁੱਢਲੇ ਰੂਪ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਨੈਂਸੀ ਆਪਣੀਆਂ ਖ਼ਾਸਕਰ ਧਾਰਮਿਕ ਚਿਹਰਿਆਂ ’ਤੇ ਕੀਤੀਆਂ ਗਈਆਂ ਚੁੱਭਵੀਆਂ ਟਿੱਪਣੀਆਂ ਕਾਰਨ ਕਈਆਂ ਦੇ ਨਿਸ਼ਾਨੇ ’ਤੇ ਸੀ। ਬੇਸ਼ੱਕ ਕਿਸੇ ਮਨੁੱਖ ਨੂੰ ਬੋਲਣ ਦਾ ਸੰਵਿਧਾਨਕ ਹੱਕ ਹੈ ਪਰ ਇਸ ਦੇ ਵੀ ਆਪਣੇ ਦਾਇਰੇ ਹਨ। ਵਿਚਾਰ ਪ੍ਰਗਟਾਵੇ ਦਾ ਅਧਿਕਾਰ ਹੈ ਨਾ ਕਿ ਕਿਸੇ ਨੂੰ ਅਪਸ਼ਬਦ ਕਹਿਣ ਦਾ।

ਪਹਿਲਾਂ ਤੋਲੋ ਤੇ ਫਿਰ ਬੋਲੋ ਦੀ ਕਹਾਵਤ ਬਹੁਤ ਡੂੰਘੇ ਅਰਥ ਰੱਖਦੀ ਹੈ। ਗੱਲ ਕਹਿਣ ਦੀ ਇਕ ਮਰਿਆਦਾ ਹੁੰਦੀ ਹੈ। ਅਜੋਕੇ ਸਮਾਜ ’ਚ ਤਕਨੀਕ ਰਾਹੀਂ ਲੋਕਾਂ ਤੱਕ ਆਪਣੇ ਵਿਚਾਰ ਪ੍ਰਗਟਾਉਣ ਲਈ ਸੋਸ਼ਲ ਮੀਡੀਆ ਨੇ ਬਹੁਤ ਸਾਰੇ ਮੰਚ ਦਿੱਤੇ ਹਨ ਪਰ ਕਈ ਵਿਵਾਦਤ ਪੋਸਟਾਂ ਸਮਾਜ ਨੂੰ ਵੱਡੀ ਠੇਸ ਪਹੁੰਚਾਉਂਦੀਆਂ ਹਨ। ਇਹੀ ਪੋਸਟਾਂ ਕਈ ਵਾਰ ਖ਼ੂਨ-ਖ਼ਰਾਬੇ ਦਾ ਵੀ ਕਾਰਨ ਬਣਦੀਆਂ ਹਨ।
ਹਮੇਸ਼ਾ ਵਿਵਾਦਾਂ ’ਚ ਰਹਿਣ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਨੈਂਸੀ ਗਰੇਵਾਲ ਦੇ ਕਤਲ ਦੀਆਂ ਤਾਰਾਂ ਵੀ ਉਸ ਦੀਆਂ ਕਈ ਵਿਵਾਦਤ ਪੋਸਟਾਂ ਅਤੇ ਟਿੱਪਣੀਆਂ ਨਾਲ ਜੁੜ ਰਹੀਆਂ ਹਨ। ਕੈਨੇਡਾ ’ਚ ਰਹਿਣ ਵਾਲੀ 45 ਕੁ ਸਾਲਾ ਨੈਂਸੀ ਗਰੇਵਾਲ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਵੱਲੋਂ ਵੱਡੀਆਂ ਧਾਰਮਿਕ ਸ਼ਖ਼ਸੀਅਤਾਂ ’ਤੇ ਗੰਭੀਰ ਟਿੱਪਣੀਆਂ ਕੀਤੀਆਂ ਗਈਆਂ ਸਨ। ਇਸ ਤੋਂ ਪਹਿਲਾਂ ਵੀ ਉਹ ਸੋਸ਼ਲ ਮੀਡੀਆ ’ਤੇ ਆਪਣੇ ਤਿੱਖੇ ਬਿਆਨਾਂ ਕਾਰਨ ਚਰਚਾ ’ਚ ਰਹਿੰਦੀ ਸੀ।
ਉਸ ਦੇ ਕਤਲ ਦੇ ਅਸਲ ਕਾਰਨ ਹਾਲਾਂਕਿ ਜਾਂਚ ਅਧੀਨ ਹਨ ਪਰ ਮੁੱਢਲੇ ਰੂਪ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਨੈਂਸੀ ਆਪਣੀਆਂ ਖ਼ਾਸਕਰ ਧਾਰਮਿਕ ਚਿਹਰਿਆਂ ’ਤੇ ਕੀਤੀਆਂ ਗਈਆਂ ਚੁੱਭਵੀਆਂ ਟਿੱਪਣੀਆਂ ਕਾਰਨ ਕਈਆਂ ਦੇ ਨਿਸ਼ਾਨੇ ’ਤੇ ਸੀ। ਬੇਸ਼ੱਕ ਕਿਸੇ ਮਨੁੱਖ ਨੂੰ ਬੋਲਣ ਦਾ ਸੰਵਿਧਾਨਕ ਹੱਕ ਹੈ ਪਰ ਇਸ ਦੇ ਵੀ ਆਪਣੇ ਦਾਇਰੇ ਹਨ। ਵਿਚਾਰ ਪ੍ਰਗਟਾਵੇ ਦਾ ਅਧਿਕਾਰ ਹੈ ਨਾ ਕਿ ਕਿਸੇ ਨੂੰ ਅਪਸ਼ਬਦ ਕਹਿਣ ਦਾ। ਆਪਣੀ ਗੱਲ ਮਰਿਆਦਾ ’ਚ ਰਹਿ ਕੇ ਕਰਨੀ ਚਾਹੀਦੀ ਹੈ, ਇਹ ਬਹੁਤ ਮਾਅਨੇ ਰੱਖਦਾ ਹੈ।
ਕਈ ਵਾਰ ਫੈਨ-ਫਾਲਵਿੰਗ ਦੀ ਗਿਣਤੀ-ਮਿਣਤੀ ਅਤੇ ਹੱਲਾਸ਼ੇਰੀ ਦੇ ਕੁਮੈਂਟ ਇਹ ਨਹੀਂ ਸਮਝਣ ਦਿੰਦੇ ਕਿ ਅਸੀਂ ਆਪਣੇ ਆਲੇ-ਦੁਆਲੇ ਕਿੰਨੇ ਦੁਸ਼ਮਣ ਸਹੇੜ ਲਏ ਹਨ। ਸੋਸ਼ਲ ਮੀਡੀਆ ਦਾ ਜਿਸ ਹਿਸਾਬ ਨਾਲ ਦਾਇਰਾ ਫੈਲ ਰਿਹਾ ਹੈ, ਬਹੁਤ ਸਾਰੀਆਂ ਔਰਤਾਂ ਨੂੰ ਵੀ ਆਪਣਾ ਟੈਲੇਂਟ ਦੁਨੀਆ ਸਾਹਮਣੇ ਰੱਖਣ ਦਾ ਮੌਕਾ ਮਿਲਿਆ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਕੁਝ ‘ਸਵੈ-ਪ੍ਰਗਟਾਵੇ’ ਕਈ ਵਾਰ ਸਮਾਜ ’ਚ ਅਸ਼ਾਂਤੀ ਦਾ ਕਾਰਨ ਬਣਦੇ ਹਨ। ਮਹਿਲਾ ਸਸ਼ਕਤੀਕਰਨ ਦੀ ਕਦਰ ਕਰਨੀ ਚਾਹੀਦੀ ਹੈ ਪਰ ਔਰਤਾਂ ਦਾ ਫ਼ਰਜ਼ ਹੈ ਕਿ ਉਹ ਸੰਯਮ ਤੇ ਸ਼ਾਲੀਨਤਾ ਨੂੰ ਬਰਕਰਾਰ ਰੱਖਣ। ਇੱਥੇ ਗੱਲ ਔਰਤ ਜਾਂ ਮਰਦ ਕਿਸੇ ਇਕ ਦੀ ਨਹੀਂ ਹੈ।
ਦੋਵਾਂ ਨੂੰ ਹੀ ਆਪਣੇ ਵਿਚਾਰ ਦਾਇਰਿਆਂ ਨੂੰ ਸਮਝਣਾ ਪੈਣਾ ਹੈ। ਸ਼ਬਦਾਂ ਦੀ ਲਸ਼ਮਣ ਰੇਖਾ ਕਿਸੇ ਵੀ ਗ਼ਲਤਫਹਿਮੀ ’ਚ ਪਾਰ ਨਹੀਂ ਕਰਨੀ ਚਾਹੀਦੀ ਹੈ। ਨੈਂਸੀ ਗਰੇਵਾਲ ਤੋਂ ਪਹਿਲਾਂ ਕਮਲ ਕੌਰ ਉਰਫ਼ ‘ਭਾਬੀ’ ਨਾਂ ਨਾਲ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਕਤਲ ਪਿੱਛੇ ਵੀ ਉਸ ਦੀਆਂ ਵਿਵਾਦਤ ਵੀਡੀਓਜ਼ ਤੇ ਟਿੱਪਣੀਆਂ ਸਨ। ਨੈਂਸੀ ਇਕ ਚੰਗੀ ਕਲਾਕਾਰ ਸੀ। ਪੈਸਾ ਤੇ ਸ਼ੁਹਰਤ ਦੇ ਨਾਲ-ਨਾਲ ਆਪਣੀ ਗੱਲ ਰੱਖਣ ਦਾ ਵੀ ਉਸ ਨੂੰ ਵਲ ਸੀ। ਪਰ ਇੰਟਰਨੈੱਟ ਮੀਡੀਆ ’ਤੇ ਉਸ ਵੱਲੋਂ ‘ਊੂਲ-ਜਲੂਲ’ ਕੁਝ ਵੀ ਕਹਿ ਦੇਣ ਜਾਂ ਲਿਖ ਕੇ ਪੋਸਟ ਕਰ ਦੇਣ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਇਕ ਔਰਤ ਦਾ ਕਤਲ ਕਰਨਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਕਈ ਵਾਰ ਲੋਕ ਜਜ਼ਬਾਤੀ ਹੋ ਕੇ ਅਜਿਹੇ ਕਦਮ ਪੁੱਟ ਲੈਂਦੇ ਹਨ। ਹਾਲਾਂਕਿ ਜੇ ਉਸ ਦੇ ਸ਼ਬਦਾਂ ਤੋਂ ਕਿਸੇ ਨੂੰ ਕੋਈ ਦਿੱਕਤ-ਪਰੇਸ਼ਾਨੀ ਹੁੰਦੀ ਸੀ ਤਾਂ ਉਸ ਖ਼ਿਲਾਫ਼ ਮਾਣਹਾਨੀ ਸਣੇ ਕਾਨੂੰਨ ਦੇ ਹੋਰ ਰਾਹ ਵਰਤੇ ਜਾ ਸਕਦੇ ਸਨ। ਨੈਂਸੀ ਇਸ ਗੱਲੋਂ ਜ਼ਰੂਰ ਕਿਤੇ ਨਾ ਕਿਤੇ ਉੱਕੀ ਹੈ ਕਿ ਉਹ ਵਿਰੋਧ ਦੇ ਬਾਵਜੂਦ ਆਪਣੇ ਵਿਵਾਦਤ ਪ੍ਰਗਟਾਵੇ ’ਤੇ ਕਾਬੂ ਨਹੀਂ ਰੱਖ ਸਕੀ।
ਇਸ ਦੇ ਨਾਲ-ਨਾਲ ਵਿਦੇਸ਼ਾਂ ’ਚ ਬਹਿ ਕੇ ਵਿਵਾਦਤ ਟਿੱਪਣੀਆਂ ਕਰਨ ਵਾਲੇ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ ’ਤੇ ਲਿਖਿਆ ਇਕ ਵੀ ਸ਼ਬਦ ਮਿੰਟਾਂ-ਸਕਿੰਟਾਂ ’ਚ ਸੱਤ ਸਮੁੰਦਰ ਪਾਰ ਕਰ ਜਾਂਦਾ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਮਾਚਿਸ ਦੀ ਇਕ ਤੀਲੀ ਪੂਰੇ ਜੰਗਲ ਨੂੰ ਫੂਕ ਦਿੰਦੀ ਹੈ ਤੇ ਤਲਵਾਰ ਦਾ ਫੱਟ ਤਾਂ ਮਿਟ ਜਾਂਦਾ ਹੈ ਪਰ ਬੋਲੇ ਗਏ ਸ਼ਬਦਾਂ ਦਾ ਨਹੀਂ।