ਬਾਬਾ ਸ਼ੇਰ ਸਿੰਘ 1906 ਵਿਚ ਅਮਰੀਕਾ ਦੀ ਬੰਦਰਗਾਹ ਸਾਨ ਫਰਾਂਸਿਸਕੋ ਪਹੁੰਚ ਗਏ। ਸੈਕਰਾਮੈਂਟੋ ਵਿਖੇ ਉਨ੍ਹਾਂ ਦਾ ਮਿਲਾਪ ਬਾਬਾ ਜਵਾਲਾ ਸਿੰਘ, ਸੰਤ ਵਿਸਾਖਾ ਸਿੰਘ ਦਦੇਹਰ ਸਾਹਿਬ ਅਤੇ ਬਾਬਾ ਕੇਸਰ ਸਿੰਘ ਠੱਠਗੜ੍ਹ ਨਾਲ ਹੋਇਆ। ਸ਼ੇਰ ਸਿੰਘ ਨੂੰ ਖੇਤਾਂ ਵਿਚ ਆਲੂ-ਗੰਢੇ ਪੁੱਟਣ ਦਾ ਕੰਮ ਮਿਲ ਗਿਆ।

ਗ਼ਦਰੀ ਬਾਬਾ ਸ਼ੇਰ ਸਿੰਘ ਵੈਂਈਂਪੂੰਈਂ ਦੀ ਅੱਜ 60ਵੀਂ ਬਰਸੀ ਹੈ। ਉਨ੍ਹਾਂ ਦੀ ਮੌਤ ਭਾਵੇਂ 28 ਮਾਰਚ 1966 ਨੂੰ ਹੋਈ ਸੀ ਪਰ ਬਰਸੀ ਪਰਿਵਾਰ, ਪਿੰਡ ਅਤੇ ਇਲਾਕੇ ਵਾਲੇ ਹਰ ਸਾਲ 10 ਮਾਰਚ ਨੂੰ ਮਨਾਉਂਦੇ ਹਨ। ਸ਼ੇਰ ਸਿੰਘ ਦਾ ਜਨਮ ਫਰਵਰੀ 1880 ਵਿਚ ਖਡੂਰ ਸਾਹਿਬ ਦੇ ਨਜ਼ਦੀਕ ਪਿੰਡ ਵੈਂਈਂਪੂੰਈਂ ਜ਼ਿਲ੍ਹਾ ਤਰਨਤਾਰਨ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਕੇਸਰ ਸਿੰਘ ਅਤੇ ਮਾਤਾ ਦਾ ਨਾਮ ਕਿੱਸੋ ਸੀ। ਬਾਬਾ ਸ਼ੇਰ ਸਿੰਘ ਤਿੰਨ ਭੈਣ-ਭਰਾ ਸਨ।
ਘਰੇ ਘੋਰ ਗ਼ਰੀਬੀ ਪਸਰੀ ਹੋਣ ਕਰ ਕੇ ਉਹ ਫੌ਼ਜ ਵਿਚ ਭਰਤੀ ਹੋ ਗਏ। ਫੌ਼ਜ ਵਿਚ ਭਾਰਤੀ ਸਿਪਾਹੀਆਂ ਨੂੰ ਅੰਗਰੇਜ਼ ਸਿਪਾਹੀਆਂ ਨਾਲੋਂ ਬਹੁਤ ਘੱਟ ਤਨਖ਼ਾਹ ਮਿਲਦੀ ਸੀ। ਸ਼ੇਰ ਸਿੰਘ ਕੋਲੋਂ ਇਹ ਝੱਲਿਆ ਨਾ ਗਿਆ ਤੇ ਉਨ੍ਹਾਂ ਨੇ ਫੌ਼ਜ ਦੀ ਨੌਕਰੀ ਛੱਡ ਦਿੱਤੀ। ਜਿਹੜੇ ਪੰਜਾਬੀ ਫ਼ੌਜੀ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਦੂਰ-ਵਿਦੇਸ਼ਾਂ ਵਿਚ ਨੌਕਰੀ ਭਾਵ ਬਰਤਾਨੀਆ ਸਾਮਰਾਜ ਦੀ ਰਾਖੀ ਕਰਦੇ ਸਨ, ਜਦੋਂ ਉਹ ਛੁੱਟੀ ਆਉਂਦੇ ਤੇ ਉਨ੍ਹਾਂ ਤੋਂ ਜਾਣਕਾਰੀ ਮਿਲਦੀ ਕਿ ਵਿਦੇਸ਼ਾਂ ਵਿਚ ਕਿਰਤ ਦਾ ਮੁੱਲ ਹਿੰਦੁਸਤਾਨ ਨਾਲੋਂ ਕਿਤੇ ਵਧੇਰੇ ਹੈ। ਇਸ ਵਿਚਾਰ ਤਹਿਤ ਸ਼ੇਰ ਸਿੰਘ ਆਪਣੇ ਭਣਵੱਈਏ ਕੋਲ ਹਾਂਗਕਾਂਗ ਜਾ ਕੇ ਪੁਲਿਸ ਵਿਚ ਭਰਤੀ ਹੋ ਗਏ। ਹਾਂਗਕਾਂਗ ਤੋਂ ਅੱਗੇ ਉਨ੍ਹਾਂ ਨੇ ਹੰਕਾਊ ਟਾਪੂ ਵਿਖੇ ਵਾਚਮੈਨ ਦੀ ਨੌਕਰੀ ਕੀਤੀ।
ਬਾਬਾ ਸ਼ੇਰ ਸਿੰਘ 1906 ਵਿਚ ਅਮਰੀਕਾ ਦੀ ਬੰਦਰਗਾਹ ਸਾਨ ਫਰਾਂਸਿਸਕੋ ਪਹੁੰਚ ਗਏ। ਸੈਕਰਾਮੈਂਟੋ ਵਿਖੇ ਉਨ੍ਹਾਂ ਦਾ ਮਿਲਾਪ ਬਾਬਾ ਜਵਾਲਾ ਸਿੰਘ, ਸੰਤ ਵਿਸਾਖਾ ਸਿੰਘ ਦਦੇਹਰ ਸਾਹਿਬ ਅਤੇ ਬਾਬਾ ਕੇਸਰ ਸਿੰਘ ਠੱਠਗੜ੍ਹ ਨਾਲ ਹੋਇਆ। ਸ਼ੇਰ ਸਿੰਘ ਨੂੰ ਖੇਤਾਂ ਵਿਚ ਆਲੂ-ਗੰਢੇ ਪੁੱਟਣ ਦਾ ਕੰਮ ਮਿਲ ਗਿਆ। ਅਮਰੀਕਾ ਵਿਚ 1907 ਵਿਚ ਆਰਥਿਕ ਮੰਦਵਾੜਾ ਆਉਣ ਨਾਲ ਬੇਰੁਜ਼ਗਾਰੀ ਵਧ ਗਈ। ਅਮਰੀਕਾ ਦੇ ਮੂਲ ਨਿਵਾਸੀ ਇਹ ਸਮਝਦੇ ਸਨ ਕਿ ਹਿੰਦੁਸਤਾਨ ਦੇ ਮਜ਼ਦੂਰ ਆਉਣ ਕਰਕੇ ਸਾਡਾ ਰੁਜ਼ਗਾਰ ਖੁੱਸਿਆ ਹੈ।
ਸ਼ੇਰ ਸਿੰਘ ਅਮਰੀਕਾ ਦੇ ਇਸ ਨਫ਼ਰਤ ਵਾਲੇ ਮਾਹੌਲ ਵਿਚ ਕੈਨੇਡਾ ਜਾ ਕੇ ਆਰਾ ਮਿੱਲ ਵਿਚ ਕੰਮ ਕਰਨ ਲੱਗ ਪਏ। ਕੈਨੇਡਾ ਸਰਕਾਰ ਅੰਗਰੇਜ਼ਾਂ ਦੀ ਕਠਪੁਤਲੀ ਸੀ ਤੇ ਉਸ ਨੇ ਵੀ ਭਾਰਤੀ ਕਿਰਤੀਆਂ ’ਤੇ ਸਖ਼ਤੀ ਕਰ ਕੇ ਉਨ੍ਹਾਂ ਦੇ ਕੈਨੇਡਾ ਆਉਣ ਲਈ ਸ਼ਰਤਾਂ ਬਹੁਤ ਸਖ਼ਤ ਕਰ ਦਿੱਤੀਆਂ। ਭਾਰਤੀ ਕਾਮਿਆਂ ਨੇ ਇਨ੍ਹਾਂ ਹਾਲਤਾਂ ਵਿਚ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਗ਼ਦਰ ਪਾਰਟੀ ਸਥਾਪਤ ਕਰ ਲਈ। ਉਸ ਨਾਲ ਬੜੀ ਤੇਜ਼ੀ ਨਾਲ ਹਜ਼ਾਰਾਂ ਕਿਰਤੀ ਜੁੜ ਗਏ ਜਿਨ੍ਹਾਂ ਵਿਚ ਮੁੱਖ ਤੌਰ ’ਤੇ ਪੰਜਾਬੀ ਸਨ।
ਪਾਰਟੀ ਨੇ ਫ਼ੈਸਲਾ ਕਰ ਲਿਆ ਕਿ ਹਿੰਦੁਸਤਾਨ ਜਾ ਕੇ ਹਥਿਆਰਬੰਦ ਢੰਗ ਨਾਲ ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਇਆ ਜਾਵੇ। ਗ਼ਦਰ ਪਾਰਟੀ ਦੇ ਇਸ ਐਲਾਨ ’ਤੇ 10000 ਦੇ ਲਗਪਗ ਗ਼ਦਰੀ ਹਿੰਦੁਸਤਾਨ ਪਹੁੰਚ ਗਏ। ਸ਼ੇਰ ਸਿੰਘ ਪਾਰਟੀ ਦੇ ਫੈ਼ਸਲੇ ਨਾਲ ਸਹਿਮਤ ਨਹੀਂ ਸਨ ਪਰ ਉਹ ਪਾਰਟੀ ਦੇ ਬਹੁਮਤ ਦੇ ਫ਼ੈਸਲੇ ਦਾ ਸਤਿਕਾਰ ਕਰਦੇ ਹੋਏ 60 ਗ਼ਦਰੀਆਂ ਦੇ ਜਥੇਦਾਰ ਬਣ ਕੇ ਹਿੰਦੁਸਤਾਨ ਪਹੁੰਚ ਗਏ।
ਕਲਕੱਤੇ ਦੀ ਬੰਦਰਗਾਹ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਮੁਲਤਾਨ ਜੇਲ੍ਹ ਵਿਚ ਭੇਜ ਦਿੱਤਾ ਗਿਆ। ਗ਼ਦਰ ਅਸਫਲ ਹੋਣ ਉਪਰੰਤ ਸ਼ੇਰ ਸਿੰਘ ਨੂੰ ਪਹਿਲੇ ਲਾਹੌਰ ਸਾਜਿਸ਼ ਕੇਸ ਵਿਚ ਉਮਰ ਕੈਦ, ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਖ਼ਤ ਸਜ਼ਾ ਹੋਈ। ਉਹ ਕੈਦ ਭੁਗਤ ਕੇ 1933 ਵਿਚ ਪਿੰਡ ਆਏ ਤੇ ਕਿਰਤੀ ਪਾਰਟੀ, ਕਿਸਾਨ ਸਭਾ, ਖੇਤ ਮਜ਼ਦੂਰ ਸਭਾ ਅਤੇ ਕਮਿਊਨਿਸਟ ਪਾਰਟੀ ਉਸਾਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ।
ਕਿਰਤੀ ਅਖ਼ਬਾਰ ਦੇ ਆਪ ਮੈਨੇਜਰ ਰਹੇ। ਬਾਬਾ ਸ਼ੇਰ ਸਿੰਘ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੇ ਮੁੱਖ ਕਰਤੇ-ਧਰਤਿਆਂ ’ਚੋਂ ਇਕ ਸਨ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਬਾਨੀ ਮੈਂਬਰ ਸਨ।
-ਪਿਰਥੀਪਾਲ ਸਿੰਘ ਮਾੜੀਮੇਘਾ
ਅੰਮ੍ਰਿਤਸਰ।
-ਮੋਬਾਈਲ : 98760-78731