ਸਾਮਰਾਜਵਾਦੀ ਸ਼ੋਸ਼ਣ ਤੋਂ ਮੁਕਤੀ ਦਿਵਾਉਣ ਲਈ ਕ੍ਰਾਂਤੀਕਾਰੀ ਅੰਦੋਲਨ ’ਚ ਸ਼ਾਮਲ ਹੋ ਗਏ ਤੇ ਉਨ੍ਹਾਂ ਦਾ ਪੱਕਾ ਵਿਸ਼ਵਾਸ ਇੰਨਾ ਮਜ਼ਬੂਤ ਹੋ ਗਿਆ ਕਿ ਉਹ ਆਪਣੇ ਜੀਵਨ ਦਾ ਬਲਿਦਾਨ ਦੇਣ ਲਈ ਪ੍ਰੇਰਿਤ ਹੋਏ ਤੇ ਆਖ਼ਰ ਕ੍ਰਾਂਤੀਕਾਰੀ ਰਾਹ ’ਤੇ ਚੱਲਦੇ ਹੋਏ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ।

ਸ਼ਹੀਦ-ਏ-ਵਤਨ ਰਾਜਗੁਰੂ ਦੇ ਭਾਰਤ ਦੇ ਕ੍ਰਾਂਤੀਕਾਰੀ ਅੰਦੋਲਨ ’ਚ ਯੋਗਦਾਨ ਦਾ ਮੁਲਾਂਕਣ ਕਰਦੇ ਸਮੇਂ ਤਿੰਨ ਕ੍ਰਾਂਤੀਕਾਰੀ ਵੀਰਾਂ ਸੁਖਦੇਵ, ਭਗਤ ਸਿੰਘ ਤੇ ਰਾਜੁਗੁਰੂ ਨੂੰ ਇਕੱਠੇ ਜੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਤਿੰਨ ਵੀਰਾਂ ਨੂੰ 23 ਮਾਰਚ 1931 ਨੂੰ ਕੇਂਦਰੀ ਜੇਲ੍ਹ ਲਾਹੌਰ ’ਚ ਫਾਂਸੀ ਦਿੱਤੀ ਗਈ ਸੀ, ਪਰ ਭਗਤ ਸਿੰਘ ਆਮ ਜਨਤਾ ’ਚ ਰਾਜਗੁਰੂ ਤੇ ਸੁਖਦੇਵ ਤੋਂ ਜ਼ਿਆਦਾ ਹਰਮਨਪਿਆਰੇ ਹੋਣ ਕਾਰਨ, ਬਾਕੀ ਦੋਵੇਂ ਪਬਲਿਕ ਮੀਟਿੰਗਾਂ, ਸੈਮੀਨਾਰਾਂ, ਭਾਸ਼ਣਾਂ ਤੇ ਇੱਥੇ ਤੱਕ ਕਿ ਸ਼ਹੀਦੀ ਦਿਵਸ (23 ਮਾਰਚ) ’ਤੇ ਮੀਡੀਆ ’ਚ ਵੀ ਲਗਪਗ ਗਾਇਬ ਹੋ ਜਾਂਦੇ ਹਨ, ਜਦਕਿ ਇਹ ਤਿੰਨੇ ਕ੍ਰਾਂਤੀਕਾਰੀ ਸੋਚ, ਯੋਜਨਾਵਾਂ ਤੇ ਸੰਗਠਨਾਂ ਦੇ ਨਿਰਮਾਣ ਤੇ ਅਮਲ ’ਚ ਇਕ-ਦੂਜੇ ਦੇ ਪੂਰਕ ਰਹੇ ਹਨ।
ਅਪ੍ਰੈਲ 1929 ’ਚ ਐੱਸਐੱਸਪੀ ਹੈਮਿਲਟਨ ਹਾਰਡੀ ਨੇ ਮੈਜਿਸਟ੍ਰੇਟ ਆਰ.ਐੱਸ. ਪੰਡਿਤ ਦੀ ਵਿਸ਼ੇਸ਼ ਅਦਾਲਤ ’ਚ 27 ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ। ਐੱਫਆਈਆਰ ਮੁਤਾਬਕ, ਸੁਖਦੇਵ ਪਹਿਲੇ ਸਥਾਨ ’ਤੇ, ਭਗਤ ਸਿੰਘ 12ਵੇਂ ਸਥਾਨ ’ਤੇ ਅਤੇ ਰਾਜਗੁਰੂ 20ਵੇਂ ਸਥਾਨ ’ਤੇ ਸਨ। ਇਨ੍ਹਾਂ ’ਚੋਂ ਸ਼ਿਵਰਾਮ ਹਰੀ ਰਾਜਗੁਰੂ (24 ਅਗਸਤ 1908-23 ਮਾਰਚ 1931) ਦਾ ਜਨਮ ਬ੍ਰਿਟਿਸ਼ ਭਾਰਤ ’ਚ ਬਾਂਬੇ ਪ੍ਰੈਜ਼ੀਡੈਂਸੀ (ਹੁਣ ਮਹਾਰਾਸ਼ਟਰ) ’ਚ ਪੁਣੇ ਦੇ ਕੋਲ ਖੇੜ ਪਿੰਡ (ਹੁਣ ਰਾਜਗੁਰੂ ਨਗਰ) ’ਚ ਇਕ ਬ੍ਰਾਹਮਣ ਪਰਿਵਾਰ ’ਚ ਹਰੀ ਨਾਰਾਇਣ (ਪਿਤਾ) ਤੇ ਸ੍ਰੀਮਤੀ ਪਾਰਵਤੀ ਬਾਈ (ਮਾਤਾ) ਦੇ ਘਰ ਹੋਇਆ ਸੀ। ਜਦ ਰਾਜਗੁਰੂ ਦੀ ਉਮਰ ਸਿਰਫ਼ ਛੇ ਸਾਲ ਦੀ ਸੀ, ਉਨ੍ਹਾਂ ਦੇ ਪਿਤਾ ਦਾ ਸਵਰਗਵਾਸ ਹੋ ਗਿਆ ਤੇ ਪਰਿਵਾਰ ਦੇ ਪਾਲਣ-ਪੋਸ਼ਣ ਦਾ ਫ਼ਰਜ਼ ਉਨ੍ਹਾਂ ਦੇ ਵੱਡੇ ਭਰਾ ਦੇ ਮੋਢਿਆਂ ’ਤੇ ਆ ਗਿਆ।
ਆਪਣੇ ਪਿੰਡ ਖੇੜ ’ਚ ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ, ਪੁਣੇ ਦੇ ਨਿਊ ਇੰਗਲਿਸ਼ ਹਾਈ ਸਕੂਲ ’ਚ ਦਾਖ਼ਲਾ ਲਿਆ। ਜਦਕਿ ਰਾਜਗੁਰੂ ਇਕ ਪ੍ਰਤਿਭਾਸ਼ਾਲੀ ਤੇ ਪੱਕੇ ਇਰਾਦੇ ਵਾਲੇ ਵਿਦਿਆਰਥੀ ਸਨ ਪਰ ਨਿਊ ਇੰਗਲਿਸ਼ ਹਾਈ ਸਕੂਲ ’ਚ ਪੜ੍ਹਾਈ ਦੇ ਸਮੇਂ ਪ੍ਰੀਖਿਆ ’ਚ ਅੰਗਰੇਜ਼ੀ ਭਾਸ਼ਾ ’ਚ ਘੱਟ ਅੰਕ ਕਾਰਨ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ ਤੇ ਉਨ੍ਹਾਂ ਨੇ ਬੇਇੱਜ਼ਤੀ ਤੇ ਗੁੱਸੇ ਕਾਰਨ ਜੇਬ ’ਚ ਸਿਰਫ਼ ਇਕ ਰੁਪਇਆ (16 ਆਨੇ) ਲੈ ਕੇ ਘਰ ਛੱਡ ਦਿੱਤਾ। ਏਕਨਾਥ ਸਦਾਸ਼ਿਵ ਰਾਓ ਦੀ ਸਲਾਹ ’ਤੇ, ਉਹ ਸੰਸਕ੍ਰਿਤ ਤੇ ਹਿੰਦੂ ਧਰਮ ਗ੍ਰੰਥਾਂ ਦੀ ਪੜ੍ਹਾਈ ਕਰਨ ਲਈ ਵਾਰਾਣਸੀ ਗਏ, ਜਿੱਥੇ ਉਨ੍ਹਾਂ ਨੇ ਲਘੂ ਸਿਧਾਂਤ ਕੌਮੂਦੀ ਵਰਗੇ ਮੁਸ਼ਕਲ ਗ੍ਰੰਥਾਂ ’ਚ ਮੁਹਾਰਤ ਹਾਸਲ ਕੀਤੀ ਤੇ ਵਿੱਦਿਅਕ ਯੋਗਤਾ ਹਾਸਲ ਕਰਨ ਦੇ ਨਾਲ-ਨਾਲ ਸਰੀਰਕ ਸਿਖਲਾਈ ਪ੍ਰਤੀ ਡੂੰਘੀ ਲਗਨ ਵਿਕਸਤ ਕੀਤੀ।
ਨੌਜਵਾਨ ਹੁੰਦਿਆਂ ਹੀ ਰਾਜਗੁਰੂ ਦੇ ਵਾਰਾਣਸੀ ’ਚ ਅਧਿਐਨ ਦੇ ਸਮੇਂ ਸੰਸਕ੍ਰਿਤ ਭਾਸ਼ਾ ’ਚ ਮੁਹਾਰਤ ਹਾਸਲ ਕਰਨ ਦੇ ਬਾਅਦ ਵੈਦਿਕ ਗ੍ਰੰਥਾਂ ਤੇ ਲਘੂ ਸਿਧਾਂਤ ਕੌਮੁਦੀ ਦਾ ਅਧਿਐਨ ਉਨ੍ਹਾਂ ਦੇ ਚਿੰਤਨ ਦਾ ਆਧਾਰ ਬਣ ਗਿਆ। ਇਸ ਤੋਂ ਇਲਾਵਾ ਜਗਤ ਗੁਰੂ ਸ਼ੰਕਰਾਚਾਰਿਆ ਦਾ ਧਾਰਮਿਕ ਵਿਸ਼ਵਾਸ, ਬਾਲ ਗੰਗਾਧਰ ਤਿਲਕ ਦਾ ਰਾਸ਼ਟਰਵਾਦ, ਛੱਤਰਪਤੀ ਸ਼ਿਵਾਜੀ ਦੀ ਛਾਪਾਮਾਰ ਜੰਗੀ ਸ਼ੈਲੀ, ਬ੍ਰਿਟਿਸ਼ ਸਾਮਰਾਜਵਾਦੀ ਸਰਕਾਰ ਦੀ ਸ਼ੋਸ਼ਣ ਵਾਲੀ ਵਿਵਸਥਾ ਤੇ ਭਾਰਤੀਆਂ ਦੇ ਨਾਲ ਜ਼ੁਲਮ, ਲੋਕਾਂ ਦੀ ਗ਼ਰੀਬੀ ਤੇ ਤਲਕੀਫ਼ ਤੇ ਘਰ ਛੱਡਣ ਤੋਂ ਬਾਅਦ ਉਨ੍ਹਾਂ ਦੀਆਂ ਆਪਣੀਆਂ ਤਕਲੀਫ਼ਾਂ, ਜਲ੍ਹਿਆਂਵਾਲਾ ਬਾਗ ਦਾ ਪਹਿਲਾਂ ਤੋਂ ਤੈਅ ਕਤਲੇਆਮ (13 ਅਪ੍ਰੈਲ 1919), ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ ਤੋਂ ਹੋਰ ਨੌਜਵਾਨਾਂ ਵਾਂਗ ਵੱਖ ਹੋਣਾ ਉਨ੍ਹਾਂ ਦੇ ਚਿੰਤਨ ਨੂੰ ਪ੍ਰਭਾਵਿਤ ਕਰਦਾ ਗਿਆ।
ਪਰ ਚੰਦਰਸ਼ੇਖਰ ਆਜ਼ਾਦ ਤੇ ਹੋਰ ਕ੍ਰਾਂਤੀਕਾਰੀਆਂ-ਭਗਤ ਸਿੰਘ, ਸੁਖਦੇਵ ਆਦਿ ਦਾ ਅਸਰ ਉਨ੍ਹਾਂ ਦੇ ਚਿੰਤਨ ’ਤੇ ਅਮਿਟ ਛਾਪ ਛੱਡ ਗਿਆ ਤੇ ਉਹ ਪੂਰੀ ਤਰ੍ਹਾਂ ਰਾਸ਼ਟਰਵਾਦ, ਸਮਾਜਵਾਦ, ਧਰਮ ਨਿਰਪੇਖਤਾ ਤੇ ਸ਼ੋਸ਼ਣ ਰਹਿਤ ਸਮਾਜਿਕ ਵਿਵਸਥਾ ਦੀ ਸਥਾਪਨਾ ਦੇ ਆਧਾਰ ’ਤੇ ਭਾਰਤ ਦੇ ਨਵ ਨਿਰਮਾਣ ਦੇ ਚੰਗੇ ਸਮਰਥਕ ਬਣ ਗਏ।
ਸਾਮਰਾਜਵਾਦੀ ਸ਼ੋਸ਼ਣ ਤੋਂ ਮੁਕਤੀ ਦਿਵਾਉਣ ਲਈ ਕ੍ਰਾਂਤੀਕਾਰੀ ਅੰਦੋਲਨ ’ਚ ਸ਼ਾਮਲ ਹੋ ਗਏ ਤੇ ਉਨ੍ਹਾਂ ਦਾ ਪੱਕਾ ਵਿਸ਼ਵਾਸ ਇੰਨਾ ਮਜ਼ਬੂਤ ਹੋ ਗਿਆ ਕਿ ਉਹ ਆਪਣੇ ਜੀਵਨ ਦਾ ਬਲਿਦਾਨ ਦੇਣ ਲਈ ਪ੍ਰੇਰਿਤ ਹੋਏ ਤੇ ਆਖ਼ਰ ਕ੍ਰਾਂਤੀਕਾਰੀ ਰਾਹ ’ਤੇ ਚੱਲਦੇ ਹੋਏ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ। ਹਰ ਸਾਲ 23 ਮਾਰਚ ਨੂੰ ਪੂਰਾ ਦੇਸ਼ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਣ ਕਰਦਾ ਹੈ।
-ਡਾ. ਰਾਮਜੀਲਾਲ
, drramjilal1947@gmail.com