ਇਸ ਕਾਰਜ ਲਈ ਭਾਈ ਬਲਵੰਤ ਸਿੰਘ, ਭਾਈ ਨੰਦ ਸਿੰਘ ਤੇ ਭਾਈ ਨਰਾਇਣ ਸਿੰਘ ’ਤੇ ਆਧਾਰਿਤ ਇਕ ਪ੍ਰਤੀਨਿਧ ਮੰਡਲ ਦੋਵਾਂ ਦੇਸ਼ਾਂ ਵਿਚ ਭੇਜਣ ਲਈ ਸਮਾਂ ਨਿਸ਼ਚਿਤ ਕੀਤਾ ਗਿਆ, ਪਰ ਦੋਵਾਂ ਦੇਸ਼ਾਂ ਵਿਚ ਅੰਗਰੇਜ਼ ਸਰਕਾਰ ਨੇ ਕੋਈ ਸਹਿਯੋਗ ਨਾ ਦਿੱਤਾ। ਕੈਨੇਡਾ ਪਰਤਣ ਸਮੇਂ ਭਾਈ ਬਲਵੰਤ ਸਿੰਘ ਦਾ ਮਿਲਾਪ ਮੁਸੀਬਤਾਂ ਦਾ ਟਾਕਰਾ ਕਰ ਰਹੇ ਕਾਮਾਗਾਟਾਮਾਰੂ ਜਹਾਜ਼ ਵਾਲੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨਾਲ ਹੋਇਆ।
ਦੂਜੇ ਲਾਹੌਰ ਸਾਜ਼ਿਸ਼ ਕੇਸ ਵਿਚ ਲਾਹੌਰ ਜੇਲ੍ਹ ਵਿਚ ਫ਼ਾਂਸੀ ਦਾ ਰੱਸਾ ਚੁੰਮਣ ਵਾਲਾ ਮਹਾਨ ਸ਼ਹੀਦ ਭਾਈ ਬਲਵੰਤ ਸਿੰਘ ਕੈਨੇਡੀਅਨ (ਖੁਰਦਪੁਰ) ਅਜਿਹਾ ਸੂਰਬੀਰ ਯੋਧਾ ਸੀ, ਜਿਸ ਨੇ ਭਰ ਜਵਾਨੀ ਵਿਚ ਸ਼ਹਾਦਤ ਦਾ ਜਾਮ ਪੀਤਾ। ਭਾਈ ਬਲਵੰਤ ਸਿੰਘ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਰਦਪੁਰ ਵਿਖੇ ਸ. ਬੁੱਧ ਸਿੰਘ ਦੇ ਗ੍ਰਹਿ ਵਿਖੇ 14 ਸਤੰਬਰ, 1882 ਨੂੰ ਹੋਇਆ। ਖੁਰਦਪੁਰ ਦੇ ਨਜ਼ਦੀਕੀ ਕਸਬੇ ਆਦਮਪੁਰ ਦੇ ਮਿਡਲ ਸਕੂਲ ਵਿਚ ਮੁੱਢਲੀ ਸਿੱਖਿਆ ਪ੍ਰਾਪਤੀ ਲਈ ਦਾਖ਼ਲਾ ਲਿਆ ਪਰ ਪਰਿਵਾਰ ਵੱਲੋਂ ਉਨ੍ਹਾਂ ਦਾ ਵਿਆਹ ਬਚਪਨ ਵਿਚ ਹੀ ਕਰ ਦਿੱਤਾ ਗਿਆ।
ਉਨ੍ਹਾਂ ਵੱਲੋਂ ਵਿਆਹ ਉਪਰੰਤ ਪੜ੍ਹਾਈ ਵਿਚ-ਵਿਚਾਲੇ ਹੀ ਛੱਡ ਦਿੱਤੀ ਗਈ। ਜਵਾਨੀ ਵਿਚ ਪੈਰ ਧਰਦਿਆਂ ਉਸ ਸਮੇਂ ਦੀ ਅੰਗਰੇਜ਼ ਹਕੂਮਤ ਦੀ ਭਾਰਤੀ ਫ਼ੌਜ ਵਿਚ ਭਰਤੀ ਹੋ ਗਏ। ਜਦੋਂ ਭਾਈ ਬਲਵੰਤ ਸਿੰਘ ਦੀ ਪਲਟਨ ਮਰਦਾਨ (ਪਾਕਿਸਤਾਨ) ਵਿਚ ਸੀ ਤਾਂ ਇਨ੍ਹਾਂ ਦੀ ਸ਼ਖ਼ਸੀਅਤ ’ਤੇ ਪੰਜਾਬ ਦੀ ਪ੍ਰਸਿੱਧ ਧਾਰਮਿਕ ਹਸਤੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਦੀ ਸੰਗਤ ਦਾ ਅਜਿਹਾ ਅਸਰ ਹੋਇਆ ਕਿ ਉਨ੍ਹਾਂ ਦਾ ਨਿਸ਼ਚਾ ਤੇ ਵਿਸ਼ਵਾਸ ਸਿੱਖ ਧਰਮ ਵਿਚ ਦ੍ਰਿੜ੍ਹ ਹੋ ਗਿਆ । ਅੰਗਰੇਜ਼ ਹਕੂਮਤ ਦੀ ਗੁਲਾਮੀ ਦਾ ਅਹਿਸਾਸ ਵੀ ਹੋ ਗਿਆ ।
23 ਸਾਲ ਦੀ ਉਮਰ ਵਿਚ ਫ਼ੌਜ ਦੀ ਨੌਕਰੀ ਛੱਡ ਕੇ ਛੇਤੀ ਹੀ 1906 ਵਿਚ ਕੈਨੇਡਾ ਚਲੇ ਗਏ । ਉਥੇ ਜਾ ਕੇ ਵੈਨਕੂਵਰ ਵਿਚ ਪਹਿਲਾ ਗੁਰਦੁਆਰਾ ਸਾਹਿਬ ਬਣਾਉਣ ਵਿਚ ਯੋਗਦਾਨ ਪਾਇਆ । ਕੈਨੇਡਾ ਦੇ ਇਸ ਸ਼ਹਿਰ ਦੀ ਸਿੱਖ ਸੰਗਤ ਨੇ ਗੁਰੂ ਘਰ ਦਾ ਗ੍ਰੰਥੀ ਨਿਯੁਕਤ ਕਰ ਦਿੱਤਾ । ਇਸੇ ਕਰਕੇ ਭਾਈ ਸ਼ਬਦ ਉਨ੍ਹਾਂ ਦੇ ਨਾਂਅ ਨਾਲ ਪੱਕੇ ਤੌਰ ’ਤੇ ਜੁੜ ਗਿਆ। ਕੈਨੇਡਾ ਸਰਕਾਰ ਨੇ 1908 ਵਿਚ ਫ਼ੈਸਲਾ ਕੀਤਾ ਕਿ ਬ੍ਰਿਟਿਸ਼ ਕੋਲੰਬੀਆ ਵਿਚ ਰਹਿਣ ਵਾਲੇ ਹਿੰਦੁਸਤਾਨੀਆਂ ਨੂੰ ਅਮਰੀਕਾ ਦੀ ਹੌਂਡਰਸ ਕਾਲੋਨੀ ਵਿਚ ਅਬਾਦ ਕੀਤਾ ਜਾਵੇ। ਪਰ ਭਾਈ ਬਲਵੰਤ ਸਿੰਘ ਨੇ ਸਾਥੀਆਂ ਸਮੇਤ ਇਸ ਨੀਤੀ ਦੀ ਵਿਰੋਧਤਾ ਕੀਤੀ। ਉਨ੍ਹਾਂ ਨੇ 1909 ਵਿਚ ਹਿੰਦੁਸਤਾਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ।
ਇਸ ਐਸੋਸੀਏਸ਼ਨ ਦੇ ਪਰਵਾਸੀ ਭਾਰਤੀਆਂ ਨੇ ਕੈਨੇਡਾ ਨਾ ਆਉਣ ਦੀਆਂ ਬੰਦਿਸ਼ਾਂ ਵਿਰੁੱਧ ਆਵਾਜ਼ ਉਠਾਈ। ਸੰਨ 1911 ਵਿਚ ਉਹ ਆਪਣੇ ਸਾਥੀ ਭਾਈ ਭਾਗ ਸਿੰਘ ਭਿੱਖੀਵਿੰਡ ਨਾਲ ਵਾਪਸ ਹਿੰਦੁਸਤਾਨ ਪੁੱਜੇ ਤੇ 1912 ਵਿਚ ਆਪਣੇ ਪਰਿਵਾਰ ਸਮੇਤ ਵੈਨਕੂਵਰ ਪਹੁੰਚਣ ਵਿਚ ਸਫ਼ਲ ਹੋ ਗਏ। ਫਰਵਰੀ 22 , 1913 ਨੂੰ ਖ਼ਾਲਸਾ ਦੀਵਾਨ ਸੁਸਾਇਟੀ ਅਤੇ ਯੂਨਾਈਟਿਡ ਇੰਡੀਆ ਲੀਗ ਦੀ ਸਾਂਝੀ ਇਕੱਤਰਤਾ ਵਿਚ ਇਹ ਫ਼ੈਸਲਾ ਸਰਬਸੰਮਤੀ ਨਾਲ ਕੀਤਾ ਗਿਆ ਕਿ ਇੰਗਲੈਂਡ ਅਤੇ ਹਿੰਦੁਸਤਾਨ ਦੋਵਾਂ ਦੇਸ਼ਾਂ ਵਿਚ ਜਾ ਕੇ ਬ੍ਰਿਟਿਸ਼ ਸਰਕਾਰ ਨੂੰ ਆਪਣੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਮੰਗ ਪੱਤਰ ਦਿੱਤਾ ਜਾਵੇ।
ਇਸ ਕਾਰਜ ਲਈ ਭਾਈ ਬਲਵੰਤ ਸਿੰਘ, ਭਾਈ ਨੰਦ ਸਿੰਘ ਤੇ ਭਾਈ ਨਰਾਇਣ ਸਿੰਘ ’ਤੇ ਆਧਾਰਿਤ ਇਕ ਪ੍ਰਤੀਨਿਧ ਮੰਡਲ ਦੋਵਾਂ ਦੇਸ਼ਾਂ ਵਿਚ ਭੇਜਣ ਲਈ ਸਮਾਂ ਨਿਸ਼ਚਿਤ ਕੀਤਾ ਗਿਆ, ਪਰ ਦੋਵਾਂ ਦੇਸ਼ਾਂ ਵਿਚ ਅੰਗਰੇਜ਼ ਸਰਕਾਰ ਨੇ ਕੋਈ ਸਹਿਯੋਗ ਨਾ ਦਿੱਤਾ। ਕੈਨੇਡਾ ਪਰਤਣ ਸਮੇਂ ਭਾਈ ਬਲਵੰਤ ਸਿੰਘ ਦਾ ਮਿਲਾਪ ਮੁਸੀਬਤਾਂ ਦਾ ਟਾਕਰਾ ਕਰ ਰਹੇ ਕਾਮਾਗਾਟਾਮਾਰੂ ਜਹਾਜ਼ ਵਾਲੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨਾਲ ਹੋਇਆ। ਉਨ੍ਹਾਂ ਨੇ ਕੈਨੇਡਾ ਦੇ ਪਰਵਾਸੀ ਭਾਰਤੀਆਂ ਵੱਲੋਂ ਬਾਬਾ ਗੁਰਦਿੱਤ ਸਿੰਘ ਨੂੰ ਹਰ ਸਮੇਂ ਹਰ ਹਾਲਤ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਪਰਵਾਸੀ ਭਾਰਤੀਆਂ ਨੇ ਗ਼ਦਰ ਪਾਰਟੀ ਨਾਲ ਸੰਪਰਕ ਬਣਾਇਆ ਪਰ ਅੰਗਰੇਜ਼ ਹਕੂਮਤ ਦਾ ਵਤੀਰਾ ਹੋਰ ਵੀ ਸਖ਼ਤ ਹੋ ਗਿਆ। ਕੈਨੇਡੀਅਨ ਹਕੂਮਤ ਦੇ ਇਮੀਗ੍ਰੇਸ਼ਨ ਇੰਸਪੈਕਟਰ ਵਿਲੀਅਮ ਹਾਪਨਿਕਸ ਨੇ ਪੰਜ ਸਤੰਬਰ, 1914 ਨੂੰ ਵੈਨਕੂਵਰ ਦੇ ਗੁਰਦੁਆਰਾ ਕੰਪਲੈਕਸ ਵਿਚ ਦੋ ਨੌਜਵਾਨਾਂ ਨੂੰ ਗੋਲ਼ੀਆਂ ਨਾਲ ਮਾਰ ਦਿੱਤਾ। ਇਨ੍ਹਾਂ ਸ਼ਹਾਦਤਾਂ ਦੇ ਰੋਸ ਵਜੋਂ 21 ਅਕਤੂਬਰ 1914 ਨੂੰ ਪਰਵਾਸੀ ਭਾਰਤੀ ਭਾਈ ਸੇਵਾ ਸਿੰਘ ਨੇ ਸ਼ਹਿਰ ਦੀ ਕਚਹਿਰੀ ਵਿਚ ਹੀ ਵਿਲੀਅਮ ਹਾਪਨਿਕਸ ਨੂੰ ਗੋਲ਼ੀਆਂ ਨਾਲ ਉਡਾ ਦਿੱਤਾ। ਇਸ ਕਤਲ ਦੀ ਸਾਜਿਸ਼ ਵਿਚ ਅਤੇ ਸ਼ੱਕ ’ਚ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਕੋਈ ਗਵਾਹੀ ਨਾ ਮਿਲਣ ਕਰਕੇ ਛੱਡਣਾ ਪਿਆ।
ਇਸ ਤੋਂ ਪਿੱਛੋਂ ਭਾਈ ਬਲਵੰਤ ਸਿੰਘ ਨੂੰ ਕੈਨੇਡਾ ਵਿੱਚੋਂ ਕੱਢ ਦਿੱਤਾ ਗਿਆ। ਕੈਨੇਡਾ ਤੋਂ ਵਾਪਸੀ ਸਮੇਂ ਉਹ ਸ਼ਿੰਘਾਈ ਪੁੱਜੇ ਅਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਦੀਆਂ ਔਕੜਾਂ ਨੂੰ ਦੇਖਦਿਆਂ ਗ਼ਦਰ ਲਹਿਰ ਦੇ ਹੱਕ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਬਲਵੰਤ ਸਿੰਘ 1915 ’ਚ ਥਾਈਲੈਂਡ ਗਏ। ਉਹ ਇਥੇ ਅਮਰੀਕਾ ਤੋਂ ਪੁੱਜੇ ਸਾਰੇ ਗ਼ਦਰੀ ਬਾਬਿਆਂ ਨੂੰ ਮਿਲੇ। ਇਹ ਸਾਰੇ ਗ਼ਦਰੀ ਬਾਬੇ ਬਰਮਾ ਵਿਖੇ ਅੰਗਰੇਜ਼ਾਂ ਦੇ ਵਿਰੋਧ ਵਿਚ ਬਗ਼ਾਵਤ ਖੜ੍ਹੀ ਕਰਨਾ ਚਾਹੁੰਦੇ ਸਨ।
ਇਥੇ ਪੁੱਜ ਕੇ ਭਾਈ ਬਲਵੰਤ ਸਿੰਘ ਕੈਨੇਡੀਅਨ ਸਖ਼ਤ ਬਿਮਾਰ ਹੋ ਗਏ। ਜਦੋਂ ਹਸਪਤਾਲ ਪੁੱਜੇ ਤਾਂ ਇਥੋਂ ਇਨ੍ਹਾਂ ਨੂੰ ਬਿਮਾਰੀ ਦੀ ਹਾਲਤ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਬਿਮਾਰੀ ਦੌਰਾਨ ਹੀ ਹਿੰਦੁਸਤਾਨ ਭੇਜ ਦਿੱਤਾ ਗਿਆ। ਹਿੰਦੁਸਤਾਨ ਪਹੁੰਚ ਕੇ ਭਾਈ ਬਵਲੰਤ ਸਿੰਘ ਵਰਗੇ ਸੂਰਬੀਰ ਤੇ ਅਣਖੀ ਯੋਧੇ ’ਤੇ ਦੂਜੇ ਲਾਹੌਰ ਸਾਜਿਸ਼ ਕੇਸ ਅਧੀਨ ਮੁਕੱਦਮਾ ਚਲਾਇਆ ਗਿਆ। ਅੰਤ 30 ਮਾਰਚ, 1917 ਨੂੰ ਇਸ ਅਣਖੀਲੇ ਨੌਜਵਾਨ ਨੂੰ 35 ਕੁ ਸਾਲ ਦੀ ਭਰ ਜਵਾਨੀ ’ਚ ਲਾਹੌਰ ਜੇਲ੍ਹ ’ਚ ਫ਼ਾਂਸੀ ਦੇ ਫੰਦੇ ’ਤੇ ਲਟਕਾ ਦਿੱਤਾ ਗਿਆ।
-ਭਗਵਾਨ ਸਿੰਘ ਜੌਹਲ,
98143-24040।