ਪ੍ਰਬੰਧਨ ਨੂੰ ਵਧੇਰੇ ਪਾਰਦਰਸ਼ੀ ਅਤੇ ਕੁਸ਼ਲ ਬਣਾਉਣਾ ਵੀ ਵੀਸੀ ਦੇ ਤਰਜੀਹੀ ਏਜੰਡਿਆਂ ਵਿਚ ਸ਼ਾਮਲ ਹੈ। ਸੋਲਰ ਊਰਜਾ ਨੂੰ ਉਤਸ਼ਾਹਤ ਕਰਨ, ਰੀਸਾਈਕਲਿੰਗ ਸਿਸਟਮ ਮਜ਼ਬੂਤ ਕਰਨ ਅਤੇ ਵੱਡੇ ਪੱਧਰ ’ਤੇ ਪੌਦੇ ਲਗਾਉਣ ਬਾਰੇ ਵਿਓਂਤ ਕੀਤੀ ਜਾ ਰਹੀ ਹੈ। ’ਵਰਸਿਟੀ ਦੀ ਅਸਲ ਪਛਾਣ ਪੰਜਾਬੀ ਭਾਸ਼ਾ ਨਾਲ ਹੈ। ਇਸੇ ਲਈ ਪੰਜਾਬੀ ਭਾਸ਼ਾ ਨੂੰ ਉਚੇਰੀ ਸਿੱਖਿਆ ਦੇ ਮਾਧਿਅਮ ਵਜੋਂ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ।

ਪੰਜਾਬੀ ਯੂਨੀਵਰਸਿਟੀ ਦੀ 41ਵੀਂ ਕਨਵੋਕੇਸ਼ਨ ਅੱਜ ਹੋ ਰਹੀ ਹੈ ਜਿਸ ਵਿਚ ਰਾਜਪਾਲ, ਪੰਜਾਬ ਅਤੇ ਇਸ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਹੋਣਗੇ। ਕਨਵੋਕੇਸ਼ਨ ਦਾ ਇਹ ਦਿਨ ਸਿਰਫ਼ ਇਕ ਸਮਾਗਮ ਨਹੀਂ ਹੁੰਦਾ, ਸਗੋਂ ਸੈਂਕੜੇ ਸੁਪਨਿਆਂ ਦੇ ਹਕੀਕਤ ਬਣ ਕੇ ਉਡਾਨ ਭਰਨ ਦਾ ਜਸ਼ਨ ਹੁੰਦਾ ਹੈ। ਪੰਜਾਬੀ ਯੂਨੀਵਰਸਿਟੀ ਦਾ ਵਿਹੜਾ ਇਸ ਮੌਕੇ ਉਨ੍ਹਾਂ ਸੈਂਕੜੇ ਸੁਪਨਿਆਂ ਦਾ ਗਵਾਹ ਬਣਦਾ ਹੈ ਜੋ ਹਕੀਕਤ ਬਣ ਕੇ ਦੁਨੀਆ ਭਰ ਵਿਚ ਖ਼ੁਸ਼ਬੂ ਫੈਲਾਉਣ ਲਈ ਤਿਆਰ ਹਨ। ਕਨਵੋਕੇਸ਼ਨ ਦਾ ਇਹ ਦਿਨ ਉਨ੍ਹਾਂ ਮਾਪਿਆਂ ਲਈ ਵੀ ਮਾਣਮੱਤਾ ਹੁੰਦਾ ਹੈ ਜਿਨ੍ਹਾਂ ਨੇ ਪਿੰਡਾਂ ਜਾਂ ਛੋਟੇ ਸ਼ਹਿਰਾਂ ਦੇ ਅਣਜਾਣ ਮੁਹੱਲਿਆਂ ਵਿਚ ਰਹਿ ਕੇ ਆਪਣੇ ਧੀਆਂ-ਪੁੱਤਾਂ ਨੂੰ ਉੱਚ-ਸਿੱਖਿਆ ਦੇ ਇਸ ਮੰਦਰ ਤੱਕ ਭੇਜਿਆ। ਕਨਵੋਕੇਸ਼ਨ ਦੇ ਇਸ ਮੌਕੇ ਇਸ ਮਾਣਮੱਤੀ ਯੂਨੀਵਰਸਿਟੀ ਦੀ ਗੌਰਵਮਈ ਯਾਤਰਾ ਨੂੰ ਯਾਦ ਕਰਨ ਦਾ ਸਬੱਬ ਹੈ। ਪੰਜਾਬੀ ਯੂਨੀਵਰਸਿਟੀ ਪੰਜਾਬੀਅਤ ਦੀ ਰੂਹ ਅਤੇ ਗਿਆਨ ਦਾ ਅਮਰ ਸੋਮਾ ਹੈ।
ਇਹ ਯੂਨੀਵਰਸਿਟੀ ਸਿਰਫ਼ ਡਿਗਰੀਆਂ ਹੀ ਨਹੀਂ ਦਿੰਦੀ ਸਗੋਂ ਜੀਵਨ ਦੀ ਰੋਸ਼ਨੀ ਦਿੰਦੀ ਹੈ ਜੋ ਵਿਦਿਆਰਥੀਆਂ ਦੇ ਜੀਵਨ ਨੂੰ ਅੱਗੇ ਵਧਾਉਂਦੀ ਹੈ। ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ 1962 ਵਿਚ ਹੋਈ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਨੂੰ ਭਾਸ਼ਾਈ ਆਧਾਰ ’ਤੇ ਵੰਡਿਆ ਗਿਆ। ਅਜਿਹੇ ਸਮਿਆਂ ਵਿਚ ਪੰਜਾਬੀ ਯੂਨੀਵਰਸਿਟੀ ਜਿਹੇ ਸਮਰੱਥ ਅਤੇ ਸੁਹਿਰਦ ਵਿੱਦਿਅਕ ਅਦਾਰਿਆਂ ਦੀ ਲੋੜ ਸੀ। ਉਸ ਸਮੇਂ ਦੇ ਰਾਸ਼ਟਰਪਤੀ ਡਾ. ਐੱਸ ਰਾਧਾਕ੍ਰਿਸ਼ਨਨ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੇ ਵਿਜ਼ਨ ਨਾਲ ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੰਸਕ੍ਰਿਤੀ ਨੂੰ ਪ੍ਰਮੁਖੱਤਾ ਦੇਣ ਵਾਲੀ ਪਹਿਲੀ ਪੰਜਾਬੀ ਭਾਸ਼ਾ ਆਧਾਰਤ ਯੂਨੀਵਰਸਿਟੀ ਬਣੀ। ਅੱਜ ਇਹ ਆਰਟਸ, ਸਾਇੰਸ, ਇੰਜੀਨੀਅਰਿੰਗ, ਮੈਡੀਸਨ, ਲਾਅ ਅਤੇ ਮੈਨੇਜਮੈਂਟ ਵਰਗੇ ਵਿਭਾਗਾਂ ਨਾਲ ਲੈਸ ਹੈ। ਇਸ ਯੂਨੀਵਰਸਿਟੀ ਨੇ ਵਿੱਤੀ ਤੰਗੀਆਂ ਦੇ ਬਾਵਜੂਦ ਆਪਣੀ ਮਿਆਰੀ ਸਿੱਖਿਆ ਅਤੇ ਖੋਜ ਦੇ ਪੱਧਰ ਨੂੰ ਡਿੱਗਣ ਨਹੀਂ ਦਿੱਤਾ। ਯੂਨੀਵਰਸਿਟੀ ਨੇ ਵੱਡੀ ਗਿਣਤੀ ਵਿਚ ਵਿਦਵਾਨ ਪੈਦਾ ਕੀਤੇ ਹਨ ਜੋ ਅੱਜ ਵਿਸ਼ਵ ਪੱਧਰੀ ਖੋਜਕਾਰ, ਲੇਖਕ, ਕਲਾਕਾਰ, ਕਾਰੋਬਾਰੀ ਆਦਿ ਦੇ ਰੂਪ ਵਿਚ ਦੁਨੀਆ ਦੀਆਂ ਵੱਖ-ਵੱਖ ਥਾਵਾਂ ’ਤੇ ਆਪਣੀ ਚਮਕ ਬਿਖੇਰ ਰਹੇ ਹਨ। ਯੂਨੀਵਰਸਿਟੀ ਦੀ ਇਸ ਕਨਵੋਕੇਸ਼ਨ ਵਿਚ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨ ਵੀ ਆਉਣ ਵਾਲੇ ਸਮੇਂ ਵਿਚ ਪੰਜਾਬ ਅਤੇ ਦੇਸ਼ ਦੇ ਸੁਨਹਿਰੀ ਭਵਿੱਖ ਦੀ ਨੀਂਹ ਰੱਖਣਗੇ। ਇਸ ਮੌਕੇ 725 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ ਜਾਣਗੇ। ਇਸ ਗਿਣਤੀ ਵਿਚ 457 ਡਾਕਟਰੇਟ ਡਿਗਰੀਆਂ ਸ਼ਾਮਲ ਹਨ, ਜਦਕਿ 179 ਪੋਸਟ ਗ੍ਰੈਜੂਏਟ ਅਤੇ ਪੇਸ਼ੇਵਰ ਕੋਰਸਾਂ ਦੇ ਵਿਦਿਆਰਥੀ ਅਤੇ 86 ਅੰਡਰ ਗ੍ਰੈਜੂਏਟ ਕੋਰਸਾਂ ਦੇ ਟੌਪਰ ਵਿਦਿਆਰਥੀ ਸ਼ਾਮਲ ਹਨ। ਪੀਐੱਚਡੀ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਕੁੱਲ 457 ਵਿਦਿਆਰਥੀਆਂ ਵਿਚ ਲਾਈਫ ਸਾਇੰਸ ਫੈਕਲਟੀ ਦੇ 27 ਵਿਦਿਆਰਥੀ, ਫਿਜ਼ੀਕਲ ਸਾਇੰਸਿਜ਼ ਫੈਕਲਟੀ ਦੇ 37, ਸੋਸ਼ਲ ਸਾਇੰਸਿਜ਼ ਫੈਕਲਟੀ ਦੇ 90, ਆਰਟ ਐਂਡ ਕਲਚਰ ਫੈਕਲਟੀ ਦੇ 10, ਭਾਸ਼ਾ ਫੈਕਲਟੀ ਦੇ 55, ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸਿਜ਼ ਫੈਕਲਟੀ ਦੇ 55, ਬਿਜ਼ਨਸ ਫੈਕਲਟੀ ਦੇ 85, ਕਾਨੂੰਨ ਫੈਕਲਟੀ ਦੇ 16, ਇੰਜੀਨੀਅਰਿੰਗ ਐਂਡ ਟੈਕਨਾਲੋਜੀ ਫੈਕਲਟੀ ਦੇ 37, ਮੈਡੀਸਨ ਦੇ 14 ਤੇ ਕੰਪਿਊਟਿੰਗ ਸਾਇੰਸਿਜ਼ ਦੇ 31 ਵਿਦਿਆਰਥੀ ਸ਼ਾਮਲ ਹਨ।
ਮੈਡਲਾਂ ਦੀ ਗਿਣਤੀ ਵਿਚ ਤਿੰਨ ਚਾਂਸਲਰ ਮੈਡਲ ਅਤੇ ਨੌਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਮੈਡਲ (ਦੋ ਸਾਲਾਂ ਦੇ 18 ਮੈਡਲ) ਸ਼ਾਮਲ ਹਨ। ਦਾਨੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਵਿਸ਼ੇਸ਼ ਮੈਡਲ ਇਸ ਗੱਲ ਦਾ ਸਬੂਤ ਹਨ ਕਿ ਸਮਾਜ ਅੱਜ ਵੀ ਵਿੱਦਿਆ ਦੇ ਦਾਨ ਨੂੰ ਸਭ ਤੋਂ ਉੱਚਾ ਮੰਨਦਾ ਹੈ। ਇਨ੍ਹਾਂ ਨੌਂ ਮੈਡਲਾਂ ’ਚ ਹਰੇਕ ਦਾ ਆਪਣਾ ਇਕ ਇਤਿਹਾਸ ਹੈ। ਇਹ ਮੈਡਲ ਪਿਛਲੇ ਸਮੇਂ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ/ਪਰਿਵਾਰਾਂ ਵੱਲੋਂ ਦਿੱਤੀ ਗਈ ਦਾਨ ਰਾਸ਼ੀ ਦੇ ਵਿਆਜ ਨਾਲ ਦਿੱਤੇ ਜਾਂਦੇ ਹਨ। ਉਪ-ਕੁਲਪਤੀ ਡਾ. ਜਗਦੀਪ ਸਿੰਘ ਦਾ ਮੰਨਣਾ ਹੈ ਕਿ ਆਪਣੇ ਪਿਆਰਿਆਂ ਨੂੰ ਯਾਦ ਰੱਖਣ ਦਾ ਇਹ ਬਹੁਤ ਵਧੀਆ ਢੰਗ ਹੁੰਦਾ ਹੈ। ਉਪ-ਕੁਲਪਤੀ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਤਰੱਕੀ ਦੇ ਨਵੇਂ ਦਿਸਹੱਦੇ ਸਿਰਜ ਦਿੱਤੇ ਹਨ। ਉਨ੍ਹਾਂ ਦੀ ਯੋਗ ਅਗਵਾਈ ਨਾਲ ਖੋਜ, ਢਾਂਚਾਗਤ ਵਿਕਾਸ, ਵਿਦਿਆਰਥੀ ਭਲਾਈ ਤੇ ਅੰਤਰਰਾਸ਼ਟਰੀ ਸਹਿਯੋਗ ਵਿਚ ਹੋ ਰਹੀ ਪ੍ਰਗਤੀ ਵਿਖਾਈ ਦੇਣੀ ਸ਼ੁਰੂ ਹੋ ਗਈ ਹੈ। ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਉਹ ਸਰਕਾਰ ਨਾਲ ਲਗਾਤਾਰ ਰਾਬਤੇ ਵਿਚ ਹਨ। ਉਹ ਅਲੂਮਨੀ ਨੈੱਟਵਰਕ ਨੂੰ ਮਜ਼ਬੂਤ ਕਰ ਕੇ ਫੰਡ ਜੁਟਾਉਣ, ਇੰਡਸਟਰੀ ਨਾਲ ਸਾਂਝੇਦਾਰੀਆਂ ਕਾਇਮ ਕਰਨ ਅਤੇ ਖੋਜ ਪ੍ਰਾਜੈਕਟਾਂ ਰਾਹੀਂ ਵੱਖ-ਵੱਖ ਏਜੰਸੀਆਂ ਤੋਂ ਫੰਡਿੰਗ ਹਾਸਲ ਕਰਨ ਦੀ ਦਿਸ਼ਾ ਵਿਚ ਨਿਰੰਤਰ ਯਤਨਸ਼ੀਲ ਹਨ। ਬੇਲੋੜੇ ਖ਼ਰਚੇ ਘਟਾ ਕੇ ਨਵੇਂ ਰੈਵੇਨਿਊ ਸਰੋਤ ਪੈਦਾ ਕਰ ਕੇ ਵਿੱਤੀ ਸਥਿਰਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਨੂੰ ਮਜ਼ਬੂਤ ਅਤੇ ਸਰਗਰਮ ਕਰਨ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਣ।
ਪ੍ਰਬੰਧਨ ਨੂੰ ਵਧੇਰੇ ਪਾਰਦਰਸ਼ੀ ਅਤੇ ਕੁਸ਼ਲ ਬਣਾਉਣਾ ਵੀ ਵੀਸੀ ਦੇ ਤਰਜੀਹੀ ਏਜੰਡਿਆਂ ਵਿਚ ਸ਼ਾਮਲ ਹੈ। ਸੋਲਰ ਊਰਜਾ ਨੂੰ ਉਤਸ਼ਾਹਤ ਕਰਨ, ਰੀਸਾਈਕਲਿੰਗ ਸਿਸਟਮ ਮਜ਼ਬੂਤ ਕਰਨ ਅਤੇ ਵੱਡੇ ਪੱਧਰ ’ਤੇ ਪੌਦੇ ਲਗਾਉਣ ਬਾਰੇ ਵਿਓਂਤ ਕੀਤੀ ਜਾ ਰਹੀ ਹੈ। ’ਵਰਸਿਟੀ ਦੀ ਅਸਲ ਪਛਾਣ ਪੰਜਾਬੀ ਭਾਸ਼ਾ ਨਾਲ ਹੈ। ਇਸੇ ਲਈ ਪੰਜਾਬੀ ਭਾਸ਼ਾ ਨੂੰ ਉਚੇਰੀ ਸਿੱਖਿਆ ਦੇ ਮਾਧਿਅਮ ਵਜੋਂ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ। ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਖੋਜ ਨੂੰ ਪ੍ਰਫੁੱਲਿਤ ਕਰਨ ਲਈ ਯੂਨੀਵਰਸਿਟੀ ਯਤਨਸ਼ੀਲ ਹੈ। ਪੰਜਾਬੀਅਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚਾਉਣ ਲਈ ਵੱਖ-ਵੱਖ ਸੈਮੀਨਾਰ ਅਤੇ ਪ੍ਰਾਜੈਕਟ ਚੱਲ ਰਹੇ ਹਨ। ਹਾਲ ਹੀ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਜਟ ਨੂੰ ਵਧਾ ਕੇ 16 ਤੋਂ 20 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਜੋ ਨਵੇਂ ਵਿੱਤੀ ਸਾਲ 2026-27 ਲਈ ਹੈ। ਇਸ ਨਾਲ ਪੰਜਾਬੀ ਭਾਸ਼ਾ ਦੇ ਪ੍ਰਚਾਰ, ਵਿਕਾਸ ਅਤੇ ਪ੍ਰਸਾਰ ਨੂੰ ਨਵੀਂ ਤਾਕਤ ਮਿਲੀ ਹੈ ਜਦਕਿ ਕੁੱਲ ਬਜਟ ਦੇ 43.40 ਫ਼ੀਸਦੀ ਹਿੱਸੇ ਨੂੰ ਅਧਿਆਪਨ, ਖੋਜ ਅਤੇ ਸਿੱਖਿਆ ਸੁਧਾਰ ਲਈ ਰਾਖਵਾਂ ਰੱਖਿਆ ਗਿਆ ਹੈ। ਪੰਜਾਬੀ ਭਾਸ਼ਾ ਦੇ ਬਜਟ ਵਿਚ ਕੀਤਾ ਇਹ ਵਾਧਾ, ਸਾਡੀ ਮਾਂ-ਬੋਲੀ ਦੇ ਸੁਨਹਿਰੀ ਭਵਿੱਖ ਦੀ ਗਾਰੰਟੀ ਸਾਬਿਤ ਹੋਵੇਗਾ। ਇਸ ਤੋਂ ਇਲਾਵਾ ਇਕ ਨਵੀਂ ਪਹਿਲਕਦਮੀ ‘ਵਾਈਸ ਚਾਂਸਲਰ ਕਾਨਫਰੰਸ ਸੀਰੀਜ਼’ ਲਈ ਵੀ 75 ਲੱਖ ਰੁਪਏ ਰਾਖਵੇਂ ਰੱਖੇ ਹਨ। ਪੰਜਾਬੀ ਯੂਨੀਵਰਸਿਟੀ ਦੀ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੇ ਹਮੇਸ਼ਾ ਨਿਮਨ ਵਰਗ ਦੇ ਪਿਛੋਕੜ ਵਾਲੇ ਵਿਦਿਆਰਥੀਆਂ, ਖ਼ਾਸ ਕਰਕੇ ਕੁੜੀਆਂ, ਗ਼ਰੀਬ ਘਰਾਂ ਅਤੇ ਪਿੰਡਾਂ ਦੇ ਨੌਜਵਾਨ ਵਿਦਿਆਰਥੀਆਂ ਦੇ ਉਚੇਰੀ ਸਿੱਖਿਆ ਨਾਲ ਸਬੰਧਤ ਸੁਪਨੇ ਪੂਰੇ ਕੀਤੇ ਹਨ। ਇੱਥੇ ਸਸਤੀ ਫੀਸ ਅਤੇ ਹੋਸਟਲ ਸਹੂਲਤਾਂ ਨਾਲ ਬਹੁਤੇ ਵਿਦਿਆਰਥੀ ਗ਼ਰੀਬੀ ਅਤੇ ਸੀਮਤ ਸਾਧਨਾਂ ਦੇ ਬਾਵਜੂਦ ਉੱਚ ਸਿੱਖਿਆ ਹਾਸਲ ਕਰਦੇ ਹਨ।
-ਡਾ. ਹਰਮਿੰਦਰ ਸਿੰਘ ਖੋਖਰ
-(ਡਾਇਰੈਕਟਰ, ਲੋਕ ਸੰਪਰਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ)।
-ਮੋਬਾਈਲ: 98157-79202