ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲਣੀ ਕੁਦਰਤੀ ਸੀ ਕਿਉਂਕਿ ਮਹਾਰਾਜਾ ਨਾਭਾ ਸਿੱਖਾਂ ਵਿਚ ਬਹੁਤ ਹਰਮਨ-ਪਿਆਰੇ ਹੋ ਚੁੱਕੇ ਸਨ। ਅੰਗਰੇਜ਼ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਹੀ 5 ਅਗਸਤ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ’ਚ ਹੋਈ ਬੈਠਕ ਵਿਚ ਮਹਾਰਾਜਾ ਰਿਪੁਦਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕਰ ਕੇ 9 ਸਤੰਬਰ ਨੂੰ ਮਹਾਰਾਜੇ ਦੇ ਹੱਕ ਵਿਚ ਨਾਭਾ ਦਿਵਸ ਮਨਾਉਣ ਦਾ ਐਲਾਨ ਕੀਤਾ।
ਜੈਤੋ ਦਾ ਮੋਰਚਾ ਸਿੱਖ ਇਤਿਹਾਸ ਦਾ ਉਹ ਸ਼ਾਂਤਮਈ ਮੋਰਚਾ ਰਿਹਾ ਹੈ ਜੋ ਸਾਰੇ ਸਿੱਖ ਮੋਰਚਿਆਂ ਤੋਂ ਲੰਬਾ (ਪੌਣੇ ਦੋ ਸਾਲ ਤੋਂ ਵੀ ਵੱਧ ਸਮੇਂ ਤੱਕ) ਜਾਰੀ ਰਿਹਾ। ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ ਹਕੂਮਤ ਨੂੰ ‘ਗੁਰਦੁਆਰਾ ਐਕਟ’ ਬਣਾਉਣ ਲਈ ਮਜਬੂਰ ਹੋਣਾ ਪਿਆ। ਇਸੇ ਐਕਟ ਅਧੀਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਇਸ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ ਹਕੂਮਤ ਨੇ ਰਿਪੁਦਮਨ ਸਿੰਘ ਨੂੰ ਨਾਭਾ ਦੀ ਗੱਦੀ ਤੋਂ ਜਬਰੀ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ ਸੀ।
ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲਣੀ ਕੁਦਰਤੀ ਸੀ ਕਿਉਂਕਿ ਮਹਾਰਾਜਾ ਨਾਭਾ ਸਿੱਖਾਂ ਵਿਚ ਬਹੁਤ ਹਰਮਨ-ਪਿਆਰੇ ਹੋ ਚੁੱਕੇ ਸਨ। ਅੰਗਰੇਜ਼ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਹੀ 5 ਅਗਸਤ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ’ਚ ਹੋਈ ਬੈਠਕ ਵਿਚ ਮਹਾਰਾਜਾ ਰਿਪੁਦਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕਰ ਕੇ 9 ਸਤੰਬਰ ਨੂੰ ਮਹਾਰਾਜੇ ਦੇ ਹੱਕ ਵਿਚ ਨਾਭਾ ਦਿਵਸ ਮਨਾਉਣ ਦਾ ਐਲਾਨ ਕੀਤਾ। ਅੰਗਰੇਜ਼ ਸਰਕਾਰ ਵੱਲੋਂ ਮਹਾਰਾਜੇ ਦੇ ਸਬੰਧ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਆਗਿਆ ਨਾ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਵੱਲੋਂ ਪੰਜਾਬ ਭਰ ਵਿਚ ਥਾਂ-ਥਾਂ ਮੁਜ਼ਾਹਰੇ ਕੀਤੇ ਗਏ ਅਤੇ ਮਹਾਰਾਜੇ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ।
ਜੈਤੋ ਮੰਡੀ ਵਿਚ ਵੀ ਅਜਿਹਾ ਮੁਜ਼ਾਹਰਾ ਕਰਨ ਉਪਰੰਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਜੈਤੋ ਵਿਖੇ ਅਖੰਡ ਪਾਠਾਂ ਦੀ ਲੜੀ ਨੂੰ ਹਕੂਮਤ ਨੇ ਵੱਡੀ ਬਗ਼ਾਵਤ ਦੇ ਤੌਰ ’ਤੇ ਲਿਆ ਤੇ 14 ਸਤੰਬਰ ਨੂੰ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖ਼ਲ ਹੋ ਕੇ ਉੱਥੇ ਇਕੱਤਰ ਹੋਏ ਲੋਕਾਂ ਅਤੇ ਸੇਵਾਦਾਰਾਂ ਨੂੰ ਗਿ੍ਰਫ਼ਤਾਰ ਕਰ ਲਿਆ ਤੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਬਾਹਰ ਖਿੱਚ ਲਿਆਂਦਾ। ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ। ਇਹ ਸਿੱਖਾਂ ਮਰਿਆਦਾ ਦੀ ਘੋਰ ਉਲੰਘਣਾ ਸੀ।
ਇਸ ਘਟਨਾ ਨੇ ਮਹਾਰਾਜੇ ਦੇ ਮਸਲੇ ਨੂੰ ਧਾਰਮਿਕ ਮੁੱਦਾ ਬਣਾ ਦਿੱਤਾ। ਜੈਤੋ ਮੋਰਚੇ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡਿਤ ਰੂਪ ਵਿਚ ਚਾਲੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜੱਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮ੍ਰਿਤਸਰ ਤੋਂ ਰੋਜ਼ਾਨਾ 25-25 ਸਿੰਘਾਂ ਦੇ ਜੱਥੇ ਜੈਤੋ ਵੱਲ ਭੇਜਣੇ ਸ਼ੁਰੂ ਕੀਤੇ। ਹਰ ਰੋਜ਼ ਇਕ ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਸਿੰਘਾਂ ਨੂੰ ਗਿ੍ਰਫ਼ਤਾਰ ਕਰ ਕੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ। ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਕਾਂਗਰਸ ਵੱਲੋਂ ਪੰਡਿਤ ਜਵਾਹਰਲਾਲ ਨਹਿਰੂ, ਪ੍ਰਿੰਸੀਪਲ ਗਿਡਵਾਨੀ ਅਤੇ ਮਿਸਟਰ ਕੇ. ਸਨਾਤਮ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜਿਆ ਗਿਆ।
ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ ’ਤੇ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਇਕ ਰਾਤ ਜੈਤੋ ਕਿਲ੍ਹੇ ਦੀ ਇਕ ਕੋਠੜੀ ਵਿਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ ਗਿਆ। ਉਣੱਤੀ ਸਤੰਬਰ 1923 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕੂਮਤ ਦੀ ਦਖ਼ਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ 25 ਸਿੰਘਾਂ ਦੇ ਜੱਥੇ ਭੇਜਣ ਨਾਲ ਕੋਈ ਤਸੱਲੀਬਖ਼ਸ਼ ਸਿੱਟਾ ਨਿਕਲਦਾ ਨਾ ਵੇਖ ਕੇ ਮੋਰਚੇ ਨੂੰ ਹੋਰ ਤੇਜ਼ ਕਰਨ ਲਈ 500-500 ਸਿੰਘਾਂ ਦੇ ਜੱਥੇ ਭੇਜਣ ਦਾ ਫ਼ੈਸਲਾ ਕੀਤਾ ਗਿਆ।
ਪਹਿਲੇ ਜੱਥੇ ਨੂੰ 21 ਫਰਵਰੀ 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਨੂੰ ਕਬਜ਼ੇ ਵਿਚ ਲੈਣ ਅਤੇ ਅਖੰਡ ਪਾਠ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ। ਇਹ ਵਿਸ਼ਾਲ ਜੱਥਾ 20 ਫਰਵਰੀ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। ਇੱਕੀ ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜੱਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜੱਥੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਸੰਗਤ ਵੀ ਸ਼ਰਧਾ ਵੱਸ ਚੱਲ ਰਹੀ ਸੀ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪਿ੍ਰੰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜ਼ਿੰਮਦ ਕਾਰ ਵਿਚ ਸਵਾਰ ਹੋ ਕੇ ਜੱਥੇ ਦੇ ਨਾਲ-ਨਾਲ ਚੱਲ ਰਹੇ ਸਨ ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ।
ਜੱਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੀ। ਅੰਗਰੇਜ਼ ਹਕੂਮਤ ਵੱਲੋਂ ਜੱਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ ਵਿੱਥ ’ਤੇ ਰੋਕ ਕੇ ਗੋਲ਼ੀ ਚਲਾ ਦੇਣ ਦੀ ਧਮਕੀ ਦਿੱਤੀ ਗਈ ਪਰ ਜੱਥਾ ਸ਼ਾਂਤਮਈ ਢੰਗ ਨਾਲ ਅੱਗੇ ਵਧਦਾ ਰਿਹਾ ਜਿਸ ’ਤੇ ਵਿਲਸਨ ਜਾਨਸਟਨ ਨੇ ਪੁਲਿਸ ਨੂੰ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। (ਸ਼੍ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿਚ 300 ਸਿੰਘਾਂ ਨੂੰ ਗੋਲ਼ੀ ਲੱਗੀ ਜਿਨ੍ਹਾਂ ’ਚੋਂ 100 ਸਿੰਘ ਸ਼ਹਾਦਤ ਪ੍ਰਾਪਤ ਕਰ ਗਏ)।
ਇਸ ਘਟਨਾ ਨੇ ਸਿੱਖਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਅਤੇ ਉਨ੍ਹਾਂ ਵਿਚ ਇਸ ਮੋਰਚੇ ਵਿਚ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਾ। ਲੋਕ ਸ਼ਹੀਦੀ ਜੱਥਿਆਂ ਵਿਚ ਵਧ-ਚੜ੍ਹ ਕੇ ਸ਼ਾਮਲ ਹੋਣ ਲੱਗੇ। ਇਸ ਤਰ੍ਹਾਂ 500-500 ਦੇ ਜੱਥੇ ਭੇਜਣ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਅਤੇ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਸਰਕਾਰ ਨੇ ਹੱਥ ਖੜ੍ਹੇ ਨਾ ਕੀਤੇ। ਅੰਤ ਹਕੂਮਤ ਸਿੱਖ ਸੰਘਰਸ਼ ਅੱਗੇ ਝੁਕ ਗਈ ਅਤੇ ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲੀ। ਸੰਗਤ ਨੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਅਖੰਡ ਪਾਠ ਸ਼ੁਰੂ ਕਰ ਕੇ ਮੋਰਚੇ ਨੂੰ ਸਿਰੇ ਚੜ੍ਹਾਇਆ।
-ਭੋਲਾ ਸ਼ਰਮਾ, ਜੈਤੋ
-ਮੋਬਾਈਲ : 98721-84024