ਸੋਸ਼ਲ ਮੀਡੀਆ, ਖ਼ਾਸ ਤੌਰ ’ਤੇ ਫੇਸਬੁੱਕ, ਇੰਸਟਾਗ੍ਰਾਮ ਤੇ ਯੂਟਿਊਬ ਵਰਗੇ ਪਲੇਟਫਾਰਮਾਂ ਦਾ ਜਨੂੰਨ ਬੱਚਿਆਂ ਦੀ ਮਾਨਸਿਕ ਸਿਹਤ, ਉਨ੍ਹਾਂ ਦੇ ਵਧਣ-ਫੁੱਲਣ ਦੀ ਪ੍ਰਕਿਰਿਆ, ਸਮਾਜਿਕ ਰਾਬਤੇ, ਸਿੱਖਿਆ ਅਤੇ ਵਰਚੁਅਲ ਦੁਨੀਆ ਨਾਲ ਜੁੜਨ ਦੇ ਤੌਰ-ਤਰੀਕਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਅੱਜ ਦੇ ਯੁੱਗ ਵਿਚ ਤਕਨਾਲੋਜੀ ਦਾ ਬਹੁਤ ਬੋਲਬਾਲਾ ਹੈ। ਦੂਜੇ ਪਾਸੇ ਬੱਚੇ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ। ਪਹਿਲੇ ਸਮਿਆਂ ਵਿਚ ਵਿੱਦਿਆ ਤੋਂ ਇਲਾਵਾ ਸਮਾਂ ਮਿਲਣ ’ਤੇ ਬੱਚਿਆਂ ਦਾ ਧਿਆਨ ਖੇਡ-ਕੁੱਦ ਵਿਚ ਹੁੰਦਾ ਸੀ। ਉਹ ਘਰੋਂ ਬਾਹਰ ਨਿਕਲਦੇ ਸਨ ਤੇ ਆਪਣੇ ਸਹਿ- ਪਾਠੀਆਂ ਨਾਲ ਖੇਡਣਾ-ਕੁੱਦਣਾ ਪਸੰਦ ਕਰਦੇ ਸਨ ਪਰ ਅੱਜ ਦੇ ਯੁੱਗ ਵਿਚ ਉਨ੍ਹਾਂ ਦੇ ਹੱਥਾਂ ਵਿਚ ਮੋਬਾਈਲ ਫੋਨ ਹਨ ਜਿਨ੍ਹਾਂ ਵਿਚ ਇੰਟਰਨੈੱਟ ਦੀ ਸਹੂਲਤ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਕਮਰਿਆਂ ਤੋਂ ਨਿਕਲਣ ਦੀ ਲੋੜ ਨਹੀਂ ਪੈਂਦੀ। ਇਹ ਇਕ ਤਰ੍ਹਾਂ ਨਾਲ ਬਿਮਾਰੀਆਂ ਨੂੰ ਸੱਦਾ ਦੇਣ ਵਾਲਾ ਰੁਝਾਨ ਹੈ। ਜ਼ਿਆਦਾ ਸਮਾਂ ਮੋਬਾਈਲ ਦੀ ਵਰਤੋਂ ਕਰਨ ਕਾਰਨ ਬੱਚਿਆਂ ਅਤੇ ਕਿਸ਼ੋਰਾਂ ਵਿਚ ਨੀਂਦ ਦੀ ਕਮੀ, ਪੜ੍ਹਾਈ ਵਿਚ ਗਿਰਾਵਟ ਅਤੇ ਮਾਨਸਿਕ ਸਿਹਤ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਡਿਪ੍ਰੈਸ਼ਨ, ਚਿੰਤਾ ਅਤੇ ਆਤਮ-ਵਿਸ਼ਵਾਸ ਦੀ ਕਮੀ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਸੋਸ਼ਲ ਮੀਡੀਆ, ਖ਼ਾਸ ਤੌਰ ’ਤੇ ਫੇਸਬੁੱਕ, ਇੰਸਟਾਗ੍ਰਾਮ ਤੇ ਯੂਟਿਊਬ ਵਰਗੇ ਪਲੇਟਫਾਰਮਾਂ ਦਾ ਜਨੂੰਨ ਬੱਚਿਆਂ ਦੀ ਮਾਨਸਿਕ ਸਿਹਤ, ਉਨ੍ਹਾਂ ਦੇ ਵਧਣ-ਫੁੱਲਣ ਦੀ ਪ੍ਰਕਿਰਿਆ, ਸਮਾਜਿਕ ਰਾਬਤੇ, ਸਿੱਖਿਆ ਅਤੇ ਵਰਚੁਅਲ ਦੁਨੀਆ ਨਾਲ ਜੁੜਨ ਦੇ ਤੌਰ-ਤਰੀਕਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਕੀ ਇਹੀ ਕਾਰਨ ਹੈ ਕਿ ਆਸਟ੍ਰੇਲੀਆ ਨੇ ਪਹਿਲਾਂ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਕਰਨਾਟਕ ਤੇ ਆਂਧਰ ਪ੍ਰਦੇਸ਼ ਦੀਆਂ ਸਰਕਾਰਾਂ ਨੇ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੋਬਾਈਲ ਫੋਨ ਦੇ ਇਸਤੇਮਾਲ ’ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਅੱਜ-ਕੱਲ੍ਹ ਸਾਈਬਰ ਕਰਾਈਮ ਅਤੇ ਸਾਈਬਰ ਸਕੈਮ ਦੇ ਮਾਮਲੇ ਵੀ ਬਹੁਤ ਵਧ ਰਹੇ ਹਨ। ਬੱਚੇ ਬਿਨਾਂ ਸੋਚੇ-ਸਮਝੇ ਕਿਸੇ ਵੀ ਲਿੰਕ ’ਤੇ ਕਲਿੱਕ ਕਰ ਦਿੰਦੇ ਹਨ ਜਿਸ ਕਾਰਨ ਉਹ ਮੁਸ਼ਕਲ ਵਿਚ ਫਸ ਜਾਂਦੇ ਹਨ।
ਜ਼ਰਾ ਸੋਚੋ! ਜੇਕਰ ਤੁਸੀਂ ਆਪਣੇ ਬੱਚੇ ਨੂੰ ਕੁਝ ਦਿਨਾਂ ਲਈ ਸਮਾਰਟਫੋਨ ਦੀ ਵਰਤੋਂ ਨਾ ਕਰਨ ਲਈ ਕਹੋ ਅਤੇ ਇਸ ਦੀ ਬਜਾਏ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨ ਜਾਂ ਆਪਣੇ ਦੋਸਤਾਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰਨ ਲਈ ਉਤਸ਼ਾਹਤ ਕਰੋ ਤਾਂ ਤੁਹਾਡੇ ਬੱਚੇ ਦਾ ਰਵੱਈਆ ਕੀ ਹੋਵੇਗਾ? ਸਮਾਰਟਫੋਨ ਦੀ ਆਦਤ ਬੱਚਿਆਂ ਤੋਂ ਬਹੁਤ ਕੁਝ ਖੋਹ ਰਹੀ ਹੈ। ਉਹ ਜਿੰਨੇ ਜ਼ਿਆਦਾ ਸਕਰੀਨ ਦੇ ਆਦੀ ਹੁੰਦੇ ਹਨ, ਓਨੇ ਹੀ ਅਸਲ ਦੁਨੀਆ ਤੋਂ ਕੱਟੇ ਜਾਂਦੇ ਹਨ।
ਉਹ ਇਕੱਲਤਾ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਆਪਣੇ ਦੋਸਤਾਂ ਨਾਲ ਬਾਹਰਲੀਆਂ ਖੇਡਾਂ ਫੁੱਟਬਾਲ, ਕ੍ਰਿਕਟ ਆਦਿ ਖੇਡਣ ਦੀ ਖ਼ੁਸ਼ੀ ਗੁਆ ਲੈਂਦੇ ਹਨ। ਅਜੋਕੀ ਉਤਾਵਲੀ ਪੀੜ੍ਹੀ ਵਿਚ ਨੀਂਦ ਦੀ ਕਮੀ, ਇਕਾਗਰਤਾ ਦਾ ਟੁੱਟਣਾ ਅਤੇ ਇਕੱਲਾਪਣ ਆਮ ਰੁਝਾਨ ਬਣਦੇ ਜਾ ਰਹੇ ਹਨ। ਸਾਲਾਨਾ ਸਿੱਖਿਆ ਰਿਪੋਰਟ (2024) ਅਨੁਸਾਰ ਸਾਡੇ 76 ਫ਼ੀਸਦੀ ਬੱਚੇ (14-16 ਉਮਰ ਵਰਗ) ਸੋਸ਼ਲ ਮੀਡੀਆ ਚਲਾਉਣ ਲਈ ਸਮਾਰਟਫੋਨ ਦੀ ਵਰਤੋਂ ਕਰਦੇ ਹਨ।
ਕੰਟੈਂਟ ਕ੍ਰੀਏਟਰਾਂ, ਯੂਟਿਊਬ ਵਲੋਗਰਾਂ ਦਾ ਬੱਚਿਆਂ ਦੇ ਕੋਮਲ ਮਨਾਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਸੋ, ਅਸੀਂ ਕੁਝ ਅਜਿਹੇ ਠੋਸ ਕਦਮ ਚੁੱਕੀਏ ਤਾਂ ਜੋ ਬੱਚਿਆਂ ’ਚ ਇਸ ਲਤ ਨੂੰ ਘਟਾਇਆ ਜਾ ਸਕੇ। ਅਧਿਆਪਕਾਂ ਅਤੇ ਮਾਪਿਆਂ ਵਜੋਂ ਸਾਨੂੰ ਬੱਚਿਆਂ ਨਾਲ ਪਿਆਰ ਤੇ ਹਮਦਰਦੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਅਸਲ ਤੇ ਵਰਚੁਅਲ ਵਿਚ ਫ਼ਰਕ ਕਰਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਦੋਸਤਾਂ ਤੇ ਗੁਆਂਢੀਆਂ ਨਾਲ ਮਿਲਣ-ਗਿਲਣ, ਭੱਜ- ਦੌੜ ਵਾਲੀਆਂ ਖੇਡਾਂ ਖੇਡਣ, ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਤੇ ਆਲੋਚਨਾਤਮਕ ਸੋਚ ਤੇ ਚਿੰਤਨ ਸ਼ਕਤੀ ਨੂੰ ਤੇਜ਼ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
-ਵੀਰਪ੍ਰੀਤ ਕੌਰ
ਸਰਕਾਰੀ ਹਾਈ ਸਕੂਲ, ਕਾਲੇਕੇ।
-ਮੋਬਾਈਲ : 98787-76777