- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦੇ ਇਕ ਸੂਬੇ ਨੇ ਵੀ 18 ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤਿਆਂ ’ਤੇ ਪਾਬੰਦੀ ਲਾਈ ਹੈ। ਭਾਰਤ ’ਚ ਸੋਸ਼ਲ ਮੀਡੀਆ ਦੀ ਵਰਤੋਂ ਅੰਨ੍ਹੇਵਾਹ ਹੋ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਹਰ ਚੀਜ਼ ਅਪਲੋਡ ਕੀਤੀ ਜਾ ਰਹੀ ਹੈ। ਇਸ ਦੇ ਨੁਕਸਾਨ ਵੀ ਸਾਹਮਣੇ ਆਏ ਹਨ।
ਇੰਟਰਨੈੱਟ ਮੀਡੀਆ ਆਪਣੇ ਖ਼ਤਰਨਾਕ ਰੁਝਾਨ ਵੱਲ ਵਧ ਰਿਹਾ ਹੈ। ਬੱਚਿਆਂ, ਜਵਾਨਾਂ ਤੇ ਬਜ਼ੁਰਗਾਂ ਨੂੰ ਇਸ ਵੇਲੇ ਧੜੱਲੇ ਨਾਲ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰਦਿਆਂ ਦੇਖਿਆ ਜਾ ਸਕਦਾ ਹੈ। ਸਮਾਜਿਕ ਤਾਣੇ-ਬਾਣੇ ਦੇ ਆਲੇ ਦੁਆਲੇ ਮਨੋਰੰਜਨ ਨਾਲ ਜੁੜੇ ਐਪਸ ਨੇ ਆਪਣੀ ਪਕੜ ਮਜ਼ਬੂਤ ਕੀਤੀ ਹੈ। ਖ਼ਾਸ ਤੌਰ ’ਤੇ ਵਿਦਿਆਰਥੀ ਵਰਗ ਨੂੰ ਇਹ ਚਿੰਤਾਜਨਕ ਪੱਧਰ ਤੱਕ ਪ੍ਰਭਾਵਿਤ ਕਰ ਰਹੇ ਹਨ।
ਪਿਛਲੇ ਦਿਨੀਂ ਸੀਬੀਐੱਸਈ ਵੱਲੋਂ ਜਾਰੀ ਰਿਪੋਰਟ ਮੁਤਾਬਕ ਵਿਦਿਆਰਥੀਆਂ ’ਚ ਸੋਸ਼ਲ ਮੀਡੀਆ ਦੀ ਲਤ ਲਗਾਤਾਰ ਵਧ ਰਹੀ ਹੈ। ਵਿਦਿਆਰਥੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੀ ਥਾਂ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਐਪਸ ’ਤੇ ਬਿਤਾ ਰਹੇ ਹਨ। ਸੀਬੀਐੱਸਈ ਨੇ ਪ੍ਰੀਖਿਆਵਾਂ ਤੋਂ ਪਹਿਲਾਂ ਕੌਂਸਲਿੰਗ ਹੈਲਪਲਾਈਨ ਤਿਆਰ ਕੀਤੀ ਹੈ। ਇਸ ’ਤੇ ਮਹਿਜ਼ 20 ਦਿਨਾਂ ’ਚ ਇਕ ਹਜ਼ਾਰ ਕਾਲਾਂ ਆਈਆਂ ਹਨ ਜਿਨ੍ਹਾਂ ’ਚ ਮਾਪਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਬੱਚੇ ਪ੍ਰੀਖਿਆਵਾਂ ਦੀ ਤਿਆਰੀ ਨੂੰ ਲੈ ਕੇ ਗੰਭੀਰ ਨਹੀਂ ਹਨ। ਉਹ ਸਿਰਫ਼ ਇੰਟਰਨੈੱਟ ਮੀਡੀਆ ਵਰਤ ਰਹੇ ਹਨ।
ਕਈਆਂ ਨੇ ਸਕੂਲ ਜਾਣਾ ਛੱਡ ਦਿੱਤਾ ਹੈ। ਇਹ ਇਕੱਲੀ ਭਾਰਤ ਦੀ ਸਮੱਸਿਆ ਨਹੀਂ ਹੈ ਕਿ ਬੱਚਿਆਂ ਨੂੰ ਸੋਸ਼ਲ ਮੀਡੀਆ ਨੇ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਦੂਜੇ ਮੁਲਕਾਂ ’ਚ ਵੀ ਇਹੀ ਹਾਲ ਹੈ। ਹਾਲਾਂਕਿ ਆਸਟ੍ਰੇਲੀਆ ਪਹਿਲਾ ਅਜਿਹਾ ਮੁਲਕ ਹੈ ਜਿਸ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਮੁਕੰਮਲ ਪਾਬੰਦੀ ਲਗਾਈ ਹੈ। ਇਸ ਸਾਲ ਦੀ ਸ਼ੁਰੂਆਤ ’ਚ ਆਸਟ੍ਰੇਲੀਆ ਨੇ ਨਾਬਾਲਗ ਬੱਚਿਆਂ ਦੇ 47 ਲੱਖ ਤੋਂ ਵੱਧ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਹਨ। ਹਾਲਾਂਕਿ ਆਲਮੀ ਪੱਧਰ ’ਤੇ ਇਹ ਬਹਿਸ ਵੀ ਚੱਲ ਰਹੀ ਹੈ ਕਿ ਬੱਚਿਆਂ ਨੂੰ ਇਸ ਤਰ੍ਹਾਂ ਮੋਬਾਈਲ ਨਾਲੋਂ ਤੋੜਨਾ ਉਨ੍ਹਾਂ ਦੇ ਤਕਨੀਕੀ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਹੁਣ ਡੈਨਮਾਰਕ ਵੀ 15 ਸਾਲ ਤੋ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਪਾਬੰਦੀ ਲਗਾਉਣ ਦੀ ਤਿਆਰੀ ’ਚ ਹੈ। ਨਾਰਵੇ ਨੇ ਵੀ ਅਜਿਹੀ ਤਿਆਰੀ ਖਿੱਚੀ ਹੈ। ਫਰਾਂਸ ਦੀ ਸੰਸਦ ਵੱਲੋਂ ਵੀ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਸਪੇਨ ਦੀ ਸਰਕਾਰ ਨੇ ਵੀ ਇਕ ਖਰੜਾ ਤਿਆਰ ਕੀਤਾ ਹੈ ਜਿਸ ਮੁਤਾਬਕ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤਿਆਂ ’ਤੇ ਧਿਆਨ ਰੱਖਿਆ ਜਾਵੇਗਾ। ਇਸੇ ਤਰ੍ਹਾਂ ਯੂਕੇ ਨੇ ਵੀ ਸੋਸ਼ਲ ਮੀਡੀਆ ਕੰਪਨੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੇ ਇੰਟਰਨੈੱਟ ਮੀਡੀਆ ਬੱਚਿਆਂ ਦਾ ਨੁਕਸਾਨ ਕਰਦਾ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ।
ਅਮਰੀਕਾ ਦੇ ਇਕ ਸੂਬੇ ਨੇ ਵੀ 18 ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤਿਆਂ ’ਤੇ ਪਾਬੰਦੀ ਲਾਈ ਹੈ। ਭਾਰਤ ’ਚ ਸੋਸ਼ਲ ਮੀਡੀਆ ਦੀ ਵਰਤੋਂ ਅੰਨ੍ਹੇਵਾਹ ਹੋ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਹਰ ਚੀਜ਼ ਅਪਲੋਡ ਕੀਤੀ ਜਾ ਰਹੀ ਹੈ। ਇਸ ਦੇ ਨੁਕਸਾਨ ਵੀ ਸਾਹਮਣੇ ਆਏ ਹਨ। ਕਈ ਮਾਮਲਿਆਂ ’ਚ ਮਾਪਿਆਂ ਦੀ ਸਹਿਮਤੀ ਹੈ ਤੇ ਕੁਝ ਅਜਿਹੇ ਮਾਮਲੇ ਹਨ ਜਿਨ੍ਹਾਂ ’ਚ ਮਾਪਿਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨਾ ਬੱਚਿਆਂ ਨਾਲ ਧੱਕਾ ਹੈ।
ਭਾਰਤ ’ਚ 500 ਮਿਲੀਅਨ ਤੋਂ ਵੱਧ ਸੋਸ਼ਲ ਮੀਡੀਆ ਖਾਤੇ ਹਨ। ਇਨ੍ਹਾਂ ’ਚ ਉਹ ਗਿਣਤੀ ਵੱਖਰੀ ਹੈ ਜਿਸ ’ਚ ਇਕ ਵਿਅਕਤੀ ਇਕ ਤੋਂ ਵੱਧ ਖਾਤੇ ਬਣਾ ਕੇ ਇੰਟਰਨੈੱਟ ਮੀਡੀਆ ਵਰਤ ਰਿਹਾ ਹੈ। ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ, ਸਨੈਪਚੈਟ ਤੇ ਸ਼ੇਅਰਚੈਟ ਐਪਸ ਦੀ ਵਰਤੋਂ ਮਨੋਰੰਜਨ ਲਈ ਕੀਤੀ ਜਾ ਰਹੀ ਹੈ ਪਰ ਮਨੋਰੰਜਨ ਦੇ ਨਾਂ ’ਤੇ ਪਾਬੰਦੀਸ਼ੁਦਾ ਡਾਟਾ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਖ਼ਤਰਨਾਕ ਸਿੱਟੇ ਨਿਕਲ ਰਹੇ ਹਨ।
ਬੱਚੇ ਜ਼ਿਆਦਾ ਸਮਾਂ ਮੋਬਾਈਲ ਨਾਲ ਬਿਤਾ ਰਹੇ ਹਨ। ਉੱਥੇ ਉਹ ਕੀ ਦੇਖ ਰਹੇ ਹਨ ਤੇ ਉਸ ਦਾ ਉਨ੍ਹਾਂ ਦੇ ਦਿਮਾਗ਼ ’ਤੇ ਕੀ ਅਸਰ ਪੈ ਰਿਹਾ ਹੈ, ਇਸ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਤੇ ਆਸਟ੍ਰੇਲੀਆ ਤੋਂ ਸੇਧ ਲੈ ਕੇ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਫ਼ੌਰੀ ਕਦਮ ਚੁੱਕਣ ਦੀ ਜ਼ਰੂਰਤ ਹੈ।