ਮੋਬਾਈਲ ਗੇਮਾਂ ਨਾਲ ਜੁੜੇ ਐਪਸ ਬੱਚਿਆਂ ਲਈ ਜ਼ਿਆਦਾ ਖ਼ਤਰਨਾਕ ਸਾਬਿਤ ਹੋ ਰਹੇ ਹਨ। ਬੱਚਿਆਂ ਨਾਲ ਵਾਪਰੇ ਹਾਦਸਿਆਂ ਤੋਂ ਬਾਅਦ ਹਾਲਾਂਕਿ ਸਰਕਾਰ ਨੇ ਸੋਸ਼ਲ ਮੀਡੀਆ ਮੰਚਾਂ ਲਈ ਨਿਯਮਾਂ ’ਚ ਸਖ਼ਤੀ ਕੀਤੀ ਹੈ। ਹੁਣ ਸੋਸ਼ਲ ਮੀਡੀਆ ਐਪਸ ਨੂੰ ਤਿੰਨ ਘੰਟਿਆਂ ’ਚ ਗ਼ੈਰ-ਕਾਨੂੰਨੀ ਸਮੱਗਰੀ ਹਟਾਉਣਾ ਲਾਜ਼ਮੀ ਕੀਤਾ ਗਿਆ ਹੈ।

ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ਦਾ ਬੇਹੱਦ ਖ਼ਤਰਨਾਕ ਰੂਪ ਸਾਹਮਣੇ ਆ ਰਿਹਾ ਹੈ। ਤਕਨੀਕ ਬਹੁਤ ਵਧ ਰਹੀ ਹੈ ਅਤੇ ਇਸ ਦਾ ਨੌਜਵਾਨਾਂ, ਬਜ਼ੁਰਗਾਂ ਤੇ ਖ਼ਾਸ ਤੌਰ ’ਤੇ ਬੱਚਿਆਂ ਦੀ ਜ਼ਿੰਦਗੀ ’ਤੇ ਚਿੰਤਾਜਨਕ ਪ੍ਰਭਾਵ ਪੈ ਰਿਹਾ ਹੈ। ਬੱਚੇ ਆਪਣੀ ਪੜ੍ਹਾਈ ਨੂੰ ਇਕ ਪਾਸੇ ਰੱਖ ਕੇ ਕਈ-ਕਈ ਘੰਟੇ ਮੋਬਾਈਲ ’ਤੇ ਸਮਾਂ ਗੁਜ਼ਾਰ ਰਹੇ ਹਨ। ਇਸ ਦੇ ਮੁੱਦੇਨਜ਼ਰ ਹੋਰ ਮੁਲਕਾਂ ਵਾਂਗ ਭਾਰਤ ’ਚ ਵੀ ਸੋਸ਼ਲ ਮੀਡੀਆ ਦੇ ‘ਭੱਦੇ’ ਚਿਹਰੇ ਨੂੰ ਨੱਥ ਪਾਉਣੀ ਜ਼ਰੂਰੀ ਹੋ ਗਈ ਹੈ।
ਗਾਜ਼ੀਆਬਾਦ ’ਚ ਕੋਰੀਅਨ ਗੇਮਾਂ ਖੇਡਣ ਦੇ ਸ਼ੌਕ ’ਚ ਬੁਰੀ ਤਰ੍ਹਾਂ ਫਸੀਆਂ ਤਿੰਨ ਭੈਣਾਂ ਵੱਲੋਂ ਆਪਣੇ ਫਲੈਟ ਤੋਂ ਛਾਲ ਮਾਰ ਕੇ ਕੀਤੀ ਗਈ ਖ਼ੁਦਕੁਸ਼ੀ ਨੇ ਸੋਸ਼ਲ ਮੀਡੀਆ ਦੀ ਬਿਮਾਰੀ ਦੀ ਅਸਲੀਅਤ ਜਗ-ਜ਼ਾਹਰ ਕਰ ਦਿੱਤੀ ਹੈ। ਨਾਬਾਲਗ ਬੱਚੇ ਲਗਾਤਾਰ ਇੰਟਰਨੈੱਟ ਮੀਡੀਆ ਦੇ ਪ੍ਰਭਾਵ ਕਾਰਨ ਆਪਣੀ ਜਾਨ ਨੂੰ ਖ਼ਤਰਿਆਂ ’ਚ ਪਾ ਰਹੇ ਹਨ। ਉਹ ਨਿੱਜੀ ਜ਼ਿੰਦਗੀ ’ਤੇ ਰੀਲਾਂ ਬਣਾਉਣ ਤੇ ਕਈ-ਕਈ ਘੰਟੇ ਤਰ੍ਹਾਂ-ਤਰ੍ਹਾਂ ਦੀਆਂ ਰੀਲਾਂ ਦੇਖਣ ’ਚ ਮਸਰੂਫ਼ ਰਹਿੰਦੇ ਹਨ। ਯੂਟਿਊਬ, ਗੂਗਲ ਅਤੇ ਮੇਟਾ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਹਰੇਕ ਵਰਗ ਦੇ ਦਿਮਾਗ ਦੀ ਜ਼ਰੂਰਤ ਨੂੰ ਇਸ ਹੱਦ ਤੱਕ ‘ਪੜ੍ਹ’ ਚੁੱਕੀਆਂ ਹਨ ਕਿ ਆਪਣੇ ਐਲਗੋਰਿਦਮ ਨਾਲ ਉਨ੍ਹਾਂ ਦੀ ਖੋਜ ਮੁਤਾਬਕ ਸਮੱਗਰੀ ਪਰੋਸ ਰਹੀਆਂ ਹਨ। ਇਹ ਸਮੱਗਰੀ ਬੱਚਿਆਂ ਤੇ ਵੱਡਿਆਂ ਦੇ ਮਨਾਂ ’ਚ ਬਹੁਤੇ ਮਾਮਲਿਆਂ ’ਚ ਕੂੜਾ ਭਰ ਰਹੀ ਹੈ ਜਿਸ ਦੇ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ।
ਬੱਚਿਆਂ ਦੀ ਦਿਮਾਗੀ ਸਿਹਤ ਨਾਲ ਖਿਲਵਾੜ ਕਰਨ ਦੇ ਇਲਜ਼ਾਮ ਹੇਠ ਇੰਸਟਾਗ੍ਰਾਮ ਤੇ ਯੂਟਿਊਬ ’ਤੇ ਲਾਸ ਏਂਜਲਸ ’ਚ ਮੁਕੱਦਮੇ ਕੀਤੇ ਗਏ ਹਨ। ਇਹ ਸ਼ਲਾਘਾਯੋਗ ਪਹਿਲ ਹੈ। ਪਿਛਲੇ ਦਿਨੀਂ ਆਸਟ੍ਰੇਲੀਆ ਸਣੇ ਕਈ ਹੋਰ ਮੁਲਕਾਂ ਨੇ ਵੀ ਨਾਬਾਲਗ ਬੱਚਿਆਂ ਦੇ ਸੋਸ਼ਲ ਮੀਡੀਆ ਵਰਤਣ ਲਈ ਸਖ਼ਤ ਨਿਯਮ ਤੈਅ ਕੀਤੇ ਸਨ ਕਿਉਂਕਿ ਸੋਸ਼ਲ ਮੀਡੀਆ ਐਪਸ ਐਲਗੋਰਿਦਮ ਨਾਲ ਬੱਚਿਆਂ ਨੂੰ ਟਾਰਗੈਟ ਕਰ ਰਹੀਆਂ ਹਨ। ਨਾਬਾਲਗਾਂ ਨੂੰ ਆਪਣੇ ਲਈ ਚੰਗੀ ਤੇ ਬੁਰੀ ਚੀਜ਼ ਦੀ ਪਛਾਣ ਨਹੀਂ ਹੁੰਦੀ ਤੇ ਬਾਜ਼ਾਰ ’ਚੋਂ ਮੋਟੇ ਮੁਨਾਫ਼ੇ ਦੀ ਦੌੜ ’ਚ ਲੱਗੀਆਂ ਇਹ ਕੰਪਨੀਆਂ ਬੱਚਿਆਂ ਦੇ ਭਵਿੱਖ ਨਾਲ ਖੇਡਣ ਤੋਂ ਗੁਰੇਜ਼ ਨਹੀਂ ਕਰਦੀਆਂ। ਸੋਸ਼ਲ ਮੀਡੀਆ ’ਤੇ ਬੇਹਿਸਾਬ ਐਪਸ ਹਨ ਜਿਨ੍ਹਾਂ ਕਰਕੇ ਬਚਪਨ ਤਬਾਹ ਹੋ ਰਿਹਾ ਹੈ।
ਸਾਲ 2025-26 ਦੀ ਇਕ ਰਿਪੋਰਟ ਮੁਤਾਬਕ ਸੋਸ਼ਲ ਨੈੱਟਵਰਕਿੰਗ ਦੇ ਇਸ ਯੁੱਗ ’ਚ ਲਗਪਗ 3 ਹਜ਼ਾਰ ਐਪਸ ਗੂਗਲ ਪਲੇਅ ਅਤੇ 2500 ਤੋਂ ਵੱਧ ਐਪਸ ਐਪਲ ਸਟੋਰ ’ਤੇ ਹਨ। ਇਸ ਤੋਂ ਇਲਾਵਾ ਖੇਤਰੀ, ਮੈਸੇਜਿੰਗ ਸਣੇ ਹੋਰ ਕਈ ਸ਼੍ਰੇਣੀਆਂ ਦੇ ਐਪਸ ਦੀ ਪੂਰੇ ਸੰਸਾਰ ’ਚ ਗਿਣਤੀ 50 ਹਜ਼ਾਰ ਤੱਕ ਹੈ। ਐਪਸ ਵਰਤਣ ਵਾਲਿਆਂ ਦੀ ਗਿਣਤੀ ਪੂਰੇ ਸੰਸਾਰ ’ਚ 6 ਮਿਲੀਅਨ ਦੇ ਲਾਗੇ ਅੱਪੜ ਚੁੱਕੀ ਹੈ।
ਮੋਬਾਈਲ ਗੇਮਾਂ ਨਾਲ ਜੁੜੇ ਐਪਸ ਬੱਚਿਆਂ ਲਈ ਜ਼ਿਆਦਾ ਖ਼ਤਰਨਾਕ ਸਾਬਿਤ ਹੋ ਰਹੇ ਹਨ। ਬੱਚਿਆਂ ਨਾਲ ਵਾਪਰੇ ਹਾਦਸਿਆਂ ਤੋਂ ਬਾਅਦ ਹਾਲਾਂਕਿ ਸਰਕਾਰ ਨੇ ਸੋਸ਼ਲ ਮੀਡੀਆ ਮੰਚਾਂ ਲਈ ਨਿਯਮਾਂ ’ਚ ਸਖ਼ਤੀ ਕੀਤੀ ਹੈ। ਹੁਣ ਸੋਸ਼ਲ ਮੀਡੀਆ ਐਪਸ ਨੂੰ ਤਿੰਨ ਘੰਟਿਆਂ ’ਚ ਗ਼ੈਰ-ਕਾਨੂੰਨੀ ਸਮੱਗਰੀ ਹਟਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ’ਚ ਉਹ ਸਾਰੀ ਸਮੱਗਰੀ ਸ਼ਾਮਲ ਹੈ ਜਿਸ ਦਾ ਸਮਾਜ ਦੇ ਸਾਰੇ ਵਰਗਾਂ ’ਤੇ ਸਿੱਧਾ-ਅਸਿੱਧਾ ਅਸਰ ਪੈਂਦਾ ਹੈ।
ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਮੌਜੂਦ ਜਾਣਕਾਰੀਆਂ ਭਰਪੂਰ ਸਮੱਗਰੀ ਨੂੰ ਲਾਹੇਵੰਦ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਕੰਪਨੀਆਂ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕੰਟੈਂਟ ਤਿਆਰ ਕਰਦੀਆਂ ਤੇ ਇਸ ਨੂੰ ਅਸੀਂ ਕਿਵੇਂ ਵਰਤਣਾ ਹੈ, ਇਹ ਸਾਡੀ ਜ਼ਿੰਮੇਵਾਰੀ ਹੈ। ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਲਤ ਲੱਗਣ ਤੋਂ ਪਹਿਲਾਂ ਹੀ ਸਰਕਾਰ ਤੇ ਮਾਪਿਆਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।