- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦਾਰ ਭਗਤ ਸਿੰਘ ਅਦਾਲਤ ਵਿਚ ਪੇਸ਼ੀ ਸਮੇਂ ਅੰਗਰੇਜ਼ਾਂ ਦੀ ਅਦਾਲਤ ਦਾ ਮਜ਼ਾਕ ਉਡਾ ਰਿਹਾ ਸੀ। ਸਰਕਾਰੀ ਵਕੀਲ ਨੇ ਕਿਹਾ, “ਤੁਸੀਂ ਦੇਸ਼ ਧ੍ਰੋਹੀ ਹੋ।” ਭਗਤ ਸਿੰਘ ਫਿਰ ਹੱਸਿਆ। ਸਰਕਾਰੀ ਵਕੀਲ ਨੇ ਕਿਹਾ, “ਭਗਤ ਸਿੰਘ ਤੁਸੀਂ ਇਸ ਤਰ੍ਹਾਂ ਅਦਾਲਤ ਦੀ ਤੌਹੀਨ ਕਰ ਰਹੇ ਹੋ।”

ਸ਼ਹੀਦ ਕਦੇ ਵੀ ਇਕ ਜਾਤ, ਧਰਮ, ਫ਼ਿਰਕੇ ਜਾਂ ਦੇਸ਼ ਦੇ ਨਹੀਂ ਹੁੰਦੇ। ਸ਼ਹੀਦ ਤਾਂ ਸਾਰੀ ਮਨੁੱਖਤਾ ਤੇ ਸਾਰੀ ਕਾਇਨਾਤ ਦੇ ਹੁੰਦੇ ਹਨ। ਜਿਵੇਂ ਸੂਰਜ ਅਤੇ ਚੰਦ ਦੀ ਰੋਸ਼ਨੀ ਸਾਰਿਆਂ ਲਈ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ ਸ਼ਹੀਦ ਵੀ ਸਾਰਿਆਂ ਦੇ ਹੁੰਦੇ ਹਨ। ਅਸੀਂ ਲੋਕ ਸ਼ਹੀਦਾਂ ਨੂੰ ਸਾਲ ਵਿਚ ਇਕ ਵਾਰ ਫਿਰ ਵੀ ਯਾਦ ਕਰ ਲੈਂਦੇ ਹਾਂ ਪਰ ਸ਼ਹੀਦਾਂ ਦੇ ਪਰਿਵਾਰ, ਮਾਂ-ਬਾਪ, ਪਤਨੀ, ਬੱਚਿਆਂ ਦਾ ਕਦੇ ਵੀ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਸਮਝਦੇ। ਸ਼ਹੀਦ ਤਾਂ ਦੇਸ਼ ਉੱਤੇ ਆਪਣੀ ਜਾਨ-ਕੁਰਬਾਨ ਕਰ ਕੇ ਇਤਿਹਾਸ ਦੇ ਪੰਨਿਆਂ ਵਿਚ ਆਪਣਾ ਨਾਂ ਦਰਜ ਕਰਵਾ ਲੈਂਦੇ ਹਨ ਪਰ ਉਨ੍ਹਾਂ ਦੇ ਪਰਿਵਾਰ ਸ਼ਹੀਦੀ ਨੂੰ ਹਰ ਪਲ, ਹਰ ਘੜੀ ਹੰਢਾਉਂਦੇ ਹਨ। ਗ਼ਰੀਬੀ ਦੇ ਰੂਪ ਵਿਚ, ਭੁੱਖਮਰੀ ਵਜੋਂ, ਦੁੱਖਾਂ-ਤਕਲੀਫ਼ਾਂ ਦੇ ਰੂਪ ਵਿਚ। ਉਨ੍ਹਾਂ ਦਾ ਜ਼ਿਕਰ ਕਰਨਾ ਨਾ ਤਾਂ ਅਸੀਂ ਵਾਜਬ ਸਮਝਦੇ ਹਾਂ ਤੇ ਨਾ ਹੀ ਸਰਕਾਰਾਂ ਲੋੜ ਮਹਿਸੂਸ ਕਰਦੀਆਂ ਹਨ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਲਿਖਤੀ ਜਾਂ ਜ਼ੁਬਾਨੀ ਕਹੀਆਂ ਭਗਤ ਸਿੰਘ ਦੀਆਂ ਕੁੱਝ ਗੱਲਾਂ/ਘਟਨਾਵਾਂ ਦਾ ਜ਼ਿਕਰ ਕਰਨਾ ਸਮੇਂ ਦੀ ਮੰਗ ਵੀ ਹੈ ਤੇ ਲੋੜ ਵੀ।
ਸਰਦਾਰ ਭਗਤ ਸਿੰਘ ਨੇ ਹਾਕਮ ਨੂੰ ਪੱਤਰ ਲਿਖ ਕੇ ਕਿਹਾ ਸੀ, “ਉਨ੍ਹਾਂ ਨੂੰ ਫਾਂਸੀ ਦੀ ਥਾਂ ਗੋਲ਼ੀ ਮਾਰੀ ਜਾਵੇ ਕਿਉਂਕਿ ਤੁਹਾਡੇ ਹੱਥ ਵਿਚ ਤਾਕਤ ਹੈ। ਦੁਨੀਆ ਵਿਚ ਤਾਕਤ ਨੂੰ ਸਾਰੇ ਹੱਕ ਹਾਸਲ ਹੁੰਦੇ ਹਨ। ਅਸੀਂ ਜਾਣਦੇ ਹਾਂ ਕਿ ਤੁਸੀਂ ਲੋਕ ਆਪਣਾ ਇਰਾਦਾ ਪੂਰਾ ਕਰਨ ਲਈ ‘ਜਿਸ ਦੀ ਲਾਠੀ, ਉਸ ਦੀ ਮੱਝ’ ਦਾ ਅਸੂਲ ਅਪਣਾਓਗੇ ਪਰ ਅਸੀਂ ਜੰਗੀ ਕੈਦੀ ਹਾਂ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਨਾਲ ਜੰਗੀ ਕੈਦੀਆਂ ਵਰਗਾ ਸਲੂਕ ਕੀਤਾ ਜਾਵੇ, ਫਾਂਸੀ ਉੱਤੇ ਲਟਕਾਉਣ ਦੀ ਬਜਾਏ ਸਾਨੂੰ ਗੋਲ਼ੀ ਨਾਲ ਉਡਾਇਆ ਜਾਵੇ। ਇਸ ਲਈ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਆਪਣੇ ਫ਼ੌਜੀ ਮਹਿਕਮੇ ਨੂੰ ਹੁਕਮ ਦੇਵੋ, ਸਾਨੂੰ ਗੋਲ਼ੀ ਨਾਲ ਮਾਰਨ ਲਈ ਇਕ ਫ਼ੌਜੀ ਦਸਤਾ ਭੇਜੇ।’’
ਸਰਦਾਰ ਭਗਤ ਸਿੰਘ ਅਦਾਲਤ ਵਿਚ ਪੇਸ਼ੀ ਸਮੇਂ ਅੰਗਰੇਜ਼ਾਂ ਦੀ ਅਦਾਲਤ ਦਾ ਮਜ਼ਾਕ ਉਡਾ ਰਿਹਾ ਸੀ। ਸਰਕਾਰੀ ਵਕੀਲ ਨੇ ਕਿਹਾ, “ਤੁਸੀਂ ਦੇਸ਼ ਧ੍ਰੋਹੀ ਹੋ।” ਭਗਤ ਸਿੰਘ ਫਿਰ ਹੱਸਿਆ। ਸਰਕਾਰੀ ਵਕੀਲ ਨੇ ਕਿਹਾ, “ਭਗਤ ਸਿੰਘ ਤੁਸੀਂ ਇਸ ਤਰ੍ਹਾਂ ਅਦਾਲਤ ਦੀ ਤੌਹੀਨ ਕਰ ਰਹੇ ਹੋ।” ਭਗਤ ਸਿੰਘ ਨੇ ਕਿਹਾ, “ਵਕੀਲ ਸਾਹਿਬ, ਮੈਂ ਜਦ ਤੱਕ ਜਿਊਂਦਾ ਰਹਾਂਗਾ, ਇਵੇਂ ਹੀ ਹੱਸਦਾ ਰਹਾਂਗਾ। ਜਦੋਂ ਮੈਂ ਫਾਂਸੀ ਦੇ ਤਖ਼ਤੇ ’ਤੇ ਖੜ੍ਹਾ ਹੋ ਕੇ ਹੱਸਾਂਗਾ, ਉਦੋਂ ਤੁਸੀਂ ਕਿਹੜੀ ਅਦਾਲਤ ਵਿਚ ਸ਼ਿਕਾਇਤ ਕਰੋਗੇ।” ਬਾਬਾ ਸੋਹਨ ਸਿੰਘ ਭਕਨਾ ਭਗਤ ਸਿੰਘ ਨੂੰ ਜੇਲ੍ਹ ਵਿਚ ਮਿਲਣ ਲਈ ਗਏ।
ਬਾਬਾ ਜੀ ਨੇ ਭਗਤ ਸਿੰਘ ਨੂੰ ਪੁੱਛਿਆ, “ਭਗਤ ਸਿੰਘ, ਤੁਹਾਡਾ ਕੋਈ ਰਿਸ਼ਤੇਦਾਰ ਮਿਲਣ ਨਹੀਂ ਆਇਆ।” ਤਾਂ ਭਗਤ ਸਿੰਘ ਨੇ ਕਿਹਾ, “ਬਾਬਾ ਜੀ, ਮੇਰਾ ਖ਼ੂਨ ਦਾ ਰਿਸ਼ਤਾ ਤਾਂ ਸ਼ਹੀਦਾਂ ਦੇ ਨਾਲ ਹੈ, ਖ਼ੁਦੀ ਰਾਮ ਬੋਸ ਦੇ ਨਾਲ, ਕਰਤਾਰ ਸਿੰਘ ਸਰਾਭਾ ਦੇ ਨਾਲ, ਅਸੀਂ ਸਭ ਇਕ ਹੀ ਖ਼ੂਨ ਦੇ ਹਾਂ। ਸਾਡਾ ਖ਼ੂਨ ਇਕ ਹੀ ਜਗ੍ਹਾ ਤੋਂ ਆਇਐ, ਇਕ ਹੀ ਜਗ੍ਹਾ ਜਾ ਰਿਹੈ। ਦੂਜਾ ਰਿਸ਼ਤਾ ਤੁਹਾਡੇ ਲੋਕਾਂ ਨਾਲ ਹੈ, ਜੋ ਸਾਨੂੰ ਪ੍ਰੇਰਨਾ ਦੇ ਰਹੇ ਹੋ, ਜਿਨ੍ਹਾਂ ਦੇ ਨਾਲ ਕਾਲ ਕੋਠੜੀ ਵਿਚ ਅਸੀਂ ਪਸੀਨਾ ਵਹਾਇਆ ਹੈ। ਤੀਜੇ ਰਿਸ਼ਤੇਦਾਰ ਉਹ ਹੋਣਗੇ ਜੋ ਖ਼ੂਨ-ਪਸੀਨੇ ਦੇ ਨਾਲ ਤਿਆਰ ਕੀਤੀ ਜ਼ਮੀਨ ਵਿੱਚੋਂ ਨਵੀਂ ਨਸਲ ਅਤੇ ਸ਼ਕਲ ਵਿਚ ਪੈਦਾ ਹੋਣਗੇ। ਜੋ ਸਾਡੇ ਮਿਸ਼ਨ ਨੂੰ, ਸਾਡੀ ਸੋਚ ਨੂੰ ਅੱਗੇ ਵਧਾਉਣਗੇ। ਇਸ ਤੋਂ ਇਲਾਵਾ ਸਾਡੇ ਹੋਰ ਕੌਣ ਰਿਸ਼ਤੇਦਾਰ ਹੋ ਸਕਦੇ ਨੇ ਬਾਬਾ ਜੀ।”
ਮਾਨਵਾਲ ਜ਼ਿਲ੍ਹਾ ਸ਼ੇਖੂਪੁਰਾ ਦੇ ਤੇਜਾ ਸਿੰਘ ਮਾਨ ਦੀ ਭੈਣ ਨਾਲ ਵਿਆਹ ਨਿਯਤ ਹੋਣ ਤੋਂ ਬਾਅਦ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਪੱਤਰ ਲਿਖ ਕੇ ਕਿਹਾ, “ਸਤਿਕਾਰਯੋਗ ਪਿਤਾ ਜੀ, ਇਹ ਵਿਆਹ ਦਾ ਸਮਾਂ ਨਹੀਂ ਹੈ। ਦੇਸ਼ ਮੈਨੂੰ ਬੁਲਾ ਰਿਹਾ ਹੈ। ਮੈਂ ਆਪਣਾ ਤਨ, ਮਨ ਅਤੇ ਧਨ ਦੇਸ਼ ਦੇ ਲੇਖੇ ਲਾਉਣ ਦਾ ਫ਼ੈਸਲਾ ਕੀਤਾ ਹੈ। ਵੈਸੇ ਵੀ ਇਹ ਸਾਡੇ ਪਰਿਵਾਰ ਲਈ ਕੋਈ ਨਵੀਂ ਗੱਲ ਨਹੀਂ। ਸਾਡਾ ਸਾਰਾ ਖ਼ਾਨਦਾਨ ਦੇਸ਼ ਭਗਤਾਂ ਦਾ ਹੈ। ਸੰਨ 1910 ਵਿਚ ਮੇਰੇ ਜਨਮ ਦੇ ਦੋ-ਤਿੰਨ ਸਾਲ ਬਾਅਦ ਹੀ ਚਾਚਾ ਸਵਰਨ ਸਿੰਘ ਜੀ ਜੇਲ੍ਹ ਵਿਚ ਸਵਰਗਵਾਸ ਹੋਏ ਸਨ। ਚਾਚਾ ਅਜੀਤ ਸਿੰਘ ਜੀ ਜਲਾਵਤਨ ਹੋ ਕੇ ਗ਼ੈਰ-ਮੁਲਕਾਂ ਵਿਚ ਰਹੇ। ਚਾਚਾ ਜੀ ਨੇ ਜੇਲ੍ਹਾਂ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ। ਮੈਂ ਤਾਂ ਸਿਰਫ਼ ਉਨ੍ਹਾਂ ਦੇ ਨਕਸ਼ੇ-ਕਦਮ ਉੱਪਰ ਚੱਲ ਰਿਹਾ ਹਾਂ। ਮਿਹਰਬਾਨੀ ਕਰ ਕੇ ਤੁਸੀਂ ਮੈਨੂੰ ਵਿਆਹ ਦੇ ਬੰਧਨ ਵਿਚ ਨਾ ਜਕੜੋ। ਬਲਕਿ ਮੇਰੇ ਹੱਕ ਵਿਚ ਦੁਆ ਕਰੋ। ਤਾਂ ਜੋ ਮੈਂ ਆਪਣੇ ਮਕਸਦ ਵਿਚ ਕਾਮਯਾਬ ਹੋ ਸਕਾਂ।”ਪਿਤਾ ਨੇ ਭਗਤ ਸਿੰਘ ਦੇ ਜਵਾਬ ਵਿਚ ਲਿਖਿਆ, “ਬੇਟਾ, ਅਸੀਂ ਤੇਰਾ ਵਿਆਹ ਨਿਸ਼ਚਿਤ ਕਰ ਦਿੱਤਾ ਹੈ। ਅਸੀਂ ਲੜਕੀ ਵੇਖ ਚੁੱਕੇ ਹਾਂ। ਸਾਨੂੰ ਪਸੰਦ ਹੈ। ਤੈਨੂੰ ਆਪਣੀ ਦਾਦੀ ਦੀ ਗੱਲ ਮੰਨਣੀ ਚਾਹੀਦੀ ਹੈ। ਮੇਰਾ ਆਦੇਸ਼ ਹੈ, ਤੂੰ ਵਿਆਹ ਵਿਚ ਕਿਸੇ ਕਿਸਮ ਦਾ ਅੜਿੱਕਾ ਨਾ ਪਾ। ਖ਼ੁਸ਼ੀ ਨਾਲ ਸਹਿਮਤ ਹੋ ਜਾ।”ਭਗਤ ਸਿੰਘ ਨੇ ਪਿਤਾ ਦੀ ਇਸ ਚਿੱਠੀ ਦੇ ਜਵਾਬ ਵਿਚ ਕਿਹਾ, “ਸਤਿਕਾਰਯੋਗ ਪਿਤਾ ਜੀ, ਮੈਨੂੰ ਇਹ ਪੜ੍ਹ ਕੇ ਹੈਰਾਨੀ ਹੋਈ, ਜੇ ਤੁਹਾਡੇ ਜਿਹੇ ਸੱਚੇ ਦੇਸ਼-ਭਗਤ ਅਤੇ ਬਹਾਦਰ ਇਨਸਾਨ ਨੂੰ ਵੀ ਇਹ ਮਾਮੂਲੀ ਗੱਲਾਂ ਪ੍ਰਭਾਵਿਤ ਕਰ ਸਕਦੀਆਂ ਹਨ, ਫਿਰ ਇਕ ਆਮ ਗੁਲਾਮ ਮਨੁੱਖ ਦਾ ਕੀ ਹੋਵੇਗਾ? ਤੁਸੀਂ ਸਿਰਫ਼ ਮੇਰੀ ਦਾਦੀ ਜੀ ਦੀ ਫ਼ਿਕਰ ਕਰ ਰਹੇ ਹੋ ਪਰ 33 ਕਰੋੜ ਲੋਕਾਂ ਦੀ ਮਾਂ, ਭਾਰਤ ਮਾਂ ਦੇ ਦੁੱਖ ਦੂਰ ਕਰਨ ਬਾਰੇ ਸੋਚੋ। ਭਾਰਤ ਮਾਂ ਦੇ ਦੁੱਖ ਦੂਰ ਕਰਨ ਲਈ ਸਾਨੂੰ ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ।”
ਸਰਦਾਰ ਭਗਤ ਸਿੰਘ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ, “ਅਸੀਂ ਮੁੱਠੀ-ਭਰ ਕ੍ਰਾਂਤੀਕਾਰੀ, ਲੋਕਾਂ ਨੂੰ ਨਾਲ ਲਏ ਬਿਨਾਂ ਆਜ਼ਾਦੀ ਹਾਸਲ ਨਹੀਂ ਕਰ ਸਕਦੇ। ਜਨਤਾ ਦੀ ਸ਼ਕਤੀ ਦੇ ਨਾਲ ਹੀ ਸਾਡਾ ਮੁਲਕ ਆਜ਼ਾਦ ਹੋਵੇਗਾ। ਭਾਰਤ ਦੀ ਲੁੱਟ ਨੂੰ ਖ਼ਤਮ ਕਰਨਾ, ਨੌਕਰਸ਼ਾਹੀ ਦਾ ਦਬਦਬਾ ਖ਼ਤਮ ਕਰਨਾ, ਲੋਕਾਂ ਨੂੰ ਹਕੂਮਤ ਵਿਚ ਬਰਾਬਰ ਦਾ ਹਿੱਸੇਦਾਰ ਬਣਾਉਣਾ ਸਾਡਾ ਪਹਿਲਾ ਫ਼ਰਜ਼ ਹੈ।”ਹੁਣ ਦੇਖਣਾ ਹੈ ਕਿ ਭਗਤ ਸਿੰਘ ਤੇ ਅਣਗਿਣਤ ਦੇਸ਼ ਭਗਤ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਸ਼ ਦੀ ਆਜ਼ਾਦੀ ਖ਼ਾਤਰ ਹੱਸ ਕੇ ਕੁਰਬਾਨ ਕੀਤੀਆਂ, ਕੀ ਅੱਜ ਦਾ ਭਾਰਤ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਹੀ ਹੈ? ਜੇਕਰ ਨਹੀਂ ਤਾਂ ਕੀ ਕਾਰਨ ਹੈ? ਕੀ ਅਸੀਂ ਉਨ੍ਹਾਂ ਦੇ, ਉਨ੍ਹਾਂ ਦੀ ਸੋਚ ਦੇ ਵਾਰਿਸ ਬਣ ਸਕੇ ਹਾਂ? ਜੇਕਰ ਨਹੀਂ ਤਾਂ ਕੀ ਕਾਰਨ ਹਨ, ਕਿੱਥੇ ਗੜਬੜ ਹੋਈ ਹੈ? ਮੁਲਕ ਇਕ ਵਾਰ ਫਿਰ ਗੁਲਾਮੀ ਵੱਲ ਵਧ ਰਿਹਾ ਹੈ ਪਰ ਹੁਣ ਵਾਲੀ ਗੁਲਾਮੀ ਪਹਿਲੀ ਗੁਲਾਮੀ ਨਾਲੋਂ ਬੇਹੱਦ ਖ਼ਤਰਨਾਕ ਅਤੇ ਖ਼ੌਫ਼ਨਾਕ ਹੋਵੇਗੀ। ਸਾਮਰਾਜਵਾਦ ਦੇ ਕੋਝੇ ਮਨਸੂਬੇ ਭਾਰਤ ਨੂੰ ਰਾਜਨੀਤਕ, ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਤੌਰ ’ਤੇ ਗੁਲਾਮ ਕਰਨ ਦੇ ਹਨ।
-ਸੰਜੀਵਨ ਸਿੰਘ
-ਮੋਬਾਈਲ : 94174-60656