ਦੂਰਦਰਸ਼ਨ ਦੇ ਉਨ੍ਹਾਂ ਦਿਨਾਂ ਨੂੰ ਚੇਤੇ ਕਰਦੇ ਹੋਏ ਜੇ ਇਹ ਕਿਹਾ ਜਾਏ ਕਿ ਉਹ ਇਕ ਸਟਾਰ ਐਂਕਰ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਸ ਦੀ ਸਾਦਗੀ ਤੇ ਇਕ ਘਰੇਲੂ ਔਰਤ ਦਰਸ਼ਕਾਂ ਨੂੰ ਬਹੁਤ ਭਾਉਂਦਾ ਸੀ। ਮੈਨੂੰ ਫ਼ਖ਼ਰ ਹੈ ਕਿ ਮੈਂ ਆਪਣੇ ਦੂਰਦਰਸ਼ਨ ਦੇ ਦਿਨਾਂ ’ਚ ਉਸ ਨਾਲ ਕੰਮ ਕੀਤਾ।

ਦੂਰਦਰਸ਼ਨ ਦੀ ਨਿਊਜ਼ ਰੀਡਰ ਰਹੀ ਸਰਲਾ ਮਹੇਸ਼ਵਰੀ ਅਕਾਲ ਚਲਾਣਾ ਕਰ ਗਈ ਹੈ। ਉਸ ਦੇ ਚਲੇ ਜਾਣ ਨਾਲ ਭਾਰਤੀ ਮੀਡੀਆ ਤੇ ਨਿਊਜ਼ ਐਂਕਰਜ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਆਪਣੇ ਦੂਰਦਰਸ਼ਨ ਦੇ ਲੰਬੇ ਕਰੀਅਰ ਅਤੇ ਟੈਲੀਵਿਜ਼ਨ ਦੀ ਦੁਨੀਆ ਵਿਚ ਪੂਰੀ ਉਮਰ ਖਪਾਉਣ ਤੋਂ ਬਾਅਦ ਜਿਹੜੇ ਨਿਊਜ਼ ਰੀਡਰ ਭਾਰਤ ਦੀ ਪਛਾਣ, ਭਾਰਤ ਦੀ ਸੰਸਕ੍ਰਿਤੀ ਦੀ ਝਲਕ ਦਿਖਾ ਸਕਦੇ ਸਨ, ਮੇਰੀਆਂ ਯਾਦਾਂ ’ਚ ਉਨ੍ਹਾਂ ਵਿੱਚੋਂ ਦੂਰਦਰਸ਼ਨ ਦੀ ਸਦਾਬਹਾਰ ਤੇ ਭਾਰਤੀ ਰੰਗ ਵਿਚ ਰੰਗੀ ਹੋਈ ਸਰਲਾ ਮਹੇਸ਼ਵਰੀ ਇਕ ਸੀ।
ਦੂਰਦਰਸ਼ਨ ਦੇ ਉਨ੍ਹਾਂ ਦਿਨਾਂ ਨੂੰ ਚੇਤੇ ਕਰਦੇ ਹੋਏ ਜੇ ਇਹ ਕਿਹਾ ਜਾਏ ਕਿ ਉਹ ਇਕ ਸਟਾਰ ਐਂਕਰ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਸ ਦੀ ਸਾਦਗੀ ਤੇ ਇਕ ਘਰੇਲੂ ਔਰਤ ਦਰਸ਼ਕਾਂ ਨੂੰ ਬਹੁਤ ਭਾਉਂਦਾ ਸੀ। ਮੈਨੂੰ ਫ਼ਖ਼ਰ ਹੈ ਕਿ ਮੈਂ ਆਪਣੇ ਦੂਰਦਰਸ਼ਨ ਦੇ ਦਿਨਾਂ ’ਚ ਉਸ ਨਾਲ ਕੰਮ ਕੀਤਾ। ਦੂਰਦਰਸ਼ਨ ਨਿਊਜ਼ ਰੂਮ ਵਿੱਚੋਂ ਪ੍ਰੋਡਕਸ਼ਨ ਪੈਨਲ ’ਚੋਂ ਲਾਈਵ ਨਿਊਜ਼ ਲਈ ਉਸ ਨੂੰ ਕਮਾਂਡ ਦਿੰਦਿਆਂ ਮੈਨੂੰ ਲੱਗਦਾ ਹੁੰਦਾ ਸੀ ਕਿ ਉਹ ਸਭ ਕੁਝ ਸੰਭਾਲ ਲਵੇਗੀ।
ਉਹ ਸੱਚਮੁੱਚ ਭਾਰਤ ਦੀ ਪਛਾਣ ਸੀ। ਹੁਣ ਜਦੋਂ ਉਹ ਚਲੀ ਗਈ ਹੈ ਤਾਂ ਭਾਰਤ ਦੇ ਉਨ੍ਹਾਂ ਸਿਤਾਰਿਆਂ ਦੀ ਇਕ ਪਛਾਣ ਇਤਿਹਾਸ ਵਿਚ ਚਲੀ ਗਈ ਹੈ ਜਿਨ੍ਹਾਂ ਨੂੰ ਦੂਰਦਰਸ਼ਨ ਅਤੇ ਭਾਰਤੀ ਜਨਜੀਵਨ ’ਚ ਹਮੇਸ਼ਾ ਪਿਆਰ ਮਿਲਿਆ ਸੀ। ਸਰਲਾ ਮਹੇਸ਼ਵਰੀ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ 71 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਮੀਡੀਆ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਯਾਦ ਕਰ ਰਹੇ ਹਨ ਅਤੇ ਭਾਵੁਕ ਸ਼ਰਧਾਂਜਲੀਆਂ ਦੇ ਰਹੇ ਹਨ। ਦੂਰਦਰਸ਼ਨ ਨੇ ਵੀ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਸਰਲਾ ਦੇ ਪਰਿਵਾਰ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 12 ਫਰਵਰੀ 2026 ਦੀ ਸ਼ਾਮ ਨੂੰ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਕੀਤਾ ਗਿਆ। ਆਪਣੀ ਨਰਮ ਸਹਿਜ ਆਵਾਜ਼ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਲਈ ਜਾਣੀ ਜਾਂਦੀ ਸਰਲਾ ਮਹੇਸ਼ਵਰੀ ਨੇ ਲੋਕਾਂ ਦੇ ਦਿਲਾਂ ਵਿਚ ਇਕ ਖ਼ਾਸ ਸਥਾਨ ਬਣਾਇਆ ਹੋਇਆ ਸੀ। ਉਹ 1980 ਅਤੇ 1990 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਟੈਲੀਵਿਜ਼ਨ ਮੀਡੀਆ ਚਿਹਰਿਆਂ ਵਿੱਚੋਂ ਇਕ ਸੀ। ਉਸ ਨੂੰ ਨੂੰ ਕਦੇ ਨਿਊਜ਼ ਮੀਡੀਆ ਦਾ ਇਕ ਭਰੋਸੇਯੋਗ ਚਿਹਰਾ ਮੰਨਿਆ ਜਾਂਦਾ ਸੀ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਪ੍ਰਸਿੱਧ ਪ੍ਰੋਗਰਾਮਾਂ ਅਤੇ ਵਿਸ਼ੇਸ਼ ਪ੍ਰਸਾਰਨਾਂ ਨਾਲ ਆਪਣੇ-ਆਪ ਨੂੰ ਵੱਖਰਾ ਸਥਾਪਤ ਕੀਤਾ। ਸਰਲਾ ਮਹੇਸ਼ਵਰੀ ਆਪਣੇ ਕੈਰੀਅਰ ਵਿਚ 2005 ਤੱਕ ਦੂਰਦਰਸ਼ਨ ਵਿਚ ਇਕ ਨਿਊਜ਼ ਐਂਕਰ ਵਜੋਂ ਕੰਮ ਕਰਦੀ ਰਹੀ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਪੀਐੱਚਡੀ ਕੀਤੀ। ਬਾਅਦ ਵਿਚ, ਉਸ ਨੇ ਦੂਰਦਰਸ਼ਨ ਲਈ ਆਡੀਸ਼ਨ ਦਿੱਤਾ। ਉਸ ਨੇ ਆਪਣਾ ਕਰੀਅਰ ਇਕ ਅਨਾਊਂਸਰ ਵਜੋਂ ਸ਼ੁਰੂ ਕੀਤਾ ਅਤੇ ਫਿਰ ਖ਼ਬਰਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਸਰਲਾ ਨੇ 1976 ਵਿਚ ਦੂਰਦਰਸ਼ਨ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਦਿੱਲੀ ਯੂਨੀਵਰਸਿਟੀ ਵਿਚ ਪੀਐੱਚਡੀ ਕਰਦੇ ਸਮੇਂ ਇਕ ਨਿਊਜ਼ ਅਨਾਊਂਸਰ ਵਜੋਂ ਕੀਤੀ ਸੀ। ਨਿਊਜ਼ ਐਂਕਰ ਦੀ ਭੂਮਿਕਾ ਲਈ ਅਰਜ਼ੀ ਦੇਣ ਤੋਂ ਬਾਅਦ ਉਹ ਜਲਦੀ ਹੀ ਖ਼ਬਰਾਂ ਪੜ੍ਹਨ ਲੱਗ ਪਈ ਅਤੇ 1984 ਤੱਕ ਦੂਰਦਰਸ਼ਨ ਨਾਲ ਕੰਮ ਕੀਤਾ। ਦੂਰਦਰਸ਼ਨ ਛੱਡਣ ਤੋਂ ਬਾਅਦ ਮਹੇਸ਼ਵਰੀ ਯੂਕੇ ਚਲੀ ਗਈ ਜਿੱਥੇ ਉਸ ਨੇ 1986 ਤੱਕ ਬੀਬੀਸੀ ਨਾਲ ਨਿਊਜ਼ ਰੀਡਰ ਵਜੋਂ ਕੰਮ ਕੀਤਾ।
ਉਹ 1988 ਵਿਚ ਭਾਰਤ ਵਾਪਸ ਆਈ ਅਤੇ ਦੂਰਦਰਸ਼ਨ ਵਿਚ ਦੁਬਾਰਾ ਸ਼ਾਮਲ ਹੋ ਗਈ। ਦੂਰਦਰਸ਼ਨ ਦੀਆਂ ਸਟਾਰ ਐਂਕਰਾਂ ਵਿੱਚੋਂ ਇਕ ਵਜੋਂ ਵਿਆਪਕ ਤੌਰ ’ਤੇ ਜਾਣੀ ਜਾਂਦੀ ਮਹੇਸ਼ਵਰੀ ਆਪਣੇ ਅਥਾਹ ਭੋਲੇਪਣ, ਸਾਦਗੀ ਅਤੇ ਸਟੀਕ ਹਿੰਦੀ ਉਚਾਰਨ ਲਈ ਮਸ਼ਹੂਰ ਸੀ। ਲੰਬੇ ਸਮੇਂ ਤੱਕ ਉਸ ਨੇ ਭਾਰਤੀ ਟੈਲੀਵਿਜ਼ਨ ਦੇ ਕਾਲੇ-ਚਿੱਟੇ ਪ੍ਰਸਾਰਨ ਤੋਂ ਰੰਗੀਨ ਵਿਚ ਤਬਦੀਲੀ ਨੂੰ ਦੇਖਿਆ ਅਤੇ ਉਸ ਦਾ ਹਿੱਸਾ ਬਣੀ ਰਹੀ। ਮਹੇਸ਼ਵਰੀ ਦੂਰਦਰਸ਼ਨ ’ਚ ਰਾਸ਼ਟਰੀ ਖ਼ਬਰਾਂ ਦੇ ਬੁਲੇਟਿਨਾਂ ਦਾ ਇਕ ਨਿਯਮਤ ਚਿਹਰਾ ਬਣ ਗਈ ਸੀ। ਉਸ ਦੀ ਪ੍ਰਸਤੁਤੀ ਸ਼ਾਂਤ ਅਤੇ ਰਸਮੀ ਰਹੀ। ਉਸ ਦੀ ਇਹ ਵੀ ਖ਼ਾਸੀਅਤ ਸੀ ਕਿ ਉਹ ਖ਼ਬਰਾਂ ਦੀ ਪੇਸ਼ਕਾਰੀ ਵਿਚ ਸਪਸ਼ਟਤਾ ਅਤੇ ਸੰਜਮ ’ਤੇ ਜ਼ੋਰ ਦਿੰਦੀ ਸੀ। ਦੂਰਦਰਸ਼ਨ ਨੇ ਸੋਸ਼ਲ ਮੀਡੀਆ ’ਤੇ ਇੱਕ ਭਾਵੁਕ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ‘‘ਦੂਰਦਰਸ਼ਨ ਪਰਿਵਾਰ ਵੱਲੋਂ ਸ਼੍ਰੀਮਤੀ ਸਰਲਾ ਮਹੇਸ਼ਵਰੀ ਨੂੰ ਦਿਲੋਂ ਸ਼ਰਧਾਂਜਲੀ। ਉਹ ਦੂਰਦਰਸ਼ਨ ਦੀ ਇਕ ਸਤਿਕਾਰਯੋਗ ਨਿਊਜ਼ ਰੀਡਰ ਸੀ ਜਿਸ ਨੇ ਆਪਣੀ ਕੋਮਲ ਆਵਾਜ਼, ਸਟੀਕ ਉਚਾਰਨ ਅਤੇ ਮਾਣਮੱਤੀ ਪੇਸ਼ਕਾਰੀ ਨਾਲ ਭਾਰਤੀ ਖ਼ਬਰਾਂ ਦੀ ਦੁਨੀਆ ਵਿਚ ਇਕ ਵਿਸ਼ੇਸ਼ ਸਥਾਨ ਬਣਾਇਆ। ਉਸ ਦੀ ਸਾਦਗੀ, ਸੰਜਮ ਅਤੇ ਆਕਰਸ਼ਕ ਸ਼ਖ਼ਸੀਅਤ ਨੇ ਦਰਸ਼ਕਾਂ ਦੇ ਦਿਲਾਂ ਵਿਚ ਡੂੰਘੀ ਥਾਂ ਬਣਾਈ ਹੋਈ ਸੀ।” ਸਰਲਾ ਮਹੇਸ਼ਵਰੀ ਦਰਸ਼ਕਾਂ ਦੇ ਇਕ ਪਰਿਵਾਰ ਵਾਂਗ ਅੰਗ-ਸੰਗ ਹੁੰਦੀ ਸੀ।
ਡਾ. ਕ੍ਰਿਸ਼ਨ ਕੁਮਾਰ ਰੱਤੂ
-(ਲੇਖਕ ਦੂਰਦਰਸ਼ਨ ਦਾ ਉਪ ਮਹਾ-ਨਿਰਦੇਸ਼ਕ ਰਿਹਾ ਹੈ)।
-ਮੋਬਾਈਲ : 94787-30156