ਉਸ ਵਿਹੜੇ ਦੀਆਂ ਕੰਧਾਂ ਵੀ ਖ਼ੁਸ਼ੀ ਨਾਲ ਝੂਮ ਰਹੀਆਂ ਸਨ ਅਤੇ ਪੁਰਾਣਾ ਰੁੱਖ ਜਿਵੇਂ ਸਾਡੇ ਉੱਤੇ ਅਸੀਸਾਂ ਵਰਸਾ ਰਿਹਾ ਸੀ। ਪੰਜਾਬ ਉਸ ਸਮੇਂ ਕਾਲੇ ਦੌਰ ’ਚੋਂ ਗੁਜ਼ਰ ਰਿਹਾ ਸੀ ਪਰ ਮਾਮੇ ਦੇ ਘਰ ਸਭ ਕੁਝ ਸੋਹਣਾ, -ਸੁਚੱਜਾ ਅਤੇ ਸ਼ਾਂਤਮਈ ਸੀ। ਪਰ ਵਿਆਹ ਤੋਂ ਇਕ ਦਿਨ ਪਹਿਲਾਂ ਸ਼ਾਮ ਦੇ ਸਮੇਂ ਇਕ ਖ਼ਬਰ ਨੇ ਸਾਰਾ ਮਾਹੌਲ ਬਦਲ ਦਿੱਤਾ।

ਪੈਂਤੀ ਸਾਲਾਂ ਦਾ ਸਮਾਂ ਕਦੇ-ਕਦੇ ਇਕ ਪਲ ਵਾਂਗ ਲੰਘ ਜਾਂਦਾ ਹੈ ਪਰ ਕੁਝ ਪਲ ਅਜਿਹੇ ਹੁੰਦੇ ਹਨ ਜੋ ਪੈਂਤੀ ਸਾਲਾਂ ਬਾਅਦ ਵੀ ਦਿਲ ਦੀ ਧੜਕਣ ਨਾਲ ਜੁੜੇ ਰਹਿੰਦੇ ਹਨ। ਮੇਰੇ ਨਾਲ ਮਹਿਜ਼ 11 ਸਾਲ ਦੀ ਉਮਰ ਵਿਚ ਜੋ ਕੁਝ ਵਾਪਰਿਆ, ਉਹ ਸਿਰਫ਼ ਇਕ ਘਟਨਾ ਨਹੀਂ ਸੀ, ਉਹ ਸਾਡੇ ਸਾਰੇ ਪਰਿਵਾਰ ਲਈ ਜ਼ਿੰਦਗੀ ਦਾ ਇਕ ਮੋੜ ਸੀ। ਉਹ ਰਾਤ, ਉਹ ਡਰ, ਉਹ ਹਫੜਾ-ਦਫੜੀ-ਸਭ ਕੁਝ ਅੱਜ ਵੀ ਅੱਖਾਂ ਮੂਹਰੇ ਇਕ ਤਸਵੀਰ ਵਾਂਗ ਸਾਫ਼ ਝਲਕਦਾ ਹੈ। ਉਸ ਰਾਤ ਦੀਆਂ ਆਵਾਜ਼ਾਂ ਅਜੇ ਵੀ ਕਦੇ-ਕਦੇ ਖ਼ਾਮੋਸ਼ੀ ਵਿਚ ਕੰਨਾਂ ਨਾਲ ਟਕਰਾ ਜਾਂਦੀਆਂ ਹਨ ਅਤੇ ਮਨ ਅਚਾਨਕ ਉਸੇ ਦੌਰ ਵਿਚ ਪੁੱਜ ਜਾਂਦਾ ਹੈ। ਗੱਲ ਮਾਮੇ ਦੇ ਵਿਆਹ ਦੀ ਹੈ। ਘਰ ਵਿਚ ਚੜ੍ਹਦੀ ਕਲਾ ਸੀ। ਢੋਲ ’ਤੇ ਡਗਿਆਂ, ਗਿੱਧੇ ਦੀਆਂ ਬੋਲੀਆਂ, ਹੱਸਣ ਦੀਆਂ ਆਵਾਜ਼ਾਂ ਅਤੇ ਰਿਸ਼ਤੇਦਾਰਾਂ ਦੀ ਚਹਿਲ-ਪਹਿਲ ਨਾਲ ਸਾਰਾ ਮਾਹੌਲ ਖ਼ੁਸ਼ਗਵਾਰ ਸੀ। ਵਿਹੜੇ ਵਿਚ ਰੰਗ-ਬਿਰੰਗੇ ਲਿਬਾਸਾਂ ਵਿਚ ਸਾਰੇ ਰਿਸ਼ਤੇਦਾਰ ਖਾਣ-ਪੀਣ ਵਿਚ ਰੁੱਝੇ ਹੋਏ ਸਨ। ਬੱਚੇ ਖੇਡ ਰਹੇ ਸਨ ਅਤੇ ਵੱਡੇ ਅਗਲੇ ਦਿਨ ਹੋਣ ਵਾਲੇ ਵਿਆਹ ਦੀਆਂ ਤਿਆਰੀਆਂ ਵਿਚ ਮਸਰੂਫ਼ ਸਨ।
ਉਸ ਵਿਹੜੇ ਦੀਆਂ ਕੰਧਾਂ ਵੀ ਖ਼ੁਸ਼ੀ ਨਾਲ ਝੂਮ ਰਹੀਆਂ ਸਨ ਅਤੇ ਪੁਰਾਣਾ ਰੁੱਖ ਜਿਵੇਂ ਸਾਡੇ ਉੱਤੇ ਅਸੀਸਾਂ ਵਰਸਾ ਰਿਹਾ ਸੀ। ਪੰਜਾਬ ਉਸ ਸਮੇਂ ਕਾਲੇ ਦੌਰ ’ਚੋਂ ਗੁਜ਼ਰ ਰਿਹਾ ਸੀ ਪਰ ਮਾਮੇ ਦੇ ਘਰ ਸਭ ਕੁਝ ਸੋਹਣਾ, -ਸੁਚੱਜਾ ਅਤੇ ਸ਼ਾਂਤਮਈ ਸੀ। ਪਰ ਵਿਆਹ ਤੋਂ ਇਕ ਦਿਨ ਪਹਿਲਾਂ ਸ਼ਾਮ ਦੇ ਸਮੇਂ ਇਕ ਖ਼ਬਰ ਨੇ ਸਾਰਾ ਮਾਹੌਲ ਬਦਲ ਦਿੱਤਾ। ਇਕ ਦੂਰ ਦੀ ਰਿਸ਼ਤੇਦਾਰ ਦੀ ਧੀ ਦੇ ਸੋਨੇ ਦੇ ਗਹਿਣੇ ਗੁੰਮ ਗਏ ਸਨ। ਪਹਿਲਾਂ ਤਾਂ ਲੱਗਾ ਕਿ ਸ਼ਾਇਦ ਕਿਤੇ ਰੱਖ ਕੇ ਭੁੱਲ ਗਈ ਹੋਵੇਗੀ ਪਰ ਜਦੋਂ ਲੱਭਣ ਦੀ ਕੋਸ਼ਿਸ਼ ਨਾਕਾਮ ਰਹੀ ਤਾਂ ਘਰ ਵਿਚ ਸ਼ੱਕ ਦੀ ਲਹਿਰ ਦੌੜ ਗਈ। ਗੱਲ ਛੋਟੀ ਸੀ ਪਰ ਉਸ ਦਾ ਰੂਪ ਵੱਡਾ ਹੋ ਗਿਆ। ਪੁੱਛਗਿੱਛ ਹੋਣ ਲੱਗੀ, ਤਕਰਾਰ ਹੋਣ ਲੱਗੀ। ਗੱਲਾਂ ਕੌੜੀਆਂ ਹੋਣ ਲੱਗੀਆਂ। ਜਿਹੜੇ ਚਿਹਰੇ ਕੁਝ ਪਲ ਪਹਿਲਾਂ ਖ਼ੁਸ਼ੀ ਨਾਲ ਚਮਕ ਰਹੇ ਸਨ, ਉਨ੍ਹਾਂ ਉੱਤੇ ਗੁੱਸੇ ਅਤੇ ਬੇਇਤਬਾਰੀ ਦੀ ਲਾਲੀ ਛਾ ਗਈ। । ਗਹਿਣੇ ਆਖ਼ਰਕਾਰ ਲੱਭ ਵੀ ਗਏ ਪਰ ਉਨ੍ਹਾਂ ਦੀ ਤਲਾਸ਼ ਅਤੇ ਪਰਿਵਾਰਕ ਪੁੱਛਗਿੱਛ ਦੀ ਨਿੱਕੀ ਜਿਹੀ ਗੱਲ ਨੇ ਐਸਾ ਰੂਪ ਧਾਰ ਲਿਆ ਕਿ ਬੋਲ ਤਿੱਖੇ ਹੋ ਗਏ, ਅੱਖਾਂ ਵਿਚ ਅੱਗ ਭਰ ਗਈ ਅਤੇ ਖ਼ੁਸ਼ੀ ਦਾ ਸਮਾਂ ਕਲੇਸ਼ ਵਿਚ ਬਦਲ ਗਿਆ। ਜਿਹੜੇ ਦਰਵਾਜ਼ੇ ਹੱਸਣ ਨਾਲ ਖੁੱਲ੍ਹਦੇ ਸਨ, ਉਹ ਰੋਸੇ ਨਾਲ ਬੰਦ ਹੋਣ ਲੱਗੇ। ਕੁਝ ਗੱਲਾਂ ਅਜਿਹੀਆਂ ਹੋ ਗਈਆਂ ਜੋ ਸਾਲਾਂ ਤੱਕ ਦਿਲਾਂ ਵਿਚ ਚੁਭਦੀਆਂ ਰਹੀਆਂ। ਪੰਜਾਬ ਵਿਚ ਉਹ ਦਿਨ ਦਹਿਸ਼ਤ ਦੇ ਸਾਏ ਹੇਠ ਸਨ। ਰਾਤਾਂ ਡਰ ਨਾਲ ਭਰੀਆਂ ਹੁੰਦੀਆਂ ਸਨ ਤੇ ਦਿਨ ਵੇਲੇ ਰਾਤ ਜਿਹਾ ਸੰਨਾਟਾ ਛਾਇਆ ਹੁੰਦਾ ਸੀ। ਉਸ ਕਾਲੀ ਰਾਤ ਵਿਚ ਜਦੋਂ ਆਪਸੀ ਤੋਹਮਤਾਂ ਤੇ ਲੜਾਈ ਦੇ ਚੱਲਦਿਆਂ ਅਸੀਂ-ਮੈਂ, ਮੇਰੀਆਂ ਦੋਵੇਂ ਭੈਣਾਂ ਅਤੇ ਮਾਤਾ-ਪਿਤਾ ਪਿੰਡ ਛੱਡਣ ਲਈ ਮਜਬੂਰ ਹੋਏ ਤਾਂ ਮਾਮੇ ਦੇ ਘਰ ਵਿਚ ਹਾਹਾਕਾਰ ਮਚ ਗਈ ਸੀ। ਚੀਖਾਂ, ਦੌੜਾਂ, ਘਬਰਾਹਟ… ਹਰ ਪਾਸੇ ਹਫੜਾ-ਦਫੜੀ ਸੀ। ਮੇਰੀ ਮਾਂ ਨੇ ਮੇਰਾ ਹੱਥ ਜ਼ੋਰ ਨਾਲ ਫੜਿਆ ਹੋਇਆ ਸੀ, ਪਿਤਾ ਜੀ ਵਾਰ-ਵਾਰ ਪਿੱਛੇ ਮੁੜ ਕੇ ਵੇਖ ਰਹੇ ਸਨ ਅਤੇ ਭੈਣਾਂ ਮੇਰੇ ਨਾਲ ਲੱਗ ਕੇ ਕੰਬਦੀਆਂ ਹੋਈਆਂ ਤੁਰ ਰਹੀਆਂ ਸਨ। ਉਹ ਪਲ ਸਿਰਫ਼ ਡਰ ਦਾ ਨਹੀਂ ਸੀ, ਉਹ ਬਚਪਨ ਦੇ ਟੁੱਟਣ ਦਾ ਪਲ ਸੀ।
ਅਸੀਂ ਪਿੰਡ ਦੀ ਹੱਦ ਪਾਰ ਕਰ ਕੇ ਨਹਿਰ ਦੇ ਕੰਢੇ ਤੁਰ ਪਏ। ਉਹ ਰਾਹ ਮੇਰੀ ਜ਼ਿੰਦਗੀ ਦੀ ਸਭ ਤੋਂ ਲੰਬੀ ਯਾਤਰਾ ਸੀ। ਹਰ ਛਾਂ ਵਿਚ ਖ਼ਤਰਾ ਦਿਖਾਈ ਦਿੰਦਾ ਸੀ। ਦਿਲ ਦੀ ਧੜਕਣ ਕੰਨਾਂ ਵਿਚ ਸੁਣਾਈ ਦਿੰਦੀ ਸੀ। ਰਾਤ ਦੀ ਖ਼ਾਮੋਸ਼ੀ ਵਿਚ ਸਿਰਫ਼ ਸਾਡੇ ਕਦਮਾਂ ਦੀ ਆਵਾਜ਼ ਸੀ। ਲੱਗਦਾ ਸੀ ਜਿਵੇਂ ਚੰਨ ਵੀ ਸਾਡੇ ਨਾਲ-ਨਾਲ ਚੱਲ ਰਿਹਾ ਹੋਵੇ ਅਤੇ ਸਾਡੀ ਚੁੱਪ ਦਾ ਗਵਾਹ ਬਣਿਆ ਹੋਵੇ। ਕੁਝ ਦੂਰ ਜਾ ਕੇ ਇਕ ਪੁਰਾਣਾ ਟਰੱਕ, ਲੰਬੀ ਨੱਕ ਵਾਲਾ, ਜਿਸ ਦੇ ਅੱਧੇ ਬੌਨਟ ’ਚੋਂ ਇੰਜਨ ਨਜ਼ਰ ਆ ਰਿਹਾ ਸੀ, ਮਿਲਿਆ। ਅਸੀਂ ਉਸ ਵਿਚ ਬੈਠ ਗਏ। ਟਰੱਕ ਦੀ ਘੜਘੜਾਹਟ ਅਤੇ ਨਹਿਰ ਦੇ ਪਾਣੀ ਦੀ ਚਮਕ ਹਮੇਸ਼ਾ ਲਈ ਜ਼ਿਹਨ ਵਿਚ ਵਸ ਗਏ। ਹਰ ਮੋੜ ’ਤੇ ਦਿਲ ਡੋਲਦਾ ਸੀ ਪਰ ਅੰਦਰ ਕਿਤੇ ਇਹ ਯਕੀਨ ਵੀ ਜਾਗ ਰਿਹਾ ਸੀ ਕਿ ਰੱਬ ਸਾਡੇ ਨਾਲ ਹੈ। ਅਖ਼ੀਰ ਅਸੀਂ ਅੱਧੀ ਰਾਤ ਲੰਘਾ ਕੇ ਸੁਰੱਖਿਅਤ ਥਾਂ ’ਤੇ ਪੁੱਜ ਗਏ। ਅਸੀਂ ਬਚ ਗਏ ਪਰ ਉਹ ਰਾਤ ਸਾਡੇ ਅੰਦਰ ਕਿਤੇ ਦਰਜ ਹੋ ਗਈ। ਸਮਾਂ ਲੰਘਦਾ ਗਿਆ। ਅਸੀਂ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਭੈਣਾਂ ਦੇ ਵਿਆਹ ਹੋ ਗਏ। ਘਰ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ। ਜੀਵਨ ਨੇ ਸਾਨੂੰ ਮਜ਼ਬੂਤ ਬਣਾਇਆ ਪਰ ਉਹ ਪਿੰਡ, ਉਹ ਵਿਹੜਾ ਅਤੇ ਉਹ ਰਾਤ ਕਦੇ ਪੂਰੀ ਤਰ੍ਹਾਂ ਮਨ ਤੋਂ ਲੱਥੇ ਨਹੀਂ। ਕਈ ਵਾਰ ਸੁਪਨਿਆਂ ਵਿਚ ਉਹੀ ਗਲੀਆਂ ਸਾਹਮਣੇ ਆ ਜਾਂਦੀਆਂ ਅਤੇ ਮੈਂ ਜਾਗ ਪੈਂਦਾ ਅਤੇ ਫਿਰ-ਪੈਂਤੀ ਸਾਲ ਬਾਅਦ ਮਾਮੇ ਦੇ ਪੁੱਤ ਦੇ ਵਿਆਹ ਦਾ ਸੱਦਾ ਆਇਆ। ਉਹ ਸਿਰਫ਼ ਇਕ ਸੱਦਾ ਨਹੀਂ ਸੀ, ਉਹ ਟੁੱਟੇ ਰਿਸ਼ਤਿਆਂ ਨੂੰ ਜੋੜਨ ਦਾ ਸੰਦੇਸ਼ ਸੀ। ਦਿਲ ਵਿਚ ਝਿਜਕ ਵੀ ਸੀ ਅਤੇ ਚਾਅ ਵੀ। ਅਸੀਂ ਜਾਣ ਦਾ ਫ਼ੈਸਲਾ ਕੀਤਾ। ਜਦੋਂ ਅਸੀਂ ਮੁੜ ਉਸੇ ਪਿੰਡ ਵਿਚ ਦਾਖ਼ਲ ਹੋਏ, ਦਿਲ ਦੀ ਧੜਕਣ ਤੇਜ਼ ਹੋ ਗਈ। ਉਹੀ ਗਲੀਆਂ, ਉਹੀ ਘਰ ਪਰ ਸਮਾਂ ਬਦਲ ਚੁੱਕਾ ਸੀ। ਲੋਕਾਂ ਦੇ ਚਿਹਰੇ ਬਦਲੇ ਹੋਏ ਸਨ ਪਰ ਮਿੱਟੀ ਦੀ ਖ਼ੁਸ਼ਬੂ ਉਹੀ ਸੀ। ਲੱਗਿਆ ਜਿਵੇਂ ਧਰਤੀ ਨੇ ਸਾਨੂੰ ਪਛਾਣ ਲਿਆ ਹੋਵੇ।
ਵਿਆਹ ਦਾ ਮਾਹੌਲ ਖ਼ੁਸ਼ਗਵਾਰ ਸੀ। ਰਿਸ਼ਤੇਦਾਰਾਂ ਨੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਕਈ ਅੱਖਾਂ ਵਿਚ ਪਛਤਾਵਾ ਵੀ ਸੀ ਅਤੇ ਖ਼ੁਸ਼ੀ ਵੀ। ਕੁਝ ਮਾਫ਼ੀਆਂ ਬਿਨਾਂ ਬੋਲੇ ਹੀ ਅੱਖਾਂ ਰਾਹੀਂ ਮੰਗੀਆਂ ਤੇ ਮੰਨੀਆਂ ਗਈਆਂ। ਜੋ ਭੈਣਾਂ ਉਸ ਰਾਤ ਡਰ ਨਾਲ ਕੰਬਦੀਆਂ ਹੋਈਆਂ ਟਰੱਕ ਵਿਚ ਬੈਠੀਆਂ ਸਨ, ਅੱਜ ਆਪਣੇ ਬੱਚਿਆਂ ਨਾਲ ਹੱਸ ਰਹੀਆਂ ਸਨ। ਜਿਨ੍ਹਾਂ ਦਰਵਾਜ਼ਿਆਂ ਨੂੰ ਕਦੇ ਗੁੱਸੇ ਵਿਚ ਛੱਡਿਆ ਸੀ, ਉਹ ਅੱਜ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕਰ ਰਹੇ ਸਨ। ਰਾਤ ਨੂੰ ਜਦੋਂ ਮੈਂ ਉਸੇ ਵਿਹੜੇ ਵਿਚ ਅਸਮਾਨ ਵੱਲ ਤੱਕਿਆ ਤਾਂ ਮੈਨੂੰ ਲੱਗਾ ਕਿ ਸਮਾਂ ਸੱਚਮੁੱਚ ਇਕ ਚੱਕਰ ਹੈ। ਜੋ ਟੁੱਟਦਾ ਹੈ, ਉਹ ਕਦੇ ਨਾ ਕਦੇ ਜੁੜ ਵੀ ਜਾਂਦਾ ਹੈ। ਡਰ, ਮਿਲਾਪ ’ਚ ਬਦਲ ਗਿਆ ਸੀ। ਵਿਛੋੜਾ ਅਸੀਸ ਬਣ ਗਿਆ ਸੀ। ਉਸ ਰੁੱਖ ਦੀ ਛਾਂ ਹੇਠ ਖੜ੍ਹ ਕੇ ਲੱਗਿਆ ਜਿਵੇਂ ਬਚਪਨ ਮੁੜ ਮੇਰੇ ਕੋਲ ਆ ਖੜ੍ਹਾ ਹੋਇਆ ਹੋਵੇ। ਉਹ ਰਾਤ ਜਿਸ ਨੇ ਸਾਨੂੰ ਪਿੰਡ ਛੱਡਣ ਲਈ ਮਜਬੂਰ ਕੀਤਾ ਸੀ, ਅੱਜ ਉਹੀ ਪਿੰਡ ਸਾਨੂੰ ਗਲੇ ਲਗਾ ਰਿਹਾ ਸੀ। ਪੈਂਤੀ ਸਾਲਾਂ ਬਾਅਦ ਵਾਪਸੀ ਸਿਰਫ਼ ਉਸ ਥਾਂ ’ਤੇ ਕਦਮ ਰੱਖਣ ਦੀ ਨਹੀਂ ਸੀ, ਸਗੋਂ ਦਿਲ ਦੇ ਭਾਰ ਨੂੰ ਹਲਕਾ ਕਰਨ ਦੀ ਸੀ। ਮੈਂ ਮਹਿਸੂਸ ਕੀਤਾ ਕਿ ਕੁਝ ਯਾਦਾਂ ਸਾਨੂੰ ਤੋੜਦੀਆਂ ਨਹੀਂ, ਮਜ਼ਬੂਤ ਬਣਾਉਂਦੀਆਂ ਹਨ। ਡਰ ਸਾਨੂੰ ਸਿਖਾਉਂਦਾ ਹੈ, ਸਮਾਂ ਸਾਨੂੰ ਜੋੜਦਾ ਹੈ ਤੇ ਜ਼ਿੰਦਗੀ-ਉਹ ਸਦਾ ਅੱਗੇ ਵਧਦੀ ਰਹਿੰਦੀ ਹੈ। ਪੈਂਤੀ ਸਾਲ ਪਹਿਲਾਂ ਜੋ ਰਾਤ ਕਾਲੀ ਸੀ, ਅੱਜ ਉਸੇ ਕਹਾਣੀ ਦਾ ਅੰਤ ਚਾਨਣ ਨਾਲ ਹੋਇਆ। ਇਹ ਵਾਪਸੀ ਸਿਰਫ਼ ਸਫ਼ਰ ਨਹੀਂ ਸੀ-ਇਹ ਦਿਲ ਦੀ ਸ਼ਾਂਤੀ, ਮਾਫ਼ੀ ਤੇ ਮਿਲਾਪ ਦਾ ਪਾਕੀਜ਼ਾ ਅਨੁਭਵ ਸੀ।
-ਗੁਰਦੀਪ ਸਿੰਘ ਮਾਨ
-(ਡੀਪੀਆਰਓ, ਫ਼ਾਜ਼ਿਲਕਾ)।
-ਮੋਬਾਈਲ : 98157-44451