- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਆਂਢੀ ਮੁਲਕਾਂ ਨਾਲ ਤਣਾਅ ਵਿਚਾਲੇ ਗ਼ਰੀਬੀ ਤੋਂ ਮੁਲਕ ਦੇ ਬਾਸ਼ਿੰਦਿਆਂ ਨੂੰ ਬਾਹਰ ਕੱਢਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸੰਵਿਧਾਨਕ ਕਦਰਾਂ-ਕੀਮਤਾਂ ਦੇ ਅਨੁਸਾਰ ਸ਼ਲਾਘਾਯੋਗ ਕਦਮ ਪੁੱਟੇ ਗਏ। ਇਸ ਦਿਨ ਦੀਆਂ ਖ਼ੁਸ਼ੀਆਂ ਮਨਾਉਣ ਦਾ ਸਿਹਰਾ ਉਨ੍ਹਾਂ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਮੁਲਕ ਦੇ ਗਲੋਂ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਉਤਾਰਿਆ।

ਆਜ਼ਾਦ ਭਾਰਤ ਅੱਜ ਆਪਣਾ ਗਣਤੰਤਰ ਦਿਵਸ ਨਵੀਆਂ ਉਮੀਦਾਂ ਤੇ ਸਾਰੇ ਸੂਬਿਆਂ ਦੀ ਖ਼ੁਸ਼ਹਾਲੀ ਦੇ ਪ੍ਰਤੀਕ ਵਜੋਂ ਮਨਾ ਰਿਹਾ ਹੈ। ਇਹ ਦਿਨ ਮੁਲਕ ਦੇ ਸਾਰੇ ਧਰਮਾਂ, ਭਾਸ਼ਾਵਾਂ, ਫ਼ਿਰਕਿਆਂ ਅਤੇ ਹਰ ਵਰਗ ਦੇ ਲੋਕਾਂ ਨੂੰ ਸੰਵਿਧਾਨ ਅਨੁਸਾਰ ਏਕਤਾ ਦੇ ਸੂਤਰ ’ਚ ਬੰਨ੍ਹਣ ਦਾ ਦਿਨ ਵੀ ਹੈ। ਹਰ ਸਾਲ ਇਸ ਦਿਨ ਨਵੇਂ ਅਹਿਦ ਲਏ ਜਾਂਦੇ ਹਨ ਤੇ ਬੀਤੇ ਵਰ੍ਹੇ ਦੀ ਪੜਚੋਲ ਕਰਦਿਆਂ ਦਰਪੇਸ਼ ਮੁਸ਼ਕਲਾਂ ਨੂੰ ਦਰੁਸਤ ਕਰਨ ਲਈ ਨਵੇਂ ਕਦਮਾਂ ਦੀ ਵਿਉਂਤਬੰਦੀ ਕੀਤੀ ਜਾਂਦੀ ਹੈ।
ਦੇਸ਼ ਇਸ ਵੇਲੇ ਇਕ ਪਾਸੇ ਖ਼ੁਸ਼ਹਾਲੀ ਦੀਆਂ ਪੈੜਾਂ ਪੁੱਟ ਰਿਹਾ ਹੈ ਤੇ ਦੂਜੇ ਪਾਸੇ ਇਸ ਨੂੰ ਹਾਲੇ ਵੀ ਕਈ ਅਲਾਮਤਾਂ ਘੇਰੀ ਬੈਠੀਆਂ ਹਨ। ਆਲਮੀ ਪੱਧਰ ’ਤੇ ਜਿਸ ਤਰ੍ਹਾਂ ਦਾ ਤਣਾਅ ਵਾਲਾ ਮਾਹੌਲ ਹੈ, ਉਸ ਨਾਲ ਭਾਰਤ ਦੀ ਏਕਤਾ ਅਖੰਡਤਾ ਵੀ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ਸਮੇਂ ਦੌਰਾਨ ਦੇਸ਼ ਦੇ ਹਾਕਮਾਂ ਦੀ ਜ਼ਿੰਮੇਦਾਰੀ ਵਧ ਜਾਂਦੀ ਹੈ ਕਿ ਉਹ ਲੋਕਾਂ ਦੇ ਮਨੋਬਲ ਨੂੰ ਬਰਕਰਾਰ ਰੱਖਣ। ਆਜ਼ਾਦੀ ਮਿਲਣ ਤੋਂ ਬਾਅਦ ਵੀ ਦੇਸ਼ ਨੇ ਕਈ ਸੰਤਾਪ ਭੋਗੇ ਹਨ।
ਗੁਆਂਢੀ ਮੁਲਕਾਂ ਨਾਲ ਤਣਾਅ ਵਿਚਾਲੇ ਗ਼ਰੀਬੀ ਤੋਂ ਮੁਲਕ ਦੇ ਬਾਸ਼ਿੰਦਿਆਂ ਨੂੰ ਬਾਹਰ ਕੱਢਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸੰਵਿਧਾਨਕ ਕਦਰਾਂ-ਕੀਮਤਾਂ ਦੇ ਅਨੁਸਾਰ ਸ਼ਲਾਘਾਯੋਗ ਕਦਮ ਪੁੱਟੇ ਗਏ। ਇਸ ਦਿਨ ਦੀਆਂ ਖ਼ੁਸ਼ੀਆਂ ਮਨਾਉਣ ਦਾ ਸਿਹਰਾ ਉਨ੍ਹਾਂ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਮੁਲਕ ਦੇ ਗਲੋਂ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਉਤਾਰਿਆ।
ਇਸ ਦਿਨ ਨੂੰ ਆਪੋ-ਆਪਣੇ ਤਰੀਕੇ ਨਾਲ ਤਿਰੰਗੇ ਝੰਡੇ ਹੇਠਾਂ ਆ ਕੇ ਮਨਾ ਰਹੇ ਸਾਰੇ ਸੂਬਿਆਂ ਨੂੰ ਨਵੇਂ ਸੰਕਲਪ ਲੈਣੇ ਚਾਹੀਦੇ ਹਨ। ਖ਼ੁਦ ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਮੁਲਕ ਦੀ ਮਿੱਟੀ ਲਈ ਆਪਣਾ ਖ਼ੂਨ ਡੋਲ੍ਹਣ ਵਾਲਿਆਂ ਤੇ ਸੰਵਿਧਾਨਕ ਕਦਰਾਂ ਕੀਮਤਾਂ ਦੇ ਸੁਨਹਿਰੀ ਪੰਨੇ ਲਿਖਣ ਵਾਲਿਆਂ ਦੇ ਕਹੇ ਅਨੁਸਾਰ ਅਸੀਂ ਚੱਲ ਸਕੇ ਹਾਂ ਕਿ ਨਹੀਂ। ਕੀ ਅਸੀਂ ਮੁਲਕ ਦੇ ਸੰਵਿਧਾਨ ਮੁਤਾਬਕ ਗ਼ਰੀਬੀ, ਬੇਰੁਜ਼ਗਾਰੀ ਤੇ ਭੁੱਖਮਰੀ ਨੂੰ ਦੂਰ ਕਰ ਕੇ ਸਮਾਜਿਕ ਸਮਾਨਤਾ, ਸਾਰੇ ਧਰਮਾਂ ਦਾ ਸਨਮਾਨ, ਸਾਰਿਆਂ ਨੂੰ ਬਰਾਬਰ ਮੌਕਿਆਂ ਅਤੇ ਆਮ ਜਨਤਾ ਲਈ ਸੁਰੱਖਿਆ ਵਾਲਾ ਮਾਹੌਲ ਸਿਰਜ ਸਕੇ ਹਾਂ? ਕੀ ਅਸੀਂ ਸੰਵਿਧਾਨ ’ਚ ਦਿੱਤੇ ਗਏ ਸਾਰਿਆਂ ਨੂੰ ਸਿੱਖਿਆ ਦੇ ਅਧਿਕਾਰ, ਪ੍ਰਗਟਾਵੇ ਦੀ ਆਜ਼ਾਦੀ, ਸਮਾਜਿਕ ਬਰਾਬਰੀ ਤੇ ਅੱਗੇ ਵਧਣ ਦੇ ਬਰਾਬਰ ਹੱਕ ਦੇਣ ’ਚ ਸਫ਼ਲ ਹੋਏ ਹਾਂ?
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮੁਲਕ ਦੀਆਂ ਸਰਕਾਰਾਂ ਨੂੰ ਸਿਆਸੀ ਮੁਫ਼ਾਦਾਂ ਤੋਂ ਉੱਤੇ ਉੱਠ ਕੇ ਲੱਭਣੇ ਪੈਣੇ ਹਨ। ਵਰਲਡ ਬੈਂਕ ਦੀ ਰਿਪੋਰਟ ਮੁਤਾਬਕ ਮੁਲਕ ਦੀ ਗ਼ਰੀਬੀ ਕੁਝ ਦਹਾਕਿਆਂ ਤੋਂ ਹੇਠਾਂ ਆਈ ਹੈ। ਇਹ ਸਾਲ 2011-12 ’ਚ 27 ਫ਼ੀਸਦ ਤੋਂ 2022-23 ’ਚ 5.3 ਫ਼ੀਸਦ ਤੱਕ ਪਹੁੰਚੀ ਹੈ। ਇਨ੍ਹਾਂ ਅੰਕੜਿਆਂ ਦਾ ਜ਼ਮੀਨੀ ਪੱਧਰ ’ਤੇ ਵੀ ਮੁਲਾਂਕਣ ਕਰਨ ਦੀ ਲੋੜ ਹੈ। ਕਿਉਂਕਿ ਹਾਲੇ ਵੀ ਮੁਲਕ ਦੀ ਵੱਡੀ ਆਬਾਦੀ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਸੰਘਰਸ਼ ਕਰ ਰਹੀ ਹੈ।
ਬੇਸ਼ੱਕ ਸਿੱਖਿਆ ਖੇਤਰ ’ਚ ਪਿਛਲੇ ਕੁਝ ਦਹਾਕਿਆਂ ਤੋਂ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਪਰ ਹਾਲੇ ਵੀ ਇਹ ਸੋਚਣ ਦੀ ਲੋੜ ਹੈ ਕਿ ਕੀ ਸਾਰਿਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਾਪਤ ਹੋ ਰਹੀ ਹੈ। ਮਰਦਾਂ ਤੇ ਔਰਤਾਂ ਦੀ ਸਿੱਖਿਆ ਦਰ ਦੇ ਪਾੜੇ ਨੂੰ ਪੂਰਨ ਦੀ ਲੋੜ ਹੈ। ਨੌਜਵਾਨਾਂ ਨੂੰ ਡਿਗਰੀਆਂ ਵੰਡ ਕੇ ਹੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਨੇ ਪੈਣੇ ਹਨ।
ਨਾਗਰਿਕਾਂ ਲਈ ਸਿਹਤ ਸੁਰੱਖਿਆ ਦੀਆਂ ਗਰੰਟੀਆਂ ਨੂੰ ਹਰ ਪੱਧਰ ’ਤੇ ਮੁਹੱਈਆ ਕਰਵਾਉਣ ਦੀ ਲੋੜ ਹੈ। ਗਣਤੰਤਰ ਦਿਵਸ ਦੀ ਪਰੇਡ ਮੌਕੇ ਨਿਕਲਣ ਵਾਲੀਆਂ ਸੂਬਿਆਂ ਦੀਆਂ ਸੋਹਣੀਆਂ ਝਾਂਕੀਆਂ ਵਰਗੀ ਖ਼ੁਸ਼ਹਾਲੀ ਜ਼ਮੀਨੀ ਪੱਧਰ ’ਤੇ ਵੀ ਦਿਸਣੀ ਚਾਹੀਦੀ ਹੈ। ਇਸ ਜਸ਼ਨ ਦੇ ਮਾਹੌਲ ਵਿਚ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਦੇਸ਼ ਦਾ ਕੋਈ ਇਕ ਵੀ ਬਾਸ਼ਿੰਦਾ ‘ਕੁੱਲੀ, ਗੁੱਲੀ ਤੇ ਜੁੱਲੀ’ ਤੋਂ ਮੁਥਾਜ ਨਾ ਰਹੇ।