ਦੋ ਕੁ ਕਿੱਲਿਆਂ ਦੀ ਖੁੱਲ੍ਹੀ-ਡੁੱਲ੍ਹੀ ਆਬਾਦੀ ਵਿਚ ਟਿਊਬਵੈੱਲ ਲਗਾ ਕੇ ਪੌਣਾ ਕੁ ਕਿੱਲੋਮੀਟਰ ਦੂਰ ਲਾਂਡਰਾਂ-ਮੋਹਾਲੀ ਮਾਰਗ ’ਤੇ ਪਾਈਪਾਂ ਰਾਹੀਂ 15 ਕਿੱਲਿਆਂ ਦੇ ਖੇਤ ਨੂੰ ਸੇਂਜੂ ਕੀਤਾ ਹੋਇਆ ਸੀ ਜਿੱਥੇ ਜ਼ਮੀਨ ਵਿਚ ਪੱਤਣ ਨਹੀਂ ਸੀ। ਰੂਸੀ, ਡੀਟੀ 14 ਟਰੈਕਟਰ ਉਸ ਪਿੰਡ ਵਿਚ ਪਹਿਲਾ ਟਰੈਕਟਰ ਸੀ।

ਸੋਚਿਆ ਨਹੀਂ ਸੀ ਕਿ ਈਰਾਨ ਵਿਚ ਡਿੱਗਿਆ ਪਹਿਲਾ ਹੀ ਗੋਲਾ ਸਾਨੂੰ ਪਿੰਡ ਦੇ ਆਤਮ ਨਿਰਭਰ ਘਰ ਦਾ ਚੇਤਾ ਕਰਾ ਦੇਵੇਗਾ। ਸ਼ਹਿਰ ਆਉਣ ਤੋਂ ਬਾਅਦ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਘਰ ਵਿਚ ਗੈਸ ਦਾ ਭਰਿਆ ਦੂਜਾ ਸਿਲੰਡਰ ਨਹੀਂ ਸੀ। ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਗੈਸ ਸਿੰਲਡਰਾਂ ਲਈ ਲਾਈਨਾਂ ਲੱਗਣਗੀਆਂ।
ਆਪਣੇ ਜੱਦੀ ਘਰ ਨੂੰ ਆਤਮ ਨਿਰਭਰ ਕਰਨ ਦਾ ਸ਼ੌਕ ਮੈਨੂੰ ਮੋਰਿੰਡਾ ਸ਼ਹਿਰ ਨੇੜੇ ਡੂਮਛੇੜੀ ਪਿੰਡ ਵਿਖੇ ਉਸ ਆਤਮ ਨਿਰਭਰ ਫਾਰਮ ਹਾਊਸ ਨੂੰ ਦੇਖ ਕੇ ਹੋਇਆ ਸੀ ਜਿਸ ਨੂੰ ਦੇਖਣ ਅਸੀਂ ਖ਼ਾਸ ਤੌਰ ’ਤੇ ਨਹਿਰੂ ਯੁਵਕ ਕੇਂਦਰ ਰੋਪੜ ਵੱਲੋਂ ਭੇਜੇ ਗਏ ਸਾਂ। ਦਰਅਸਲ, ਇਹ ਫਾਰਮ ਇਕ ਸੇਵਾ ਮੁਕਤ ਬ੍ਰਿਗੇਡੀਅਰ ਦਾ ਸੀ ਜਿਸ ਨੇ ਵੱਡੇ ਪੱਧਰ ਉੱਤੇ ਮਧੂ ਮੱਖੀਆਂ ਪਾਲੀਆਂ ਹੋਈਆਂ ਸਨ। ਇਹ ਗੱਲ ਸਾਲ 1985 ਦੀ ਹੈ ਜਦੋਂ ਮੈਨੂੰ ਮਧੂ ਮੱਖੀ ਪਾਲਣ ਦੇ ਕੋਰਸ ਦੌਰਾਨ ਉੱਥੇ ਜਾਣ ਦਾ ਮੌਕਾ ਮਿਲਿਆ ਸੀ।
ਉੱਥੇ ਜਾ ਕੇ ਮੈਨੂੰ ਇਕੱਲੇ ਮਧੂ ਮੱਖੀਆਂ ਬਾਰੇ ਹੀ ਜਾਣਕਾਰੀ ਨਹੀਂ ਮਿਲੀ ਸਗੋਂ ਅਸੀਂ ਉੱਥੇ ਹੋਰ ਬਹੁਤ ਕੁਝ ਦੇਖ ਕੇ ਹੈਰਾਨ ਰਹਿ ਗਏ। ਉਹ ਉਦੋਂ ਰੋਪੜ ਜ਼ਿਲ੍ਹੇ ਦਾ ਪਹਿਲਾ ਆਰਗੈਨਿਕ ਆਤਮ ਨਿਰਭਰ ਫਾਰਮ ਹਾਊਸ ਸੀ ਜਿਸ ਵਿਚ ਖਾਣਾ ਪਕਾਉਣ ਅਤੇ ਚਾਨਣ ਲਈ ਗੋਬਰ ਗੈਸ ਦੀ ਵਰਤੋਂ ਹੁੰਦੀ ਸੀ।
ਗੋਬਰ ਦੀ ਨਿਕਾਸੀ ਅਜਿਹੇ ਢੰਗ ਨਾਲ ਕੀਤੀ ਸੀ ਕਿ ਉਹ ਟਿਊਬਵੈੱਲ ਦੀ ਖਾਲ ਰਾਹੀਂ ਪਾਣੀ ਵਿਚ ਘੁਲ ਕੇ ਸਬਜ਼ੀਆਂ, ਚਾਰੇ ਅਤੇ ਹੋਰ ਫ਼ਸਲਾਂ ਲਈ ਵਰਤੇ ਜਾਂਦੇ ਖੇਤਾਂ ਵਿਚ ਆਪਣੇ-ਆਪ ਚਲਾ ਜਾਂਦਾ ਸੀ। ਹਰ ਤਰ੍ਹਾਂ ਦੀ ਸਬਜ਼ੀ ਉਸ ਫਾਰਮ ਹਾਊਸ ’ਚ ਉਗਾਈ ਜਾਂਦੀ ਸੀ। ਗਊਆਂ ਅਤੇ ਮੱਝਾਂ ਲਈ ਆਧੁਨਿਕ ਸ਼ੈੱਡ, ਆਂਡਿਆਂ ਲਈ ਦੇਸੀ ਮੁਰਗੀਆਂ ਅਤੇ ਪੰਜਾਬ ਵਿਚ ਹੋਣ ਵਾਲਾ ਫ਼ਲਦਾਰ ਹਰ ਰੁੱਖ ਉਨ੍ਹਾਂ ਨੇ ਉੱਥੇ ਲਗਾ ਰੱਖਿਆ ਸੀ।
ਲੈਕਚਰ ਦੌਰਾਨ ਬ੍ਰਿਗੇਡੀਅਰ ਸਾਹਿਬ ਨੇ 1984 ਵਿਚ ਲੱਗੇ ਕਰਫਿਊ ਦੀ ਗੱਲ ਕਰਦਿਆਂ ਬੜੇ ਮਾਣ ਨਾਲ ਦੱਸਿਆ ਸੀ ਕਿ ਅਸੀਂ ਆਪ ਤਾਂ ਖਾਣ ਪੱਖੋਂ ਕਿਸੇ ਮੁਸ਼ਕਲ ਵਿਚ ਨਹੀਂ ਆਏ ਸਗੋਂ ਹੋਰਨਾਂ ਲੋਕਾਂ ਨੂੰ ਵੀ ਇੱਥੋਂ ਫ਼ਲ-ਸਬਜ਼ੀਆਂ ਵੰਡਦੇ ਰਹੇ ਸਾਂ। ਉਨ੍ਹਾਂ ਦੀ ਪ੍ਰੇਰਨਾ ਸਦਕਾ ਮੈਂ ਉਸ ਦਿਨ ਤੋਂ ਆਪਣੇ ਘਰ ਨੂੰ ਆਤਮ ਨਿਰਭਰ ਬਣਾਉਣ ਬਾਰੇ ਸੋਚ ਲਿਆ ਸੀ। ਘਰ ਦੇ ਪਿਛਵਾੜੇ ਆਬਾਦੀ, ਜਿੱਥੇ ਬਰਸਾਤ ਵਿਚ ਪਾਣੀ ਖੜ੍ਹਨ ਕਰਕੇ ਸਭ ਕੁਝ ਬੀਜਿਆ ਗਲ-ਸੜ ਜਾਂਦਾ ਸੀ, ਸੈਂਕੜੇ ਟਰਾਲੀਆਂ ਮਿੱਟੀ ਦੀ ਪਾ ਕੇ ਆਮ ਪੱਧਰ ਤੋਂ ਚਾਰ-ਪੰਜ ਫੁੱਟ ਉੱਚੀ ਕੀਤੀ।
ਫ਼ਲਦਾਰ ਬੂਟੇ ਅਤੇ ਸਬਜ਼ੀਆਂ ਲਾਉਣੀਆਂ ਸ਼ੁਰੂ ਕੀਤੀਆਂ। ਗੋਬਰ ਗੈਸ ਲਾ ਕੇ ਬਿਲਕੁਲ ਉਸੇ ਤਰਜ ’ਤੇ ਆਪਣੇ ਘਰ ਨੂੰ ਆਤਮ ਨਿਰਭਰ ਕਰਨ ਦੀ ਕੋਸ਼ਿਸ਼ ਵਿਚ ਲੱਗਾ ਰਿਹਾ ਤੇ ਕਾਮਯਾਬ ਵੀ ਹੋਇਆ। ਅੱਜ ਵੀ ਮੇਰੇ ਰਿਸ਼ਤੇਦਾਰ ਤੇ ਸਾਹਿਤਕ ਦੋਸਤ, ਜਿਨ੍ਹਾਂ ਉਸ ਘਰ ’ਚ ਬਹਿ ਕੇ ਉੱਥੇ ਦੀਆਂ ਸਬਜ਼ੀਆਂ, ਸਾਗ, ਕੜ੍ਹੀ-ਚਾਵਲ ਅਤੇ ਮਾਤਾ ਦੀਆਂ ਬਣਾਈਆਂ ਪਿੰਨੀਆਂ ਦਾ ਸਵਾਦ ਚੱਖਿਆ ਹੈ, ਉਹ ਅੱਜ ਵੀ ਸਾਲਾਂ ਬਾਅਦ ਮਿਲਣ ’ਤੇ ਉਸ ਘਰ ਦਾ ਹਾਲ ਜ਼ਰੂਰ ਪੁੱਛਦੇ ਰਹਿੰਦੇ ਹਨ। ਜਾਮਣ ਦੇ ਰੁੱਖ ਥੱਲੇ ਬੈਠੀ ਮਾਂ ਦਾ ਰਾਹ ਜਾਂਦਿਆਂ ਨੂੰ ਆਵਾਜ਼ ਦੇ ਕੇ ਸਬਜ਼ੀਆਂ ਅਤੇ ਅੰਗੂਰਾਂ ਦੀ ਵੰਡ-ਵਡਾਈ ਨੂੰ ਪਿੰਡ ਵਾਲੇ ਹੁਣ ਵੀ ਚੇਤੇ ਕਰ ਲੈਂਦੇ ਹਨ। ਹੁਣ ਸ਼ਹਿਰੀ ਹੋਇਆਂ ਨੂੰ ਪਿੰਡ ਦੇ ਘਰ ਦਾ ਹਾਲ ਪੁੱਛਣ ’ਤੇ ਦੱਬੀ ਆਵਾਜ਼ ਵਿਚ ਚੀਸ ਵੱਟ ਕੇ ਬਸ ਇੰਨਾ ਕੁ ਆਖ ਦੇਈਦਾ ਹੈ ਕਿ ‘ਘਰ ਤਾਂ ਬਸ ਰਹਿੰਦਿਆਂ ਦੇ ਹੀ ਹੁੰਦੇ ਹਨ, ਜੀਆਂ ਬਿਨਾਂ ਘਰ ਮਕਾਨ ਹੀ ਰਹਿ ਜਾਂਦੇ ਹਨ।’
ਅਜੋਕੇ ਸੰਕਟ ਦੌਰਾਨ ਮੈਨੂੰ ਆਜ਼ਾਦੀ ਤੋਂ ਬਾਅਦ ਦਾ ਉਹ ਦੌਰ ਚੇਤੇ ਆ ਰਿਹਾ ਹੈ ਜਦੋਂ ਖਾੜੀ ਦੇ ਦੇਸ਼ ਤੇਲ ਦੇ ਇੰਨੇ ਵੱਡੇ ਉਤਪਾਦਕ ਨਹੀਂ ਸਨ। ਊਰਜਾ ਸਰੋਤ ਘੱਟ ਸਨ। ਸਰਕਾਰ ਦੀਆਂ ਪੰਜ ਸਾਲਾ ਯੋਜਨਾਵਾਂ ਘਰੇਲੂ ਉਤਪਾਦਨ ਅਤੇ ਦੇਸ਼ ਦੀ ਆਤਮ ਨਿਰਭਰਤਾ ਤਹਿਤ ਉਲੀਕੀਆਂ ਜਾਂਦੀਆਂ ਸਨ।
ਹਰੀ ਕ੍ਰਾਂਤੀ ਤਹਿਤ ਜਿੱਥੇ ਪੰਜਾਬ ਵਿਚ ਵਿਦੇਸ਼ੀ ਖੇਤੀ ਸੰਦ ਖ਼ਰੀਦ ਕੇ ਕਿਸਾਨਾਂ ਨੂੰ ਦਿੱਤੇ ਜਾਂਦੇ ਸਨ, ਉੱਥੇ ਹੀ ਪਿੰਡਾਂ ਨੂੰ ਆਤਮ ਨਿਰਭਰ ਬਣਾਉਣ ਤੇ ਮਾਡਲ ਗ੍ਰਾਮ ਜਿਹੀਆਂ ਸਕੀਮਾਂ ਤਹਿਤ ਪਿੰਡਾਂ ਵਿਚ ਸਬਸਿਡੀ ਦੇ ਕੇ ਗੋਬਰ ਗੈਸ ਵੀ ਲਗਾਏ ਜਾਂਦੇ ਸਨ। ਉਪਰੋਕਤ ਮੇਰੇ ਘਰ ਲੱਗੇ ‘ਦੀਨ ਬੰਧੂ’ ਮਾਡਲ ਦੇ ਪੰਜਾਬ ਵਿਚ ਕਾਮਯਾਬ ਹੋਣ ਤੋਂ ਪਹਿਲਾਂ ਇੱਥੇ ਲੋਹੇ ਦੇ ਡਰਮ ਵਾਲੇ ਗੋਬਰ ਗੈਸ ਦੀ ਕਹਾਣੀ ਮੇਰੇ ਬਚਪਨ ਨਾਲ ਜੁੜੀ ਹੋਈ ਹੈ।
ਇਹ ਕਹਾਣੀ ਸਾਡੇ ’ਚ ਹੁਣ ਨਾ ਰਹੇ ਉਨ੍ਹਾਂ ਮਾਮਿਆਂ ਦੀ ਹੈ ਜਿਨ੍ਹਾਂ ਨੇ ਮੇਰੇ ਤੋਂ ਤੀਹ ਸਾਲ ਪਹਿਲਾਂ ਰਵਾਇਤੀ ਖੇਤੀ ਤੋਂ ਹਟ ਕੇ ਆਧੁਨਿਕ ਖੇਤੀ ਵੱਲ ਕਦਮ ਪੁੱਟੇ ਤੇ ਘਰੇ ਲੋਹੇ ਦੇ ਡਰੰਮ ਵਾਲਾ ਗੋਬਰ ਗੈਸ ਲੁਆਇਆ ਸੀ। ਉਦੋਂ ਇਹ ਜੋਖ਼ਮ ਭਰੇ ਫ਼ੈਸਲੇ ਲੈਣਾ ਹਰੇਕ ਕਿਸਾਨ ਦੇ ਵੱਸ ਦੀ ਗੱਲ ਨਹੀਂ ਸੀ।
ਇਹ ਲਿਖਣ ਦਾ ਮੇਰਾ ਮਕਸਦ ਆਪਣੇ ਨਾਨਕੇ ਪਰਿਵਾਰ ਨੂੰ ਵਡਿਆਉਣਾ ਨਹੀਂ ਬਲਕਿ ਇਹ ਦਰਸਾਉਣ ਦੀ ਕੋਸ਼ਿਸ਼ ਹੈ ਕਿ ਜੇ ਅਸੀਂ ਦਹਾਕਿਆਂ ਤੋਂ ਊਰਜਾ ਦੇ ਅਜਿਹੇ ਸਰੋਤਾਂ ਵੱਲ ਧਿਆਨ ਦਿੰਦੇ ਰਹਿੰਦੇ ਤਾਂ ਘੱਟ ਤੋਂ ਘੱਟ ਸਾਡੇ ਪਿੰਡਾਂ ਦੇ ਬਹੁ-ਗਿਣਤੀ ਲੋਕ ਅੱਜ ਟੈਂਕਰਾਂ ’ਚ ਵਿਦੇਸ਼ੋਂ ਆਉਣ ਵਾਲੀ ਮਹਿੰਗੀ ਗੈਸ ’ਤੇ ਨਿਰਭਰ ਨਾ ਹੁੰਦੇ। ਇਹ ਮੇਰਾ ਸੁਭਾਗ ਸੀ ਕਿ ਮੇਰੇ ਨਾਨਕੇ ਮੋਹਾਲੀ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਲਾਂਡਰਾਂ ਵਿਖੇ ‘ਕੂਕੇ’ ਕਹਿ ਕੇ ਜਾਣੇ ਜਾਂਦੇ ਪਰਿਵਾਰ ਵਿਚ ਹਨ। ਲਾਂਡਰਾਂ ਪਿੰਡ ਇਲਾਕੇ ’ਚ ਉਸ ਸਮੇਂ ਲਾਇਬ੍ਰੇਰੀ, ਹਾਈ ਸਕੂਲ ਅਤੇ ਪੱਕੀਆਂ-ਗਲੀਆਂ ਅਤੇ ਸੜਕਾਂ ਕਰਕੇ ਮਸ਼ਹੂਰ ਸੀ।
ਮੇਰੇ ਦੋਨੋਂ ਮਾਮੇ ਉਨ੍ਹਾਂ ਸਮਿਆਂ ’ਚ ਮਾਸਟਰ ਸਨ। ਛੋਟਾ ਮਾਮਾ ਹਰਚੰਦ ਸਿੰਘ (ਨੈਸ਼ਨਲ ਐਵਾਰਡੀ) ਉਦੋਂ ਰਾਜਪੁਰੇ ਬੀਈਓ ਸੀ ਅਤੇ ਵੱਡਾ ਮਾਮਾ ਰਾਜਿੰਦਰ ਸਿੰਘ ਗਿੱਲ ਜੇਬੀਟੀ ਟੀਚਰ ਸੀ ਜੋ ਪਿੰਡ ਖੇਤੀਬਾੜੀ ਦੇ ਨਾਲ-ਨਾਲ ਅਧਿਆਪਨ ਦਾ ਕੰਮ ਵੀ ਕਰਦਾ ਸੀ। ਉਨ੍ਹਾਂ ਦੀ ਅਗਾਂਹਵਧੂ ਸੋਚ ਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਤੋਂ ਕੋਈ ਛੇ ਦਹਾਕੇ ਪਹਿਲਾਂ ਉਨ੍ਹਾਂ ਨੇ ਗੋਬਰ ਗੈਸ ਪਲਾਂਟ ਘਰ ਵਿਚ ਲਗਾਇਆ ਹੋਇਆ ਸੀ।
ਦੋ ਕੁ ਕਿੱਲਿਆਂ ਦੀ ਖੁੱਲ੍ਹੀ-ਡੁੱਲ੍ਹੀ ਆਬਾਦੀ ਵਿਚ ਟਿਊਬਵੈੱਲ ਲਗਾ ਕੇ ਪੌਣਾ ਕੁ ਕਿੱਲੋਮੀਟਰ ਦੂਰ ਲਾਂਡਰਾਂ-ਮੋਹਾਲੀ ਮਾਰਗ ’ਤੇ ਪਾਈਪਾਂ ਰਾਹੀਂ 15 ਕਿੱਲਿਆਂ ਦੇ ਖੇਤ ਨੂੰ ਸੇਂਜੂ ਕੀਤਾ ਹੋਇਆ ਸੀ ਜਿੱਥੇ ਜ਼ਮੀਨ ਵਿਚ ਪੱਤਣ ਨਹੀਂ ਸੀ। ਰੂਸੀ, ਡੀਟੀ 14 ਟਰੈਕਟਰ ਉਸ ਪਿੰਡ ਵਿਚ ਪਹਿਲਾ ਟਰੈਕਟਰ ਸੀ। ਪਿੰਡ ਦੇ ਦੱਖਣ ਵੱਲ ਵਹਿੰਦੀ ਚੋਅ ਵਿੱਚੋਂ ਪਾਣੀ ਕੱਢ ਕੇ ਧਾਨ ਲਗਾਉਣ ਲਈ ਕਾਲੇ ਤੇਲ ਵਾਲਾ ਇੰਜਣ ਉਨ੍ਹਾਂ ਪਿੰਡ ’ਚ ਪਹਿਲੀ ਵਾਰ ਲਿਆਂਦਾ ਸੀ।
ਆਲੂ ਦੀ ਖੇਤੀ ਕਰਨ ਵਾਲਾ ਇਹ ਪਹਿਲਾ ਪਰਿਵਾਰ ਸੀ। ਖੁੱਲ੍ਹੇ ਵਿਹੜੇ ਵਿਚ ਗੋਬਰ ਗੈਸ ਰਸੋਈ ਦੇ ਨੇੜੇ ਇਕ ਖੂੰਜੇ ਵਿਚ ਲੱਗਿਆ ਹੋਇਆ ਸੀ। ਉਦੋਂ ਦੀ ਤਕਨੀਕ ਅਨੁਸਾਰ ਗੋਲਾਕਾਰ ਖੂਹ ਬਣਾ ਕੇ ਉਸ ’ਚ ਲੋਹੇ ਦਾ ਢੋਲ ਉਲਟਾ ਕਰ ਕੇ ਟੰਗਿਆ ਜਾਂਦਾ ਸੀ। ਗੋਹੇ ’ਚ ਤਿਆਰ ਗੈਸ ਉਸ ਡਰੰਮ ’ਚ ਇਕੱਠੀ ਹੁੰਦੀ ਰਹਿੰਦੀ ਸੀ। ਜਦੋਂ ਉਹ ਭਰ ਜਾਂਦਾ ਤਾਂ ਉਹ ਉੱਪਰ ਉੱਠ ਆਉਂਦਾ ਸੀ। ਗਰਮੀ ਦੀਆਂ ਛੁੱਟੀਆਂ ਦੌਰਾਨ ਨਾਨਕੇ ਗਿਆਂ ਨੂੰ ਖੇਡਣ ਲਈ ਉਹ ਇਕ ਚੰਗਾ ਸਾਧਨ ਵੀ ਸੀ।
ਮੈਂ ਤੇ ਮੇਰਾ ਹਮ-ਉਮਰ ਮਸੇਰ ਭਰਾ ਡਾਕਟਰ ਭਗਵੰਤ ਸਿੰਘ ਜੋ ਅੱਜ-ਕੱਲ੍ਹ ਪਟਿਆਲੇ ਮਸ਼ਹੂਰ ਸਰਜਨ ਹੈ, ਉਹ ਤੇ ਮੈਂ ਉੱਪਰ ਉੱਠੇ ਢੋਲ ਉੱਤੇ ਚੜ੍ਹ ਜਾਂਦੇ। ਥੋੜ੍ਹਾ ਟੇਢਾ ਕਰਨ ’ਤੇ ਉਸ ਵਿੱਚੋਂ ਜਦੋਂ ਗੈਸ ਗੁੜ-ਗੁੜ ਕਰ ਕੇ ਨਿਕਲਦੀ ਤਾਂ ਅਸੀਂ ਖ਼ੁਸ਼ ਹੁੰਦੇ। ਕਦੇ-ਕਦਾਈਂ ਸਾਨੂੰ ਝਿੜਕਾਂ ਵੀ ਪੈਂਦੀਆਂ ਪਰ ਮਸੇਰ ਦੇ ਪ੍ਰੋਫੈਸਰ ਦਾ ਪੁੱਤ ਹੋਣ ਦਾ ਦਬਦਬਾ ਮੈਨੂੰ ਵੀ ਕੁੱਟ ਤੋਂ ਬਚਾ ਦਿੰਦਾ। ਸ਼ਰਾਰਤ ਕਰਦਿਆਂ ਇਕ ਵਾਰ ਢੋਲ ਦੇ ਨਾਲ ਦੀਵਾਰ ਵਿਚ ਬਣੀ ਜਗ੍ਹਾ ਰਾਹੀਂ ਕੈਂਚੀ ਸੁੱਟ ਦੇਣ ਦੀ ਘਟਨਾ ਮੈਨੂੰ ਹੁਣ ਤੱਕ ਚੇਤੇ ਹੈ। ਇਹ ਪਲਾਂਟ ਲੋਹੇ ਦੇ ਢੋਲ ਵਿਚ ਜੰਗਾਲ ਲੱਗਣ ਕਾਰਨ ਹੋਏ ਛੇਕਾਂ ਕਾਰਨ ਛੇਤੀ ਹੀ ਬੰਦ ਹੋ ਗਿਆ ਸੀ।
ਬਾਲਣ ਦੀ ਉਨ੍ਹਾਂ ਦਿਨਾਂ ’ਚ ਭਰਮਾਰ ਹੁੰਦੀ ਸੀ। ਪਾਥੀਆਂ, ਕਪਾਹ ਦੀਆਂ ਛਟੀਆਂ, ਸੁੱਕੇ ਟਾਂਡੇ, ਅਰਹਰ ਦੇ ਡੰਡੇ, ਖੋਈ ਦੇ ਤੱਥੇ, ਬੀੜ ਵਿੱਚੋਂ ਸੁੱਕੀਆਂ ਕਿੱਕਰਾਂ ਦੇ ਭਰ ਕੇ ਲਿਆਂਦੇ ਗੱਡੇ ਉਂਜ ਵੀ ਗੋਬਰ ਗੈਸ ਦੀ ਮਹੱਤਤਾ ਨੂੰ ਨਿਗੂਣਾ ਕਰ ਦਿੰਦੇ ਸਨ। ਆਜ਼ਾਦੀ ਤੋਂ ਬਾਅਦ ਪੰਜ ਸਾਲਾ ਯੋਜਨਾਵਾਂ ਤਹਿਤ ਪਿੰਡਾਂ ’ਚ ਆਤਮ ਨਿਰਭਰਤਾ ਅਧੀਨ ਤੇ ਵਿਦੇਸ਼ਾਂ ਤੋਂ ਮੰਗਵਾ ਕੇ ਟਰੈਕਟਰਾਂ ਰਾਹੀਂ ਇਸ ਖੇਤੀ ਪ੍ਰਧਾਨ ਸੂਬੇ ਨੂੰ ਖ਼ੁਸ਼ਹਾਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਿੱਥੋਂ ਤੱਕ ਸਫਲਤਾ ਮਿਲੀ, ਇਹ ਇਕ ਅਲੱਗ ਵਿਸ਼ਾ ਹੈ ਪਰ ਉਹ ਵਿਰਾਸਤੀ ਖੇਤੀ ਜਿਸ ਨੂੰ ਅਸੀਂ ਹੁਣ ਆਰਗੈਨਿਕ ਦੇ ਰੂਪ ’ਚ ਮੁੜ ਬਹਾਲ ਕਰਨ ਲਈ ਮੁੜ ਯਤਨਸ਼ੀਲ ਹਾਂ, ਕਿਤੇ ਨਾ ਕਿਤੇ ਸ਼ੁਰੂਆਤੀ ਦੌਰ ’ਚ ਹੀ ਬਸ ਅਣਜਾਣਪੁਣੇ ’ਚ ਵੱਧ ਝਾੜ ਤੇ ਝੋਨੇ ਵਰਗੀਆਂ ਫਸਲਾਂ ਦੇ ਵੱਧ ਉਤਪਾਦਨ ਕਰਕੇ ਗੁਆ ਬੈਠੇ ਹਾਂ। ਜੇ ਅਜੋਕਾ ਖਾੜੀ ਯੁੱਧ ਰੂਸ-ਯੂਕਰੇਨ ਜੰਗ ਦੀ ਤਰ੍ਹਾਂ ਲੰਬੇ ਸਮੇਂ ਤੱਕ ਚੱਲਦਾ ਰਹਿੰਦਾ ਹੈ ਤਦ ਵਿਸ਼ਵ-ਵਿਆਪੀ ਊਰਜਾ ਦੇ ਸੰਕਟ ਨੂੰ ਹੱਲ ਕਰਨ ਲਈ ਅੱਜ ਮੁੜ ਵੱਡੇ ਪੱਧਰ ’ਤੇ ਉਕਤ ਸਾਧਨਾਂ ਲਈ ਪ੍ਰੋਗਰਾਮ ਉਲੀਕਣੇ ਜ਼ਰੂਰੀ ਹੋ ਜਾਣਗੇ ਤਾਂ ਜੋ ਅਸੀਂ ਆਪਣੀ ਨਿਰਭਰਤਾ ਵਿਦੇਸ਼ੀ ਤੇਲ ਅਤੇ ਗੈਸ ’ਤੇ ਘੱਟ ਕਰ ਸਕੀਏ।
-ਇੰਦਰਜੀਤ ਸਿੰਘ ਬਾਲਾ
-ਮੋਬਾਈਲ : 79733-99549