- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹ ਉੱਚੀ ਲੈਅ ਵਿਚ ਸਿੱਧੀਆਂ ਧਾਰਨਾਵਾਂ ਪੜ੍ਹਦੇ ਤਾਂ ਸੰਗਤ ਨਿਹਾਲ ਹੋ ਜਾਂਦੀ। ਮਾਲਵੇ ਦੇ ਇਸ ਪੱਛੜੇ ਇਲਾਕੇ ਵਿਚ ਇਹ ਅੱਜ ਦਾ ਮਸਤੂਆਣਾ ਉਸ ਸਮੇਂ ਸੰਘਣੇ ਜੰਗਲ ਦੇ ਨਿਆਈਂ ਸੀ ਜਿੱਥੇ ਇਕ ਮਸਤੂ ਨਾਂ ਦਾ ਵਿਅਕਤੀ ਇਕ ਝਿੜੀ ਵਿਚ ਰਿਹਾ ਕਰਦਾ ਸੀ। ਉਸ ਦੇ ਨਾਂ ’ਤੇ ਸੰਤਾਂ ਨੇ ਇਸ ਸਥਾਨ ਦਾ ਨਾਂ ‘ਮਸਤੂਆਣਾ’ ਰੱਖਿਆ।

ਪੰਜਾਬ ਰਿਸ਼ੀਆਂ-ਮੁਨੀਆਂ, ਪੀਰਾਂ-ਫ਼ਕੀਰਾਂ ਤੇ ਗੁਰੂਆਂ-ਅਵਤਾਰਾਂ ਦੀ ਧਰਤੀ ਹੈ। ਇੱਥੇ ਕਈ ਨਾਮਵਰ ਮਹਾਪੁਰਸ਼ ਹੋਏ ਹਨ ਜਿਨ੍ਹਾਂ ਨੇ ਸਿੱਖ ਕੌਮ ਨੂੰ ਗੁਰਮਤਿ ਦਾ ਗਿਆਨ ਦੇ ਕੇ ਜੋਤ ਜਗਾਈ। ਅਜਿਹੇ ਮਹਾਪੁਰਸ਼ਾਂ ਵਿੱਚੋਂ ਇਕ ਸਨ ਸੰਤ ਅਤਰ ਸਿੰਘ ਮਸਤੂਆਣਾ ਵਾਲੇ। ਉਨ੍ਹਾਂ ਦਾ ਜਨਮ ਪਿੰਡ ਚੀਮਾ, ਤਹਿਸੀਲ ਸੁਨਾਮ, ਰਿਆਸਤ ਪਟਿਆਲਾ, ਹੁਣ ਜ਼ਿਲ੍ਹਾ ਸੰਗਰੂਰ ਵਿਖੇ ਪਿਤਾ ਕਰਮ ਸਿੰਘ ਦੇ ਘਰ ਮਾਤਾ ਭੋਲੀ ਜੀ ਦੀ ਕੁੱਖ ਤੋਂ ਸੰਮਤ 1923 ਬਿਕਰਮੀ ਦਿਨ ਬੁੱਧਵਾਰ ਚੇਤ ਸੁਦੀ ਏਕਮ 28 ਮਾਰਚ 1866 ਨੂੰ ਹੋਇਆ। ਆਪ ਨੇ ਬਚਪਨ ਪਿੰਡ ਵਿਚ ਹੀ ਗੁਜ਼ਾਰਿਆ।
ਬਾਲ ਅਵਸਥਾ ਵਿਚ ਸੰਤ ਜੀ ਦੀਆਂ ਰੁਚੀਆਂ ਆਪਣੀ ਉਮਰ ਦੇ ਬੱਚਿਆਂ ਨਾਲੋਂ ਵਿਲੱਖਣ ਹੁੰਦੀਆਂ ਸਨ। ਉਹ ਟਾਕੀਆਂ (ਲੀਰਾਂ) ਦੀ ਮਾਲਾ ਬਣਾ ਕੇ ਸਿਮਰਨ ਕਰਦੇ ਸਨ। ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਸੱਤ ਸਾਲ ਦੀ ਉਮਰ ਵਿਚ ਸ਼੍ਰੀਮਾਨ ਭਾਈ ਰਾਮ ਸਿੰਘ ਨਿਰਮਲੇ ਦੇ ਡੇਰੇ ਰਾਮ ਸਿੰਘ ਕੋਲ ਪੜ੍ਹਨੇ ਪਾਇਆ। ਆਪ ਨੇ ਸੰਤ ਬੂਟਾ ਸਿੰਘ, ਭਾਈ ਰਾਮ ਸਿੰਘ, ਭਾਈ ਗੁਲਾਬ ਸਿੰਘ ਕੋਲੋਂ ਗੁਰਮੁਖੀ ਵਿੱਦਿਆ ਹਾਸਲ ਕੀਤੀ। ਸੰਮਤ 1940 ਬਿਕਰਮੀ ਸੰਨ 1883 ਵਿਚ ਸੰਤ ਜੀ ਧਰਮਕੋਟ ਵਿਚ ਭਰਤੀ ਹੋ ਕੇ ਕੋਹਾਟ ਤੋਪਖਾਨੇ ਵਿਚ ਚਲੇ ਗਏ। ਉਸ ਸਮੇਂ ਉਨ੍ਹਾਂ ਦੀ ਉਮਰ 17 ਸਾਲ ਦੀ ਸੀ।
ਤੋਪਖਾਨੇ ਵਿੱਚ ਸੰਤ ਜੀ ਨੇ ਇੱਕ ਸਾਲ ਟਰੇਨਿੰਗ ਤਾਂ ਕੀਤੀ ਪਰ ਗੁਰਮੁਖੀ ਪੜ੍ਹਨ ਤੇ ਭਜਨ-ਪਾਠ ਕਰਨ ਲਈ ਸਮਾਂ ਨਹੀਂ ਸੀ ਮਿਲਦਾ। ਸੰਤ ਅਤਰ ਸਿੰਘ ਨੇ ਪਿੰਡ ਦੇ ਸੂਬੇਦਾਰ ਦਲੇਲ ਸਿੰਘ ਨੂੰ ਇਕ ਦਿਨ ਕਿਹਾ ਕਿ ਅਸੀਂ ਤਾਂ ਫ਼ੌਜ ਵਿਚ ਇਸ ਖ਼ਿਆਲ ਨਾਲ ਭਰਤੀ ਹੋਏ ਸੀ ਕਿ ਧਰਮ ਦੀ ਕਮਾਈ ਦਾ ਅੰਨ ਛਕ ਕੇ ਬੰਦਗੀ ਕਰਾਂਗੇ ਅਤੇ ਨਾਲ-ਨਾਲ ਵਿੱਦਿਆ ਵਿਚ ਵਾਧਾ ਕਰਾਂਗੇ ਪਰ ਤੋਪਖਾਨੇ ਵਿਚ ਤਾਂ ਇੰਨਾ ਕੰਮ ਹੁੰਦਾ ਹੈ ਕਿ ਪੜ੍ਹਨ ਲਈ ਸਮਾਂ ਹੀ ਨਹੀਂ ਮਿਲਦਾ। ਉਨ੍ਹਾਂ ਦੀ ਗੱਲ ਸੁਣ ਕੇ ਸੂਬੇਦਾਰ ਦਲੇਲ ਸਿੰਘ ਨੇ ਉਨ੍ਹਾਂ ਦੀ ਬਦਲੀ ਪਲਟਨ ਕੰਪਨੀ ਨੰਬਰ 7 ਵਿਚ ਕਰਵਾ ਦਿੱਤੀ।
ਇੱਥੇ ਆਪ ਸੰਤ ਠਾਕੁਰ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕਰ ਕੇ ਸਿੰਘ ਸਜ ਗਏ। ਪਰੇਡ ਮਗਰੋਂ ਉਹ ਸਾਰਾ ਦਿਨ ਗੁਰਦੁਆਰੇ ਦੀ ਸੇਵਾ ਕਰਦੇ। ਇੱਥੇ ਗੁਰਬਾਣੀ ਪੜ੍ਹਨ ਤੇ ਸੁਣਨ ਦਾ ਅਭਿਆਸ ਲਗਾਤਾਰ ਕੀਤਾ। ਜਦ ਮਾਪਿਆਂ ਨੇ ਆਪ ਨੂੰ ਵਿਆਹ ਕਰਨ ਲਈ ਕਿਹਾ ਤਾਂ ਆਪ ਨੇ ਕੋਰਾ ਜਵਾਬ ਦੇ ਦਿੱਤਾ। ਸੰਮਤ 1944 ਬਿਕਰਮੀ ਸੰਨ 1887 ਈ: ਵਿਚ ਪਿਤਾ ਜੀ ਦੇ ਸੁਰਗਵਾਸ ਹੋਣ ਤੋਂ ਬਾਅਦ ਫ਼ੌਜ ਵਿੱਚੋਂ ਵਾਪਸ ਘਰ ਆਉਣ ਦੀ ਬਜਾਏ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਰਿਸ਼ੀਕੇਸ਼, ਹਰਿਦੁਆਰ, ਪੰਜਾ ਸਾਹਿਬ, ਤਪਿਆਣਾ ਸਾਹਿਬ ਕਨੋਹਾ (ਪਾਕਿਸਤਾਨ) ਆਦਿ ਥਾਵਾਂ ’ਤੇ ਲੰਬੀ ਘਾਲਣਾ ਵਾਲੇ ਆਸਣ ਜਮਾਏ, ਤਪ ਸਾਧੇ ਅਤੇ ਨਾਮ-ਬਾਣੀ ਦਾ ਸਿਮਰਨ ਕੀਤਾ। ਕੁਝ ਸਮੇਂ ਬਾਅਦ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਆ ਗਏ। ਇੱਥੇ ਰੋਜ਼ਾਨਾ ਦੀਵਾਨ ਸਜਦੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ।
ਉਹ ਉੱਚੀ ਲੈਅ ਵਿਚ ਸਿੱਧੀਆਂ ਧਾਰਨਾਵਾਂ ਪੜ੍ਹਦੇ ਤਾਂ ਸੰਗਤ ਨਿਹਾਲ ਹੋ ਜਾਂਦੀ। ਮਾਲਵੇ ਦੇ ਇਸ ਪੱਛੜੇ ਇਲਾਕੇ ਵਿਚ ਇਹ ਅੱਜ ਦਾ ਮਸਤੂਆਣਾ ਉਸ ਸਮੇਂ ਸੰਘਣੇ ਜੰਗਲ ਦੇ ਨਿਆਈਂ ਸੀ ਜਿੱਥੇ ਇਕ ਮਸਤੂ ਨਾਂ ਦਾ ਵਿਅਕਤੀ ਇਕ ਝਿੜੀ ਵਿਚ ਰਿਹਾ ਕਰਦਾ ਸੀ। ਉਸ ਦੇ ਨਾਂ ’ਤੇ ਸੰਤਾਂ ਨੇ ਇਸ ਸਥਾਨ ਦਾ ਨਾਂ ‘ਮਸਤੂਆਣਾ’ ਰੱਖਿਆ। ਉਨ੍ਹਾਂ ਨੇ ਗੁਰਦੁਆਰੇ ਦੀ ਨੀਂਹ ਆਪਣੇ ਕਰ-ਕਮਲਾਂ ਨਾਲ ਰੱਖੀ। ਸੰਤ ਅਤਰ ਸਿੰਘ ਜੀ ਨੇ ਕਨੋਹੇ ਦੀ ਇਕ ਝਿੜੀ ਵਿਚ ਇਕੱਲਿਆਂ ਹੀ ਅਖੰਡ-ਪਾਠ ਕੀਤਾ। ਉੱਥੇ ਉਨ੍ਹਾਂ ਪਹਿਲੀ ਵਾਰ 40 ਦਿਨ, ਦੂਜੀ ਵਾਰ 6 ਮਹੀਨੇ ਤੇ ਤੀਜੀ ਵਾਰ ਪੂਰਾ ਇਕ ਸਾਲ ਤਪ ਕੀਤਾ। ।
ਸੰਤ ਅਤਰ ਸਿੰਘ ਜੀ ਪੂਰਨ ਬ੍ਰਹਮ-ਗਿਆਨੀ ਤੇ ਵਿੱਦਿਆ ਦੇ ਧਨੀ ਸਨ। ਆਪ ਦੇ ਮਨ ਵਿਚ ਵਿੱਦਿਆ ਦੀ ਬਹੁਤ ਕਦਰ ਸੀ। ਉਹ ਚਾਹੁੰਦੇ ਸਨ ਕਿ ਸਿੱਖ ਕੌਮ ਪੜ੍ਹਿਆਂ-ਲਿਖਿਆਂ ਦੀ ਕੌਮ ਬਣ ਜਾਵੇ ਤੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਬਿੱਤ, ਸਵੱਈਏ ਤੇ ਸਿੱਖ ਇਤਿਹਾਸ ਦਾ ਪੂਰਨ ਗਿਆਨ ਹੋਵੇ। ਉਨ੍ਹਾਂ ਨੇ ਪੋਠੇਹਾਰ ਦੇ ਇਲਾਕੇ ਵਿਚ ਵੀ ਅਨੇਕ ਸਕੂਲ ਤੇ ਕਾਲਜ ਹੋਂਦ ਵਿਚ ਲਿਆਂਦੇ।
ਸੰਤ ਅਤਰ ਸਿੰਘ ਨੇ 1907 ਵਿਚ ਉਪਦੇਸ਼ਕ ਕਾਲਜ ਗੁਜਰਾਂਵਾਲਾ, 1908 ਵਿਚ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੇ ਚੱਕਵਾਲ ਦਾ ਨੀਂਹ-ਪੱਥਰ ਖ਼ੁਦ ਰੱਖਿਆ। ਉਨ੍ਹਾਂ ਨੇ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ 6 ਸਾਵਣ (ਨਾਨਕਸ਼ਾਹੀ ਸੰਮਤ 450) ਨੂੰ ਆਪਣੇ ਕਰ-ਕਮਲਾਂ ਨਾਲ ਨੀਂਹ ਵਿਚ ਪੰਜ ਇੱਟਾਂ ਰੱਖ ਕੇ ਅਕਾਲ ਕਾਲਜ ਦੀ ਇਮਾਰਤ ਦੀ ਨੀਂਹ ਰੱਖੀ। ਇਮਾਰਤ ਦੀ ਉਸਾਰੀ ਲਈ 140 ਰਾਜ ਮਿਸਤਰੀ ਅਤੇ 200 ਮਜ਼ਦੂਰ ਪੱਕੇ ਤੌਰ ’ਤੇ ਰੱਖੇ ਗਏ। ਕਾਲਜ ਦੀ ਇਮਾਰਤ ’ਤੇ ਉਸ ਸਮੇਂ ਇਕ ਕਰੋੜ ਦੇ ਲਗਪਗ ਰੁਪਇਆ ਖ਼ਰਚ ਆਇਆ।
ਕਾਲਜ ਦਾ ਸਮੁੱਚਾ ਪ੍ਰਬੰਧ ਅਕਾਲ ਕਾਲਜ ਕੌਂਸਲ ਨੂੰ ਸੌਂਪ ਕੇ ਪ੍ਰਧਾਨ ਸੇਵਾ ਸਿੰਘ ਠੀਕਰੀਵਾਲਾ ਨੂੰ ਥਾਪਿਆ ਗਿਆ। ਸੰਨ 1920-21 ਵਿਚ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਕਾਲਜ ਚਾਲੂ ਕਰਨ ਦੀ ਰਸਮ ਅਦਾ ਕੀਤੀ। ਸੰਨ 1914 ਈ: ਸੰਮਤ 1971 ਬਿਕਰਮੀ ਵਿਚ ਸੰਤ ਅਤਰ ਸਿੰਘ ਜੀ ਨੇ ਪੰਡਿਤ ਮਦਨ ਮੋਹਨ ਮਾਲਵੀਆ ਦੇ ਕਹਿਣ ’ਤੇ ਪੰਜ ਸ਼੍ਰੀ ਅਖੰਡ-ਪਾਠਾਂ ਦੀ ਸਮਾਪਤੀ ਉਪਰੰਤ ਇਕ ਸੋਨੇ ਦੀ ਕਰੰਡੀ ਅਤੇ 11 ਸੋਨੇ ਦੀਆਂ ਇੱਟਾਂ ਨਾਲ ‘ਬਨਾਰਸ ਹਿੰਦੂ ਯੂਨੀਵਰਸਿਟੀ’ ਦਾ ਨੀਂਹ-ਪੱਥਰ ਰੱਖਿਆ।
ਆਪ ਨੂੰ ਚੀਫ ਖ਼ਾਲਸਾ ਦੀਵਾਨ ਵੱਲੋਂ ਆਯੋਜਿਤ ਸਰਬ-ਹਿੰਦ ਸਿੱਖ ਵਿੱਦਿਅਕ ਕਾਨਫਰੰਸਾਂ ਦਾ ਪ੍ਰਧਾਨ ਬਣਾਇਆ ਜਾਂਦਾ ਸੀ। ਆਪ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਅਕਾਲ ਪੁਰਖ ਦੇ ਹੁਕਮ ਅਨੁਸਾਰ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ 31 ਜਨਵਰੀ 1927 ਈ: ਸੰਮਤ 1984 ਬਿਕਰਮੀ ਦੀ ਰਾਤ ਨੂੰ ਭਾਈ ਗੋਬਿੰਦਰ ਸਿੰਘ ਦੀ ਕੋਠੀ ਸੰਗਰੂਰ ਵਿਖੇ ਸੱਚਖੰਡ ਜਾ ਬਿਰਾਜੇ।
ਬਾਬਾ ਦਰਸ਼ਨ ਸਿੰਘ ਦੀ ਸਰਪ੍ਰਸਤੀ ਹੇਠ 20ਵੀਂ ਸਦੀ ਦੇ ਮਹਾਨ ਅਵਤਾਰ, ਰਾਜੇ ਜੋਗੀ, ਬ੍ਰਹਮ-ਗਿਆਨੀ ਸੱਚਖੰਡ ਵਾਸੀ ਸੰਤ ਅਤਰ ਸਿੰਘ ਜੀ ਮਸਤੂਆਣਾ ਦੀ 99ਵੀਂ ਬਰਸੀ 30, 31 ਜਨਵਰੀ ਤੇ 1 ਫਰਵਰੀ, (17,18 ਤੇ 19 ਮਾਘ) ਦਿਨ ਸ਼ੁੱਕਰਵਾਰ, ਸ਼ਨਿੱਚਰਵਾਰ ਤੇ ਐਤਵਾਰ ਨੂੰ ਮਸਤੂਆਣਾ (ਸੰਗਰੂਰ) ਵਿਖੇ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।
-ਕਰਨੈਲ ਸਿੰਘ ਐੱਮਏ
ਲੁਧਿਆਣਾ।