ਸੰਨ 1934 ਵਿਚ ਪੰਜ ਦਰਿਆ ਮੈਗਜ਼ੀਨ ਸ਼ੁਰੂ ਕੀਤਾ। ਹਿੰਦੁਸਤਾਨ ਪਬਲਿਸ਼ਰਜ਼ ਲਿਮਟਿਡ ਨਾਂ ਹੇਠ ਪ੍ਰਕਾਸ਼ਨਾ ਘਰ ਦੀ ਸਥਾਪਨਾ 1946 ਵਿਚ ਕੀਤੀ। ਆਪਣੀ ਪਤਨੀ ਬਸੰਤ ਕੌਰ ਦੀ ਮੌਤ ਤੋਂ ਬਾਅਦ ਉਸ ਦੇ ਵਿਯੋਗ ਵਿਚ ਕਾਵਿ ਸਫ਼ਰ ਦਾ ਆਗਾਜ਼ ਹੋਇਆ।

ਸਮਾਜ ਅੰਦਰ ਚੇਤਨਾ ਦਾ ਪ੍ਰਸਾਰ ਕਰਨ ਵਿਚ ਕਲਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜਿੱਥੇ ਕਲਾ ਤੇ ਕਲਾਕਾਰ ਦਾ ਆਪਸ ’ਚ ਦੋਹਰਾ ਰਿਸ਼ਤਾ ਹੈ, ਉੱਥੇ ਹੀ ਕਲਾ ਤੇ ਮਨੁੱਖ ਦਾ ਵੀ ਅੰਤਰ ਸਬੰਧ ਬਣਦਾ ਹੈ। ਜੋ ਲੇਖਕ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਸਿਰਜਣਾ ਕਰਦੇ ਹਨ, ਉਨ੍ਹਾਂ ਦੀਆਂ ਲਿਖਤਾਂ ਲੋਕਾਂ ਵਿਚ ਅਮਰ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਲਿਖਤਾਂ ਵਿਚ ਕੋਈ ਸੁਨੇਹਾ ਛੁਪਿਆ ਹੁੰਦਾ ਹੈ। ਪਾਠਕਾਂ ਅੰਦਰ ਇਕ ਉਮੀਦ ਪੈਦਾ ਕਰਦੀਆਂ ਅਜਿਹੀਆਂ ਰਚਨਾਵਾਂ ਆਪ ਹੀ ਪਾਠਕ ਨਾਲ ਸਾਂਝ ਪਾ ਲੈਂਦੀਆਂ ਹਨ।
ਇੱਥੇ ਸਵਾਲ ਇਹ ਹੈ ਕਿ ਕਿਸੇ ਰਚਨਾ ਵਿਚਲੀ ਕਲਾ ਸਿਰਫ਼ ਸੁਹਜ ਤ੍ਰਿਪਤੀ ਦਾ ਸਾਧਨ ਹੀ ਨਾ ਬਣ ਕੇ ਰਹਿ ਜਾਵੇ ਬਲਕਿ ਉਸ ਅੰਦਰਲੀ ਸੁਰ ਸੁੰਨੇ ਰਾਹਾਂ ਅੰਦਰ ਵੀ ਨਵੇਂ-ਨਰੋਏ ਵਿਚਾਰ ਪੈਦਾ ਕਰਨ ਦੀ ਸਮਰੱਥਾ ਵੀ ਰੱਖਦੀ ਹੋਵੇ। ਪੰਜਾਬੀ ਦੇ ਅਜਿਹੇ ਬਹੁਤ ਸਾਰੇ ਕਵੀ ਇਸ ਸੁਰ ਦੀ ਗਵਾਹੀ ਭਰਦੇ ਹਨ। ਉਂਜ ਵੀ ਪੰਜਾਬੀ ਦੀ ਬਹੁਤੀ ਸ਼ਾਇਰੀ ਨਾਬਰੀ ਦੀ ਸ਼ਾਇਰੀ ਹੈ ਜੋ ਗ਼ਲਤ ਨਾਲ ਦਸਤਪੰਜਾ ਲੈਣ ਦੀ ਸ਼ਕਤੀ ਰੱਖਦੀ ਹੈ। ਜਿਨ੍ਹਾਂ ਕਵਿਤਾਵਾਂ ਵਿੱਚੋਂ ਲੋਕ ਪੀੜਾ ਸੁਣਨ ਨੂੰ ਮਿਲਦੀ ਹੋਵੇ, ਉਨ੍ਹਾਂ ਵਿਚਲੀ ਭਾਵਨਾ ਕਈ ਵਾਰ ਪਾਠਕ ਤੇ ਸਿਰਜਕ ਵਿਚਲੇ ਅੰਤਰ ਨੂੰ ਮਿਟਾ ਕੇ ਇੱਕੋ ਰਾਹਾਂ ਦੇ ਅਸਵਾਰ ਬਣਾ ਦਿੰਦੀ ਹੈ। ਬਹੁਤ ਸਾਰੀਆਂ ਇਸ ਦੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ। ਪ੍ਰੋਫੈਸਰ ਮੋਹਨ ਸਿੰਘ ਇਸੇ ਕਤਾਰ ਵਿਚ ਖੜ੍ਹੇ ਹਨ। ਜਦੋਂ ਉਹ ਲਿਖਦੇ ਹਨ :
‘ਦਾਤੀਆਂ ਕਲਮਾਂ ਤੇ ਹਥੌੜੇ, ’ਕੱਠੇ ਕਰ ਲਓ ਸੰਦ ਓ ਯਾਰ। ਤਗੜੀ ਇੱਕ ਤ੍ਰੈਸੂਲ ਬਣਾਓ, ਯੁੱਧ ਕਰੋ ਪ੍ਰਚੰਡ ਓ ਯਾਰ।’
ਇਸ ਵਿਚ ਸੰਦੇਸ਼ ਹੈ, ਏਕੇ ਦਾ ਪੈਗਾਮ ਹੈ ਅਤੇ ਸਮਾਜਿਕ ਤਬਦੀਲੀ ਦਾ ਸੁਨੇਹਾ ਹੈ। ਜਦ ਕਵਿਤਾ ਦੇ ਸ਼ਬਦ ਲੋਕਾਂ ਦੀ ਜ਼ੁਬਾਂ ’ਤੇ ਤੈਰਦੇ ਹਨ ਤਾਂ ਉਹ ਅਮਰ ਹੋ ਜਾਂਦੀ ਹੈ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦੀ ਇਹੀ ਖ਼ਾਸੀਅਤ ਰਹੀ ਹੈ ਕਿ ਉਹ ਲੋਕਾਂ ਵਿਚ ਬਹੁਤ ਮਕਬੂਲ ਹੋਈ ਤੇ ਅੱਜ ਵੀ ਪੜ੍ਹਦਿਆਂ ਸੱਜਰੀ-ਸੱਜਰੀ ਲੱਗਦੀ ਹੈ। ਹਰ ਸੋਚ, ਹਰ ਉਮਰ ਦੇ ਵਿਅਕਤੀ ਨੂੰ ਇਹ ਕਵਿਤਾ ਭਾਉਂਦੀ ਹੈ। ਉਨ੍ਹਾਂ ਦੀ ‘ਸਾਵੇ ਪੱਤਰ’ ਕਾਵਿ ਪੁਸਤਕ ਕਲਾਸੀਕਲ ਪੁਸਤਕਾਂ ’ਚ ਆਉਂਦੀ ਹੈ। ਜਿੰਨੀ ਵਾਰੀ ਵੀ ਇਹ ਪੁਸਤਕ ਪੜ੍ਹੋ, ਹਰ ਵਾਰ ਇਹ ਨਵਾਂ ਅਹਿਸਾਸ ਉਭਾਰਦੀ ਹੈ।
ਪਹਿਲਾਂ ਪੁਸਤਕ ਸੱਭਿਆਚਾਰ ਪ੍ਰਸਾਰ ਕਰਨ ਦਾ ਪਿੰਡ ਦੇ ਸਕੂਲਾਂ ’ਚ ਇਹ ਵਿਧੀ ਆਮ ਵੇਖੀ ਜਾਂਦੀ ਰਹੀ ਹੈ ਜਦ ਕਵਿਤਾਵਾਂ ਦੀਆਂ ਕਿਤਾਬਾਂ ਲੈ ਕੇ ਵਿਕਰੇਤਾ ਸਕੂਲਾਂ ਵਿਚ ਪਹੁੰਚਦੇ ਸਨ। ਸਵੇਰ ਦੀ ਸਭਾ ’ਚ ਇਹ ਗੱਲ ਦੱਸੀ ਜਾਂਦੀ ਹੈ ਕਿ ਅੱਧੀ ਛੁੱਟੀ ਵੇਲੇ ਆਪਣੇ ਘਰਾਂ ਤੋਂ ਪੈਸੇ ਲੈ ਕੇ ਆਓ ਤੇ ਪੁਸਤਕਾਂ ਖ਼ਰੀਦੋ। ਪੁਸਤਕਾਂ ਖ਼ਰੀਦਣ ਦਾ ਇਕ ਮੰਤਵ ਵਿਦਿਆਰਥੀਆਂ ਦਾ ਇਹ ਵੀ ਹੁੰਦਾ ਸੀ ਕਿ ਸ਼ਨਿਚਰਵਾਰ ਦੀ ਸਭਾ ’ਚ ਉਨ੍ਹਾਂ ਪੁਸਤਕਾਂ ’ਚੋਂ ਗੀਤ ਤੇ ਕਵਿਤਾਵਾਂ ਸੁਣਾਈਆਂ ਜਾਂਦੀਆਂ। ਮੈਂ ਵੀ ਬੜੇ ਚਾਵਾਂ ਦੇ ਨਾਲ ‘ਸਾਵੇ ਪੱਤਰ ‘ਪੁਸਤਕ ਉਦੋਂ ਖ਼ਰੀਦੀ ਜਦੋਂ ਪੁਸਤਕ ਵਿਕਰੇਤਾ ਸਾਡੇ ਸਕੂਲ ਆਇਆ। ਇਹ ਪੁਸਤਕ ਪਰਿਵਾਰ ਦੇ ਹਰ ਛੋਟੇ-ਵੱਡੇ ਮੈਂਬਰ ਨੇ ਪੜ੍ਹੀ। ਇਸ ਦੀਆਂ ਕਈ ਕਵਿਤਾਵਾਂ ਨੂੰ ਪੜ੍ਹਦਿਆਂ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕਵੀ ਦੇ ਨਾਲ ਸਾਡਾ ਕੋਈ ਗਹਿਰਾ ਰਿਸ਼ਤਾ ਹੈ। ਕਵੀ ਨੂੰ ਨਾ ਮਿਲਿਆਂ ਵੀ ਉਸ ਨਾਲ ਨੇੜਤਾ ਮਹਿਸੂਸ ਹੋਣ ਲੱਗਦੀ ਹੈ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਇਹ ਸ਼ਾਹੀ ਗੁਣ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਕਵਿਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਵੇਂ ‘ਛੱਤੋ ਦੀ ਬੇਰੀ ਵਾਲਾ ਮੋਹਨ’, ‘ਸਿੱਖੀ ਦੇ ਬੂਟੇ ਵਾਲਾ ਮੋਹਨ’, ‘ਅੰਬੀ ਬੂਟੇ ਵਾਲਾ ਮੋਹਨ’ ਆਦਿ।
‘ਸਿਪਾਹੀ ਦਾ ਦਿਲ’ ਤੇ ‘ਪੋਠੋਹਾਰ ਦੀ ਕੁੜੀ’ ਵਿਚਲੀ ਕਵਿਤਾ ਦਾ ਅਹਿਸਾਸ ਹਰ ਕਿਸੇ ਨੂੰ ਟੁੰਬਦਾ ਹੈ। ਹਰ ਕਿਸਮ ਦਾ ਰੰਗ ਪ੍ਰੋ. ਮੋਹਨ ਸਿੰਘ ਦੀ ਕਵਿਤਾ ਵਿਚ ਮਿਲਦਾ ਹੈ-ਚਾਹੇ ਮਜ਼ਦੂਰਾਂ ਦੀ ਗੱਲ ਹੋਵੇ, ਔਰਤ ਦੀ ਗੱਲ ਹੋਵੇ, ਆਜ਼ਾਦੀ ਦੀ ਗੱਲ ਹੋਵੇ, ਸਾਮਰਾਜਵਾਦ ਵਿਰੁੱਧ ਗੱਲ ਹੋਵੇ, ਆਲਮੀ ਭਾਈਚਾਰਕ ਸਾਂਝ ਤੇ ਅਮਨ ਦੀ ਗੱਲ ਹੋਵੇ ਜਾਂ ਬਰਾਬਰੀ ਦਾ ਸਮਾਜ ਸਿਰਜਣ ਦੀ ਗੱਲ ਹੋਵੇ। ਪੰਜਾਬੀਅਤ, ਸੰਸਕਿ੍ਰਤੀ ਤੇ ਲੋਕਧਾਰਾ ਦੀ ਗੱਲ ਕਰਦਾ ਇਹ ਕਵੀ ਦੇਸ਼ ਦੇ ਆਰਥਿਕ-ਸਮਾਜਿਕ ਢਾਂਚੇ ਪ੍ਰਤੀ ਵੀ ਚੇਤਨ ਹੋ ਕੇ ਲਿਖਦਾ ਹੈ। ਇਹ ਕਵੀ ਸਮਾਜ ਵਿਚ ਲੁੱਟੀ ਜਾ ਰਹੀ ਸ਼੍ਰੇਣੀ ਦੀ ਪੈਰਵੀ ਕਰਨ ਲੱਗਾ। ‘ਦੋ ਧੜਿਆਂ ਵਿਚ ਖਲਕਤ ਵੰਡੀ’ ਵਾਲੀ ਕਵਿਤਾ ਵਿਚ ਉਹ ਸਮਾਜ ਵਿਚਲੀ ਕਾਣੀ ਵੰਡ ਨੂੰ ਬਿਆਨ ਕਰਨ ਵਿਚ ਸਫਲ ਹੋਇਆ।
‘ਦੋ ਟੋਟਿਆਂ ਵਿੱਚ ਭੌਂ ਟੁੱਟੀ,ਇੱਕ ਮਹਿਲਾਂ ਦਾ ਇੱਕ ਢੋਕਾਂ ਦਾ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ।’ ਇਸ ਕਵਿਤਾ ਦੇ ਅਰਥ ਮੇਰੀ ਜ਼ਿੰਦਗੀ ’ਚ ਉਮਰ ਦੇ ਮੁਤਾਬਕ ਬਦਲਦੇ ਰਹੇ। ਜਦੋਂ ਮੈਂ ਇਹ ਕਵਿਤਾ ਨੌਵੀਂ ਜਮਾਤ ’ਚ ਪੜ੍ਹੀ ਤਾਂ ਉਸ ਸਮੇਂ ਇਸ ਦੇ ਅਰਥ ਹੋਰ ਸਨ ਤੇ ਜਦੋਂ ਮੈਂ ਐੱਮਏ ਇਕਨੋਮਿਕਸ ਕਰਦਿਆਂ ਪੜ੍ਹੇ ਤਾਂ ਇਸ ਦੇ ਅਰਥ ਹੋਰ ਵੀ ਗਹਿਰੇ ਸਮਝ ਆਏ। ਕਵਿਤਾ ਦੇ ਸ਼ਬਦਾਂ ’ਚੋਂ ਅਰਥਾਂ ਦੇ ਅਰਥ ਨਿਕਲਣਾ ਹੀ ਕਿਸੇ ਕਵੀ ਦੀ ਕਵਿਤਾ ਦੀ ਖ਼ੂਬੀ ਹੁੰਦੀ ਹੈ। ਵੀਹ ਅਕਤੂਬਰ 1905 ਨੂੰ ਪੰਜਾਬ ਦੇ ਨਗਰ ਹੋਤੀ ਮਰਦਾਨ (ਪਾਕਿਸਤਾਨ) ’ਚ ਪੈਦਾ ਹੋਇਆ ਇਹ ਸ਼ਾਇਰ ਆਪਣੇ-ਆਪ ’ਚ ਯੁੱਗ ਬਣ ਗਿਆ। ਸਮਾਜ ਦੀਆਂ ਪ੍ਰਸਥਿਤੀਆਂ ਪ੍ਰਤੀ ਉਹ ਪੂਰੀ ਤਰ੍ਹਾਂ ਸੁਚੇਤ ਸੀ। ਆਰਥਿਕ ਤੌਰ ’ਤੇ ਖ਼ੁਸ਼ਹਾਲ ਪਰਿਵਾਰ ’ਚ ਪੈਦਾ ਹੋਇਆ ਬੱਚਾ, ਆਰਥਿਕ ਤੌਰ ’ਤੇ ਕਮਜ਼ੋਰ ਬੱਚਿਆਂ ਵੱਲ ਖਿੱਚਿਆ ਗਿਆ ਤਾਂ ਹੀ ਤਾਂ ਕਈ ਵਾਰ ਉਸ ਦਾ ਪਿਤਾ ਜੋਧ ਸਿੰਘ ਗੁੱਸੇ ’ਚ ਆਖਦਾ ‘ਭੈੜੇ-ਭੈੜੇ ਯਾਰ ਮੇਰੀ ਫੱਤੋ ਦੇ’। ਉਹ ਸ਼ੁਰੂ ਤੋਂ ਹੀ ਚੰਚਲ ਸੁਭਾਅ ਦੇ ਮਾਲਕ ਸਨ। ਛਿੰਝਾਂ, ਤਮਾਸ਼ਿਆਂ ਨੂੰ ਬੜੀ ਨੀਝ ਨਾਲ ਦੇਖਦੇ।
ਦਰਗਾਹਾਂ ’ਤੇ ਲੱਗੇ ਅਖਾੜੇ ਤੇ ਮੇਲੇ ਉਨ੍ਹਾਂ ਨੂੰ ਖਿੱਚ ਪਾਉਂਦੇ। ਪ੍ਰੋ. ਮੋਹਨ ਸਿੰਘ ਅਮੋੜ, ਬਾਗ਼ੀ ਤੇ ਮਨ ਆਈਆਂ ਕਰਨ ਵਾਲੇ ਸਨ। ਬਚਪਨ ’ਚ ਉਨ੍ਹਾਂ ਨੂੰ ਬਟੇਰਿਆਂ ਤੇ ਸ਼ਤਰੰਜ ਚੌਪਟ ਦਾ ਵੀ ਬੜਾ ਸ਼ੌਕ ਸੀ। ਜ਼ਿੰਦਗੀ ਜਿਊਣ ਲਈ ਪ੍ਰੋ. ਮੋਹਨ ਸਿੰਘ ਨੂੰ ਜਦੋਜਹਿਦ ਕਰਨੀ ਪਈ। ਉਨ੍ਹਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ’ਚ 1933 ਤੋਂ 1939 ਤੱਕ ਅਤੇ 1940 ਤੋਂ 1943 ਤੱਕ ਨੈਸ਼ਨਲ ਕਾਲਜ, ਲਾਹੌਰ ਵਿਚ ਅਧਿਆਪਨ ਕੀਤਾ। ਇਸ ਤੋਂ ਬਾਅਦ ਖ਼ਾਲਸਾ ਕਾਲਜ, ਪਟਿਆਲਾ ਤੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪ੍ਰੋਫੈਸਰ ਆਫ ਐਮੀਰਟਸ ਰਹੇ।
ਸੰਨ 1934 ਵਿਚ ਪੰਜ ਦਰਿਆ ਮੈਗਜ਼ੀਨ ਸ਼ੁਰੂ ਕੀਤਾ। ਹਿੰਦੁਸਤਾਨ ਪਬਲਿਸ਼ਰਜ਼ ਲਿਮਟਿਡ ਨਾਂ ਹੇਠ ਪ੍ਰਕਾਸ਼ਨਾ ਘਰ ਦੀ ਸਥਾਪਨਾ 1946 ਵਿਚ ਕੀਤੀ। ਆਪਣੀ ਪਤਨੀ ਬਸੰਤ ਕੌਰ ਦੀ ਮੌਤ ਤੋਂ ਬਾਅਦ ਉਸ ਦੇ ਵਿਯੋਗ ਵਿਚ ਕਾਵਿ ਸਫ਼ਰ ਦਾ ਆਗਾਜ਼ ਹੋਇਆ। ‘ਸਾਵੇ ਪੱਤਰ’, ‘ਕਸੁੰਭੜਾ’, ‘ਅੱਧਵਾਟੇ’, ‘ਕੱਚ ਸੱਚ’, ‘ਵੱਡਾ ਵੇਲਾ’, ‘ਆਵਾਜ਼ਾਂ’, ‘ਜ਼ੈਮੀਰ’, ‘ਜੰਦਰੇ’ ਅਤੇ ‘ਬੂਹੇ’ ਆਦਿ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਪਾਈਆਂ। ਇਸ ਤੋਂ ਬਿਨਾਂ ਮਹਾਕਾਵਿ ਅਤੇ ਕਹਾਣੀਆਂ ਦੇ ਅਨੁਵਾਦ ਵੀ ਕੀਤੇ। ਕਵਿਤਾ ’ਚ ਉਨ੍ਹਾਂ ਦੀ ਦੇਣ ਇਹ ਹੈ ਕਿ ਇਹ ਕਵਿਤਾ ਨਿੱਜਵਾਦ ਤੋਂ ਮੁਕਤ ਹੋ ਕੇ ਸਮੂਹਿਕਤਾ ਵੱਲ ਵਧਦੀ ਹੈ ਤੇ ਲੋਕਾਂ ਦੇ ਸਰੋਕਾਰ ਦੀਆਂ ਗੱਲਾਂ ਕਰਦੀ ਹੈ। ਪ੍ਰੋ. ਮੋਹਨ ਸਿੰਘ ਨੂੰ ‘ਵੱਡਾ ਵੇਲਾ’ ਕਾਵਿ ਪੁਸਤਕ ’ਤੇ ਸਾਹਿਤ ਅਕਾਦਮੀ ਪੁਰਸਕਾਰ ਤੇ ‘ਜ਼ੈਮੀਰ’ ਕਾਵਿ ਪੁਸਤਕ ’ਤੇ ‘ਸੋਵੀਅਤ ਨਹਿਰੂ ਐਵਾਰਡ’ ਮਿਲਿਆ ਸੀ ਪਰ ਜੋ ਐਵਾਰਡ ਲੋਕਾਂ ਵੱਲੋਂ ਪ੍ਰਾਪਤ ਹੋਇਆ, ਉਸ ਦੀ ਕੋਈ ਕੀਮਤ ਨਹੀਂ। ਲੋਕਾਂ ਦੇ ਦਿਲਾਂ ’ਤੇ ਰਾਜ ਕਰਦਾ ਇਹ ਲੋਕ ਕਵੀ ਹਮੇਸ਼ਾ ਜਿਊਂਦਾ ਰਹੇਗਾ।
-ਅਰਵਿੰਦਰ ਕੌਰ ਕਾਕੜਾ
-(ਅਸਿਸਟੈਂਟ ਪ੍ਰੋਫੈਸਰ, ਪਬਲਿਕ ਕਾਲਜ, ਸਮਾਣਾ)।
-ਸੰਪਰਕ : 94636-15536