ਇਤਿਹਾਸਕ ਸਰੋਤ ਦੱਸਦੇ ਹਨ ਬਾਬਾ ਸਾਹਿਬ ਸਿੰਘ ਬੇਦੀ ਨਾਲ 14 ਹਜ਼ਾਰ ਘੋੜ ਸਵਾਰ ਫ਼ੌਜ ਹਮੇਸ਼ਾ ਤਾਇਨਾਤ ਰਹਿੰਦੀ ਸੀ। ਉਨ੍ਹਾਂ ਦੀ ਰਿਆਸਤ ਦੇ ਅਧਿਕਾਰ ਖੇਤਰ ਵਿਚ 117 ਪਿੰਡ ਸਨ ਜਿਸ ਵਿਚ ਦੁਆਬਾ ਤੇ ਦੂਨ ਦਾ ਇਲਾਕਾ ਵੀ ਸੀ। ਬਾਬਾ ਜੀ ਜੰਗ ਵਿਚ ਸ਼ਹੀਦ ਹੋਏ ਪਰਿਵਾਰਾਂ ਦਾ ਰੈਣ-ਬਸੇਰਾ ਇਨ੍ਹਾਂ ਪਿੰਡਾਂ ਵਿਚ ਹੀ ਕਰਵਾਉਂਦੇ ਸਨ।

ਇਤਿਹਾਸਕ ਜ਼ਿਕਰ ਮਿਲਦਾ ਹੈ ਕਿ ਜਦੋਂ ਸ਼ੁਕਰਚਕੀਆ ਮਿਸਲ ਦੇ ਮੁਖੀ ਸਰਦਾਰ ਮਹਾਂ ਸਿੰਘ ਦਾ ਅਕਾਲ ਚਲਾਣਾ ਹੁੰਦਾ ਹੈ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕੇਵਲ ਗਿਆਰਾਂ ਕੁ ਵਰ੍ਹਿਆਂ ਦੇ ਸਨ। ਮਹਾਂ ਸਿੰਘ ਦੀ ਧਰਮ ਪਤਨੀ ਬੀਬੀ ਰਾਜ ਕੌਰ ਨੂੰ ਆਪਣੇ ਪਤੀ ਦੀ ਮੌਤ ਦੇ ਗ਼ਮ ਨਾਲੋਂ ਵੱਧ ਦੁੱਖ ਇਸ ਗੱਲ ਦਾ ਸੀ ਕਿ ਮੇਰਾ ਸਪੁੱਤਰ ਰਣਜੀਤ ਸਿੰਘ ਬਹੁਤ ਛੋਟੀ ਅਵਸਥਾ ਵਿਚ ਹੈ, ਉਹ ਮਿਸਲ ਨੂੰ ਕਿਵੇਂ ਸੰਭਾਲੇਗਾ।
ਇਸ ਪੀੜ ਨੂੰ ਸੀਨੇ ਵਿਚ ਲੈ ਕੇ ਬੀਬੀ ਰਾਜ ਕੌਰ ਜਗਤ-ਗੁਰੂ ਧੰਨ ਗੁਰੂ ਨਾਨਕ ਦੇਵ ਜੀ ਦੀ ਅੰਸ਼-ਵੰਸ਼ ਬਾਬਾ ਸਾਹਿਬ ਸਿੰਘ ਬੇਦੀ ਕੋਲ ਊਨਾ ਸ਼ਹਿਰ (ਜੋ ਇਸ ਵਕਤ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਹੈੱਡ ਕੁਆਰਟਰ ਹੈ) ਪੁੱਜੀ। ਬਾਬਾ ਸਾਹਿਬ ਸਿੰਘ ਬੇਦੀ ਗੁਰੂ ਨਾਨਕ ਸਾਹਿਬ ਜੀ ਦੀ 11ਵੀਂ ਅੰਸ਼-ਵੰਸ਼ ਸਨ ਜਿਨ੍ਹਾਂ ਦਾ ਸਤਿਕਾਰ ਉਸ ਸਮੇਂ ਦਾ ਹਰ ਸਿੱਖ ਕਰਦਾ ਸੀ। ਸਾਰੀਆਂ ਰਿਆਸਤਾਂ ਦੇ ਰਾਜੇ-ਮਹਾਰਾਜੇ ਅਤੇ ਸਿੱਖ ਮਿਸਲਾਂ ਦੇ ਸਰਦਾਰ ਉਨ੍ਹਾਂ ਦੇ ਬਚਨਾਂ ਨੂੰ ਰੱਬੀ-ਫ਼ੁਰਮਾਨ ਮੰਨਦੇ ਸਨ।
ਜਦੋਂ ਬੀਬੀ ਰਾਜ ਕੌਰ ਨੇ ਆਪਣਾ ਦੁੱਖੜਾ ਬਿਆਨ ਕੀਤਾ ਤਾਂ ਬਾਬਾ ਸਾਹਿਬ ਸਿੰਘ ਬੇਦੀ ਨੇ ਲਾਹੌਰ ਦਰਬਾਰ ਆਉਣਾ ਪ੍ਰਵਾਨ ਕਰ ਲਿਆ। ਸਰਦਾਰ ਮਹਾਂ ਸਿੰਘ ਨਮਿੱਤ ਰੱਖੇ ਗਏ ਪਾਠ ਦੇ ਭੋਗ ਉਪਰੰਤ ਅਰਦਾਸ ਤੋਂ ਪਿੱਛੋਂ ਸਾਰੀਆਂ ਮਿਸਲਾਂ ਦੇ ਸਰਦਾਰਾਂ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਰਣਜੀਤ ਸਿੰਘ ਨੂੰ ਸਰਕਾਰ-ਏ-ਖ਼ਾਲਸਾ ਦਾ ਰਾਜ-ਤਿਲਕ ਕੀਤਾ ਸੀ। ਇਹ ਕੇਵਲ ਰਸਮ ਹੀ ਨਹੀਂ ਸੀ, ਸਗੋਂ ਇਸ ਦੇ ਵਿਰੋਧ ਵਿਚ ਕਿਸੇ ਮਿਸਲ ਦੇ ਸਰਦਾਰ ਨੇ ਸਿਰ ਨਹੀਂ ਚੁੱਕਿਆ।
ਬਾਬਾ ਸਾਹਿਬ ਸਿੰਘ ਬੇਦੀ ਦਾ ਜਨਮ 1756 ਈ: ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਆਪਣੇ ਦਾਦਾ ਬਾਬਾ ਕਲਾਧਾਰੀ ਦੇ ਗ੍ਰਹਿ ਵਿਖੇ ਤੇ ਪਿਤਾ ਬਾਬਾ ਅਜੀਤ ਸਿੰਘ ਬੇਦੀ ਅਤੇ ਮਾਤਾ ਸਵਰੂਪ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਦੇ ਦਾਦਾ ਬਾਬਾ ਕਲਾਧਾਰੀ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਦੇ ਸੱਦੇ ’ਤੇ ਊਨਾ ਨਗਰ ਵਿਖੇ ਪੁੱਜੇ ਸਨ। ਅੱਜ ਵੀ ਬੇਦੀ ਵੰਸ਼ ਦਾ ਇਹ ਅਸਥਾਨ ਕਿਲ੍ਹਾ ਬੇਦੀ ਸਾਹਿਬ ਕਰਕੇ ਜਾਣਿਆ ਜਾਂਦਾ ਹੈ।
ਇਤਿਹਾਸਕ ਸਰੋਤ ਦੱਸਦੇ ਹਨ ਬਾਬਾ ਸਾਹਿਬ ਸਿੰਘ ਬੇਦੀ ਨਾਲ 14 ਹਜ਼ਾਰ ਘੋੜ ਸਵਾਰ ਫ਼ੌਜ ਹਮੇਸ਼ਾ ਤਾਇਨਾਤ ਰਹਿੰਦੀ ਸੀ। ਉਨ੍ਹਾਂ ਦੀ ਰਿਆਸਤ ਦੇ ਅਧਿਕਾਰ ਖੇਤਰ ਵਿਚ 117 ਪਿੰਡ ਸਨ ਜਿਸ ਵਿਚ ਦੁਆਬਾ ਤੇ ਦੂਨ ਦਾ ਇਲਾਕਾ ਵੀ ਸੀ। ਬਾਬਾ ਜੀ ਜੰਗ ਵਿਚ ਸ਼ਹੀਦ ਹੋਏ ਪਰਿਵਾਰਾਂ ਦਾ ਰੈਣ-ਬਸੇਰਾ ਇਨ੍ਹਾਂ ਪਿੰਡਾਂ ਵਿਚ ਹੀ ਕਰਵਾਉਂਦੇ ਸਨ। ਬਾਬਾ ਕਲਾਧਾਰੀ ਤੇ ਉਨ੍ਹਾਂ ਦੀ ਵੰਸ਼ਜਾਂ ਨੇ ਊਨਾ ਸ਼ਹਿਰ ਵਿਚ ਅਨੇਕ ਇਮਾਰਤਾਂ ਬਣਾਈਆਂ।
ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇੱਥੇ ਵਸਾਇਆ। ਇਕ ਅਜਿਹਾ ਸਮਾਂ ਵੀ ਸੀ ਜਦੋਂ ਊਨਾ ਪੰਜਾਬ ਦਾ ਅੱਵਲ ਦਰਜੇ ਦਾ ਸ਼ਹਿਰ ਸੀ ਜਿੱਥੋਂ ਮੌਜੂਦਾ ਹਿਮਾਚਲ, ਜੰਮੂ-ਕਸ਼ਮੀਰ ਤੇ ਲੇਹ-ਲੱਦਾਖ ਤੱਕ ਵਪਾਰ ਕੀਤਾ ਜਾਂਦਾ ਸੀ। ਜਦੋਂ ਬਾਬਾ ਸਾਹਿਬ ਸਿੰਘ ਊਨਾ ਸ਼ਹਿਰ ਤੋਂ ਮੈਦਾਨ-ਏ-ਜੰਗ ਵਿਚ ਨਿਕਲਦੇ ਸਨ ਤਾਂ ਇਸ ਸ਼ਹਿਰ ਦੀ ਪਰਿਕਰਮਾ ਕਰ ਕੇ ਸੁਰੱਖਿਆ ਕਵਚ ਬਣਾਉਂਦੇ ਸਨ ਤਾਂ ਜੋ ਸ਼ਹਿਰ ਵਿਚ ਕਿਸੇ ਤਰ੍ਹਾਂ ਦੀ ਕੋਈ ਔਖੀ ਘੜੀ ਨਾ ਆਵੇ। ਅੱਜ ਵੀ ਬਾਬਾ ਜੀ ਦੀ ਯਾਦ ਵਿਚ ਹੋਣ ਵਾਲੇ ਗੁਰਮਤਿ ਸਮਾਗਮ ਸਮੇਂ ਊਨਾ ਸ਼ਹਿਰ ਦੀ ਪਰਿਕਰਮਾ ਕਰਦਿਆਂ ਨਗਰ ਕੀਰਤਨ ਸਜਾਇਆ ਜਾਂਦਾ ਹੈ।
ਇਤਿਹਾਸਕ ਸਰੋਤਾਂ ਮੁਤਾਬਕ ਬਾਬਾ ਜੀ ਜਿੱਥੇ ਮਹਾਨ 33 ਬੇਤੇ, ਰਾਜਯੋਗੀ ਧਰਮੀ ਮਹਾਪੁਰਸ਼ ਸਨ, ਉੱਥੇ ਹੀ ਉਹ ਦਲੇਰ ਯੋਧੇ ਤੇ ਕੂਟਨੀਤਕ ਸ਼ਖ਼ਸੀਅਤ ਦੇ ਮਾਲਕ ਵੀ ਸਨ। ਖ਼ਾਲਸਾ ਰਾਜ ਦਾ ਮੁੱਢ ਉਨ੍ਹਾਂ ਦੇ ਯਤਨਾਂ ਨਾਲ ਬੱਝਿਆ ਸੀ। ਬਾਰਾਂ ਮਿਸਲਾਂ ਦੇ ਸਰਦਾਰਾਂ ਨੂੰ ਇਕੱਠੇ ਕਰਨਾ ਕੋਈ ਸਹਿਜ ਕਾਰਜ ਨਹੀਂ ਸੀ। ਊਨਾ ਦੇ ਇਸ ਇਤਿਹਾਸਕ ਕਿਲ੍ਹੇ ਦੀ ਸਥਾਪਨਾ 1784 ਈ: ਵਿਚ ਕੀਤੀ ਗਈ ਜੋ ਉੱਤਰੀ ਭਾਰਤ ਦੀਆਂ 117 ਰਿਆਸਤਾਂ ਨਾਲ ਸਬੰਧਤ ਸੀ। ਸਿੱਖ ਰਾਜ ਦੇ ਪਤਨ ਪਿੱਛੋਂ ਅੰਗਰੇਜ਼ ਹਕੂਮਤ ਨੂੰ ਬਾਬਾ ਜੀ ਦੇ ਵੰਸ਼ਜਾਂ ਤੋਂ ਵੀ ਬਗ਼ਾਵਤੀ ਸੁਰਾਂ ਸੁਣਾਈ ਦਿੰਦੀਆਂ ਸਨ।
ਇਸੇ ਕਰਕੇ ਜਦੋਂ ਬਾਬਾ ਜੀ ਦੇ ਸਪੁੱਤਰ ਬਾਬਾ ਬਿਕਰਮਾ ਸਿੰਘ ਬੇਦੀ ਵੱਲੋਂ ਅੰਗਰੇਜ਼ ਹਕੂਮਤ ਵਿਰੁੱਧ ਬਾਗ਼ੀ ਹੋਣ ਦੀ ਸੂਚਨਾ ਮਿਲੀ ਤਾਂ ਇਸ ਬੇਦੀ ਸਾਹਿਬ ਦੇ ਮਜ਼ਬੂਤ ਕਿਲ੍ਹੇ ਨੂੰ ਤੋਪਾਂ ਨਾਲ ਤਬਾਹ ਕਰ ਦਿੱਤਾ ਗਿਆ। ਬਾਬਾ ਜੀ ਵੱਲੋਂ ਬਣਾਇਆ ਲੰਗਰ ਅਸਥਾਨ ਵੀ ਸਾਡੀ ਅਮੀਰ ਵਿਰਾਸਤ ਦੀ ਨਿਸ਼ਾਨੀ ਹੈ। ਇਸੇ ਊਨਾ ਸ਼ਹਿਰ ਦੇ ਹੋਰ ਇਤਿਹਾਸਕ ਅਸਥਾਨਾਂ ਦੀ ਗੱਲ ਕਰੀਏ ਤਾਂ ਕਿਲ੍ਹੇ ਦੇ ਦੂਜੇ ਪਾਸੇ ਬਾਬਾ ਜੀ ਦਾ ਦਮਦਮਾ ਅਸਥਾਨ ਹੈ।
ਊਨਾ ਤੋਂ ਚਾਰ ਕੁ ਕਿੱਲੋਮੀਟਰ ਦੂਰ ਬਾਬਾ ਸਾਹਿਬ ਸਿੰਘ ਬੇਦੀ ਜੀ ਦਾ ਤਪ ਅਸਥਾਨ ਗੁਰਦੁਆਰਾ ਤਪੋਵਨ ਮੌਜੂਦ ਹੈ। ਇਸ ਦੇ ਨੇੜੇ ਹੀ ਬਾਬਾ ਤੇਗ ਸਿੰਘ ਦਾ ਤਪ-ਅਸਥਾਨ ਗੁਰਦੁਆਰਾ ਬਾਰਾਂਦਰੀ ਵੀ ਮੌਜੂਦ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੌਜੂਦਾ ਵੰਸ਼ ਵਿੱਚੋਂ ਮਹਾਪੁਰਸ਼ ਬਾਬਾ ਸਰਬਜੋਤ ਸਿੰਘ ਬੇਦੀ ਨੇ 1989 ’ਚ ਜਾਨਸ਼ੀਨ ਵਜੋਂ ਜ਼ਿੰਮੇਵਾਰੀ ਸੰਭਾਲੀ। ਬਾਬਾ ਜੀ ਨੇ ਮਾਨਸਿਕ ਤੌਰ ’ਤੇ ਕਮਜ਼ੋਰ ਬੱਚਿਆਂ ਲਈ ਪ੍ਰੇਮਾਸ਼ਰਮ ਦੀ ਸਥਾਪਨਾ ਵੀ ਕੀਤੀ ਹੈ। ਦੇਸ਼-ਵਿਦੇਸ਼ ਦੀ ਸੰਗਤ ਵੱਲੋਂ ਬਾਬਾ ਸਾਹਿਬ ਸਿੰਘ ਬੇਦੀ ਦੇ ਜਨਮ ਦਿਨ ’ਤੇ ਤਿੰਨ ਦਿਨਾ ਸਮਾਗਮ ਹਰ ਸਾਲ ਗੁਰਮਤਿ ਸਮਾਗਮ ਦੇ ਰੂਪ ’ਚ ਕੀਤੇ ਜਾਂਦੇ ਹਨ।
-ਭਗਵਾਨ ਸਿੰਘ ਜੌਹਲ
-ਮੋਬਾਈਲ : 98143-24040