- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਝੌਤੇ ਤਹਿਤ ਜਹਾਜ਼ ਵਾਪਸ ਆ ਗਿਆ। ਮੁਸਾਫ਼ਰਾਂ ਦੇ ਗੁੱਸੇ ਦਾ ਫ਼ਾਇਦਾ ਲੈ ਕੇ ਉਨ੍ਹਾਂ ਨੂੰ ਗ਼ਦਰ ਪਾਰਟੀ ਨਾਲ ਜੋੜਨ ਲਈ ਬਾਬਾ ਭਕਨਾ 21 ਜੁਲਾਈ 1914 ਨੂੰ ਸਾਨ ਫਰਾਂਸਿਸਕੋ ਤੋਂ ਕਾਮਾਗਾਟਾਮਾਰੂ ਮੁਸਾਫ਼ਰਾਂ ਨੂੰ ਮਿਲਣ ਲਈ ਤੁਰ ਪਏ ਸਨ। ਫ਼ੈਸਲੇ ਅਨੁਸਾਰ ਕਰਤਾਰ ਸਿੰਘ ਸਰਾਭਾ ਨੇ ਬਾਬਾ ਭਕਨੇ ਵਾਲੇ ਜਹਾਜ਼ ਵਿਚ ਹਥਿਆਰਾਂ ਦੀਆਂ ਪੇਟੀਆਂ ਤੇ ਗੋਲ਼ੀ-ਸਿੱਕਾ ਪਹੁੰਚਾ ਦਿੱਤਾ।

ਮਹਾਨ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ 4 ਜਨਵਰੀ 1870 ਨੂੰ ਪਿੰਡ ਭਕਨਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਦੀ ਵਿੱਦਿਆ ਤਾਂ ਪ੍ਰਾਇਮਰੀ ਤੱਕ ਸੀ ਪਰ ਰਾਜਨੀਤੀ ਦੀ ਚੰਗੀ ਖ਼ਾਸੀ ਸੂਝ-ਬੂਝ ਸੀ। ਮਨੁੱਖ ਨੂੰ ਪਰਖਣ ਤੇ ਹਾਲਾਤ ਦਾ ਜਾਇਜ਼ਾ ਲੈਣ ਵਾਸਤੇ ਵੀ ਤਿੱਖੀ ਸਮਝ ਰੱਖਦੇ ਸਨ। ਉਹ 1909 ਵਿਚ ਅਮਰੀਕਾ ਪਹੁੰਚੇ ਤਾਂ ਉਸ ਵਕਤ ਅਮਰੀਕਾ ਦੇ ਮਜ਼ਦੂਰਾਂ ਅੰਦਰ ਬੇਚੈਨੀ ਸੀ ਕਿਉਂਕਿ ਗ਼ੈਰ-ਮੁਲਕੀ ਮਜ਼ਦੂਰ ਸਸਤੀ ਮਜ਼ਦੂਰੀ ਲੈ ਕੇ ਕਾਰਖਾਨਿਆਂ ਅਤੇ ਖੇਤਾਂ ਵਿਚ ਕੰਮ ਕਰਨ ਲੱਗ ਜਾਂਦੇ ਸਨ ਤੇ ਅਮਰੀਕਾ ਦੇ ਮਜ਼ਦੂਰਾਂ ਦੀ ਮਜ਼ਦੂਰੀ ਖੁੱਸ ਜਾਂਦੀ ਸੀ।
ਅਮਰੀਕਨ ਮਜ਼ਦੂਰ ਇਹ ਗੁੱਸਾ ਹਿੰਦੁਸਤਾਨੀ ਕਾਮਿਆਂ ’ਤੇ ਹੋਟਲਾਂ, ਰੇਲਗੱਡੀਆਂ, ਸੈਰਗਾਹਾਂ ਤੇ ਸਿਨੇਮਿਆਂ ਆਦਿ ਵਿਚ ਭੱਦੇ ਸ਼ਬਦ ਬੋਲ ਕੇ ਕੱਢਦੇ ਸਨ। ਅਮਰੀਕਨਾਂ ਦੇ ਇਸ ਨਫ਼ਰਤ ਦੇ ਦੌਰ ਵਿਚ ਭਾਰਤੀ ਕਿਰਤੀਆਂ ਦਾ ਆਸਟੋਰੀਆ ਵਿਖੇ ਭਾਈ ਕੇਸਰ ਸਿੰਘ ਠੱਠਗੜ੍ਹ ਦੇ ਡੇਰੇ ਵਿਚ 21 ਅਪ੍ਰੈਲ 1913 ਨੂੰ ਇਕੱਠ ਹੋਇਆ ਜਿਸ ਵਿਚ ਸਰਬਸੰਮਤੀ ਨਾਲ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ, ਜਨਰਲ ਸਕੱਤਰ ਲਾਲਾ ਹਰਦਿਆਲ, ਜੁਆਇੰਟ ਸਕੱਤਰ ਲਾਲਾ ਠਾਕੁਰ ਦਾਸ ਧੂਰੀ, ਖ਼ਜ਼ਾਨਚੀ ਪੰਡਿਤ ਕਾਂਸ਼ੀ ਰਾਮ ਮੜੌਲੀ, ਮੀਤ ਖ਼ਜ਼ਾਨਚੀ ਗ਼ਦਰੀ ਹਰਨਾਮ ਸਿੰਘ ਟੁੰਡੀਲਾਟ ਅਤੇ ਆਰਗੇਨਾਈਜ਼ਿੰਗ ਸਕੱਤਰ ਮੁਨਸ਼ੀ ਕਰੀਮ ਬਖ਼ਸ਼ ਤੇ ਮੁਨਸ਼ੀ ਰਾਮ ਚੁਨੇ ਗਏ।
ਬਾਅਦ ਵਿਚ ਬਾਬਾ ਜਵਾਲਾ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਹਿੰਦੁਸਤਾਨੀਆਂ ਦੀ ਇਹ ਸੰਸਥਾ ਬਾਅਦ ਵਿਚ ਗ਼ਦਰ ਪਾਰਟੀ ਦੇ ਨਾਂ ਨਾਲ ਮਸ਼ਹੂਰ ਹੋਈ। ਬਾਬਾ ਗੁਰਦਿੱਤ ਸਿੰਘ ਸਰਹਾਲੀ ਵਾਲਿਆਂ ਨੇ ਕਾਮਾਗਾਟਾਮਾਰੂ ਜਹਾਜ਼ ਰਾਹੀਂ ਹਿੰਦ ਦੇ ਮੁਸਾਫ਼ਰ ਕੈਨੇਡਾ ਦੀ ਧਰਤੀ ’ਤੇ ਲਿਆਂਦੇ ਪਰ ਹਕੂਮਤ ਨੇ ਜਹਾਜ਼ ਸਮੁੰਦਰ ਦੇ ਕੰਢੇ ’ਤੇ ਲੱਗਣ ਨਾ ਦਿੱਤਾ। ਮੁਸਾਫ਼ਰਾਂ ਨੂੰ ਜਹਾਜ਼ ’ਚੋਂ ਉਤਰਨ ਲਈ ਕਾਮਯਾਬੀ ਨਾ ਮਿਲੀ।
ਸਮਝੌਤੇ ਤਹਿਤ ਜਹਾਜ਼ ਵਾਪਸ ਆ ਗਿਆ। ਮੁਸਾਫ਼ਰਾਂ ਦੇ ਗੁੱਸੇ ਦਾ ਫ਼ਾਇਦਾ ਲੈ ਕੇ ਉਨ੍ਹਾਂ ਨੂੰ ਗ਼ਦਰ ਪਾਰਟੀ ਨਾਲ ਜੋੜਨ ਲਈ ਬਾਬਾ ਭਕਨਾ 21 ਜੁਲਾਈ 1914 ਨੂੰ ਸਾਨ ਫਰਾਂਸਿਸਕੋ ਤੋਂ ਕਾਮਾਗਾਟਾਮਾਰੂ ਮੁਸਾਫ਼ਰਾਂ ਨੂੰ ਮਿਲਣ ਲਈ ਤੁਰ ਪਏ ਸਨ। ਫ਼ੈਸਲੇ ਅਨੁਸਾਰ ਕਰਤਾਰ ਸਿੰਘ ਸਰਾਭਾ ਨੇ ਬਾਬਾ ਭਕਨੇ ਵਾਲੇ ਜਹਾਜ਼ ਵਿਚ ਹਥਿਆਰਾਂ ਦੀਆਂ ਪੇਟੀਆਂ ਤੇ ਗੋਲ਼ੀ-ਸਿੱਕਾ ਪਹੁੰਚਾ ਦਿੱਤਾ। ਜਾਪਾਨ ਦੇ ਸ਼ਹਿਰ ਯੋਕੋਹਾਮਾ ਵਿਚ ਬਾਬਾ ਸੋਹਣ ਸਿੰਘ ਭਕਨਾ ਦਾ ਪਾਰਟੀ ਨੇ ਠਹਿਰਨ ਦਾ ਇੰਤਜ਼ਾਮ ਕੀਤਾ ਹੋਇਆ ਸੀ। ਆਪ ਜਹਾਜ਼ ਤੋਂ ਉਤਰ ਕੇ ਹੋਟਲ ਵਿਚ ਚਲੇ ਗਏ।
ਬਾਬੇ ਭਕਨਾ ਦੇ ਸੱਦਣ ’ਤੇ ਕਾਮਾਗਾਟਾਮਾਰੂ ਜਹਾਜ਼ ਕਮੇਟੀ ਦਾ ਸੈਕਟਰੀ ਰਾਇ ਸਿੰਘ ਤੇ ਹਰਨਾਮ ਸਿੰਘ ਕਮੇਟੀ ਮੈਂਬਰ ਬਾਬਾ ਜੀ ਕੋਲ ਹੋਟਲ ਵਿਚ ਆਏ। ਉਸੇ ਦਿਨ ਤਰਕਾਲਾਂ ਨੂੰ ਬਾਬਾ ਸੋਹਣ ਸਿੰਘ ਭਕਨਾ ਜਹਾਜ਼ ਵਿਚ ਗਏ ਤੇ ਸਾਰਾ ਕੁਝ ਮੁਸਾਫ਼ਰਾਂ ਨੂੰ ਸਮਝਾ ਆਏ। ਸੰਸਾਰ ਜੰਗ ਲੱਗਣ ਉਪਰੰਤ ਸਰਾਭਾ, ਬਾਬਾ ਸੋਹਣ ਸਿੰਘ ਭਕਨਾ ਨੂੰ ਜਾਪਾਨ ’ਚ ਮਿਲਿਆ ਅਤੇ ਪਾਰਟੀ ਦੇ ਪ੍ਰੋਗਰਾਮ ਬਾਰੇ ਦੱਸਿਆ ਕਿ ਪਾਰਟੀ ਦੇ ਸਾਰੇ ਜ਼ਿੰਮੇਵਾਰ ਪਿਛਲੇ ਜਹਾਜ਼ਾਂ ਵਿਚ ਗ਼ਦਰ ਕਰਨ ਲਈ ਹਿੰਦੁਸਤਾਨ ਪਹੁੰਚ ਰਹੇ ਹਨ। ਭਕਨਾ ਜੀ ਨੇ ਕਿਹਾ ਕਿ, ‘‘ਮੈਂ ਸਮਝਦਾ ਹਾਂ ਕਿ ਪਾਰਟੀ ਦੇ ਜ਼ਿੰਮੇਵਾਰਾਂ ਨੇ ਬਹੁਤ ਗ਼ਲਤੀ ਕੀਤੀ ਹੈ ਕਿ ਇਕਦਮ ਹੀ ਸੈਂਟਰ ਛੱਡ ਕੇ ਸਾਰਿਆਂ ਦਾ ਤੁਰ ਪੈਣਾ ਠੀਕ ਨਹੀਂ ਸੀ।
ਕੇਂਦਰੀ ਦਫ਼ਤਰ ਨੂੰ ਕਿਸੇ ਜ਼ਿੰਮੇਵਾਰ ਤੇ ਇਤਬਾਰੀ ਦੇ ਹੱਥ ਸੌਂਪਣਾ ਚਾਹੀਦਾ ਸੀ।’’ ਇਸ ਗ਼ਲਤੀ ਦਾ ਨਤੀਜਾ ਇਹ ਨਿਕਲਿਆ ਕਿ ਰਾਮ ਚੰਦ ਵਰਗੇ ਗ਼ਦਾਰ ਦੇ ਹੱਥ ਦਫ਼ਤਰ ਆ ਗਿਆ। ਕਾਮਾਗਾਟਾਮਾਰੂ ਜਹਾਜ਼ 14 ਅਕਤੂਬਰ 1914 ਨੂੰ ਕਲਕੱਤਾ ਬੰਦਰਗਾਹ ’ਤੇ ਪਹੁੰਚਿਆ। ਅੰਗਰੇਜ਼ ਹਕੂਮਤ ਨੇ ਭਕਨਾ ਅਤੇ ਬਖਤਾਵਰ ਸਿੰਘ ਤੇ ਜਵੰਦ ਸਿੰਘ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਕੇ ਫੌ਼ਜੀ ਪਹਿਰੇ ਹੇਠ ਲੁਧਿਆਣਾ ਲਿਆ ਕੇ ਫਿਰ ਮੁਲਤਾਨ ਜੇਲ੍ਹ ਵਿਚ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ।
ਜਗਜੀਤ ਸਿੰਘ ਅਨੁਸਾਰ, ‘‘ ਸੋਹਣ ਸਿੰਘ ਭਕਨਾ ਦੇ ਫੜੇ ਜਾਣ ਨਾਲ ਹਿੰਦੁਸਤਾਨ ਵਿਚ ਗ਼ਦਰ ਪਾਰਟੀ ਦੀ ਮੁਹਿੰਮ ਦਾ ਸ਼ੁਰੂ ਵਿਚ ਹੀ ਸਿਰ ਧੜ ਨਾਲੋਂ ਅੱਡ ਹੋ ਗਿਆ ਸੀ।’’ ਭਕਨਾ ਨੂੰ ਗ਼ਦਰ ਲਹਿਰ ਦਾ ਮੁੱਖ ਕਰਤਾ-ਧਰਤਾ ਗਿਣਿਆ ਜਾਂਦਾ ਸੀ। ਬਕੌਲ ਭਕਨਾ ‘‘ਮੈਨੂੰ ਮੁਲਤਾਨ ਜੇਲ੍ਹ ਵਿਚ ਫਾਂਸੀ ਘਰ ਦੇ ਸਾਹਮਣੇ ਇਸ ਲਈ ਬੰਦ ਕੀਤਾ ਗਿਆ ਸੀ ਕਿ ਮੇਰੇ ਦਿਲ ਉੱਤੇ ਫਾਂਸੀ ਦਾ ਭੈਅ ਛਾ ਜਾਵੇ ਪਰ ਨਤੀਜਾ ਬਿਲਕੁਲ ਇਸ ਦੇ ਉਲਟ ਨਿਕਲਿਆ।
ਜਦ ਮੈਂ ਇਖ਼ਲਾਕੀ ਕੈਦੀਆਂ ਨੂੰ ਫਾਂਸੀ ਲੱਗਦਿਆਂ ਵੇਖਿਆ ਕਿ ਉਹ ਕਿਸ ਤਰ੍ਹਾਂ ਫਾਂਸੀ ਵੱਲ ਜਾਣ ਸਮੇਂ ਆਖ਼ਰੀ ਨਾਅਰੇ ਲਗਾਉਂਦੇ ਜਾਂਦੇ ਸਨ ਅਤੇ ਫਾਂਸੀ ਦੇ ਤਖ਼ਤੇ ’ਤੇ ਖਲੋ ਕੇ ਮੈਜਿਸਟ੍ਰੇਟ ਦਾ ਆਖ਼ਰੀ ਹੁਕਮ ਸੁਣ ਕੇ ਇੱਕੋ ਝਟਕੇ ਨਾਲ ਫਾਂਸੀ ਉੱਤੇ ਲਟਕ ਕੇ ਹਮੇਸ਼ਾ ਲਈ ਸੌਂ ਜਾਂਦੇ ਹਨ। ਇਹ ਵੇਖ ਕੇ ਮੇਰਾ ਦਿਲ ਪਹਿਲਾਂ ਨਾਲੋਂ ਵੀ ਮਜ਼ਬੂਤ ਤੇ ਬੇਖ਼ੌਫ਼ ਹੋ ਗਿਆ।’’ ਬਾਬਾ ਸੋਹਣ ਸਿੰਘ ਭਕਨਾ ਨੂੰ 25 ਨਵੰਬਰ 1915 ਨੂੰ 15 ਹੋਰ ਦੇਸ਼ ਭਗਤਾਂ ਨਾਲ ਕਾਲੇਪਾਣੀ ਜੇਲ੍ਹ ਭੇਜ ਦਿੱਤਾ ਗਿਆ। ਭਕਨਾ ਅਤੇ ਬਾਕੀ ਗ਼ਦਰੀਆਂ ਨੇ ਜੇਲ੍ਹ ਵਿਚ ਚੰਗੀ ਖੁਰਾਕ ਤੇ ਰਾਜਸੀ ਕੈਦੀਆਂ ਵਾਲੇ ਹੱਕ ਲੈਣ ਲਈ ਸਿਰੜੀ ਘੋਲ ਲੜੇ।
ਅਖ਼ੀਰ ਸਰਕਾਰ ਝੁਕ ਗਈ ਅਤੇ ਰਾਜਸੀ ਕੈਦੀਆਂ ਨੂੰ ਕਾਲੇਪਾਣੀ ਤੋਂ ਵਾਪਸ ਲਿਆਂਦਾ ਗਿਆ। ਬਾਬਾ ਭਕਨਾ ਤੇ ਬਾਬਾ ਕੇਸਰ ਸਿੰਘ ਠੱਠਗੜ੍ਹ ਨੂੰ ਜਨਵਰੀ 1928 ਵਿਚ ਲਾਹੌਰ ਜੇਲ੍ਹ ਵਿਚ ਲੈ ਆਂਦਾ ਗਿਆ। ਇੱਥੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਰਾਜਸੀ ਕੈਦੀਆਂ ਦੇ ਅਧਿਕਾਰਾਂ ਲਈ ਲੰਬੀ ਭੁੱਖ ਹੜਤਾਲ ਕੀਤੀ ਹੋਈ ਸੀ ਅਤੇ ਭਕਨਾ ਜੀ ਵੀ ਹੜਤਾਲ ਵਿਚ ਸ਼ਾਮਲ ਹੋ ਗਏ। ਇਸ ਹੜਤਾਲ ਦੀ ਜਿੱਤ ਹੋਈ ਤੇ ਰਾਜਸੀ ਕੈਦੀਆਂ ਦੇ ਹੱਕ ਮੰਨੇ ਗਏ। ਬਾਬਾ ਭਕਨਾ ਦੀ 21 ਜੁਲਾਈ 1930 ਨੂੰ ਰਿਹਾਈ ਹੋਈ। ਜਦੋਂ ਉਹ ਪਿੰਡ ਆਏ ਤਾਂ ਘਰ ਢਹਿ-ਢੇਰੀ ਹੋਇਆ ਵੇਖਿਆ। ਸਿਰਫ਼ ਇਕ ਕੋਠੜੀ ਵਿਚ ਬਾਬਾ ਭਕਨਾ ਜੀ ਦੀ ਪਤਨੀ ਆ ਕੇ ਰਹਿਣ ਲੱਗ ਪਈ ਸੀ। ਭਕਨਾ ਨੇ ਪਿੰਡ ਵਾਲੇ ਘਰ ਦੀ ਥਾਂ ਕੁੜੀਆਂ ਦਾ ਸਕੂਲ ਬਣਾਉਣ ਲਈ ਦੇ ਦਿੱਤੀ ਤੇ ਆਪ ਖੇਤਾਂ ਵਿਚ ਰਹਿਣ ਲੱਗ ਪਏ। ਸੜਕ ਦੇ ਕੰਢੇ ’ਤੇ ਉਨ੍ਹਾਂ ਨੇ ਆਪਣੀ 67 ਕਨਾਲ ਜ਼ਮੀਨ ਨੂੰ ਕੌਮੀ ਮਲਕੀਅਤ ਕਰਾਰ ਦੇ ਦਿੱਤਾ ਅਤੇ ਕਿਰਤੀ ਆਸ਼ਰਮ ਖੋਲ੍ਹ ਕੇ ਦੇਸ਼ ਭਗਤਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਬਾਬਾ ਭਕਨਾ ਦਾ ਜੇਲ੍ਹ ਜਾਣ ਕਰਕੇ ਆਸ਼ਰਮ ਬਹੁਤਾ ਚਿਰ ਚੱਲ ਨਾ ਸਕਿਆ। ਉਹ 1940 ਵਿਚ ਸਰਬ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਬਣੇ ਅਤੇ ਦੇਸ਼ ਭਰ ਵਿਚ ਕਿਸਾਨ ਜਥੇਬੰਦੀ ਕਾਇਮ ਕੀਤੀ। ਉਨ੍ਹਾਂ ਨੂੰ ਗਯਾ ਤੋਂ ਹਕੂਮਤ ਨੇ ਗ੍ਰਿਫ਼ਤਾਰ ਕਰ ਲਿਆ। ਭਕਨਾ ਨੇ ਅਵਾਮ ਦੀ ਜ਼ਿੰਦਗੀ ਖ਼ੁਸ਼ਹਾਲ ਬਣਾਉਣ ਵਾਸਤੇ ਵੀਵਨ ਦੇ 26 ਸਾਲ ਜੇਲ੍ਹ ਵਿਚ ਗੁਜ਼ਾਰੇ ਸਨ। ਇਸ ਮਹਾਨ ਮਨੁੱਖ ਦੀ 20 ਦਸੰਬਰ 1968 ਨੂੰ ਮੌਤ ਹੋ ਗਈ।
ਪਿਰਥੀਪਾਲ ਸਿੰਘ ਮਾੜੀਮੇਘਾ
ਮੋਬਾਈਲ : 98760-78731