ਰਾਹੁਲ ਗਾਂਧੀ ਦੇ ਤਿੱਖੇ ਬਿਆਨ ਚਰਚਾ ਵਿਚ ਤਾਂ ਆ ਜਾਂਦੇ ਹਨ ਪਰ ਉਹ ਕਿਸੇ ਬਹਿਸ ਦਾ ਵਿਸ਼ਾ ਨਹੀਂ ਬਣਦੇ ਕਿਉਂਕਿ ਉਨ੍ਹਾਂ ’ਚ ਤਰਕਾਂ ਅਤੇ ਤੱਥਾਂ ਦੀ ਘਾਟ ਹੀ ਜ਼ਿਆਦਾ ਹੁੰਦੀ ਹੈ।

ਸੰਸਦ ਦੇ ਬਜਟ ਇਜਲਾਸ ਵਿਚ ਜਦੋਂ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ’ਤੇ ਚਰਚਾ ਸ਼ੁਰੂ ਹੋਈ ਤਾਂ ਰਾਹੁਲ ਗਾਂਧੀ ਨੇ 2020 ਵਿਚ ਗਲਵਾਨ ਵਿਚ ਚੀਨੀ ਫ਼ੌਜ ਨਾਲ ਹੋਈ ਖ਼ੂਨੀ ਝੜਪ ਦੇ ਬਹਾਨੇ ਮੋਦੀ ਸਰਕਾਰ ਨੂੰ ਘੇਰਨਾ ਜ਼ਰੂਰੀ ਸਮਝਿਆ। ਇਹ ਸਮਝਣਾ ਮੁਸ਼ਕਲ ਸੀ ਕਿ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ’ਤੇ ਬੋਲਣ ਦੀ ਬਜਾਏ ਉਨ੍ਹਾਂ ਨੇ ਚੀਨ ਨਾਲ ਹੋਏ ਸੰਘਰਸ਼ ਅਤੇ ਤਣਾਅ ਦਾ ਮੁੱਦਾ ਕਿਉਂ ਉਠਾਇਆ?
ਉਨ੍ਹਾਂ ਦੀ ਮੰਨੀਏ ਤਾਂ ਇਹ ਵਿਸ਼ਾ ਉਨ੍ਹਾਂ ਨੇ ਇਸ ਲਈ ਚੁਣਿਆ ਕਿਉਂਕਿ ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਕਾਂਗਰਸ ਦੇ ਸ਼ਾਸਨ ਦੀਆਂ ਨਾਕਾਮੀਆਂ ਨੂੰ ਉਜਾਗਰ ਕੀਤਾ ਸੀ ਅਤੇ ਅੱਤਵਾਦ ਅਤੇ ਮਾਓਵਾਦ ਨਾਲ ਨਿਪਟਣ ਵਿਚ ਉਸ ਦੀ ਕਮਜ਼ੋਰ ਇੱਛਾ-ਸ਼ਕਤੀ ਦਾ ਜ਼ਿਕਰ ਕੀਤਾ ਸੀ। ਇਸ ਨੂੰ ਰਾਹੁਲ ਨੇ ਕਾਂਗਰਸ ਦੀ ਦੇਸ਼ ਭਗਤੀ ’ਤੇ ਸਵਾਲ ਸਮਝਿਆ ਅਤੇ ਉਸ ਦਾ ਜਵਾਬ ਦੇਣ ਲਈ ਉਹ ਗਲਵਾਨ ਸੰਘਰਸ਼ ਦੇ ਸਮੇਂ ਜਨਰਲ ਨਰਵਾਣੇ ਦੀ ਅਪ੍ਰਕਾਸ਼ਿਤ ਪੁਸਤਕ ਦੇ ਇਕ ਰਸਾਲੇ ਵਿਚ ਛਪੇ ਅੰਸ਼ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗੇ।
ਜਦੋਂ ਲੋਕ ਸਭਾ ਦੇ ਸਪੀਕਰ ਨੇ ਉਨ੍ਹਾਂ ਨੂੰ ਇਹ ਕਰਨ ਦੀ ਆਗਿਆ ਨਹੀਂ ਦਿੱਤੀ ਤਾਂ ਉਹ ਜਨਰਲ ਨਰਵਾਣੇ ਦੀ ਅਪ੍ਰਕਾਸ਼ਿਤ ਪੁਸਤਕ ਦੀ ਕਥਿਤ ਕਾਪੀ ਸੰਸਦ ਕੰਪਲੈਕਸ ਵਿਚ ਲਹਿਰਾਉਣ ਲੱਗੇ। ਰਾਹੁਲ ਦੇ ਹਿਸਾਬ ਨਾਲ ਇਸ ਪੁਸਤਕ ਦੇ ਜੋ ਅੰਸ਼ ਇਕ ਰਸਾਲੇ ਵਿਚ ਛਪੇ ਹਨ, ਉਹ ਦਰਸਾਉਂਦੇ ਹਨ ਕਿ ਗਲਵਾਨ ਦੀ ਘਟਨਾ ਤੋਂ ਬਾਅਦ ਜਦੋਂ ਚੀਨੀ ਫ਼ੌਜ ਦੇ ਟੈਂਕ ਭਾਰਤ ਵੱਲ ਵਧ ਰਹੇ ਸਨ ਤਾਂ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਨੂੰ ਸਪਸ਼ਟ ਨਿਰਦੇਸ਼ ਨਹੀਂ ਦਿੱਤੇ ਗਏ।
ਪਤਾ ਨਹੀਂ ਪੱਤ੍ਰਿਕਾ ਨੇ ਨਰਵਾਣੇ ਦੀ ਪੁਸਤਕ ਦੇ ਅੰਸ਼ਾਂ ਦੀ ਅਜਿਹੀ ਵਿਆਖਿਆ ਕਿਵੇਂ ਕੀਤੀ ਕਿਉਂਕਿ ਉਹ ਇਹੀ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੋ ਲੋੜੀਂਦੀ ਕਰਵਾਈ ਜ਼ਰੂਰੀ ਸਮਝੋ, ਉਹ ਕਰੋ। ਆਖ਼ਰ ਇਸ ਵਿਚ ਕਿਸੇ ਤਰ੍ਹਾਂ ਦੀ ਅਸਪਸ਼ਟਤਾ ਦੀ ਗੁੰਜਾਇਸ਼ ਕਿੱਥੇ ਰਹਿੰਦੀ ਹੈ? ਧਿਆਨ ਰਹੇ ਕਿ ਖ਼ੁਦ ਜਨਰਲ ਨਰਵਾਣੇ ਕਈ ਵਾਰ ਕਹਿ ਚੁੱਕੇ ਹਨ ਕਿ ਭਾਰਤੀ ਫ਼ੌਜਾਂ ਨੇ ਚੀਨੀ ਫ਼ੌਜਾਂ ਨੂੰ ਸਬਕ ਸਿਖਾਇਆ।
ਜਿੱਥੇ ਤੱਕ ਗਲਵਾਨ ਸੰਘਰਸ਼ ’ਤੇ ਜਨਰਲ ਨਰਵਾਣੇ ਦੇ ਪੁਸਤਕ ਲਿਖਣ ਦੀ ਗੱਲ ਹੈ, ਇਹ ਅਸੁਭਾਵਿਕ ਜਿਹਾ ਹੈ ਕਿ ਕੋਈ ਫ਼ੌਜ ਮੁਖੀ ਹਾਲੀਆ ਫ਼ੌਜੀ ਸੰਘਰਸ਼ ’ਤੇ ਆਪਣੇ ਤਜਰਬੇ ਲਿਖੇ। ਇਸੇ ਕਾਰਨ ਰੱਖਿਆ ਮੰਤਰੀ ਨੇ ਅਜੇ ਤੱਕ ਉਨ੍ਹਾਂ ਦੀ ਪੁਸਤਕ ਦੇ ਪ੍ਰਕਾਸ਼ਨ ਦੀ ਆਗਿਆ ਨਹੀਂ ਦਿੱਤੀ ਹੈ। ਇਸ ਪੁਸਤਕ ਵਿਚ ਕੀ ਲਿਖਿਆ ਹੈ, ਇਸ ’ਤੇ ਕੁਝ ਕਹਿਣਾ ਮੁਸ਼ਕਲ ਹੈ। ਇਸ ਅਣ-ਛਪੀ ਪੁਸਤਕ ਦੇ ਅੰਸ਼ ਜਨਤਕ ਕਿਵੇਂ ਹੋਏ, ਇਸ ਦੀ ਦਿੱਲੀ ਪੁਲਿਸ ਜਾਂਚ ਕਰ ਰਹੀ ਹੈ ਕਿਉਂਕਿ ਪ੍ਰਕਾਸ਼ਕ ਦਾ ਕਹਿਣਾ ਹੈ ਕਿ ਉਸ ਵੱਲੋਂ ਜਨਰਲ ਨਰਵਾਣੇ ਦੀ ਪੁਸਤਕ ਕਿਸੇ ਵੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈ ਹੈ।
ਸਵਾਲ ਇਹ ਹੈ ਕਿ ਫਿਰ ਰਾਹੁਲ ਕਿਹੜੀ ਪੁਸਤਕ ਲਹਿਰਾਉਂਦੇ ਫਿਰ ਰਹੇ ਸਨ? ਉਹ ਜੋ ਵੀ ਪੁਸਤਕ ਲੈ ਕੇ ਫਿਰ ਰਹੇ ਹੋਣ, ਇਸ ਵਿਚ ਕੋਈ ਸੰਦੇਹ ਨਹੀਂ ਕਿ ਉਨ੍ਹਾਂ ਵੱਲੋਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਮੋਦੀ ਸਰਕਾਰ ਸਰਹੱਦਾਂ ਦੀ ਰੱਖਿਆ ਅਤੇ ਖ਼ਾਸ ਕਰਕੇ ਚੀਨ ਨਾਲ ਨਿਪਟਣ ਦੇ ਮਾਮਲੇ ਵਿਚ ਕਮਜ਼ੋਰ ਹੈ। ਇਹ ਇਕ ਵਿਡੰਬਣਾ ਹੈ ਕਿ ਇਸ ਨੂੰ ਪ੍ਰਚਾਰਿਤ ਕਰਨ ਦਾ ਕੰਮ ਉਸ ਕਾਂਗਰਸ ਦੇ ਆਗੂ ਕਰ ਰਹੇ ਹਨ ਜਿਸ ਦਾ ਸਰਹੱਦਾਂ ਦੀ ਰੱਖਿਆ ਦੇ ਮਾਮਲੇ ਵਿਚ ਰਿਕਾਰਡ ਬਹੁਤ ਕਮਜ਼ੋਰ ਰਿਹਾ ਹੈ। ਇਹ ਤੱਥ ਹੈ ਕਿ ਕਾਂਗਰਸ ਦੇ ਸ਼ਾਸਨਕਾਲ ਵਿਚ ਜਿੱਥੇ ਕਸ਼ਮੀਰ ਦੇ ਇਕ ਹਿੱਸੇ ’ਤੇ ਪਾਕਿਸਤਾਨ ਨੇ ਕਬਜ਼ਾ ਕੀਤਾ, ਓਥੇ ਹੀ ਚੀਨ ਨੇ ਵੀ ਭਾਰਤ ਦੀ ਸੈਂਕੜੇ ਵਰਗ ਕਿੱਲੋਮੀਟਰ ਜ਼ਮੀਨ ਹੜੱਪੀ।
ਇਹ ਠੀਕ ਹੈ ਕਿ ਉਸ ਵੇਲੇ ਭਾਰਤ ਅੱਜ ਜਿੰਨਾ ਸ਼ਕਤੀਸ਼ਾਲੀ ਨਹੀਂ ਸੀ ਪਰ ਸਾਰੇ ਜਾਣਦੇ ਹਨ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਬਾਅਦ ਵਿਚ ਵੀ ਪਾਕਿਸਤਾਨ ਅਤੇ ਚੀਨ ਪ੍ਰਤੀ ਰੱਖਿਆਤਮਕ ਰਵੱਈਆ ਹੀ ਅਪਣਾ ਕੇ ਰੱਖਿਆ। ਇਹ ਇਕ ਸਥਾਪਤ ਸੱਚਾਈ ਹੈ ਕਿ ਪਾਕਿਸਤਾਨ ਅਤੇ ਚੀਨ ਨਾਲ ਸਰਹੱਦੀ ਵਿਵਾਦ ਕਾਂਗਰਸ ਦੇ ਸ਼ਾਸਨ ਦੀ ਹੀ ਦੇਣ ਹਨ। ਕਾਂਗਰਸ ਸਰਕਾਰਾਂ ਦੇ ਬਜਾਏ ਮੋਦੀ ਸ਼ਾਸਨ ਦਾ ਰਿਕਾਰਡ ਦੇਖੀਏ ਤਾਂ ਸਾਫ਼ ਪਤਾ ਲੱਗਦਾ ਹੈ ਕਿ ਉਸ ਨੇ ਪਾਕਿਸਤਾਨ ਨਾਲ ਵੀ ਸਖ਼ਤੀ ਨਾਲ ਨਿਪਟਿਆ ਅਤੇ ਚੀਨ ਨਾਲ ਵੀ।
ਪਾਕਿਸਤਾਨ ’ਤੇ ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ ਅਤੇ ਆਪ੍ਰੇਸ਼ਨ ਸਿੰਧੂਰ ਦਾ ਅਸਰ ਕਿਸੇ ਤੋਂ ਲੁਕਿਆ ਨਹੀਂ। ਇਸੇ ਤਰ੍ਹਾਂ ਸਾਰੇ ਜਾਣਦੇ ਹਨ ਕਿ ਡੋਕਲਾਮ ਵਿਚ ਭਾਰਤੀ ਫ਼ੌਜ ਨੇ ਚੀਨੀ ਫ਼ੌਜ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਅਤੇ ਗਲਵਾਨ ਵਿਚ ਸੰਘਰਸ਼ ਤੋਂ ਬਾਅਦ ਭਾਰਤ ਦੇ ਅਡੋਲ ਰਵੱਈਏ ਨਾਲ ਚੀਨ ਵਾਰਤਾ ਦੇ ਮੇਜ਼ ’ਤੇ ਆਉਣ ਲਈ ਮਜਬੂਰ ਹੋਇਆ। ਇਹ ਸਵਾਲ ਆਪਣੀ ਜਗ੍ਹਾ ਹੈ ਕਿ ਆਖ਼ਰ ਚੀਨ ਨਾਲ ਸਰਹੱਦੀ ਵਿਵਾਦ ਦਾ ਹੱਲ ਕਦੋਂ ਹੋਵੇਗਾ ਪਰ ਇਸ ਦੇ ਆਧਾਰ ’ਤੇ ਇਹ ਸਿੱਟਾ ਨਹੀਂ ਕੱਢਿਆ ਜਾ ਸਕਦਾ ਕਿ ਮੋਦੀ ਸਰਕਾਰ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਿਚ ਕਮਜ਼ੋਰ ਹੈ ਪਰ ਰਾਹੁਲ ਗਾਂਧੀ ਲਗਾਤਾਰ ਇਹ ਸਿੱਧ ਕਰਨ ’ਤੇ ਉਤਾਰੂ ਹੋਏ ਪਏ ਹਨ।
ਕਦੇ ਉਹ ਕਹਿੰਦੇ ਹਨ ਕਿ ਮੋਦੀ ਦੇ ਸ਼ਾਸਨਕਾਲ ਦੌਰਾਨ ਚੀਨ ਨੇ ਸਾਡੀ ਜ਼ਮੀਨ ਕਬਜ਼ਾ ਕਰ ਲਿਆ ਹੈ ਅਤੇ ਕਦੇ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਚੀਨ ਤੋਂ ਡਰਦੇ ਹਨ। ਚੀਨੀ ਫ਼ੌਜ ਦੇ ਨਾਜਾਇਜ਼ ਕਬਜ਼ੇ ਕਰਨ ਵਾਲੇ ਰਵੱਈਏ ਦੇ ਮਾਮਲੇ ਵਿਚ ਰਾਹੁਲ ਗਾਂਧੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਦਾ ਇਹ ਰਵੱਈਆ ਕਾਂਗਰਸ ਦੇ ਸ਼ਾਸਨਕਾਲ ਵਿਚ ਵੀ ਸੀ ਅਤੇ ਤਦ ਉਸ ਦਾ ਸਾਹਮਣਾ ਇੰਨੀ ਦ੍ਰਿੜਤਾ ਨਾਲ ਨਹੀਂ ਕੀਤਾ ਜਾ ਸਕਿਆ।
ਰਾਹੁਲ ਗਾਂਧੀ ਕਿਸ ਤਰ੍ਹਾਂ ਖਿਝੇ ਅਤੇ ਸੱਤਾ ਧਿਰ ਤੋਂ ਚਿੜੇ ਰਹਿੰਦੇ ਹਨ, ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਸੰਸਦ ਪਰਿਸਰ ਵਿਚ ਉਨ੍ਹਾਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਗ਼ਦਾਰ ਦੋਸਤ ਕਹਿ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਉਨ੍ਹਾਂ ’ਤੇ ਇਹ ਤਨਜ਼ ਵੀ ਕੱਸਿਆ ਕਿ ਆਖ਼ਰਕਾਰ ਉਨ੍ਹਾਂ ਨੂੰ ਕਾਂਗਰਸ ਵਿਚ ਹੀ ਆਉਣਾ ਪਵੇਗਾ। ਇਸੇ ਤਰ੍ਹਾਂ ਸਦਨ ਵਿਚ ਪ੍ਰੀਜ਼ਾਈਡਿੰਗ ਅਫ਼ਸਰ ਜਗਦੰਬਿਕਾ ਪਾਲ ਨੂੰ ਉਹ ਇਹ ਕਹਿ ਬੈਠੇ ਕਿ ਤੁਸੀਂ ਸਾਡੀ ਪਾਰਟੀ ਦੇ ਸਾਬਕਾ ਮੈਂਬਰ ਹੋ ਅਤੇ ਮੈਨੂੰ ਪਤਾ ਹੈ ਕਿ ਤੁਹਾਡਾ ਦਿਲ ਸਾਡੇ ਵੱਲ ਹੈ। ਆਖ਼ਰ ਇਸ ਨੂੰ ਉਨ੍ਹਾਂ ਦੀ ਅਪਰਪੱਕਤਾ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ?
ਜਦੋਂ ਸੰਸਦ ਵਿਚ ਬਜਟ ’ਤੇ ਚਰਚਾ ਸ਼ੁਰੂ ਹੋਈ ਤਾਂ ਵੀ ਰਾਹੁਲ ਗਾਂਧੀ ਬੇਵਜ੍ਹਾ ਗੁੱਸੇ ਵਿਚ ਦਿਖਾਈ ਦਿੱਤੇ। ਉਨ੍ਹਾਂ ਨੇ ਅਮਰੀਕਾ ਨਾਲ ਹੋਣ ਵਾਲੇ ਵਪਾਰ ਸਮਝੌਤੇ ’ਤੇ ਬਿਨਾਂ ਕਿਸੇ ਸਬੂਤ ਦੇ ਇੱਥੋਂ ਤੱਕ ਕਹਿ ਦਿੱਤਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਵੇਚਣ ਦਾ ਕੰਮ ਕੀਤਾ ਹੈ। ਉਨ੍ਹਾਂ ਦਾ ਲਹਿਜ਼ਾ ਕਿਸੇ ਗੁੱਸਾਖੋਰ ਅਤੇ ਹਤਾਸ਼ ਯੁਵਰਾਜ ਵਰਗਾ ਦਿਖਾਈ ਦਿੰਦਾ ਹੈ। ਉਹ ਹੁਕਮਰਾਨ ਧਿਰ ਪ੍ਰਤੀ ਗੁੱਸਾ ਵੱਧ ਦਿਖਾਉਂਦੇ ਹਨ।
ਇਹ ਵੀ ਜ਼ਿਕਰਯੋਗ ਹੈ ਕਿ ਉਹ ਸਦਨ ਵਿਚ ਉਲਟਾ-ਸਿੱਧਾ ਬੋਲ ਕੇ ਚਲੇ ਜਾਂਦੇ ਹਨ। ਇਹ ਉਨ੍ਹਾਂ ਦੇ ਹੰਕਾਰ ਨੂੰ ਹੀ ਦਰਸਾਉਂਦਾ ਹੈ। ਉਨ੍ਹਾਂ ਦਾ ਗੁੱਸੇਖੋਰ ਸੁਭਾਅ ਨਾ ਤਾਂ ਕਾਂਗਰਸ ਨੂੰ ਕੋਈ ਸਹੀ ਸੰਦੇਸ਼ ਦਿੰਦਾ ਹੈ ਅਤੇ ਨਾ ਹੀ ਦੇਸ਼ ਦੀ ਜਨਤਾ ਨੂੰ। ਉਹ ਸੰਸਦ ਵਿਚ ਬੋਲ ਰਹੇ ਹੋਣ ਜਾਂ ਕਿਸੇ ਰੈਲੀ ਵਿਚ ਜਾਂ ਫਿਰ ਪੱਤਰਕਾਰ ਸੰਮੇਲਨ ਵਿਚ, ਉਨ੍ਹਾਂ ਦੇ ਗੁੱਸੇ ਵਾਲੇ ਰੁਖ਼ ਦੇ ਨਾਲ ਉਨ੍ਹਾਂ ਦੀ ਹਤਾਸ਼ਾ-ਨਿਰਾਸ਼ਾ ਵੀ ਝਲਕਦੀ ਹੈ।
ਉਹ ਇਕ ਕੁੰਠਿਤ ਆਗੂ ਦੇ ਰੂਪ ਵਿਚ ਉਭਰ ਰਹੇ ਹਨ। ਉਨ੍ਹਾਂ ਦੇ ਤਿੱਖੇ-ਉੱਗਰ ਬਿਆਨ ਚਰਚਾ ਵਿਚ ਤਾਂ ਆ ਜਾਂਦੇ ਹਨ ਪਰ ਉਹ ਕਿਸੇ ਵੀ ਬਹਿਸ ਦਾ ਕਾਰਨ ਨਹੀਂ ਬਣਦੇ, ਕਿਉਂਕਿ ਉਨ੍ਹਾਂ ਵਿਚ ਤਰਕਾਂ ਅਤੇ ਤੱਥਾਂ ਦੀ ਘਾਟ ਹੁੰਦੀ ਹੈ। ਉਂਜ ਤਾਂ ਵਿਰੋਧੀ ਧਿਰ ਵਿਚ ਰਹਿੰਦੇ ਹੋਏ ਹਰ ਪਾਰਟੀ ਸਰਕਾਰ ’ਤੇ ਦੋਸ਼ ਲਗਾਉਂਦੀ ਹੈ ਪਰ ਜੇ ਕੋਈ ਪਾਰਟੀ ਅਜਿਹਾ ਕਰਦੇ ਸਮੇਂ ਤਰਕਾਂ ਅਤੇ ਤੱਥਾਂ ਦੀ ਥੋੜ੍ਹੀ ਵੀ ਪਰਵਾਹ ਨਹੀਂ ਕਰਦੀ ਤਾਂ ਫਿਰ ਉਹ ਆਪਣਾ ਅਸਰ ਗੁਆ ਦਿੰਦੀ ਹੈ। ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਦੀ ਅੱਜ ਇਹੀ ਸਥਿਤੀ ਹੈ। ਉਹ ਪ੍ਰਭਾਵਸ਼ਾਲੀ ਵਿਰੋਧੀ ਦੇ ਰੂਪ ਵਿਚ ਨਹੀਂ ਦਿਖਾਈ ਦਿੰਦੀ। ਇਸੇ ਕਾਰਨ ਕਾਂਗਰਸ ਦੀ ਰਾਜਨੀਤਕ ਜ਼ਮੀਨ ਲਗਾਤਾਰ ਖਿਸਕਦੀ ਜਾ ਰਹੀ ਹੈ।
-ਸੰਜੇ ਗੁਪਤ
-response@jagran.com