ਸਾਬਕਾ ਜਥੇਦਾਰ ਅਕਾਲ ਤਖ਼ਤ ਅਤੇ ਮੌਜੂਦਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਲਗਾਏ ਗਏ ਅਜਿਹੇ ਗੰਭੀਰ ਦੋਸ਼ਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਬਾਵਜੂਦ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਉਨ੍ਹਾਂ ਨੇ ਅਜਿਹੇ ਮੁੱਦੇ ਜਥੇਦਾਰ ਅਕਾਲ ਤਖ਼ਤ ਦੇ ਹੁੰਦਿਆਂ ਕਿਉਂ ਨਹੀਂ ਉਠਾਏ?

ਮੀਰੀ-ਪੀਰੀ ਦਾ ਮਹਾਨ ਮਰਕਜ਼, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼ਤਾਬਦੀ ਹੰਢਾ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੌਮ ਦੀਆਂ ਸਰਬਉੱਚ, ਸਰਬ-ਪ੍ਰਵਾਨਿਤ ਅਤੇ ਪ੍ਰਤੀਨਿਧ ਸੰਸਥਾਵਾਂ ਮੰਨੀਆਂ ਜਾਂਦੀਆਂ ਰਹੀਆਂ ਹਨ। ਅਫ਼ਸੋਸ! ਪਿਛਲੇ ਢਾਈ ਕੁ ਦਹਾਕਿਆਂ ਤੋਂ ਅਹੁਦਿਆਂ ’ਤੇ ਬਿਰਾਜਮਾਨ ਰਹੇ ਰਹਿਬਰਾਂ ਨਾਲ ਜੁੜੇ ਵਿਵਾਦਾਂ ਕਾਰਨ ਪੰਥ ਦੀਆਂ ਇਨ੍ਹਾਂ ਸਿਰਮੌਰ ਸੰਸਥਾਵਾਂ ਦੇ ਵੱਕਾਰ ਨੂੰ ਭਾਰੀ ਸੱਟ ਵੱਜੀ ਹੈ।
ਫ਼ਲਸਰੂਪ, 1999 ਵਿਚ ਆਈ ਖ਼ਾਲਸਾ ਪੰਥ ਦੀ ਤ੍ਰੈਸ਼ਤਾਬਦੀ ਅਤੇ ਇਸ ਤੋਂ ਬਾਅਦ ਵਿਚ ਆਈਆਂ ਸ਼ਤਾਬਦੀਆਂ ਵੇਲੇ ਕੌਮੀ ਸ਼ਕਤੀ ਖੰਡਿਤ ਦਿਖਾਈ ਦਿੱਤੀ ਸੀ। ਸੰਨ 1969 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਵੇਲੇ ਦਾ ਜਲੌਅ ਅਤੇ ਠਾਠਾਂ ਮਾਰਦਾ ਪੰਥਿਕ ਚਾਅ ਆਉਣ ਵਾਲੀਆਂ ਸ਼ਤਾਬਦੀਆਂ ਵਿਚ ਦਿਖਾਈ ਨਹੀਂ ਦਿੱਤਾ। ਧੜਿਆਂ ਵਿਚ ਵੰਡੇ ਅਕਾਲੀ ਨੇਤਾਵਾਂ ਨੇ ਇਹ ਸੁਨਹਿਰੀ ਸਮਾਂ ਇਕ-ਦੂਜੇ ਨੂੰ ਠਿੱਬੀਆਂ ਮਾਰਨ ਵਿਚ ਹੀ ਗੁਆ ਦਿੱਤਾ। ਸਿੱਖ ਇਤਿਹਾਸ ਵਿਚ ਸੋਲਵੀਂ ਸਦੀ ਤੋਂ ਇੱਕੀਵੀਂ ਸਦੀ ਤੱਕ ਦੇ ਆਖ਼ਰੀ ਸਾਲ ਬੇਹੱਦ ਮਹੱਤਵਪੂਰਨ ਰਹੇ ਹਨ।
ਸੰਨ 1499 ਵਿਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਵੇਈਂ ਨਦੀ ਵਿਚ ਟੁੱਭੀ ਲਾਉਣ ਤੋਂ ਬਾਅਦ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਇਹੀ ਚਾਨਣ ਦੁਨੀਆ ਵਿਚ ਫੈਲਾਉਣ ਲਈ ਉਨ੍ਹਾਂ ਨੇ ਉਦਾਸੀਆਂ ਕੀਤੀਆਂ ਤੇ ਜਗਤ ਗੁਰੂ ਅਖਵਾਏ। ਅਗਲੀ ਸ਼ਤਾਬਦੀ ਦੇ ਆਖ਼ਰੀ ਸਾਲ ਤੱਕ ਪੰਜਵੇਂ ਨਾਨਕ, ਗੁਰੂ ਅਰਜੁਨ ਦੇਵ ਜੀ ਨੇ ਸਿੱਖੀ ਨੂੰ ਸੰਸਥਾਗਤ ਰੂਪ ਦੇ ਕੇ ਧਰਮ ਦੀ ਬੁਨਿਆਦ ਨੂੰ ਮਜ਼ਬੂਤੀ ਬਖ਼ਸ਼ੀ ਸੀ। ਅਗਲੀ ਸਦੀ, 1699 ਵਿਚ ਸਿੱਖ ਪੰਥ ਦੀ ਸਾਜਨਾ ਹੋਈ ਜਿਸ ਨੇ ਜ਼ਾਲਮ ਮੁਗ਼ਲ ਹਕੂਮਤ ਖ਼ਿਲਾਫ਼ ਸੰਖ ਫੂਕਿਆ ਸੀ।
ਰਣਜੀਤ ਨਗਾਰੇ ਦੀ ਧਮਕ ਨਾਲ ਸ਼ਿਵਾਲਿਕ ਦੀਆਂ ਪਹਾੜੀਆਂ ਕੰਬਣ ਲੱਗ ਪਈਆਂ। ਅਠਾਰਵੀਂ ਸਦੀ ਦਾ ਆਖ਼ਰੀ ਪੰਨਾ ਪਲਟਣ ਤੋਂ ਬਾਅਦ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਨੇ ਲਾਹੌਰ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾ ਕੇ ‘ਸਿੱਖ ਰਾਜ’ ਕਾਇਮ ਕਰ ਲਿਆ ਸੀ। ਇਹ ਰਾਜ ਮਿਸਲਾਂ ਵਿਚ ਵੰਡੀ ਪੰਥਿਕ-ਸ਼ਕਤੀ ਨੂੰ ਇਕੱਠਿਆਂ ਕਰ ਕੇ ਹੀ ਸਥਾਪਿਤ ਹੋਇਆ ਸੀ। ਚਾਰ ਦਹਾਕਿਆਂ ਦੇ ਰਾਜ-ਕਾਲ ਦੌਰਾਨ ਸਿੱਖ ਰਾਜ ਦੀਆਂ ਹੱਦਾਂ-ਸਰਹੱਦਾਂ ਦੂਰ-ਦੁਰਾਡੇ ਤੱਕ ਫੈਲ ਗਈਆਂ ਸਨ। ਮਹਾਰਾਜੇ ਦੇ ਜਿਉਂਦਿਆਂ ਅੰਗਰੇਜ਼ਾਂ ਨੇ ਵਿਸ਼ਾਲ ਪੰਜਾਬ ਸਾਮਰਾਜ ਵੱਲ ਕੈਰੀ ਅੱਖ ਨਾਲ ਵੇਖਣ ਦਾ ਹੌਸਲਾ ਨਾ ਕੀਤਾ।
ਮਹਾਰਾਜਾ ਦੇ ਅੱਖਾਂ ਮੀਟਣ ਦੇ ਚੰਦ ਸਾਲਾਂ ਬਾਅਦ ਬੁਰਛਾਗਰਦੀ ਤੇ ਖ਼ਾਨਾਜੰਗੀ ਕਾਰਨ ‘ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰ ਗਈਆਂ’ ਸਨ। ‘ਸਰਕਾਰ-ਏ-ਖ਼ਾਲਸਾ’ ਦੀ ਹੋਂਦ ਗੁਆਚ ਗਈ। ਬ੍ਰਿਟਿਸ਼ ਰਾਜ ਦੌਰਾਨ ਮਸੀਹੀ ਗਲਬਾ ਵਧਿਆ ਤਾਂ ਪੰਥ ਦਰਦੀਆਂ ਦੀ ਸਾਂਝੀ ਹੂਕ ਨੇ ਕੌਮੀ ਜਜ਼ਬਾ ਭਰਨ ਲਈ ਚਾਰਾਜੋਈ ਕੀਤੀ। ਇਸ ਤਰ੍ਹਾਂ ਸਿੱਖ ਪਛਾਣ ਬਚਾਉਣ ਲਈ ਉੱਨੀਵੀਂ ਸਦੀ ਦਾ ਆਖ਼ਰੀ ਸਾਲ (1899) ਬੇਹੱਦ ਮਹੱਤਵਪੂਰਨ ਗਿਣਿਆ ਗਿਆ।
ਪੰਜਾਬ ਦਾ ਛੇਵਾਂ ਦਰਿਆ ਮੰਨੇ ਜਾਂਦੇ ਭਾਈ ਵੀਰ ਸਿੰਘ ਨੇ ‘ਖ਼ਾਲਸਾ ਸਮਾਚਾਰ’ ਅਖ਼ਬਾਰ ਸ਼ੁਰੂ ਕੀਤਾ ਅਤੇ ਮਹਾਨਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਦੀਆਂ ਲਿਖਤਾਂ ਨੇ ਸਿੱਖਾਂ ਨੂੰ ਆਪਣੀ ਵੱਖਰੀ ਹਸਤੀ ਬਾਰੇ ਜਾਗਰੂਕ ਕੀਤਾ। ਇਸੇ ਸਦੀ ਦੇ ਅੰਤਲੇ ਦਹਾਕਿਆਂ ਵਿਚ ਚੱਲੀ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਚਲਾਈਆਂ ਗਈਆਂ ਮੁਹਿੰਮਾਂ ਦੀ ਬਦੌਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਸੀ। ਬ੍ਰਿਟਿਸ਼ ਹਕੂਮਤ ਵੇਲੇ ‘ਚਾਬੀਆਂ ਦਾ ਮੋਰਚਾ’ ਫ਼ਤਹਿ ਕਰਨਾ ਜਾਂ ਵਿਭਚਾਰੀ ਤੇ ਭ੍ਰਿਸ਼ਟਾਚਾਰੀ ਮਹੰਤਾਂ ਕੋਲੋਂ ਸ੍ਰੀ ਨਨਕਾਣਾ ਸਾਹਿਬ ਦਾ ਕਬਜ਼ਾ ਛੁਡਵਾਉਣ ਪਿੱਛੇ ਸਿਰਲੱਥ ਯੋਧਿਆਂ ਨੂੰ ਲਾਸਾਨੀ ਕੁਰਬਾਨੀਆਂ ਦੇਣੀਆਂ ਪਈਆਂ ਸਨ।
ਇਕ ਉਹ ਵੀ ਸਮਾਂ ਸੀ ਜਦੋਂ ਗੋਰੀ ਹਕੂਮਤ ਦੇ ਹੱਥਠੋਕੇ ਅਕਾਲ ਤਖ਼ਤ ਦੇ ਸਰਬਰਾਹ ਅਰੂੜ ਸਿੰਘ ਨੇ ਜਲ੍ਹਿਆਂਵਾਲਾ ਬਾਗ਼ ਦੇ ਬੁੱਚੜ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਸੀ। ਬ੍ਰਿਟਿਸ਼ ਸਰਕਾਰ ਅਜਿਹੇ ਮਹੰਤਾਂ ਕੋਲੋਂ ਮਨਮਰਜ਼ੀ ਦੇ ਆਦੇਸ਼/ਨਿਰਦੇਸ਼ ਜਾਂ ਫ਼ਤਵੇ ਜਾਰੀ ਕਰਵਾ ਲਿਆ ਕਰਦੀ ਸੀ। ਲਹੂ-ਵੀਟਵੇਂ ਸੰਘਰਸ਼ ਤੋਂ ਬਾਅਦ ਗੁਰਧਾਮ ਆਜ਼ਾਦ ਹੋਏ ਤਾਂ ਇਨ੍ਹਾਂ ਦੇ ਸੁਧਾਰ ਲਈ ਲਏ ਪ੍ਰਤੇਕ ਕਦਮ ਵਿਚ ਕੌਮੀ ਸਹਿਮਤੀ ਹੁੰਦੀ ਸੀ।
ਭ੍ਰਿਸ਼ਟਾਚਾਰ ਦਾ ਨਾਂ-ਨਿਸ਼ਾਨ ਨਹੀਂ ਸੀ ਹੁੰਦਾ। ਸ਼੍ਰੋਮਣੀ ਕਮੇਟੀ ਦੀ ਸਥਾਪਨਾ ਪਿੱਛੇ ‘‘ਮੈਂ ਮਰਾਂ, ਪੰਥ ਜੀਵੇ’’ ਦੇ ਜਜ਼ਬੇ ਵਾਲੇ ਅਕਾਲੀ ਸੂਰਮੇ ਸਨ ਜੋ ਸੱਤਾ ਤੋਂ ਕੋਹਾਂ ਦੂਰ ਸਨ। ਸਮੇਂ ਦੇ ਗੇੜ ਨਾਲ ਸ਼੍ਰੋਮਣੀ ਕਮੇਟੀ ਸੱਤਾ ਹਾਸਲ ਕਰਨ ਦਾ ‘ਮੁੱਖ ਦੁਆਰ’ ਸਮਝੀ ਜਾਣ ਲੱਗ ਪਈ। ਇਹ ਵੀ ਕਠੋਰ ਸੱਚ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਵੇਲੇ ਟਿਕਟਾਂ ਦੀ ਵੰਡ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੀ ਕਰਦੀ ਆਈ ਹੈ। ‘ਲਿਫ਼ਾਫ਼ੇ’ ਵਿੱਚੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਵਾਲਾ ਸੱਭਿਆਚਾਰ ਵੀ ਪੁਰਾਤਨ ਨਹੀਂ ਹੈ। ਇਸੇ ਤਰ੍ਹਾਂ ਤਖ਼ਤਾਂ ਦੇ ਜਥੇਦਾਰਾਂ ਦੀ ਤਾਜਪੋਸ਼ੀ ਜਾਂ ਉਨ੍ਹਾਂ ਨੂੰ ਕੱਚੇ ਮੁਲਾਜ਼ਮਾਂ ਵਾਂਗ ਘਰ ਤੋਰਨ ਦਾ ਰਿਵਾਜ਼ ਵੀ ਕੁਝ ਦਹਾਕੇ ਪੁਰਾਣੀ ਰਵਾਇਤ ਹੀ ਹੈ।
ਸਿੱਖ ਪੰਥ ਦੀ ਤ੍ਰੈਸ਼ਤਾਬਦੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਅਹੁਦਿਆਂ ਤੋਂ ਫ਼ਾਰਗ ਵੀਹਵੀਂ ਸਦੀ ਦੇ ਆਖ਼ਰੀ ਸਾਲ ਵਿਚ ਕੀਤਾ ਗਿਆ ਸੀ। ਸੱਤਾਧਾਰੀ ਮੱਕੜੀ ਵਾਂਗ ਜਾਲ਼ ਬੁਣਦੇ ਤੇ ਫਿਰ ਉਸ ਵਿਚ ਖ਼ੁਦ ਫਸਦੇ ਰਹੇ। ਟੌਹੜਾ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆ ਕੇ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ। ਨਿਯੁਕਤੀ ਦੇ ਐਲਾਨ ਤੱਕ ਬੀਬੀ ਨੂੰ ਖ਼ੁਦ ਵੀ ਨਹੀਂ ਸੀ ਇਲਮ ਕਿ ਉਸ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੀ ਥਾਂ ਨਵੰਬਰ 2005 ਵਿਚ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਬਣੇ ਤਾਂ ਉਹ ਵੀ ਇਸੇ ਤਰ੍ਹਾਂ ਹੈਰਾਨ ਹੋਏ ਸਨ।
ਜਦੋਂ ਦੋਨਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਫ਼ਾਰਗ ਕੀਤਾ ਤਾਂ ਉਹ ਹੈਰਾਨ ਨਾਲੋਂ ਪਰੇਸ਼ਾਨ ਵੱਧ ਹੋਏ। ਸਤਾਈ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਟੌਹੜਾ ਨੂੰ ਜ਼ਲੀਲ ਕਰ ਕੇ ਅਹੁਦੇ ਤੋਂ ਲਾਹੁਣਾ ਤੇ ਫਿਰ ਉਨ੍ਹਾਂ ਨੂੰ ‘ਪੰਥ ਰਤਨ’ ਕਹਿ ਕੇ ਸਨਮਾਨਿਤ ਕਰਨਾ ਸਿੱਧ ਕਰਦਾ ਹੈ ਕਿ ਮੌਜੂਦਾ ਪੰਥ ਦਾ ਬਾਬਾ ਆਦਮ ਹੀ ਨਿਰਾਲਾ ਹੈ। ਟੌਹੜਾ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਕਿਰਪਾਲ ਸਿੰਘ ਬਡੂੰਗਰ ਕੋਲੋਂ ਅਸਤੀਫ਼ਾ ਲਿਆ ਗਿਆ। ਇਹੀ ਸਲੂਕ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨਾਲ ਹੁੰਦਾ ਰਿਹਾ। ਕਹਿਣ ਤੋਂ ਭਾਵ, ਪਿਛਲੀ ਸਦੀ ਦੇ ਅਖ਼ੀਰਲੇ ਵਰ੍ਹੇ ਤੋਂ ਚੱਲਦਾ ਆ ਰਿਹਾ ਵਰਤਾਰਾ ਅਜੇ ਵੀ ਜਾਰੀ ਹੈ। ਸਿੱਖ ਕੌਮ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੁੰਦੇ ਆਦੇਸ਼ਾਂ/ਨਿਰਦੇਸ਼ਾਂ ਤੇ ਹੁਕਮਨਾਮਿਆਂ ਅੱਗੇ ਸਿਰ ਨਿਵਾਉਂਦੀ ਆਈ ਹੈ।
ਸਿਰਸਾ ਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕਤਰਫ਼ਾ ਮਾਫ਼ੀ ਦੇਣਾ, ਫਿਰ ਸੰਗਤ ਦੇ ਰੋਹ ਨੂੰ ਭਾਂਪਦਿਆਂ ਹੁਕਮਨਾਮਾ ਵਾਪਸ ਲੈਣਾ, ਅਸਲੋਂ ਨਵਾਂ ਵਰਤਾਰਾ ਸੀ ਜਿਸ ਨੇ ਸੰਗਤ ਦੇ ਹਿਰਦਿਆਂ ਨੂੰ ਵਲੂੰਧਰਿਆ ਸੀ। ਲੰਬੇ ਸਮੇਂ ਤੱਕ ਸ਼੍ਰੋਮਣੀ ਕਮੇਟੀ ਪਾਰਦਰਸ਼ਤਾ ਨੂੰ ਪਰਣਾਈ ਰਹੀ। ਪਹਿਲੇ ਸਮੇਂ ਵਿਚ ‘ਚਾਰ ਆਨੇ ਗਬਨ’ ਅਤੇ ‘ਢਾਈ ਰੁਪਏ ਵੱਧ’ ਸਫ਼ਰ ਭੱਤਾ ਵਸੂਲਣ ਵਾਲੇ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੇ ਵੇਰਵੇ ਸ਼੍ਰੋਮਣੀ ਕਮੇਟੀ ਦੇ ਰਿਕਾਰਡ ’ਚੋਂ ਮਿਲ ਜਾਂਦੇ ਹਨ। ਅੱਜ ਕਰੋੜਾਂ ਦੇ ਘਪਲਿਆਂ ਦੇ ਦੋਸ਼ਾਂ ਨੂੰ ਦਰਕਿਨਾਰ ਕਰਨਾ ਆਮ ਗੱਲ ਹੋ ਰਹੀ ਹੈ।
ਸਾਬਕਾ ਜਥੇਦਾਰ ਅਕਾਲ ਤਖ਼ਤ ਅਤੇ ਮੌਜੂਦਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਲਗਾਏ ਗਏ ਅਜਿਹੇ ਗੰਭੀਰ ਦੋਸ਼ਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਬਾਵਜੂਦ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਉਨ੍ਹਾਂ ਨੇ ਅਜਿਹੇ ਮੁੱਦੇ ਜਥੇਦਾਰ ਅਕਾਲ ਤਖ਼ਤ ਦੇ ਹੁੰਦਿਆਂ ਕਿਉਂ ਨਹੀਂ ਉਠਾਏ? ਅਹੁਦਿਆਂ ’ਤੇ ਬੈਠ ਕੇ ਸਭ ‘ਬੀਬੇ ਬੱਚੇ’ ਵਾਂਗ ਵਿਵਹਾਰ ਕਰਦੇ ਹਨ। ਉਨ੍ਹਾਂ ਖ਼ਿਲਾਫ਼ ਕੋਈ ਐਕਸ਼ਨ ਹੁੰਦਾ ਹੈ ਤਾਂ ਅਚਾਨਕ ਉਨ੍ਹਾਂ ਦੀ ਜ਼ਮੀਰ ਜਾਗ ਪੈਂਦੀ ਹੈ। ਇਹ ਪਹਿਲੇ ‘ਸਿੰਘ ਸਾਹਿਬ’ ਹਨ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਕੌਮ ਵੱਲੋਂ ਸਖ਼ਤ ਆਲੋਚਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਕੇਸ ਵਾਪਸ ਲੈ ਲਿਆ ਸੀ।
ਉਨ੍ਹਾਂ ਕੋਲੋਂ ‘ਤੋਲ-ਮੋਲ ਕੇ ਬੋਲ’ ਦੀ ਲੋਕ-ਸਿਆਣਪ ਦੀ ਤਵੱਕੋ ਕੀਤੀ ਜਾਂਦੀ ਹੈ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਅਹੁਦਾ ਸਰਬਉੱਚ ਹੈ ਤੇ ਉਨ੍ਹਾਂ ਦੀ ਹਾਜ਼ਰੀ ਸਭ ਤੋਂ ਉੱਪਰ ਲੱਗਦੀ ਹੈ। ਇਕ ਸਮੇਂ ਜਦੋਂ ਮਰਹੂਮ ਗਿਆਨੀ ਮੋਹਣ ਸਿੰਘ ਨੂੰ ਭਾਈ ਰਣਜੀਤ ਸਿੰਘ ਦੀ ਥਾਂ ਜਥੇਦਾਰ ਅਕਾਲ ਤਖ਼ਤ ਲਗਾਇਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ‘ਮੈਂ ਦਾਦੇ ਦੀ ਤਾਬਿਆ ’ਤੇ ਬੈਠਾਂ ਹਾਂ, ਫਿਰ ਪੋਤੇ ਦੀ ਤਾਬਿਆ ’ਤੇ ਕਿਉਂ ਜਾਵਾਂ।’
ਭਾਵ, ਉਹ ਹੈੱਡ ਗ੍ਰੰਥੀ ਦੇ ਅਹੁਦੇ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਉੱਪਰ ਸਮਝਦੇ ਸਨ। ਮੁੱਖ ਗ੍ਰੰਥੀ ਦੇ ਅਹੁਦੇ ’ਤੇ ਬਾਬਾ ਬੁੱਢਾ ਜੀ, ਭਾਈ ਮਨੀ ਸਿੰਘ ਤੇ ਕਈ ਹੋਰ ਮਹਾਨ ਕੁਰਬਾਨੀਆਂ ਵਾਲੇ ਨਾਨਕ ਨਾਮਲੇਵਾ ਰਹੇ ਹਨ। ਮੁੱਖ ਗ੍ਰੰਥੀ ਮਰਿਆਦਾ ਦਾ ਸਭ ਤੋਂ ਵੱਡਾ ਪਹਿਰੇਦਾਰ ਹੁੰਦਾ ਹੈ। ਕਾਸ਼! ਬਤੌਰ ਜਥੇਦਾਰ ਅਕਾਲ ਤਖ਼ਤ ਉਨ੍ਹਾਂ ਨੇ ਅਜਿਹੇ ਕਦਮ ਚੁੱਕੇ ਹੁੰਦੇ ਤਾਂ ਉਨ੍ਹਾਂ ਦਾ ਅਰਥ ਹੋਰ ਹੁੰਦਾ। ਭਾਵ, ਅਜਿਹਾ ਪ੍ਰਭਾਵ ਨਾ ਪੈਂਦਾ ਕਿ ਉਨ੍ਹਾਂ ’ਚੋਂ ਕੋਈ ਹੋਰ ਬੋਲ ਰਿਹਾ ਹੈ।
ਵਰਿੰਦਰ ਸਿੰਘ ਵਾਲੀਆ
ਸੰਪਾਦਕ