ਪੰਜਾਬ ਤੇ ਹਰਿਆਣਾ ਸਰਕਾਰ ਦੇ ਇੱਥੇ ਕਈ ਵਿਭਾਗਾਂ ਦੇ ਵੱਡੇ ਦਫ਼ਤਰ ਹਨ ਤੇ ਵਿਧਾਨ ਸਭਾਵਾਂ ਸਣੇ ਪੁਲਿਸ ਦੇ ਹੈੱਡਕੁਆਰਟਰ ਵੀ ਹਨ। ਇਸ ਨਜ਼ਰੀਏ ਨਾਲ ਚੰਡੀਗੜ੍ਹ ਦੇ ਸੁਰੱਖਿਆ ਪ੍ਰਬੰਧਾਂ ’ਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਦੀ ਉਮੀਦ ਨਹੀਂ ਕੀਤੀ ਜਾਂਦੀ।

ਪੰਜਾਬ ਸਣੇ ਚੰਡੀਗੜ੍ਹ ਦੇ ਕਈ ਸਕੂਲਾਂ, ਕਾਲਜਾਂ ਤੇ ਵਿੱਦਿਅਕ ਸੰਸਥਾਵਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਆ ਰਹੀਆਂ ਹਨ। ਖ਼ਾਸ ਤੌਰ ’ਤੇ ਕਈ ਨਾਮਵਰ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਨੂੰ ਲੈ ਕੇ ਪੂਰੀ ਚੌਕਸੀ ਵਰਤ ਰਿਹਾ ਹੈ ਪਰ ਚੰਡੀਗੜ੍ਹ ’ਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ’ਤੇ ਬੰਬ ਵਰਗੀ ਕੋਈ ਚੀਜ਼ ਸੁੱਟ ਕੇ ਧਮਾਕਾ ਕਰਨਾ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਚੰਡੀਗੜ੍ਹ ਟੂਰਿਜ਼ਮ ਹੱਬ ਹੋਣ ਦੇ ਨਾਲ-ਨਾਲ ਤਿੰਨ ਸਰਕਾਰਾਂ ਦਾ ਕੇਂਦਰ ਹੈ ਅਤੇ ਯੂਟੀ ਹੋਣ ਕਾਰਨ ਕੇਂਦਰ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਦੀ ਨਜ਼ਰ ਹੇਠ ਰਹਿੰਦਾ ਹੈ।
ਪੰਜਾਬ ਤੇ ਹਰਿਆਣਾ ਸਰਕਾਰ ਦੇ ਇੱਥੇ ਕਈ ਵਿਭਾਗਾਂ ਦੇ ਵੱਡੇ ਦਫ਼ਤਰ ਹਨ ਤੇ ਵਿਧਾਨ ਸਭਾਵਾਂ ਸਣੇ ਪੁਲਿਸ ਦੇ ਹੈੱਡਕੁਆਰਟਰ ਵੀ ਹਨ। ਇਸ ਨਜ਼ਰੀਏ ਨਾਲ ਚੰਡੀਗੜ੍ਹ ਦੇ ਸੁਰੱਖਿਆ ਪ੍ਰਬੰਧਾਂ ’ਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਦੀ ਉਮੀਦ ਨਹੀਂ ਕੀਤੀ ਜਾਂਦੀ। ਹੈਰਾਨੀ ਵਾਲੀ ਗੱਲ ਹੈ ਕਿ ਧਮਾਕੇ ਤੋਂ ਦੂਜੇ ਦਿਨ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਅੰਦਾਜ਼ਾ ਲੱਗਦਾ ਹੈ ਕਿ ਅਪਰਾਧੀਆਂ ਦੇ ਹੌਸਲੇ ਕਿੰਨੇ ਬੁਲੰਦ ਹਨ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਪਹਿਲਾਂ ਹੀ ਕਾਲੇ ਦੌਰ ਦਾ ਸੰਤਾਪ ਹਾਲੇ ਤੱਕ ਆਪਣੇ ਪਿੰਡੇ ’ਤੇ ਹੰਢਾ ਰਿਹਾ ਹੈ। ਸਰਹੱਦ ਪਾਰੋਂ ਹੋਣ ਵਾਲੀਆਂ ਗੜਬੜੀਆਂ ਵੀ ਇਸ ਨੂੰ ਹੀ ਸਹਿਣੀਆਂ ਪੈਂਦੀਆਂ ਹਨ। ਚੰਡੀਗੜ੍ਹ ’ਚ ਧਮਾਕੇ ਦੇ ਤਾਰ ਵੀ ਪਾਕਿਸਤਾਨ ਨਾਲ ਜੁੜ ਰਹੇ ਹਨ। ਸਾਲ 2024-25 ਦੌਰਾਨ ਵੀ ਸੈਕਟਰ-10 ’ਚ ਗ੍ਰਨੇਡ ਅਟੈਕ ਕੀਤਾ ਗਿਆ ਸੀ।
ਇਸ ਦਾ ਸਬੰਧ ਵੀ ਪਾਕਿ ਆਧਾਰਤ ਕੁਝ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਸੀ। ਸਾਲ 2022 ’ਚ ਮੋਹਾਲੀ ’ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕਟ ਲਾਂਚਰ ਨਾਲ ਕੀਤੇ ਗਏ ਧਮਾਕੇ ਕਾਰਨ ਵੀ ਸੁਰੱਖਿਆ ਦੇ ਪ੍ਰਬੰਧਾਂ ’ਤੇ ਸਵਾਲ ਉੱਠੇ ਸਨ। ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਥਾਣਿਆਂ ’ਤੇ ਲੰਘੇ ਸਾਲ ਕਈ ਵੱਡੇ ਧਮਾਕਿਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਧਮਾਕਿਆਂ ਤੋਂ ਬਾਅਦ ਘਟਨਾ ਨੂੰ ਅੰਜਾਮ ਦੇਣ ਦੀ ਵੀਡੀਓ ਬਣਾ ਕੇ ਵਾਇਰਲ ਕਰਨੀ ਨਵਾਂ ਰੁਝਾਨ ਬਣ ਕੇ ਸਾਹਮਣੇ ਆ ਰਿਹਾ ਹੈ। ਗੁਰਦਾਸਪੁਰ ’ਚ ਦੋਰਾਂਗਲਾ ਪੁਲਿਸ ਚੌਕੀ ’ਚ ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲ਼ੀਆਂ ਮਾਰ ਕੇ ਮਾਰਨ ਮਗਰੋਂ ਵੀ ਉਨ੍ਹਾਂ ਦੀ ਵੀਡੀਓ ਬਣਾ ਕੇ ਇੰਟਰਨੈੱਟ ’ਤੇ ਪ੍ਰਸਾਰਿਤ ਕੀਤੀ ਗਈ ਸੀ।
ਚੰਡੀਗੜ੍ਹ ਸਣੇ ਪੰਜਾਬ ’ਚ ਹੋਣ ਵਾਲੇ ਧਮਾਕਿਆਂ ਨੂੰ ਕਿਸੇ ਇਕ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਦਾ ਨਤੀਜਾ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਇਹ ਸਿਆਸੀ ਰੋਟੀਆਂ ਸੇਕਣ ਦਾ ਮੁੱਦਾ ਵੀ ਨਹੀਂ ਬਣਨਾ ਚਾਹੀਦਾ। ਚੰਡੀਗੜ੍ਹ ’ਚ ਹੋਏ ਧਮਾਕੇ ਤੋਂ ਬਾਅਦ ਵਿਰੋਧੀ ਧਿਰਾਂ ਇਕ-ਦੂਜੀ ’ਤੇ ਨਿਸ਼ਾਨੇ ਲਾ ਰਹੀਆਂ ਹਨ।
ਚੰਡੀਗੜ੍ਹ ਕੁਝ ਮਹੀਨਿਆਂ ਤੋਂ ਕਈ ਮੁੱਦਿਆਂ ਨੂੰ ਲੈ ਕੇ ਤਣਾਅ ਤੇ ਧਰਨਿਆਂ ਦਾ ਕੇਂਦਰ ਰਿਹਾ ਹੈ। ਚੰਡੀਗੜ੍ਹ ਪੁਲਿਸ ਵੀ ਆਪਣੇ ਹਾਈਟੈੱਕ ਨਾਕਿਆਂ ’ਤੇ ਚੌਕਸੀ ਕਾਰਨ ਚਰਚਾ ’ਚ ਰਹਿੰਦੀ ਹੈ ਪਰ ਇਸ ਧਮਾਕੇ ਤੋਂ ਬਾਅਦ ਉਸ ਦੇ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ।
ਚੰਡੀਗੜ੍ਹ ਤੇ ਪੰਜਾਬ ਵਿਕਾਸ ਪੱਖੋਂ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਮੋਹਰੀ ਇਲਾਕੇ ਰਹੇ ਹਨ ਪਰ ਅਜਿਹੀਆਂ ਗੜਬੜੀਆਂ ਕਾਰਨ ਸੂਬੇ ’ਚ ਨਿਵੇਸ਼ ਦੇ ਮੌਕੇ ਪ੍ਰਭਾਵਿਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ ਵੀ ਆਪਣੇ ਜਾਨ-ਮਾਲ ਨੂੰ ਦਾਅ ’ਤੇ ਲਾ ਕੇ ਜੋਖ਼ਮ ਵਾਲੀਆਂ ਥਾਵਾਂ ’ਤੇ ਪੈਸਾ ਨਹੀਂ ਲਗਾ ਸਕਦਾ। ਇਸ ਲਈ ਸਰਕਾਰ ਨੂੰ ਇਨ੍ਹਾਂ ਧਮਾਕਿਆਂ ਦੀ ਪਾਰਦਰਸ਼ਤਾ ਤੇ ਨਿਰਪੱਖਤਾ ਨਾਲ ਜਾਂਚ ਕਰ ਕੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਨਾ ਚਾਹੀਦਾ ਹੈ।