ਜ਼ਿਆਦਾਤਰ ਮਾਮਲਿਆਂ ’ਚ ਮੁੱਖ ਕਾਰਨ ਇਨ੍ਹਾਂ ਇਮਾਰਤਾਂ ’ਚ ਬਿਜਲੀ ਦੀ ਪੁਰਾਣੀ ਵਾਇਰਿੰਗ, ਲੋਕਾਂ ਦੀ ਹੱਦੋਂ ਵੱਧ ਵਸੋਂ ਤੇ ਮੀਟਰ ਪੈਨਲਾਂ ’ਚ ਆਉਣ ਵਾਲੇ ਫਾਲਟ ਉਜਾਗਰ ਹੋਏ । ਕਈ ਅਜਿਹੀਆਂ ਵੀ ਇਮਾਰਤਾਂ ਹਨ ਜਿਨ੍ਹਾਂ ’ਚ ਭਾਜੜ ਦੀ ਸਥਿਤੀ ’ਚ ਨਿਕਲਣ ਲਈ ਸੌਖੇ ਰਾਹ ਨਹੀਂ ਹਨ।

ਇਕ ਪਾਸੇ ਅਸਮਾਨ ਛੂਹ ਰਹੇ ਕਰੋੜਾਂ ਰੁਪਏ ਦੇ ਫਲੈਟ ਪ੍ਰਾਜੈਕਟ ਬਣ ਰਹੇ ਹਨ ਤੇ ਦੂਜੇ ਪਾਸੇ ਭੀੜੀਆਂ ਗਲੀਆਂ ’ਚ ਲੋਕਾਂ ਨੂੰ ਪੁਰਾਣੀਆਂ ਇਮਾਰਤਾਂ ’ਚ ਸੁਰੱਖਿਆ ਪ੍ਰਬੰਧਾਂ ਨਾਲ ਸਮਝੌਤਾ ਕਰ ਕੇ ਰਹਿਣਾ ਪੈ ਰਿਹਾ ਹੈ। ਦੇਸ਼ ਦੇ ਜ਼ਿਆਦਾਤਰ ਪੁਰਾਣੇ ਸ਼ਹਿਰਾਂ ’ਚ ਤੰਗ ਗਲੀਆਂ ਅੰਦਰ ਲੱਖਾਂ ਦੀ ਗਿਣਤੀ ’ਚ ਕਈ-ਕਈ ਪੀੜ੍ਹੀਆਂ ਤੋਂ ਲੋਕ ਵਸੇ ਹੋਏ ਹਨ। ਇਨ੍ਹਾਂ ਤੰਗ ਇਲਾਕਿਆਂ ਦੀਆਂ ਉੱਚੀਆਂ ਇਮਾਰਤਾਂ ਨੂੰ ਰੋਜ਼ਾਨਾ ਕਈ ਤਰ੍ਹਾਂ ਦੀਆਂ ਘਟਨਾਵਾਂ ਨਾਲ ਜੂਝਣਾ ਪੈਂਦਾ ਹੈ। ਅਜਿਹੀਆਂ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਆਮ ਹਨ।
ਦਿੱਲੀ ਤੇ ਇੰਦੌਰ ’ਚ ਹਾਲ ਹੀ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਦਿੱਲੀ ਦੇ ਇਕ ਤਿੰਨ ਮੰਜ਼ਿਲਾ ਮਕਾਨ ’ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਣੇ ਨੌਂ ਲੋਕਾਂ ਅਤੇ ਇੰਦੌਰ ’ਚ ਇਸੇ ਤਰ੍ਹਾਂ ਦੀ ਘਟਨਾ ਕਾਰਨ ਹੋਈਆਂ ਅੱਠ ਮੌਤਾਂ ਨੇ ਸੁਰੱਖਿਆ ਪ੍ਰਬੰਧਾਂ ਤੋਂ ਪਰਦਾ ਚੁੱਕਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਅੱਗ ਬੁਝਾਉ ਅਮਲੇ ਕੋਲ ਘਟਨਾ ਸਥਾਨ ਤੱਕ ਪੁੱਜਣ ਲਈ ਅਜਿਹੇ ਪ੍ਰਬੰਧ ਨਹੀਂ ਸਨ ਜਿਨ੍ਹਾਂ ਨਾਲ ਲੋਕਾਂ ਨੂੰ ਬਚਾਇਆ ਜਾ ਸਕਦਾ।
ਅੱਗ ਬੁਝਾਉਣ ਦੀ ਜਦੋਜਹਿਦ ’ਚ ਕਈ ਘੰਟੇ ਖ਼ਰਾਬ ਹੋਏ ਤੇ ਮੌਤਾਂ ਦੀ ਗਿਣਤੀ ਵਧਦੀ ਗਈ। ਇਸ ਅਗਨੀਕਾਂਡ ਪਿੱਛੇ ਸ਼ਾਰਟ ਸਰਕਟ ਕਾਰਨ ਦੱਸਿਆ ਗਿਆ। ਦਰਅਸਲ, ਮੁਲਕ ’ਚ ਬਹੁਤ ਸਾਰੇ ਅਜਿਹੇ ਇਲਾਕੇ ਹਨ, ਜਿੱਥੇ ਦਹਾਕਿਆਂ ਪੁਰਾਣੀਆਂ ਇਮਾਰਤਾਂ ਹਨ। ਉਨ੍ਹਾਂ ਦੇ ਰਸਤਿਆਂ ’ਚ ਲੋਕਾਂ ਦੀਆਂ ਦੁਕਾਨਾਂ ਤੇ ਹੋਰ ਕਾਰੋਬਾਰ ਹਨ। ਗਲੀਆਂ ਤੰਗ ਹਨ ਤੇ ਉਨ੍ਹਾਂ ’ਚੋਂ ਹੀ ਵਾਹਨਾਂ ਦੀ ਆਵਾਜਾਈ ਵੀ ਵੱਡੇ ਵੱਧਰ ’ਤੇ ਹੁੰਦੀ ਹੈ। ਇਸ ਕਾਰਨ ਉੱਥੇ ਅੱਗ ਲੱਗਣ ਵਰਗੀਆਂ ਘਟਨਾਵਾਂ ਨਾਲ ਨਜਿੱਠਣ ਲਈ ਅੱਗ ਬੁਝਾਊ ਅਮਲੇ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ।
ਦੇਸ਼ ਦੇ ਕਈ ਮਹਾਨਗਰ ਅਜਿਹੇ ਹਨ ਜਿੱਥੇ ਬਹੁਤ ਸਮਾਂ ਪਹਿਲਾਂ ਗ਼ੈਰ-ਕਾਨੂੰਨੀ ਤੌਰ-ਤਰੀਕਿਆਂ ਨਾਲ ਬਿਲਡਿੰਗਾਂ ਦਾ ਨਿਰਮਾਣ ਕੀਤਾ ਗਿਆ ਹੁੰਦਾ ਹੈ ਤੇ ਉਸ ਦਾ ਖ਼ਮਿਆਜ਼ਾ ਲੋਕ ਅੱਜ ਵੀ ਭੁਗਤ ਰਹੇ ਹਨ। ਇਸੇ ਸਾਲ ਮੁੰਬਈ ਦੀ ਇਕ 18 ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਕਾਰਨ 27 ਲੋਕਾਂ ਨੂੰ ਬਚਾਇਆ ਗਿਆ ਤੇ 4 ਗੰਭੀਰ ਰੂਪ ’ਚ ਜ਼ਖ਼ਮੀ ਹੋਏ। ਸਾਲ 2025 ’ਚ ਵੀ 11 ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ ਸੀ ਜਿਸ ਕਾਰਨ 2 ਔਰਤਾਂ ਦੀ ਮੌਤ ਹੋ ਗਈ ਸੀ। ਹੈਦਰਾਬਾਦ ’ਚ ਅਜਿਹੀ ਘਟਨਾ ਕਾਰਨ 17 ਮੌਤਾਂ ਹੋਈਆਂ ਸਨ।
ਜ਼ਿਆਦਾਤਰ ਮਾਮਲਿਆਂ ’ਚ ਮੁੱਖ ਕਾਰਨ ਇਨ੍ਹਾਂ ਇਮਾਰਤਾਂ ’ਚ ਬਿਜਲੀ ਦੀ ਪੁਰਾਣੀ ਵਾਇਰਿੰਗ, ਲੋਕਾਂ ਦੀ ਹੱਦੋਂ ਵੱਧ ਵਸੋਂ ਤੇ ਮੀਟਰ ਪੈਨਲਾਂ ’ਚ ਆਉਣ ਵਾਲੇ ਫਾਲਟ ਉਜਾਗਰ ਹੋਏ । ਕਈ ਅਜਿਹੀਆਂ ਵੀ ਇਮਾਰਤਾਂ ਹਨ ਜਿਨ੍ਹਾਂ ’ਚ ਭਾਜੜ ਦੀ ਸਥਿਤੀ ’ਚ ਨਿਕਲਣ ਲਈ ਸੌਖੇ ਰਾਹ ਨਹੀਂ ਹਨ। ਇਕ ਤੋਂ ਉੱਪਰ ਇਕ ਬਣੇ ਫਲੋਰਾਂ ’ਚ ਭੀੜੀਆਂ ਪੌੜੀਆਂ ਹਨ ਜਿਨ੍ਹਾਂ ’ਚੋਂ ਅੱਗ ਲੱਗਣ ਦੀ ਸਥਿਤੀ ’ਚ ਭੱਜ ਕੇ ਹੇਠਾਂ ਆਉਣਾ ਆਸਾਨ ਨਹੀਂ ਹੈ।
ਮਜਬੂਰਨ ਲੋਕਾਂ ਨੂੰ ਬਿਲਡਿੰਗਾਂ ਤੋਂ ਹੇਠਾਂ ਛਾਲ ਮਾਰਨ ਵਰਗੇ ਬਦਲ ਲੱਭਣੇ ਪੈਂਦੇ ਹਨ। ਅੱਗ ਲੱਗਣ ਦੀ ਸਥਿਤੀ ’ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਘਟਨਾ ਸਥਾਨਾਂ ’ਤੇ ਪਹੁੰਚਣ ਲਈ ਲੱਗਣ ਵਾਲੇ ਵੱਧ ਸਮੇਂ ਕਾਰਨ ਵੀ ਕਈ ਵਾਰ ਹਾਲਾਤ ਵਿਗੜਦੇ ਹਨ। ਸ਼ਹਿਰਾਂ, ਕਸਬਿਆਂ ਤੇ ਕਾਲੋਨੀਆਂ ਦੀਆਂ ਗਲੀਆਂ ’ਚ ਵਿਗੜੇ ਟਰੈਫਿਕ ਪ੍ਰਬੰਧ ਤੇ ਗੁੰਝਲਦਾਰ ਜਾਮ ਕਾਰਨ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੇਲੇ ਸਿਰ ਨਹੀਂ ਪਹੁੰਚਦੀਆਂ।
ਨਵੀਆਂ-ਪੁਰਾਣੀਆਂ, ਉੱਚੀਆਂ ਬਿਲਡਿੰਗਾਂ ’ਚ ਰਹਿਣ ਲਈ ਲੋਕ ਕਈ ਤਰ੍ਹਾਂ ਦੇ ਟੈਕਸ ਸਰਕਾਰ ਨੂੰ ਅਦਾ ਕਰਦੇ ਹਨ ਪਰ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਵੀ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲਦੀਆਂ ਤੇ ਨਾ ਹੀ ਗ਼ੈਰ-ਕਨੂੰਨੀ ਢੰਗ-ਤਰੀਕਿਆਂ ਨਾਲ ਇਮਾਰਤਾਂ ਬਣਾ ਕੇ ਲੋਕਾਂ ਨੂੰ ਠੱਗਣ ਵਾਲਿਆਂ ’ਤੇ ਕਾਰਵਾਈ ਹੁੰਦੀ ਹੈ। ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਸਥਾਨਕ ਪ੍ਰਸ਼ਾਸਨ ਨੂੰ ਸਮੇਂ-ਸਮੇਂ ’ਤੇ ਗਲੀਆਂ, ਮੁਹੱਲਿਆਂ ਦੀਆਂ ਇਮਾਰਤਾਂ ਦੇ ਸੁਰੱਖਿਆ ਮਾਪਦੰਡਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਫਾਇਰ ਬ੍ਰਿਗੇਡ ਮਹਿਕਮੇ ਨੂੰ ਵੀ ਜ਼ਮੀਨੀ ਹਾਲਾਤ ਮੁਤਾਬਕ ਕਿਸੇ ਵੀ ਸਥਿਤੀ ਨਾਲ ਸਿੱਝਣ ਲਈ ਤਿਆਰੀ ਰੱਖਣੀ ਚਾਹੀਦੀ ਹੈ।