ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਸਤਪਾਲ ਕਪੂਰ ਦੇ ਨਿੱਜੀ ਸਕੱਤਰ ਵਜੋਂ ਸ਼ੁਰੂ ਕੀਤਾ ਸੀ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ। ਉਹ ਕਾਂਗਰਸ ਦੀਆਂ ਮੀਟਿੰਗਾਂ ਲਈ ਦਰੀਆਂ ਵਿਛਾਉਣ ਤੋਂ ਲੈ ਕੇ ਪਾਰਟੀ ਦੇ ਸਟੇਟ ਪੱਧਰ ਦੇ ਸਮਾਗਮਾਂ ਦੀ ਪ੍ਰਧਾਨਗੀ ਵੀ ਕਰਦੇ ਰਹੇ। ਭਾਵੇਂ ਉਹ ਬਹੁਤੇ ਪੜ੍ਹੇ-ਲਿਖੇ ਨਹੀਂ ਸਨ ਪਰ ਸਿਆਸਤ ’ਚ ਇੰਨੇ ਘਾਗ ਸਨ ਕਿ ਛੇਤੀ ਕੀਤਿਆਂ ਕਦੇ ਮਾਰ ਨਹੀਂ ਖਾਧੀ।

ਪੰਜਾਬ ਕਾਂਗਰਸ ਦੇ ਸਭ ਤੋਂ ਸੀਨੀਅਰ ਦਿੱਗਜ ਨੇਤਾ ਲਾਲ ਸਿੰਘ 84 ਸਾਲ ਦੀ ਉਮਰ ਵਿਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸੰਨ 1977 ਤੋਂ ਲੈ ਕੇ ਲਗਪਗ ਅੱਧੀ ਸਦੀ ਉਹ ਪੰਜਾਬ ਕਾਂਗਰਸ ਦੀ ਸਿਆਸਤ ਵਿਚ ਧਰੂ ਤਾਰੇ ਦੀ ਤਰ੍ਹਾਂ ਚਮਕਦੇ ਰਹੇ। ਲਾਲ ਸਿੰਘ ਨੂੰ ਮਾਣ ਜਾਂਦਾ ਹੈ ਕਿ ਉੁਹ ਪੰਜਾਬ ਦੇ ਦਰਬਾਰਾ ਸਿੰਘ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀਆਂ ਦੇ ਚਹੇਤੇ ਰਹੇ। ਉਹ ਟਕਸਾਲੀ ਕਾਂਗਰਸੀ ਸਨ। ਜਿਸ ਦਿਨ ਤੋਂ ਉਹ ਕਾਂਗਰਸ ਵਿਚ ਆਏ, ਕਦੇ ਵੀ ਕਾਂਗਰਸ ਤੋਂ ਮੁੱਖ ਨਹੀਂ ਮੋੜਿਆ।
ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਸਤਪਾਲ ਕਪੂਰ ਦੇ ਨਿੱਜੀ ਸਕੱਤਰ ਵਜੋਂ ਸ਼ੁਰੂ ਕੀਤਾ ਸੀ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ। ਉਹ ਕਾਂਗਰਸ ਦੀਆਂ ਮੀਟਿੰਗਾਂ ਲਈ ਦਰੀਆਂ ਵਿਛਾਉਣ ਤੋਂ ਲੈ ਕੇ ਪਾਰਟੀ ਦੇ ਸਟੇਟ ਪੱਧਰ ਦੇ ਸਮਾਗਮਾਂ ਦੀ ਪ੍ਰਧਾਨਗੀ ਵੀ ਕਰਦੇ ਰਹੇ। ਭਾਵੇਂ ਉਹ ਬਹੁਤੇ ਪੜ੍ਹੇ-ਲਿਖੇ ਨਹੀਂ ਸਨ ਪਰ ਸਿਆਸਤ ’ਚ ਇੰਨੇ ਘਾਗ ਸਨ ਕਿ ਛੇਤੀ ਕੀਤਿਆਂ ਕਦੇ ਮਾਰ ਨਹੀਂ ਖਾਧੀ।
ਲਾਲ ਸਿੰਘ ਦੀ ਸਫਲਤਾ ਦਾ ਸਭ ਤੋਂ ਵੱਡਾ ਰਾਜ਼ ਇਹ ਸੀ ਕਿ ਉਹ ਜਿਸ ਵੀ ਸਿਆਸਤਦਾਨ ਨਾਲ ਜਿੰਨਾ ਸਮਾਂ ਰਹੇ, ਉਹ ਉਸ ਦੇ ਵਫ਼ਾਦਾਰ ਰਹੇ ਪਰ ਜਦੋਂ ਉਹ ਉਸ ਸਿਆਸਤਦਾਨ ਤੋਂ ਦੂਰ ਹੋ ਗਏ ਤਾਂ ਉਸ ਦੇ ਸਭ ਤੋਂ ਵੱਡੇ ਸਿਆਸੀ ਵਿਰੋਧੀ ਬਣ ਕੇ ਵਿਚਰੇ। ਸਭ ਤੋਂ ਪਹਿਲਾਂ ਡਕਾਲਾ ਹਲਕੇ ਤੋਂ ਲਾਲ ਸਿੰਘ ਨੂੰ ਟਿਕਟ ਮਿਲਣ ਦਾ ਕਿੱਸਾ ਵਿਲੱਖਣ ਕਿਸਮ ਦਾ ਹੈ। ਸੰਨ 1977 ਵਿਚ ਡਕਾਲਾ ਹਲਕੇ ਤੋਂ ਕਾਂਗਰਸ ਦੀ ਟਿਕਟ ਚਪੜ ਪਿੰਡ ਦੇ ਸਾਹਿਬ ਸਿੰਘ ਨੂੰ ਮਿਲ ਰਹੀ ਸੀ।
ਸਾਹਿਬ ਸਿੰਘ ਦੀ ਉਮੀਦਵਾਰੀ ਲਗਪਗ ਪੱਕੀ ਹੋ ਗਈ ਸੀ ਪਰ ਐਨ ਮੌਕੇ ’ਤੇ ਸਾਹਿਬ ਸਿੰਘ ਚਪੜ ਇਨਕਾਰ ਕਰ ਗਿਆ। ਫਿਰ ਜਦੋਂ ਲਾਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਹ ਤੁਰੰਤ ਸਹਿਮਤ ਹੋ ਗਏ ਅਤੇ 1977 ਵਿਚ ਚੋਣ ਜਿੱਤ ਕੇ ਵਿਧਾਨਕਾਰ ਬਣ ਗਏ। ਉਸ ਤੋਂ ਬਾਅਦ ਤਾਂ ਚੱਲ ਸੋ ਚੱਲ, ਲਾਲ ਸਿੰਘ ਪੰਜ ਵਾਰ 1977, 1980, 1992, 2002 ਤੇ 2007 ਵਿਚ ਵਿਧਾਇਕ ਬਣੇ। ਉਹ ਸਿਰਫ਼ 1977 ਵਿਚ ਵਿਧਾਇਕ ਅਤੇ ਬਾਕੀ ਚਾਰੇ ਕਾਰਜਕਾਲਾਂ ਵਿਚ ਮੰਤਰੀ ਬਣਦੇ ਰਹੇ। ਉਸ ਸਮੇਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਪਟਿਆਲਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਹੁੰਦੇ ਸਨ।
ਲਾਲ ਸਿੰਘ, ਬ੍ਰਹਮ ਮਹਿੰਦਰਾ ਅਤੇ ਬੀਰਦਵਿੰਦਰ ਸਿੰਘ ਭਗਵੰਤ ਸਿੰਘ ਸਿੱਧੂ ਦੇ ਸਭ ਤੋਂ ਨੇੜੇ ਹੁੰਦੇ ਸਨ। ਇਹ ਸਾਰੇ ਉਸ ਸਮੇਂ ਮਰਹੂਮ ਦਰਬਾਰਾ ਸਿੰਘ ਦੇ ਖੇਮੇ ਵਿਚ ਚਲੇ ਗਏ। ਉਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਦੂਜਾ ਧੜਾ ਗਿਆਨੀ ਜ਼ੈਲ ਸਿੰਘ ਦਾ ਹੁੰਦਾ ਸੀ। ਦਰਬਾਰਾ ਸਿੰਘ ਨੇ ਲਾਲ ਸਿੰਘ ਨੂੰ ਪਨਸਪ ਦਾ ਚੇਅਰਮੈਨ ਬਣਾ ਦਿੱਤਾ। ਮਾਰਚ 1986 ਵਿਚ ਬੇਅੰਤ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣ ਗਏ।
ਲਾਲ ਸਿੰਘ ਚੁਸਤ-ਚਲਾਕ ਸਿਆਸਤਦਾਨ ਸੀ। ਜਦੋਂ ਉਸ ਨੂੰ ਦਰਬਾਰਾ ਸਿੰਘ ਦੇ ਧੜੇ ਦਾ ਡਾਊਨਫਾਲ ਦਿਸਣ ਲੱਗਿਆ ਤਾਂ ਉਹ 1991 ਵਿਚ ਬੇਅੰਤ ਸਿੰਘ ਦੇ ਧੜੇ ਵਿਚ ਸ਼ਾਮਲ ਹੋ ਕੇ ਪਟਿਆਲਾ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਬਣ ਗਏ। ਫਰਵਰੀ 1992 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ 92 ਸੀਟਾਂ ਜਿੱਤ ਕੇ ਬੇਅੰਤ ਸਿੰਘ ਦੀ ਅਗਵਾਈ ਵਿਚ ਸਰਕਾਰ ਬਣਾ ਲਈ। ਲਾਲ ਸਿੰਘ ਨੂੰ ਸਿਹਤ ਮੰਤਰੀ ਬਣਾਇਆ ਗਿਆ।
ਬੇਅੰਤ ਸਿੰਘ ਦੀ ਸਰਕਾਰ ਵਿਚ ਲਾਲ ਸਿੰਘ ਦੀ ਤੂਤੀ ਬੋਲਦੀ ਸੀ। ਉਹ ਮੁੱਖ ਮੰਤਰੀ ਦੇ ਸਭ ਤੋਂ ਨਜ਼ਦੀਕੀ ਮੰਤਰੀ ਗਿਣੇ ਜਾਂਦੇ ਸਨ। ਜੇ ਇਉਂ ਕਹਿ ਲਿਆ ਜਾਵੇ ਕਿ ਉਨ੍ਹਾਂ ਨੇ ਚੰਮ ਦੀਆਂ ਚਲਾਈਆਂ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਹਰਚਰਨ ਸਿੰਘ ਬਰਾੜ ਦੀ ਸਰਕਾਰ ਵਿਚ ਵੀ ਲਾਲ ਸਿੰਘ ਹੀ ਇਕ ਕਿਸਮ ਨਾਲ ਸਰਕਾਰ ਚਲਾਉਂਦੇ ਰਹੇ ਕਿਉਂਕਿ ਬਰਾੜ ਸਾਬ੍ਹ ਨਿਹਾਇਤ ਸ਼ਰੀਫ ਮੁੱਖ ਮੰਤਰੀ ਸਨ।
ਉਹ ਆਰਾਮਪ੍ਰਸਤ ਖਾਨਦਾਨੀ ਵਿਅਕਤੀ ਸਨ। ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਪਾਰਟੀ ਵਿਚ ਆ ਜਾਣ ਤੋਂ ਬਾਅਦ ਲਾਲ ਸਿੰਘ ਨੇ ਉਨ੍ਹਾਂ ਨਾਲ ਨਜ਼ਦੀਕੀਆਂ ਬਣਾ ਲਈਆਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਲਿਊ ਸਟਾਰ ਆਪ੍ਰੇਸ਼ਨ ਤੋਂ ਬਾਅਦ ਕਾਂਗਰਸ ਛੱਡਣ ਕਰਕੇ ਪੰਜਾਬ ਕਾਂਗਰਸ ਦੀ ਸਿਆਸਤ ਤੋਂ ਦੂਰ ਰਹੇ ਸਨ। ਲਾਲ ਸਿੰਘ ਕਿਉਂਕਿ ਪੰਜਾਬ ਕਾਂਗਰਸ ਦੀ ਸਿਆਸਤ ਵਿਚ ਲੰਬਾ ਸਮਾਂ ਰਹਿਣ ਕਰਕੇ ਕਾਂਗਰਸ ਦੇ ਤਾਣੇ-ਬਾਣੇ ਬਾਰੇ ਭਲੀਭਾਂਤ ਜਾਣਦੇ ਸਨ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਅਜਿਹਾ ਸਿਆਸਤਦਾਨ ਚਾਹੀਦਾ ਸੀ, ਜਿਹੜਾ ਦਿਲਚਸਪੀ ਨਾਲ ਕੰਮ ਕਰ ਸਕੇ। ਲਾਲ ਸਿੰਘ ਇਸ ਮੌਕੇ ਦਾ ਲਾਭ ਉਠਾ ਕੇ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ਵਾਸ਼ ਪਾਤਰ ਬਣ ਗਏ ਸਨ।
ਉਨ੍ਹਾਂ ਨੇ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਨੂੰ ਆਪਣੇ ਚੁੰਗਲ ਵਿਚ ਫਸਾ ਲਿਆ ਸੀ। ਵਿਧਾਨ ਸਭਾ ਦੀ ਟਿਕਟ ਲੈਣ ਦੇ ਚਾਹਵਾਨ ਪਹਿਲਾਂ ਲਾਲ ਸਿੰਘ ਕੋਲ ਜਾਂਦੇ ਸਨ ਤੇ ਫਿਰ ਉਹ ਉਨ੍ਹਾਂ ਨੂੰ ਆਪਣੇ ਨਾਲ ਲਿਜਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਾਉਂਦੇ ਸਨ। ਸੰਨ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਵੀ ਲਾਲ ਸਿੰਘ ਦੀ ਤੂਤੀ ਬੋਲਦੀ ਰਹੀ।
ਲਾਲ ਸਿੰਘ ਦੀ ਇਕ ਖ਼ੂਬੀ ਰਹੀ ਕਿ ਉਨ੍ਹਾਂ ਨੇ ਪੰਜਾਬ ਦੇ, ਖ਼ਾਸ ਕਰਕੇ ਡਕਾਲਾ ਹਲਕੇ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਵਿਕਾਸ ਦੇ ਕੰਮ ਕਰਵਾ ਕੇ ਨਾਮਣਾ ਖੱਟਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਮੰਤਰੀ ਬਣਾਉਣ ਤੇ ਕੱਢਣ ਲਈ ਕਿਹੜਾ ਫਾਰਮੂਲਾ ਬਣਾਉਣਾ ਹੁੰਦਾ, ਕਿਹੜੀ ਗੁਪਤ ਥਾਂ ਬੈਠ ਕੇ ਅਜਿਹੇ ਫ਼ੈਸਲੇ ਕਰਨੇ ਹੁੰਦੇ ਸਨ, ਉਹ ਲਾਲ ਸਿੰਘ ਦੇ ਛਾਤਰ ਦਿਮਾਗ ਦੀ ਕਾਢ ਹੁੰਦੀ ਸੀ।
ਸਿਆਸਤਦਾਨ ਕੈਪਟਨ ਅਮਰਿੰਦਰ ਸਿੰਘ ਨਾਲੋਂ ਜ਼ਿਆਦਾ ਲਾਲ ਸਿੰਘ ਦੇ ਦੁਆਲੇ ਮਖਿਆਲ ਦੀਆਂ ਮੱਖੀਆਂ ਦੀ ਤਰ੍ਹਾਂ ਫਿਰਦੇ ਰਹਿੰਦੇ ਸਨ। ਸੰਨ 2017 ਵਿਚ ਲਾਲ ਸਿੰਘ ਨੇ ਆਪਣੇ ਲੜਕੇ ਰਾਜਿੰਦਰ ਸਿੰਘ ਨੂੰ ਸਮਾਣਾ ਹਲਕੇ ਤੋਂ ਟਿਕਟ ਦਿਵਾ ਕੇ ਵਿਧਾਇਕ ਬਣਾ ਲਿਆ। ਉਹ ਆਪ ਪੰਜਾਬ ਸਰਕਾਰ ਦੇ ਸਭ ਤੋਂ ਮਹੱਤਵਪੂਰਨ ਅਦਾਰੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਣ ਗਏ।
ਲਾਲ ਸਿੰਘ ਦੀ ਇਕ ਹੋਰ ਖ਼ੂਬੀ ਰਹੀ ਕਿ ਉਹ ਡੁੱਬਦੀ ਸਿਆਸੀ ਕਿਸ਼ਤੀ ਵਿੱਚੋਂ ਛਾਲ ਮਾਰ ਕੇ ਉਤਰਨ ਦੇ ਮਾਹਰ ਗਿਣੇ ਜਾਂਦੇ ਸਨ। ਉਹ ਵਿੱਤ, ਸਿਹਤ, ਖ਼ੁਰਾਕ ਤੇ ਸਿਵਲ ਸਪਲਾਈ, ਦਿਹਾਤੀ ਵਿਕਾਸ ਵਰਗੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਰਹੇ। ਲਾਲ ਸਿੰਘ ਸਿਰਫ਼ ਇਕ ਵਾਰ ਧੋਖਾ ਖਾ ਗਏ ਜਦੋਂ ਉਨ੍ਹਾਂ ਦੀ ਇਕ ਵੀਡੀਓ ਵਿਚ ਉਹ ਧਰਮਵੀਰ ਗਾਂਧੀ ਨੂੰ ਲੋਕ ਸਭਾ ਦੀ ਚੋਣ ਵਿਚ ਵੋਟਾਂ ਨਾ ਪਾਉਣ ਦੀ ਗੱਲ ਆਪਣੇ ਕਿਸੇ ਵਿਸ਼ਵਾਸ ਪਾਤਰ ਨੂੰ ਕਹਿ ਰਹੇ ਸਨ ਜਿਸ ਨੇ ਇਹ ਵੀਡੀਓ ਲੀਕ ਕਰ ਦਿੱਤੀ ਸੀ।
ਇਸ ਤੋਂ ਬਿਨਾਂ ਲਾਲ ਸਿੰਘ ਦੀ ਕੋਈ ਵੀ ਵਿਚਾਰ-ਚਰਚਾ ਲੀਕ ਨਹੀਂ ਹੋਈ। ਉਹ ਹੋਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਗੰਢ-ਤੁੱਪ ਕਰਨ ਦੇ ਵੀ ਮਾਹਰ ਗਿਣੇ ਜਾਂਦੇ ਸਨ। ਲਾਲ ਸਿੰਘ ਦਾ ਜਨਮ 1942 ਵਿਚ ਹੋਇਆ ਸੀ। ਉਨ੍ਹਾਂ ਦੇ ਇਕ ਲੜਕਾ ਰਾਜਿੰਦਰ ਸਿੰਘ ਅਤੇ ਇਕ ਲੜਕੀ ਹੈ। ਲਾਲ ਸਿੰਘ ਦਾ ਸਸਕਾਰ 29 ਮਾਰਚ ਕੀਤਾ ਜਾਵੇਗਾ।
-ਉਜਾਗਰ ਸਿੰਘ
-ਮੋਬਾਈਲ : 94178-13072