- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸ ਸਮੇਂ ਅੰਗਰੇਜ਼ੀ-ਪੰਜਾਬੀ ਵਿਚ ਬਹੁਤ ਘੱਟ ਡਿਕਸ਼ਨਰੀਆਂ ਮਿਲਦੀਆਂ ਸਨ, ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਜੀਵਨ ਵਿਚ ਇਹ ਵੱਡਾ ਕਾਰਜ ਕਰ ਕੇ ਪੰਜਾਬੀ ਪਿਆਰਿਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਸੀ। ਇਸ ਕਾਰਜ ਲਈ ਉਨ੍ਹਾਂ ਦੀ ਹਰ ਪੰਜਾਬੀ ਪਿਆਰੇ ਨੇ ਪ੍ਰਸ਼ੰਸਾ ਕੀਤੀ। ਵੀਹਵੀਂ ਸਦੀ ਦੇ ਉੱਘੇ ਸਿੱਖ ਚਿੰਤਕਾਂ ਤੇ ਸੁਹਿਰਦ ਵਿਦਵਾਨਾਂ ਵਿੱਚੋਂ ਇਕ ਪ੍ਰਿੰਸੀਪਲ ਤੇਜਾ ਸਿੰਘ ਨੇ ਗੁਰਬਾਣੀ ਦੀ ਵਿਆਖਿਆ ਦੇ ਨਾਲ-ਨਾਲ ਪੰਜਾਬੀ ਵਾਰਤਕ ਨੂੰ ਉਸਾਰੂ ਲੀਹਾਂ ’ਤੇ ਪਾ ਕੇ ਨਵੇਂ ਲੇਖਕਾਂ ਦਾ ਮਾਰਗਦਰਸ਼ਨ ਕੀਤਾ।

ਉਸ ਸਮੇਂ ਅੰਗਰੇਜ਼ੀ-ਪੰਜਾਬੀ ਵਿਚ ਬਹੁਤ ਘੱਟ ਡਿਕਸ਼ਨਰੀਆਂ ਮਿਲਦੀਆਂ ਸਨ, ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਜੀਵਨ ਵਿਚ ਇਹ ਵੱਡਾ ਕਾਰਜ ਕਰ ਕੇ ਪੰਜਾਬੀ ਪਿਆਰਿਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਸੀ। ਇਸ ਕਾਰਜ ਲਈ ਉਨ੍ਹਾਂ ਦੀ ਹਰ ਪੰਜਾਬੀ ਪਿਆਰੇ ਨੇ ਪ੍ਰਸ਼ੰਸਾ ਕੀਤੀ। ਵੀਹਵੀਂ ਸਦੀ ਦੇ ਉੱਘੇ ਸਿੱਖ ਚਿੰਤਕਾਂ ਤੇ ਸੁਹਿਰਦ ਵਿਦਵਾਨਾਂ ਵਿੱਚੋਂ ਇਕ ਪ੍ਰਿੰਸੀਪਲ ਤੇਜਾ ਸਿੰਘ ਨੇ ਗੁਰਬਾਣੀ ਦੀ ਵਿਆਖਿਆ ਦੇ ਨਾਲ-ਨਾਲ ਪੰਜਾਬੀ ਵਾਰਤਕ ਨੂੰ ਉਸਾਰੂ ਲੀਹਾਂ ’ਤੇ ਪਾ ਕੇ ਨਵੇਂ ਲੇਖਕਾਂ ਦਾ ਮਾਰਗਦਰਸ਼ਨ ਕੀਤਾ। ਇਸੇ ਕਰਕੇ ਇਸ ਮਹਾਨ ਸ਼ਖ਼ਸੀਅਤ ਨੂੰ ਸਿੱਖ ਸਮਾਜ ਅਤੇ ਪੰਜਾਬੀ ਪਿਆਰਿਆਂ ਨੇ ਦਿਲੋਂ ਸਤਿਕਾਰਿਆ। ਪਿਛਲੀ ਸਦੀ ਦੇ ਪਹਿਲੇ 5-6 ਦਹਾਕਿਆਂ ਵਿਚ ਗੁਰਬਾਣੀ ਦੇ ਆਧੁਨਿਕ ਵਿਆਖਿਆਕਾਰ ਅਤੇ ਪੰਜਾਬੀ ਵਾਰਤਕ ਲੇਖਕ ਵਜੋਂ ਜਿਹੜਾ ਮਾਣ ਪ੍ਰਿੰਸੀਪਲ ਤੇਜਾ ਸਿੰਘ ਨੂੰ ਮਿਲਿਆ, ਉਹ ਵਿਰਲੇ ਲੇਖਕਾਂ ਦੇ ਹਿੱਸੇ ਆਇਆ ਹੈ। ਉਨ੍ਹਾਂ ਦਾ ਜਨਮ 2 ਜੂਨ 1894 ਨੂੰ ਜ਼ਿਲ੍ਹਾ ਰਾਵਲਪਿੰਡੀ (ਲਹਿੰਦਾ ਪੰਜਾਬ) ਦੇ ਪਿੰਡ ਅਤਿਆਲਾ ਵਿਖੇ ਭਲਾਕਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਰੁਸਤੀ ਦੀ ਕੁੱਖ ਤੋਂ ਹੋਇਆ ਸੀ। ਉਨ੍ਹਾਂ ਦਾ ਮੁੱਢਲਾ ਨਾਂ ਤੇਜ ਰਾਮ ਸੀ। ਉਨ੍ਹਾਂ ਨੇ ਗੁਰਮੁਖੀ ਦੀ ਮੁੱਢਲੀ ਸਿੱਖਿਆ ਪਿੰਡ ਦੇ ਗੁਰਦੁਆਰੇ ਤੋਂ ਅਤੇ ਫ਼ਾਰਸੀ ਦੀ ਸਿੱਖਿਆ ਮਸਜਿਦ ਤੋਂ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਬਚਪਨ ਵਿਚ ਹੀ ਬਾਬਾ ਖੇਮ ਸਿੰਘ ਬੇਦੀ ਦੀ ਅਗਵਾਈ ਵਿਚ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਤੇ ਆਪ ਤੇਜ ਰਾਮ ਤੋਂ ਤੇਜਾ ਸਿੰਘ ਬਣ ਗਏ। ਘਰ ਵਿਚ ਗ਼ਰੀਬੀ ਹੋਣ ਕਰਕੇ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਇਹ ਬੱਚਾ ਅੱਗੋਂ ਪੜ੍ਹਾਈ ਜਾਰੀ ਰੱਖੇ ਪਰ ਤੇਜਾ ਸਿੰਘ ਦਾ ਬਾਲਪਣ ਅੱਗੋਂ ਪੜ੍ਹਾਈ ਜਾਰੀ ਰੱਖਣ ਲਈ ਉਤਸੁਕ ਰਹਿੰਦਾ ਸੀ। ਆਪਣੀ ਅੰਤਰ-ਆਤਮਾ ਅਤੇ ਲਗਨ ਉਨ੍ਹਾਂ ਨੂੰ ਪਹਿਲਾਂ ਰਾਵਲਪਿੰਡੀ ਤੇ ਪਿੱਛੋਂ ਸਰਗੋਧੇ ਦੇ ਸਕੂਲਾਂ ਵਿਚ ਲੈ ਗਈ। ਸੰਨ 1910 ਵਿਚ ਉਨ੍ਹਾਂ ਨੇ ਖ਼ਾਲਸਾ ਕਾਲਜੀਏਟ ਸਕੂਲ ਤੋਂ ਦਸਵੀਂ ਅਤੇ ਪਿੱਛੋਂ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਐੱਫਏ ਪਾਸ ਕੀਤੀ। ਇਸ ਤੋਂ ਬਾਅਦ ਮਾਰਡਨ ਕਾਲਜ, ਰਾਵਲਪਿੰਡੀ ਵਿਚ ਦਾਖ਼ਲ ਹੋ ਗਏ। ਬੈਚਲਰ ਦੀ ਡਿਗਰੀ ਤੋਂ ਪਿੱਛੋਂ ਇਸੇ ਕਾਲਜ ਵਿਚ ਪ੍ਰਾ-ਅਧਿਆਪਕ ਵਜੋਂ ਡਿਊਟੀ ਨਿਭਾਈ। ਇਸ ਦੇ ਨਾਲ ਹੀ 1916 ਵਿਚ ਐੱਮਏ ਅੰਗਰੇਜ਼ੀ ਵੀ ਕਰ ਲਈ। ਮਾਰਚ 1919 ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਲੈਕਚਰਾਰ ਨਿਯੁਕਤ ਹੋਏ। ਅੰਗਰੇਜ਼ੀ ਦੇ ਨਾਲ-ਨਾਲ ਧਾਰਮਿਕ ਅਧਿਐਨ ਦੇ ਵਿਸ਼ੇ ਵੀ ਪੜ੍ਹਾਏ। ਸੰਨ 1945 ਤੱਕ ਇਸੇ ਕਾਲਜ ਵਿਚ ਲਗਾਤਾਰ ਸੇਵਾ ਨਿਭਾਈ। ਖ਼ਾਲਸਾ ਕਾਲਜ ਦੀ ਸੇਵਾ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਵਿਚ ਸਰਗਰਮ ਹਿੱਸਾ ਲੈਣ ਕਰਕੇ 1923 ਵਿਚ ਹਕੂਮਤ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸੰਨ 1925 ਵਿਚ ਸਿਹਤ ਦੀ ਖ਼ਰਾਬੀ ਕਾਰਨ ਨੌਕਰੀ ਤੋਂ ਸੇਵਾ-ਮੁਕਤੀ ਲੈ ਲਈ। ਉਹ ਸੰਨ 1945 ’ਚ ਖ਼ਾਲਸਾ ਕਾਲਜ ਮੁੰਬਈ ਦੀ ਸੇਵਾ ਵਿਚ ਚਲੇ ਗਏ। ਇਸ ਤੋਂ ਤਿੰਨ ਸਾਲਾਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੇ ਸਕੱਤਰ ਵਜੋਂ ਸੇਵਾ ਸੰਭਾਲੀ। ਸੰਨ 1949 ਵਿਚ ਪੈਪਸੂ ਸਰਕਾਰ ਦੇ ਮਹਿੰਦਰਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਨਿਯੁਕਤ ਹੋਏ। ਉਨ੍ਹਾਂ ਨੂੰ ਇਸ ਕਾਲਜ ਦੇ ਨਾਲ-ਨਾਲ ਨਵੇਂ ਬਣੇ ਪੰਜਾਬੀ ਮਹਿਕਮੇ (ਭਾਸ਼ਾ ਵਿਭਾਗ) ਦੇ ਸਲਾਹਕਾਰ ਅਤੇ ਡਾਇਰੈਕਟਰ ਦੇ ਕਾਰਜਭਾਰ ਨੂੰ ਸੰਭਾਲਣਾ ਪਿਆ। ਪ੍ਰਿੰਸੀਪਲ ਤੇਜਾ ਸਿੰਘ ਨੂੰ ਸੰਨ 1951 ਵਿਚ ਪੈਪਸੂ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸੰਨ 1956 ’ਚ ਅਭਿਨੰਦਨ ਗ੍ਰੰਥ ਵੀ ਭੇਟ ਕੀਤਾ ਗਿਆ। ਉਹ 1951 ਵਿਚ ਹੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਆਪਣੀ ਰਿਹਾਇਸ਼ ਅੰਮ੍ਰਿਤਸਰ ਲੈ ਗਏ।
ਇਹ ਮਾਣ ਕੇਵਲ ਪ੍ਰਿੰਸੀਪਲ ਤੇਜਾ ਸਿੰਘ ਨੂੰ ਮਿਲਦਾ ਹੈ ਕਿ ਉਨ੍ਹਾਂ ਪੰਜਾਬੀ ਵਿਚ ਟਕਸਾਲੀ ਨਿਬੰਧ ਲਿਖਣ ਦੀ ਨਵੀਂ ਪਿਰਤ ਪਾਈ। ਉਨ੍ਹਾਂ ਦੇ ਲੇਖਾਂ ਦੀਆਂ ਪੁਸਤਕਾਂ ਵਿਚ ‘ਨਵੀਆਂ ਸੋਚਾਂ’, ‘ਸਹਿਜ ਸੁਭਾਅ’, ‘ਸਾਹਿਤ ਦਰਸ਼ਨ’, ‘ਘਰ ਦਾ ਪਿਆਰ’ ਆਦਿ ਸੰਗ੍ਰਹਿ ਮਿਲਦੇ ਹਨ। ਸੰਨ 1952 ’ਚ ਉਨ੍ਹਾਂ ਦੀ ਸਵੈ-ਜੀਵਨੀ ‘ਆਰਸੀ’ ਵੀ ਪ੍ਰਕਾਸ਼ਿਤ ਹੋਈ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਬਦਾਹਿਕ ਲਗਾਂ-ਮਾਤਰਾ ਦੇ ਗੁੱਝੇ ਭੇਦ, ‘ਪੰਜਾਬੀ ਕਿਵੇਂ ਲਿਖੀਏ’ ਅਤੇ ਅੰਗਰੇਜ਼ੀ ਪੰਜਾਬੀ ਡਿਕਸ਼ਨਰੀਆਂ ਵਰਗੀਆਂ ਰਚਨਾਵਾਂ ਨਾਲ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ। ਇਸ ਮਹਾਨ ਲੇਖਕ ਤੇ ਸੁਹਿਰਦ ਵਿਦਵਾਨ ਨੇ 10 ਜਨਵਰੀ 1958 ਈਸਵੀ ਨੂੰ ਪੰਜਾਬੀ ਮਾਂ-ਬੋਲੀ ਦੇ ਪਿਆਰਿਆਂ ਨੂੰ ਸ੍ਰੀ ਅੰਮ੍ਰਿਤਸਰ ਦੀ ਧਰਤੀ ’ਤੇ ਸਦੀਵੀ ਵਿਛੋੜਾ ਦੇ ਦਿੱਤਾ।
-ਭਗਵਾਨ ਸਿੰਘ ਜੌਹਲ।