- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ-ਕੱਲ੍ਹ ਵੱਖ-ਵੱਖ ਬੋਰਡਾਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆ ਰਹੇ ਹਨ। ਮੀਡੀਆ ਤੇ ਅਖ਼ਬਾਰਾਂ ’ਚ ਸਕੂਲ, ਜ਼ਿਲ੍ਹੇ ਜਾਂ ਸਟੇਟ ਪੱਧਰ ’ਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਬੱਚਿਆਂ ਦੀਆਂ ਫੋਟੋਆਂ ਤੇ ਉਨ੍ਹਾਂ ਦੇ ਸਕੂਲਾਂ ਦੇ ਨਾਂ ਪ੍ਰਦਰਸ਼ਿਤ ਕੀਤੇ ਜਾਂਦੇ ਹਨ, ਉਨ੍ਹਾਂ ਦੀਆਂ ਇੰਟਰਵਿਊਜ਼ ਲਈਆਂ ਜਾਂਦੀਆਂ ਹਨ।

ਅੱਜ-ਕੱਲ੍ਹ ਵੱਖ-ਵੱਖ ਬੋਰਡਾਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆ ਰਹੇ ਹਨ। ਮੀਡੀਆ ਤੇ ਅਖ਼ਬਾਰਾਂ ’ਚ ਸਕੂਲ, ਜ਼ਿਲ੍ਹੇ ਜਾਂ ਸਟੇਟ ਪੱਧਰ ’ਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਬੱਚਿਆਂ ਦੀਆਂ ਫੋਟੋਆਂ ਤੇ ਉਨ੍ਹਾਂ ਦੇ ਸਕੂਲਾਂ ਦੇ ਨਾਂ ਪ੍ਰਦਰਸ਼ਿਤ ਕੀਤੇ ਜਾਂਦੇ ਹਨ, ਉਨ੍ਹਾਂ ਦੀਆਂ ਇੰਟਰਵਿਊਜ਼ ਲਈਆਂ ਜਾਂਦੀਆਂ ਹਨ। ਇਹ ਸਭ ਤਾਂ ਸੁਭਾਵਿਕ ਤੌਰ ’ਤੇ ਹੋਣਾ ਹੀ ਹੁੰਦਾ ਹੈ ਕਿਉਂਕਿ ਇਹ ਕਿਸੇ ਵੀ ਸਕੂਲ ਪ੍ਰਸ਼ਾਸਨ, ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਲਈ ਗੌਰਵਮਈ ਮੌਕਾ ਹੁੰਦਾ ਹੈ।
ਉਨ੍ਹਾਂ ਦੀ ਮਿਹਨਤ ਦਾ ਮੁੱਲ ਪੈਂਦਾ ਹੈ। ਇਸ ਗੌਰਵਮਈ ਮੌਕੇ ’ਤੇ ਮਿਹਨਤੀ ਬੱਚਿਆਂ ਨੂੰ ਮਾਣ-ਸਨਮਾਨ ਦੇਣਾ ਸਾਡਾ ਕਰਤੱਵ ਹੈ ਤਾਂ ਜੋ ਉਹ ਅੱਗੇ ਜਾ ਕੇ ਵੱਖ-ਵੱਖ ਖੇਤਰਾਂ ’ਚ ਆਪਣੀ ਪ੍ਰਤਿਭਾ ਦੇ ਜੌਹਰ ਵਿਖਾਉਣ ਤੇ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਬਣ ਕੇ ਉੱਭਰਨ ਤੇ ਦੇਸ਼ ਦੇ ਚੰਗੇ ਭਵਿੱਖ ਦੇ ਨਿਰਮਾਤਾ ਬਣਨ। ਜਿੱਥੇ ਅਸੀਂ ਇਹੋ ਜਿਹੀਆਂ ਖ਼ੁਸ਼ਖ਼ਬਰੀਆਂ ਦੀਆਂ ਝਲਕੀਆਂ ਵੇਖਦੇ ਹਾਂ ਉੱਥੇ ਹੀ ਕਈ ਬੱਚੇ ਘੱਟ ਅੰਕ ਆਉਣ ’ਤੇ ਘਾਤਕ ਕਦਮ ਵੀ ਉਠਾ ਲੈਂਦੇ ਹਨ। ਸਾਡੀ ਸਮਾਜਿਕ ਸਥਿਤੀ ਇਹੋ ਜਿਹੀ ਹੈ ਕਿ ਇਕ ਜਮਾਤ ਦੇ ਤੀਹ ਜਾਂ ਚਾਲ਼ੀ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਵੱਧ ਅੰਕ ਲੈਣ ਲਈ ਪ੍ਰੇਰਦੇ ਘੱਟ ਤੇ ਦਬਾਅ ਵੱਧ ਪਾਉਂਦੇ ਹਨ। ਇਹੀ ਸੋਚ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਦੀ ਹੁੰਦੀ ਹੈ। ਸਕੂਲ ਪ੍ਰਸ਼ਾਸਨ ਨੇ ਆਪਣੀ ਸੰਸਥਾ ਨੂੰ ਮੁਕਾਬਲੇ ਦੀਆਂ ਬਾਕੀ ਸਭ ਸੰਸਥਾਵਾਂ ਨਾਲੋਂ ਵਧੀਆ ਸਾਬਿਤ ਕਰਨਾ ਹੁੰਦਾ ਹੈ।
ਇਸੇ ਕਾਰਨ ਬੱਚਿਆਂ ’ਤੇ ਦਬਾਅ ਪਾਇਆ ਜਾਂਦਾ ਹੈ ਕਿ ਉਹ ਵੱਧ ਤੋਂ ਵੱਧ ਅੰਕ ਹਾਸਲ ਕਰ ਕੇ ਆਪਣੇ ਮਾਪਿਆਂ, ਅਧਿਆਪਕਾਂ ਤੇ ਸਕੂਲ ਦਾ ਨਾਂ ਰੋਸ਼ਨ ਕਰਨ ਪਰ ਉਨ੍ਹਾਂ ਵੱਲੋਂ ਬੱਚਿਆਂ ਦੀ ਮਾਨਸਿਕ ਸਥਿਤੀ ਨਹੀਂ ਸਮਝੀ ਜਾਂਦੀ। ਕਹਿਣ ਨੂੰ ਤਾਂ ਅਸੀਂ ਵਿੱਦਿਆ ਦੇ ਖੇਤਰ ਵਿਚ ਬਹੁਤ ਕ੍ਰਾਂਤੀ ਲਿਆਂਦੀ ਹੈ ਪਰ ਇਸ ਕ੍ਰਾਂਤੀ ਵਿਚ ਸੱਤ-ਅੱਠ ਵਿਸ਼ਿਆਂ ਦੇ ਨਾਲ ਤਕਨੀਕੀ ਸਿੱਖਿਆ ਅਤੇ ਕਾਰਜਸ਼ੀਲ ਗਤੀਵਿਧੀਆਂ ਨੂੰ ਜੋੜ ਕੇ ਬੱਚਿਆਂ ਦੇ ਨਾਲ-ਨਾਲ ਮਾਪਿਆਂ ਅਤੇ ਅਧਿਆਪਕਾਂ ਦਾ ਆਰਥਿਕ ਤੇ ਮਾਨਸਿਕ ਬੋਝ ਵਧਾ ਦਿੱਤਾ ਗਿਆ ਹੈ। ਅੱਜ ਦੀਆਂ ਵਿੱਦਿਅਕ ਨੀਤੀਆਂ ਸਿੱਖਿਆ ’ਤੇ ਭਾਰੂ ਹੋਣ ਲੱਗ ਪਈਆਂ ਹਨ। ਜਦਕਿ ਵਿਦਿਆਰਥੀ ਦੀ ਪੜ੍ਹਾਈ ਦੇ ਸ਼ੁਰੂਆਤੀ ਦੌਰ ਤੋਂ ਹੀ ਸਰਬਪੱਖੀ ਵਿਕਾਸ ’ਤੇ ਜ਼ੋਰ ਦੇਣਾ ਚਾਹੀਦਾ ਹੈ। ਬੱਚਿਆਂ ਦੀ ਸ਼ਖ਼ਸੀਅਤ ਤੇ ਦਿਲਚਸਪੀ ਦੇ ਆਧਾਰ ’ਤੇ ਉਨ੍ਹਾਂ ਦੇ ਪਾਠਕ੍ਰਮਾਂ ਨੂੰ ਤਕਨੀਕ ਨਾਲ ਜੋੜ ਕੇ ਉਨ੍ਹਾਂ ਦਾ ਕੌਸ਼ਲ ਵਿਕਾਸ ਕੀਤਾ ਜਾਵੇ। ਸਾਧਾਰਨ ਬੌਧਿਕ ਪੱਧਰ ਵਾਲੇ ਵਿਦਿਆਰਥੀਆਂ ਉੱਤੇ ਸਾਰੇ ਵਿਸ਼ਿਆਂ ਵਿੱਚੋਂ ਵੱਧ ਤੋਂ ਵੱਧ ਅੰਕ ਹਾਸਲ ਕਰਨ ਲਈ ਜਾਂ ਬਾਕੀ ਸਾਥੀਆਂ ਨਾਲ ਮੁਕਾਬਲਾ ਕਰਨ ’ਤੇ ਜ਼ੋਰ ਦੇਣ ਦੀ ਬਜਾਏ ਉਨ੍ਹਾਂ ਨੂੰ ਹੁਨਰ ਆਧਾਰਤ ਕਾਰਜਸ਼ੈਲੀ ਨਾਲ ਜੋੜ ਕੇ ਸਿੱਖਿਅਤ ਕੀਤਾ ਜਾਵੇ।
ਇਕ ਸਮਾਂ ਇਹੋ ਜਿਹਾ ਸੀ ਜਦ ਸੱਠ ਪ੍ਰਤੀਸ਼ਤ ਅੰਕ ਹਾਸਲ ਕਰਨ ਵਾਲੇ ਬੱਚੇ ਨੂੰ ਬਹੁਤ ਹੋਣਹਾਰ ਸਮਝਿਆ ਜਾਂਦਾ ਸੀ। ਅੱਜ 95-96 ਪ੍ਰਤੀਸ਼ਤ ਅੰਕ ਲੈਣ ਵਾਲੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੀ ਸੰਤੁਸ਼ਟ ਨਜ਼ਰ ਨਹੀਂ ਆਉਂਦੇ। ਅੱਜ ਦੇ ਮਾਪੇ ਜਾਂ ਖ਼ੁਦ ਬੱਚੇ ਆਪਣਾ ਰਿਜ਼ਲਟ ਦੇਖਣ ਤੋਂ ਪਹਿਲਾਂ ਆਪਣੇ ਸਾਥੀ ਦੇ ਅੰਕ ਵੇਖਦੇ ਹਨ। ਇਕ-ਅੱਧੇ ਨੰਬਰ ਕਾਰਨ ਪਿੱਛੇ ਰਹਿ ਜਾਣ ਨੂੰ ਆਪਣੀ ਹੇਠੀ ਸਮਝਦੇ ਹਨ। ਇਹ ਅਸੰਤੁਸ਼ਟੀ ਹੀ ਬੱਚਿਆਂ ਉੱਤੇ ਮਾਨਸਿਕ ਦਬਾਅ ਪਾ ਰਹੀ ਹੈ। ਅੱਜ ਦੇ ਦੌਰ ’ਚ ਮਾਪਿਆਂ ਤੇ ਅਧਿਆਪਕਾਂ ਵੱਲੋਂ ਬੱਚਿਆਂ ਦੇ ਸਰੀਰਕ, ਬੌਧਿਕ, ਭਾਵਨਾਤਮਕ ਅਤੇ ਅਧਿਆਤਮਕ ਪਹਿਲੂਆਂ ਨੂੰ ਨਿਖਾਰਨ ’ਤੇ ਜ਼ੋਰ ਦੇਣ ਦੀ ਲੋੜ ਹੈ। ਉਨ੍ਹਾਂ ਨੂੰ ਸਵੈ-ਨਿਰਭਰ ਬਣਾਉਣ ਲਈ ਹੁਨਰਮੰਦ ਬਣਾਉਣਾ ਅਤੇ ਰੁਜ਼ਗਾਰ ਦੇ ਕਾਬਲ ਬਣਾਉਣ ਬਾਰੇ ਸਿੱਖਿਅਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਪੜ੍ਹਾਈ ਨੂੰ ਬੋਝ ਨਾ ਸਮਝਣ।
ਮਾਪਿਆਂ ਵੱਲੋਂ ਮਹਿੰਗੇ-ਮਹਿੰਗੇ ਉਪਕਰਨ ਦੇ ਕੇ ਜਾਂ ਮਹਿੰਗੀਆਂ ਟਿਊਸ਼ਨਾਂ ’ਤੇ ਲਾਉਣ ਦੀ ਬਜਾਏ ਉਨ੍ਹਾਂ ਨੂੰ ਚੰਗਾ ਆਚਰਣ, ਸਮਾਜਿਕ ਜ਼ਿੰਮੇਵਾਰੀ, ਸਹਿਣਸ਼ੀਲਤਾ ਅਤੇ ਅਨੁਸ਼ਾਸਨ ਸਿਖਾਉਣਾ ਚਾਹੀਦਾ ਹੈ। ਬੱਚਿਆਂ ’ਚ ਵਿਗਿਆਨਕ ਤੇ ਤਰਕਸ਼ੀਲ ਸੋਚ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਪ੍ਰਗਤੀਸ਼ੀਲ ਸੋਚ ਦੇ ਧਾਰਨੀ ਬਣ ਕੇ ਸਹੀ ਤੇ ਗ਼ਲਤ ’ਚ ਫ਼ਰਕ ਸਮਝ ਸਕਣ, ਨਾ ਕਿ ਸਿਰਫ਼ ‘ਅੰਕਾਂ’ ਦੇ ਮਾਪਦੰਡ ਤੱਕ ਸੀਮਤ ਰਹਿ ਕੇ ਉਨ੍ਹਾਂ ਦੀ ਸੋਚ ਨੂੰ ਸੌੜੀ ਕਰ ਦਿੱਤਾ ਜਾਵੇ। ਮੁੱਕਦੀ ਗੱਲ ਇਹ ਹੈ ਕਿ ਸਿੱਖਿਆ ਸਿਰਫ਼ ਕਿਤਾਬੀ ਗਿਆਨ ਦੇ ਅੰਕਾਂ ਤੱਕ ਸੀਮਤ ਨਹੀਂ ਹੈ, ਸਗੋਂ ਜੀਵਨ ਜਿਉਣ ਦੀ ਕਲਾ ਅਤੇ ਜੀਵਨ ਨੂੰ ਪੂਰਨਤਾ ਵੱਲ ਲਿਜਾਣ ਦਾ ਸਾਧਨ ਬਣਨਾ ਚਾਹੀਦੀ ਹੈ।
-ਬਰਜਿੰਦਰ ਕੌਰ ਬਿਸਰਾਓ।
-ਮੋਬਾਈਲ : 99889-01324