ਨਾਬਾਲਗ ਵਿਦਿਆਰਥੀ ਦੇ ਮਾਮਲੇ ’ਚ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਸਕੂਲ ਦੇ ਆਈਡੀ ਕਾਰਡ ਵਾਲੀ ਪੱਟੀ ਨਾਲ ਗਲਾ ਘੁੱਟਿਆ ਅਤੇ ਉਸ ਦੀ ਲਾਸ਼ ਦੇ ਲਾਗੇ ਕਿਤਾਬ ਵੀ ਖੁੱਲ੍ਹੀ ਪਈ ਸੀ। ਇਹ ਦੋਵੇਂ ਮਾਮਲੇ ਇਸ਼ਾਰਾ ਕਰਦੇ ਹਨ ਕਿ ਵਿਦਿਆਰਥੀ ਵਰਗ ਦਾ ਪੇਪਰਾਂ ਅਤੇ ਪੜ੍ਹਾਈ ਦੇ ਸਮੇਂ ਦੌਰਾਨ ਸਾਥ ਦੇਣ ਦੀ ਕਿੰਨੀ ਲੋੜ ਹੈ।
ਵਿਦਿਆਰਥੀ ਪੂਰਾ ਸਾਲ ਮਿਹਨਤ ਕਰਦੇ ਹਨ। ਪੇਪਰਾਂ ਦੌਰਾਨ ਅਤੇ ਇਨ੍ਹਾਂ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਣਾਅ ਸਹਿਣੇ ਪੈਂਦੇ ਹਨ। ਸਾਰੇ ਵਿਦਿਆਰਥੀਆਂ ਦੀ ਮਨੋਸਥਿਤੀ ਵੀ ਇੱਕੋ ਜਿਹੀ ਨਹੀਂ ਹੁੰਦੀ। ਕਈ ਮਾਮਲਿਆਂ ’ਚ ਕੁਝ ਬੱਚੇ ਪੜ੍ਹਾਈ ਨਾਲ ਜੁੜੇ ਦਬਾਅ ਅਤੇ ਚਿੰਤਾਵਾਂ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਅਤੇ ਬਦਕਿਸਮਤੀ ਨਾਲ ਗ਼ਲਤ ਕਦਮ ਚੁੱਕ ਲੈਂਦੇ ਹਨ। ਪਾਤੜਾਂ ’ਚ ਨਰਸਿੰਗ ਦੀ 21 ਸਾਲਾਂ ਦੀ ਪੀਜੀ ’ਚ ਰਹਿਣ ਵਾਲੀ ਵਿਦਿਆਰਥਣ ਅਤੇ ਫਾਜ਼ਿਲਕਾ ’ਚ ਨਾਬਾਲਗ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ।
ਨਾਬਾਲਗ ਵਿਦਿਆਰਥੀ ਦੇ ਮਾਮਲੇ ’ਚ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਸਕੂਲ ਦੇ ਆਈਡੀ ਕਾਰਡ ਵਾਲੀ ਪੱਟੀ ਨਾਲ ਗਲਾ ਘੁੱਟਿਆ ਅਤੇ ਉਸ ਦੀ ਲਾਸ਼ ਦੇ ਲਾਗੇ ਕਿਤਾਬ ਵੀ ਖੁੱਲ੍ਹੀ ਪਈ ਸੀ। ਇਹ ਦੋਵੇਂ ਮਾਮਲੇ ਇਸ਼ਾਰਾ ਕਰਦੇ ਹਨ ਕਿ ਵਿਦਿਆਰਥੀ ਵਰਗ ਦਾ ਪੇਪਰਾਂ ਅਤੇ ਪੜ੍ਹਾਈ ਦੇ ਸਮੇਂ ਦੌਰਾਨ ਸਾਥ ਦੇਣ ਦੀ ਕਿੰਨੀ ਲੋੜ ਹੈ। ਅਜਿਹਾ ਵੀ ਨਹੀਂ ਹੈ ਕਿ ਇਸ ਤੋਂ ਪਹਿਲਾਂ ਅਜਿਹੇ ਮਾਮਲੇ ਸਾਹਮਣੇ ਨਹੀਂ ਆਏ ਹਨ। ਅਕਸਰ ਵਿਦਿਆਰਥੀ ਜਮਾਤਾਂ ’ਚ ਪੜ੍ਹਾਈ ਦੇ ਦਬਾਅ ਅਤੇ ਮਾਪਿਆਂ ਦੀਆਂ ਇੱਛਾਵਾਂ ਵਿਚਾਲੇ ਤਾਲਮੇਲ ਨਹੀਂ ਬਿਠਾ ਪਾਉਂਦੇ।
ਸਮਾਜ ਲਗਾਤਾਰ ਤਰੱਕੀ ਕਰ ਰਿਹਾ ਹੈ। ਮੁਕਾਬਲੇਬਾਜ਼ੀ ਵਧ ਰਹੀ ਹੈ। ਵਿਦਿਆਰਥੀਆਂ ’ਚ ਪੜ੍ਹਾਈ ਦੌਰਾਨ ਆਪਣੇ ਸਹਿਪਾਠੀਆਂ ਨਾਲੋਂ ਵੱਧ ਨੰਬਰ ਲੈਣ ਦੀ ਦੌੜ ਲੱਗੀ ਹੁੰਦੀ ਹੈ। ਇਸ ਲਈ ਘਰ ਅਤੇ ਸਕੂਲ ਦਾ ਮਾਹੌਲ ਬਹੁਤ ਕੁਝ ਤੈਅ ਕਰਦਾ ਹੈ ਕਿ ਇਸ ਮੁਕਾਬਲੇ ਨਾਲ ਉਨ੍ਹਾਂ ਨੇ ਕਿਵੇਂ ਸਿੱਝਣਾ ਹੈ।
ਹਾਲਾਂਕਿ ਵਿਦਿਆਰਥੀਆਂ ਵਿਚ ਚੁੱਕੇ ਜਾਣ ਵਾਲੇ ਆਤਮਘਾਤੀ ਕਦਮਾਂ ਪਿੱਛੇ ਸਿਰਫ਼ ਪੜ੍ਹਾਈ ਹੀ ਕਾਰਨ ਹੋਵੇ, ਅਜਿਹਾ ਵੀ ਜ਼ਰੂਰੀ ਨਹੀਂ ਹੈ। ਘਰ ਤੋਂ ਸਕੂਲ ਤੱਕ ਪਹੁੰਚਦਿਆਂ ਉਨ੍ਹਾਂ ਨੂੰ ਅਣਗਿਣਤ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਬੇਸ਼ੱਕ ਇਹ ਆਲਮੀ ਚਿੰਤਾ ਹੈ ਪਰ ਪਿਛਲੇ ਸਾਲਾਂ ਦੇ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਮੁਲਕ ’ਚ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਬਾਕੀ ਦੇਸ਼ਾਂ ਨਾਲੋਂ ਵੱਧ ਹਨ। ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਦੀ ਰਿਪੋਰਟ ਮੁਤਾਬਕ ਸਾਲ 2013 ਤੋਂ 2023 ਦੌਰਾਨ 1,17,849 ਵਿਦਿਆਰਥੀਆਂ ਨੇ ਪੇਪਰਾਂ ਦੇ ਤਣਾਅ ਕਾਰਨ ਖ਼ੁਦਕੁਸ਼ੀ ਕੀਤੀ।
ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ ਸਵਾਲ ਉੱਠਦਾ ਹੈ ਕਿ ਕੀ ਸਾਡਾ ਵਿੱਦਿਅਕ ਢਾਂਚਾ ਬੱਚਿਆਂ ਦੇ ਮਨ ਦੀ ਸ਼ਾਂਤੀ ਨੂੰ ਮਹਿਫ਼ੂਜ਼ ਨਹੀਂ ਕਰ ਪਾ ਰਿਹਾ? ਇਸ ਦੇ ਨਾਲ ਹੀ ਸਵਾਲ ਇਹ ਵੀ ਹੈ ਕਿ ਕੀ ਮਾਪੇ ਪੇਪਰਾਂ ਦੇ ਦਿਨਾਂ ’ਚ ਬੱਚਿਆਂ ਦੇ ਮਦਦਗਾਰ ਬਣਨ ਤੋਂ ਪੱਛੜ ਰਹੇ ਹਨ। ਇਕ ਹੋਰ ਰਿਪੋਰਟ ਮੁਤਾਬਕ ਸੂਬਿਆਂ ’ਚ ਬੱਚਿਆਂ ਦੇ ਪੇਪਰਾਂ ਦੇ ਦਿਨਾਂ ਵਿਚ ਤਣਾਅ ਦੇ ਵੱਖੋ-ਵੱਖ ਕਾਰਨ ਹਨ। ਹਰਿਆਣਾ, ਤਮਿਲਨਾਡੂ, ਆਂਧਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਪੇਪਰਾਂ ਦੇ ਸਮੇਂ ਵਿਦਿਆਰਥੀ ਡਿਪ੍ਰੈਸ਼ਨ ਦਾ ਵੱਧ ਸ਼ਿਕਾਰ ਹੋਏ ਹਨ। ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਵਿਚ ਇਹ ਤਣਾਅ ਰੁਜ਼ਗਾਰ ਦੀ ਭਾਲ ਤੱਕ ਜਾਰੀ ਰਹਿੰਦਾ ਹੈ ਅਤੇ ਇਸ ਤੋਂ ਅੱਗੇ ਜ਼ਿੰਦਗੀ ਦੀਆਂ ਹੋਰ ਚੁਣੌਤੀਆਂ ਇਸ ਦੀ ਥਾਂ ਲੈ ਲੈਂਦੀਆਂ ਹਨ।
ਇਕ ਸਰਵੇਖਣ ਮੁਤਾਬਕ ਪੰਜ ਵਿਦਿਆਰਥੀਆਂ ਵਿੱਚੋਂ ਇਕ ਬਹੁਤ ਜ਼ਿਆਦਾ ਅਸ਼ਾਂਤ, ਉਦਾਸ ਬਿਰਤੀ ਵਾਲਾ ਜਾਂ ਫਿਰ ਹੱਦੋਂ ਵੱਧ ਉਤਸ਼ਾਹਤ ਪਾਇਆ ਗਿਆ ਹੈ। ਇਕੱਲੇ ਪੇਪਰ ਹੀ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਥਿਤੀ ’ਚ ਨਹੀਂ ਧੱਕ ਰਹੇ ਹਨ। ਸੋਸ਼ਲ ਮੀਡੀਆ ਦੀ ਹੱਦੋਂ ਵੱਧ ਵਰਤੋਂ ਦੇ ਲਾਲਚ ਵਿਚ ਕਿਤਾਬਾਂ ਨੂੰ ਪਾਸੇ ਕਰਨਾ ਅਤੇ ਮਾਪਿਆਂ ਦੀਆਂ ਉਮੀਦਾਂ ’ਤੇ ਖ਼ਰੇ ਉਤਰਨ ਲਈ ਭਾਰੀ ਦਬਾਅ ਮਹਿਸੂਸ ਕਰਨਾ ਵੀ ਇਸ ਦਾ ਇਕ ਕਾਰਨ ਹੈ। ਬੱਚਿਆਂ ਨੂੰ ਇਸ ਸਥਿਤੀ ’ਚੋਂ ਕੱਢਣ ਲਈ ਸਮੁੱਚੇ ਵਿੱਦਿਅਕ ਢਾਂਚੇ ਨੂੰ ਦਰੁਸਤ ਕਰਨ ਸਣੇ ਮਾਪਿਆਂ ਨੂੰ ਆਤਮ ਮੰਥਨ ਕਰਨਾ ਪੈਣਾ ਹੈ ਕਿ ਉਹ ਬੱਚਿਆਂ ਦੇ ਮਨ ਨੂੰ ਸੰਤੁਲਿਤ ਰੱਖਣ ਲਈ ਕੀ ਕਦਮ ਚੁੱਕ ਰਹੇ ਹਨ।