- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਜੂਦਾ ਹਾਲਾਤ ਇਹ ਹਨ ਕਿ ਮਿੱਟੀ ਦੀ ਸਿਹਤ ਲਗਾਤਾਰ ਖਰਾਬ ਸਥਿਤੀ ਵੱਲ ਵਧ ਰਹੀ ਹੈ। ਖੇਤਾਂ ਤੋਂ ਫ਼ਸਲਾਂ ਦਾ ਵੱਧ ਝਾੜ ਲੈਣ ਅਤੇ ਮੰਡੀ ਸਣੇ ਲੋਕਾਂ ਦੀਆਂ ਖਾਣ-ਪੀਣ ਨਾਲ ਸਬੰਧਤ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਂ ’ਤੇ ਹੁੰਦੀ ਜ਼ਮੀਨ ਨਾਲ ਇਹ ਧੱਕੇਸ਼ਾਹੀ ਆਉਣ ਵਾਲੀਆਂ ਪੀੜੀਆਂ ਲਈ ਕੀ ਸਿਰਜ ਰਹੀਆਂ ਹਨ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਫ਼ਸਲਾਂ ਦਾ ਵੱਧ ਝਾੜ ਲੈਣ ਦੇ ਲਾਲਚ ’ਚ ਧਰਤੀ ਦੀ ਉਪਜਾਊ ਸ਼ਕਤੀ ਨਾਲ ਜਿਸ ਪੱਧਰ ’ਤੇ ਖਿਲਵਾੜ ਹੋਇਆ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਹਾਲਾਤ ਇਹ ਹਨ ਕਿ ਇਸ ਵੇਲੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਖੇਤੀ ਉਤਪਾਦਕਤਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਕੀਟਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਅਤੇ ਖ਼ਾਸਕਰ ਯੂਰੀਆ ਦੇ ਬੇਹਿਸਾਬੇ ਇਸਤੇਮਾਲ ਨਾਲ ਹਾਲਾਤ ਵੱਧ ਚਿੰਤਾਜਨਕ ਬਣ ਰਹੇ ਹਨ।
ਇਕ ਰਿਪੋਰਟ ਮੁਤਾਬਕ ਇਸ ਵੇਲੇ ਦੇਸ਼ ਦੇ 12 ਅਜਿਹੇ ਸੂਬੇ ਹਨ, ਜਿਨ੍ਹਾਂ ’ਚ ਖੇਤੀ ਲਈ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਵਰਗੀਆਂ ਕੈਮੀਕਲ ਖਾਦਾਂ ਵੱਡੇ ਪੱਧਰ ’ਤੇ ਵਰਤੀਆਂ ਜਾ ਰਹੀਆਂ ਹਨ। ਇਨ੍ਹਾਂ ਸੂਬਿਆਂ ’ਚ ਨਾਗਾਲੈਂਡ, ਰਾਜਸਥਾਨ, ਝਾਰਖੰਡ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਤੇਲੰਗਾਨਾ, ਛੱਤੀਗੜ੍ਹ ਅਤੇ ਬਿਹਾਰ ਸ਼ਾਮਲ ਹਨ। ਸਭ ਤੋਂ ਖ਼ਰਾਬ ਸਥਿਤੀ ਰਾਜਸਥਾਨ, ਝਾਰਖੰਡ ਤੇ ਇਸ ਤੋਂ ਬਾਅਦ ਪੰਜਾਬ ’ਚ ਹੈ।
ਮੌਜੂਦਾ ਹਾਲਾਤ ਇਹ ਹਨ ਕਿ ਮਿੱਟੀ ਦੀ ਸਿਹਤ ਲਗਾਤਾਰ ਖਰਾਬ ਸਥਿਤੀ ਵੱਲ ਵਧ ਰਹੀ ਹੈ। ਖੇਤਾਂ ਤੋਂ ਫ਼ਸਲਾਂ ਦਾ ਵੱਧ ਝਾੜ ਲੈਣ ਅਤੇ ਮੰਡੀ ਸਣੇ ਲੋਕਾਂ ਦੀਆਂ ਖਾਣ-ਪੀਣ ਨਾਲ ਸਬੰਧਤ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਂ ’ਤੇ ਹੁੰਦੀ ਜ਼ਮੀਨ ਨਾਲ ਇਹ ਧੱਕੇਸ਼ਾਹੀ ਆਉਣ ਵਾਲੀਆਂ ਪੀੜੀਆਂ ਲਈ ਕੀ ਸਿਰਜ ਰਹੀਆਂ ਹਨ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸੇ ਕੜੀ ’ਚ ਕੇਂਦਰ ਸਰਕਾਰ ਦੀ ‘ਖੇਤੀ ਬਚਾਓ ਮੁਹਿੰਮ’ ਕਾਰਗਰ ਸਾਬਤ ਹੋ ਸਕਦੀ ਹੈ। ਦਰਅਸਲ, ਮਨੁੱਖੀ ਵਿਕਾਸ ਤਕਨੀਕ ਦੇ ਪੱਧਰ ’ਤੇ ਬੇਹਿਸਾਬ ਤਰੀਕੇ ਨਾਲ ਤਰੱਕੀ ਕਰ ਰਿਹਾ ਹੈ। ਜਿੰਨੀ ਦੇਸ਼ ਦੀ ਆਬਾਦੀ ਹੈ, ਉਸ ਪੱਧਰ ’ਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਵੀ ਚੁਣੌਤੀ ਬਣਦਾ ਜਾ ਰਿਹਾ ਹੈ। ਇਸ ਦਾ ਸਿੱਧਾ ਭਾਰ ਧਰਤੀ ਨੂੰ ਸਹਿਣਾ ਪੈ ਰਿਹਾ ਹੈ।
ਕੀਟਨਾਸ਼ਕਾਂ ਦੀ ਵੱਡੇ ਪੱਧਰ ’ਤੇ ਹੁੰਦੀ ਵਰਤੋਂ ਨਾਲ, ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਮਰ ਰਹੀ ਹੈ, ਉੱਥੇ ਇਹ ਕੀਟਨਾਸ਼ਕ ਜ਼ਮੀਨ ’ਚ ਰਿਸ ਕੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕਰ ਰਹੇ ਹਨ। ਪੰਜਾਬ ਦੇ ਲਿਹਾਜ਼ ਨਾਲ ਸੋਚਿਆ ਜਾਵੇ ਤਾਂ ਇਸ ਦੇ ਕਈ ਜ਼ਿਲ੍ਹਿਆਂ ’ਚ ਪਾਣੀ ਪੀਣਯੋਗ ਨਹੀਂ ਬਚਿਆ ਹੈ ਤੇ ਕਈ ਥਾਵਾਂ ’ਤੇ ਖੇਤੀ ਵਿਚਲੇ ਜ਼ਰੂਰੀ ਤੱਤ ਕੀਟਨਾਸ਼ਕਾਂ ਦੀ ਜ਼ਹਿਰ ਕਾਰਨ ਖ਼ਤਮ ਹੋ ਚੁੱਕੇ ਹਨ। ਹਰੀ ਕ੍ਰਾਂਤੀ ਨੇ ਜਿੱਥੇ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਸੀ, ਉਸ ਦੇ ਲੰਬੇ ਸਮੇਂ ਬਾਅਦ ਘਾਤਕ ਨਤੀਜੇ ਵੀ ਸਾਹਮਣੇ ਆ ਚੁੱਕੇ ਹਨ।
ਪੰਜਾਬ ਵਿਚ ਇਸ ਵੇਲੇ ਖੇਤੀਬਾੜੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਲੜ ਰਹੀ ਹੈ। ਝੋਨੇ ਦੀ ਕਾਸ਼ਤ ਇਸ ਪੱਧਰ ਤੱਕ ਵੱਧ ਚੁੱਕੀ ਹੈ ਕਿ ਇਸ ਦਾ ਸਿੱਧਾ ਅਸਰ ਧਰਤੀ ਹੇਠਲੇ ਪਾਣੀ ’ਤੇ ਪੈ ਰਿਹਾ ਹੈ। ਪੰਜਾਬ ਦੇ 75 ਫੀਸਦ ਬਲਾਕ ਅਜਿਹੇ ਹਨ, ਜਿੱਥੇ ਪੂਰੇ ਦੇਸ਼ ਨਾਲੋਂ ਸਭ ਤੋਂ ਵੱਧ ਜ਼ਮੀਨੀ ਪਾਣੀ ਦੀ ਵਰਤੋਂ ਹੋ ਰਹੀ ਹੈ। ਝੋਨੇ ਵਰਗੀ ਪਾਣੀ ਦੀ ਵੱਧ ਖਪਤ ਵਾਲੀ ਫ਼ਸਲ ਵਾਰ-ਵਾਰ ਬੀਜਣ ਨਾਲ ਮਿੱਟੀ ਦੀ ਸਿਹਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ।
ਦੂਜੇ ਪਾਸੇ, ਹੜ੍ਹਾਂ ਦੀ ਮਾਰ ਕਾਰਨ ਖਰਾਬ ਹੋਈਆਂ ਜ਼ਮੀਨਾਂ ਬੰਜਰ ਹੋਣ ਵੱਲ ਵਧ ਰਹੀਆਂ ਹਨ। ਕੀਟਨਾਸ਼ਕਾਂ ਦੀ ਬੇਹਿਸਾਬੀ ਵਰਤੋਂ ਕਰਕੇ ਉਗਾਈਆਂ ਫ਼ਸਲਾਂ ਲੋਕਾਂ ਦੀ ਸਿਹਤ ’ਤੇ ਸਿੱਧਾ ਪ੍ਰਭਾਵ ਪਾ ਰਹੀਆਂ ਹਨ। ਲੋਕ ਕੈਂਸਰ, ਸਾਹ, ਚਮੜੀ ਤੇ ਹਾਰਮੋਨ ਵਿਗੜਨ ਸਬੰਧੀ ਬਿਮਾਰੀਆਂ ਨਾਲ ਪੀੜਤ ਹੋ ਰਹੇ ਹਨ।
ਬਹੁਤ ਸਾਰੇ ਕੀਟਨਾਸ਼ਕ ਹਵਾ ’ਚ ਰਲ਼ ਕੇ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਖੇਤੀਬਾੜੀ ਸਬੰਧੀ ਕੰਮਾਂ ਲਈ ਖੇਤਾਂ ’ਚ ਰੁਝੇ ਕਿਸਾਨ ਇਨ੍ਹਾਂ ਬਿਮਾਰੀਆਂ ਦੇ ਸਿੱਧੇ ਸੰਪਰਕ ’ਚ ਆ ਰਹੇ ਹਨ। ਜਿੱਥੇ ਕੇਂਦਰ ਖੇਤੀ ਬਚਾਉਣ ਲਈ ਮਹਿੰਮ ਸ਼ੁਰੂ ਕਰ ਰਿਹਾ ਹੈ, ਉੱਥੇ ਸੂਬਿਆਂ ਦਾ ਵੀ ਫਰਜ਼ ਹੈ ਕਿ ਉਹ ਆਪਣੇ ਪੱਧਰ ’ਤੇ ਕਦਮ ਚੁੱਕਣ ਤਾਂ ਜੋ ਖੇਤੀਬਾੜੀ ਦੀ ਸਿਹਤ ਪੱਖੋਂ ਖਰਾਬ ਹੁੰਦੀ ਹਾਲਤ ਭਵਿੱਖ ਲਈ ਖ਼ਤਰੇ ਦੀ ਘੰਟੀ ਨਾ ਬਣ ਜਾਵੇ।