ਜਿਹੜੇ ਲੋਕ ਉੱਚ-ਪੱਧਰੀ ਹਵਾ ਪ੍ਰਦੂਸ਼ਣ ਵਾਲੇ ਇਲਾਕਿਆਂ ਵਿਚ ਰਹਿੰਦੇ ਹਨ, ਉਨ੍ਹਾਂ ਵਿਚ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਸਰਵੇ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸਿਗਰਟ ਨਾ ਪੀਣ ਵਾਲਿਆਂ ਦੇ ਫੇਫੜਿਆਂ ਨੂੰ ਵੀ ਪ੍ਰਦੂਸ਼ਣ ਦੇ ਧੂੰਏਂ ਨੇ ਓਨਾ ਹੀ ਪ੍ਰਭਾਵਿਤ ਕੀਤਾ ਹੋਇਆ ਸੀ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਵੱਡਾ ਖ਼ਤਰਾ ਬਣ ਗਿਆ ਹੈ। ਸੰਸਾਰ ਦੀ 99 ਪ੍ਰਤੀਸ਼ਤ ਆਬਾਦੀ ਨਿਸ਼ਚਤ ਮਿਆਰ ਤੋਂ ਵੱਧ ਪ੍ਰਦੂਸ਼ਣ ਵਿਚ ਸਾਹ ਲੈ ਰਹੀ ਹੈ। ਦੁਨੀਆ ਵਿਚ ਹਰ ਸਾਲ 80 ਲੱਖ ਲੋਕ ਉਨ੍ਹਾਂ ਬਿਮਾਰੀਆਂ ਨਾਲ ਮਰ ਰਹੇ ਹਨ ਜਿਹੜੀਆਂ ਸਿੱਧੇ ਤੌਰ ’ਤੇ ਪ੍ਰਦੂਸ਼ਣ ਨਾਲ ਸਬੰਧਤ ਹਨ। ਸਾਲ 2024 ਦੇ ਅੰਕੜਿਆਂ ਅਨੁਸਾਰ ਭਾਰਤ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਤੀਸਰਾ ਦੇਸ਼ ਹੈ। ਜਿਸ ਦਾ ਔਸਤ ਪੀਐੱਮ 2.5 ਪੱਧਰ 50.6 ਮਾਈਕਰੋ ਗ੍ਰਾਮ ਪ੍ਰਤੀ ਘਣ ਮੀਟਰ ਹੈ। ਜਿਹੜਾ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਸ਼ਚਤ ਪੱਧਰ ਤੋਂ 10 ਗੁਣਾ ਵੱਧ ਹੈ। ਇਸ ਦੇ ਮੁੱਖ ਕਾਰਨ ਉਦਯੋਗਾਂ ਨਾਲ ਸਬੰਧਤ ਸਰਗਰਮੀਆਂ ਦੁਆਰਾ 53 ਪ੍ਰਤੀਸ਼ਤ, ਆਵਾਜਾਈ ਸਾਧਨਾਂ ਕਾਰਨ 27 ਪ੍ਰਤੀਸ਼ਤ ਅਤੇ ਫ਼ਸਲਾਂ ਸਾੜਨ ਕਾਰਨ 17 ਪ੍ਰਤੀਸ਼ਤ ਹਨ। ਭਾਰਤ ਵਿਚ ਹਰ ਸਾਲ 20 ਲੱਖ ਤੋਂ ਵੱਧ ਮੌਤਾਂ ਕੇਵਲ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ। ਗਿਆਰਾਂ ਮਾਰਚ 2025 ਨੂੰ ਜਾਰੀ ਕੀਤੀ ਗਈ ਇਕ ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ਦੇ ਸੱਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚੋਂ 13 ਭਾਰਤ ਦੇ ਹਨ। ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਹੈ। ਭਾਰਤ ਦੀ ਗੱਲ ਕਰੀਏ ਤਾਂ ਦਿੱਲੀ ਤੋਂ ਬਾਅਦ ਹਾਜੀਪੁਰ (ਬਿਹਾਰ) ਅਤੇ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦਾ ਨੰਬਰ ਆਉਂਦਾ ਹੈ।
ਪ੍ਰਦੂਸ਼ਣ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ‘ਪਾਲਿਊਸ਼ਨ’ ਤੋਂ ਆਇਆ ਹੈ ਜਿਸ ਦਾ ਅਰਥ ਹੈ ‘ਮੰਦਾ ਕਰਨਾ’। ਪ੍ਰਦੂਸ਼ਣ, ਵਾਤਾਵਰਨ ਵਿਚ ਹਾਨੀਕਾਰਕ ਪਦਾਰਥਾਂ ਨੂੰ ਮਿਲਾ ਕੇ ਹਵਾ, ਪਾਣੀ ਅਤੇ ਭੂਮੀ ਨੂੰ ਪ੍ਰਦੂਸ਼ਿਤ ਕਰਨ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ। ਇਸ ਨੇ ਵਾਤਾਵਰਨ ਦਾ ਸੰਤੁਲਨ ਵਿਗਾੜ ਕੇ ਧਰਤੀ ’ਤੇ ਹਰ ਤਰ੍ਹਾਂ ਦੇ ਜੀਵਨ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਪੰਜਾਹ ਤੋਂ ਘੱਟ ਪ੍ਰਦੂਸ਼ਣ-ਪੱਧਰ ਵਧੀਆ ਮੰਨਿਆ ਜਾਂਦਾ ਹੈ ਤੇ 51-100 ਨੂੰ ਦਰਮਿਆਨਾ ਕਿਹਾ ਜਾਂਦਾ ਹੈ। ਇਵੇਂ ਹੀ 101-150 ਪੱਧਰ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਲਈ ਮਾੜਾ ਹੁੰਦਾ ਹੈ ਤੇ 151-200 ਗ਼ੈਰ-ਸਿਹਤਮੰਦ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਹੀ ਨਹੀਂ, 201-300 ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ ਅਤੇ 301 ਤੋਂ ਉੱਪਰ ਦਾ ਪੱਧਰ ਖ਼ਤਰਨਾਕ ਘੋਸ਼ਿਤ ਕੀਤਾ ਗਿਆ ਹੈ। ਅਜਿਹੇ ਸਮੇਂ ਘਰ ਤੋਂ ਬਾਹਰ ਨਿਕਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ। ਮੈਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਦੀਵਾਲੀ ਤੋਂ ਅਗਲੀ ਸਵੇਰ ਇਕ ਦਿਲ ਦਾ ਮਰੀਜ਼ ਸੀਨੀਅਰ ਸਿਟੀਜ਼ਨ ਸੈਰ ਕਰਨ ਲਈ ਨਿਕਲ ਗਿਆ। ਵੱਡਾ ਸ਼ਹਿਰ ਹੋਣ ਕਰਕੇ ਰਾਤ ਇਕ-ਦੋ ਵਜੇ ਤੱਕ ਪਟਾਕੇ ਚੱਲਦੇ ਰਹੇ ਸਨ। ਸਵੇਰ ਸਮੇਂ ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਉੱਚਾ ਸੀ। ਉਹ ਸੈਰ ਕਰ ਕੇ ਵਾਪਸ ਪਰਤਿਆ ਤਾਂ ਅਜਿਹਾ ਦਿਲ ਦਾ ਦੌਰਾ ਪਿਆ ਕਿ ਜੀਵਨ-ਲੀਲ੍ਹਾ ਹੀ ਸਮਾਪਤ ਹੋ ਗਈ।
ਵੱਖ-ਵੱਖ ਦੇਸ਼ਾਂ, ਵੱਖ-ਵੱਖ ਸ਼ਹਿਰਾਂ ਦੇ ਪ੍ਰਦੂਸ਼ਣ-ਪੱਧਰ ’ਤੇ ਨਜ਼ਰ ਮਾਰੀਏ ਤਾਂ ਅੰਤਾਂ ਦੀ ਹੈਰਾਨੀ ਹੁੰਦੀ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ? ਕੀ ਕਰ ਰਹੇ ਹਾਂ? ਕਿੱਧਰ ਨੂੰ ਜਾ ਰਹੇ ਹਾਂ? ਜਿਨ੍ਹਾਂ ਦੇਸ਼ਾਂ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਉੱਚਾ ਹੈ, ਉਨ੍ਹਾਂ ਵਿਚ ਪਹਿਲੇ 10-12 ਹਨ ਬੰਗਲਾਦੇਸ਼, ਪਾਕਿਸਤਾਨ, ਭਾਰਤ, ਬਹਿਰੀਨ, ਨੇਪਾਲ, ਮਿਸਰ, ਕੁਵੈਤ, ਤਜਾਕਿਸਤਾਨ, ਇਰਾਕ, ਯੂਏਈ, ਬੋਸਨੀਆ ਤੇ ਵੀਅਤਨਾਮ ਆਦਿ ਹਨ।
ਦੂਸਰੇ ਪਾਸੇ ਜਿਹੜੇ ਚਰਚਿਤ ਮੁਲਕਾਂ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਨੀਵਾਂ ਹੈ, ਉਨ੍ਹਾਂ ਵਿਚ ਆਸਟ੍ਰੇਲੀਆ, ਸਵੀਡਨ, ਫਿਨਲੈਂਡ, ਨਿਊਜ਼ੀਲੈਂਡ, ਕੈਨੇਡਾ, ਨਾਰਵੇ, ਆਇਰਲੈਂਡ, ਸਵਿਟਜ਼ਰਲੈਂਡ, ਆਸਟਰੀਆ, ਡੈਨਮਾਰਕ, ਇੰਗਲੈਂਡ ਆਦਿ ਸ਼ਾਮਲ ਹਨ।
ਇਨ੍ਹਾਂ ਮੁਲਕਾਂ ਦੇ ਕਈ ਸ਼ਹਿਰਾਂ-ਕਸਬਿਆਂ ਵਿਚ ਪ੍ਰਦੂਸ਼ਣ-ਪੱਧਰ ਕੇਵਲ 2-3 ਤੱਕ ਹੁੰਦਾ ਹੈ। ਭਾਰਤ ਵਿੱਚੋਂ ਗਏ ਲੋਕ ਅਜਿਹਾ ਵੇਖ ਕੇ ਹੈਰਾਨ ਰਹਿ ਜਾਂਦੇ ਹਨ। ਉੱਥੇ ਰਹਿਣ ਦੌਰਾਨ ਕਈ ਲੋਕਾਂ ਦੀਆਂ ਪ੍ਰਦੂਸ਼ਣ ਨਾਲ ਸੰਬੰਧਤ ਬਿਮਾਰੀਆਂ-ਪਰੇਸ਼ਾਨੀਆਂ ਕਾਫ਼ੀ ਹੱਦ ਤੱਕ ਘਟ ਜਾਂਦੀਆਂ ਹਨ। ਕਈ ਇਹ ਵੀ ਦੱਸਦੇ ਹਨ ਕਿ ਉੱਥੇ ਜਾ ਕੇ ਉਨ੍ਹਾਂ ਨੂੰ ਬੀਪੀ ਦੀ ਗੋਲ਼ੀ ਖਾਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਅਤੇ ਸਾਰਾ ਦਿਨ ਥਕਾਵਟ ਵੀ ਨਹੀਂ ਹੁੰਦੀ। ਹਵਾ, ਜਲ ਤੇ ਭੂਮੀ ਪ੍ਰਦੂਸ਼ਣ ਨਾਲ ਜੁੜੇ ਅੰਕੜੇ ਅਚੰਭਿਤ ਕਰਨ ਵਾਲੇ ਹਨ। ਸਮੁੰਦਰ ਵਿਚ ਹਰ ਰੋਜ਼ 1.1 ਕਰੋੜ ਟਨ ਪਲਾਸਟਿਕ ਪਹੁੰਚਦੀ ਹੈ ਜਿਹੜੀ 200 ਟਰੱਕਾਂ ਦਾ ਕਚਰਾ ਸਮੁੰਦਰ ਵਿਚ ਸੁੱਟਣ ਬਰਾਬਰ ਹੈ। ਸਮੁੰਦਰਾਂ ਵਿਚ ਪ੍ਰਤੀ ਵਰਗ ਕਿੱਲੋਮੀਟਰ 4 ਅਰਬ ਤੋਂ ਵੱਧ ਮਾਈਕਰੋਫਾਈਬਰ ਤੈਰਦੇ ਹਨ ਜਿਹੜੇ ਮਨੁੱਖ ਦੁਆਰਾ ਕੱਪੜੇ ਧੋਣ ਦੌਰਾਨ ਨਿਕਲਦੇ ਹਨ।
ਭੂਮੀ ਪ੍ਰਦੂਸ਼ਣ ਕਾਰਨ ਧਰਤੀ ਹਰ ਸਾਲ 24 ਅਰਬ ਟਨ ਉੱਪਰਲੀ ਪਰਤ ਦੀ ਮਿੱਟੀ ਗੁਆ ਦਿੰਦੀ ਹੈ। ਮਨੁੱਖ ਜੋ ਕਚਰਾ ਪੈਦਾ ਕਰਦਾ ਹੈ, ਉਸ ਨਾਲ 63000 ਟਰੱਕ ਭਰ ਸਕਦੇ ਹਨ। ਦੁਨੀਆ ਵਿਚ ਹਰੇਕ ਸਾਲ 1.3 ਅਰਬ ਟਨ ਕਚਰਾ ਪੈਦਾ ਹੁੰਦਾ ਹੈ।
ਮਾਹਿਰ ਮੰਨਦੇ ਹਨ ਕਿ ਜੇਕਰ ਕਾਰਗਰ ਕਦਮ ਨਾ ਚੁੱਕੇ ਗਏ ਤਾਂ ਵਧਦਾ ਪ੍ਰਦੂਸ਼ਣ ਅਤੇ ਧਰਤੀ ਦਾ ਵਧਦਾ ਤਾਪਮਾਨ ਖ਼ਤਰਨਾਕ ਹੱਦ ਤੱਕ ਪਹੁੰਚ ਜਾਣਗੇ। ਸਾਲ 2100 ਤੱਕ ਪਹੁੰਚਦੇ-ਪਹੁੰਚਦੇ ਇਨ੍ਹਾਂ ਦਾ ਖੂੰਖਾਰ ਰੂਪ ਸਾਹਮਣੇ ਆ ਜਾਵੇਗਾ। ਇਕ ਹੋਰ ਸਰਵੇ ਅਨੁਸਾਰ ਪ੍ਰਦੂਸ਼ਣ ਕਾਰਨ ਹਰੇਕ ਸਾਲ 1000000 ਤੋਂ ਵਧੇਰੇ ਸਮੁੰਦਰੀ ਪੰਛੀਆਂ ਦੀ ਮੌਤ ਹੋ ਜਾਂਦੀ ਹੈ ਅਤੇ 1000000 ਤੋਂ ਵੱਧ ਹੋਰ ਸਮੁੰਦਰੀ ਜੀਵ ਮਾਰੇ ਜਾਂਦੇ ਹਨ।
ਜਿਹੜੇ ਲੋਕ ਉੱਚ-ਪੱਧਰੀ ਹਵਾ ਪ੍ਰਦੂਸ਼ਣ ਵਾਲੇ ਇਲਾਕਿਆਂ ਵਿਚ ਰਹਿੰਦੇ ਹਨ, ਉਨ੍ਹਾਂ ਵਿਚ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਸਰਵੇ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸਿਗਰਟ ਨਾ ਪੀਣ ਵਾਲਿਆਂ ਦੇ ਫੇਫੜਿਆਂ ਨੂੰ ਵੀ ਪ੍ਰਦੂਸ਼ਣ ਦੇ ਧੂੰਏਂ ਨੇ ਓਨਾ ਹੀ ਪ੍ਰਭਾਵਿਤ ਕੀਤਾ ਹੋਇਆ ਸੀ।
ਹੈਰਾਨੀ ਵਾਲੀ ਗੱਲ ਹੈ ਕਿ ਅਮਰੀਕਾ ਦੀ ਕੁੱਲ ਆਬਾਦੀ, ਦੁਨੀਆ ਦੀ ਵਸੋਂ ਦਾ ਕੇਵਲ 5 ਪ੍ਰਤੀਸ਼ਤ ਹਿੱਸਾ ਹੈ ਪਰ ਪ੍ਰਦੂਸ਼ਣ ਪੈਦਾ ਕਰਨ ਵਿਚ ਉਹ ਬਹੁਤ ਅੱਗੇ ਹੈ ਕਿਉਂਕਿ ਉਹ ਦੁਨੀਆ ਦਾ 25 ਪ੍ਰਤੀਸ਼ਤ ਕੋਲਾ ਬਾਲਦਾ ਹੈ, 26 ਫ਼ੀਸਦ ਤੇਲ ਵਰਤਦਾ ਹੈ ਤੇ 27% ਕੁਦਰਤੀ ਗੈਸ ਜਲਾਉਂਦਾ ਹੈ।
ਦੁਨੀਆ ਦੀ ਕੁੱਲ ਆਬਾਦੀ ਵਿਚ ਬੱਚਿਆਂ ਦੀ ਗਿਣਤੀ ਕੇਵਲ 10 ਪ੍ਰਤੀਸ਼ਤ ਹੈ ਪਰੰਤੂ ਬਿਮਾਰੀਆਂ ਦਾ 40 ਪ੍ਰਤੀਸ਼ਤ ਬੋਝ ਬੱਚਿਆਂ ’ਤੇ ਹੀ ਪੈਂਦਾ ਹੈ। ਪੰਜ ਸਾਲ ਤੋਂ ਘੱਟ ਉਮਰ ਦੇ 3000000 ਤੋਂ ਵਧੇਰੇ ਬੱਚੇ ਹਰੇਕ ਸਾਲ ਵਾਤਾਵਰਨ ਸਬੰਧੀ ਕਾਰਨਾਂ ਕਰਕੇ ਮਰਦੇ ਹਨ।
ਘਰ ਦੇ ਅੰਦਰ ਦਾ ਪ੍ਰਦੂਸ਼ਣ ਇਕ ਵੱਡੀ ਸਮੱਸਿਆ ਹੈ। ਤਿੰਨ ਅਰਬ ਲੋਕ ਅਜਿਹੇ ਹਨ ਜਿਨ੍ਹਾਂ ਦੀ ਰਸੋਈ ਗੈਸ ਤੱਕ ਪਹੁੰਚ ਨਹੀਂ ਹੈ। ਉਹ ਅੱਜ ਵੀ ਸਟੋਵ ਜਾਂ ਖੁੱਲ੍ਹੀ ਅੱਗ ਦੀ ਵਰਤੋਂ ਕਰਦੇ ਹਨ। ਨਤੀਜੇ ਵਜੋਂ ਇਸ ਤੋਂ ਵਧੇਰੇ ਕਰਕੇ ਔਰਤਾਂ ਅਤੇ ਬੱਚੇ ਪ੍ਰਭਾਵਿਤ ਹੁੰਦੇ ਹਨ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਹਵਾ ਪ੍ਰਦੂਸ਼ਣ ਕਾਰਨ ਸਾਡੇ ਗ੍ਰਹਿ ਧਰਤੀ ’ਤੇ ਵੱਡੀਆਂ ਜਲਵਾਯੂ ਤਬਦੀਲੀਆਂ ਵਾਪਰ ਰਹੀਆਂ ਹਨ। ਨਤੀਜੇ ਵਜੋਂ ਪੂਰੀ ਧਰਤੀ ਪ੍ਰਦੂਸ਼ਣ ਦੀ ਮਾਰ ਝੱਲ ਰਹੀ ਹੈ। ਦਿਨ-ਬ-ਦਿਨ ਮੁਕਾਬਲਾਤਨ ਪ੍ਰਦੂਸ਼ਣ ਵੱਧ ਹੁੰਦਾ ਜਾ ਰਿਹਾ ਹੈ।
ਦੁਨੀਆ ਵਿਚ ਇਕ ਬਿਲੀਅਨ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲਦਾ। ਹਰ ਰੋਜ਼ 5000 ਤੋਂ ਵੱਧ ਲੋਕ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਮਰ ਰਹੇ ਹਨ। ਨੌਬਤ ਇੱਥੋਂ ਤੱਕ ਪਹੁੰਚ ਗਈ ਹੈ ਕਿ ਉੱਚ-ਪੱਧਰੀ ਪ੍ਰਦੂਸ਼ਣ ਵਾਲੇ ਦੇਸ਼ ਆਸ-ਪਾਸ ਦੇ ਦੇਸ਼ਾਂ ਦਾ ਮੌਸਮ ਅਤੇ ਪ੍ਰਦੂਸ਼ਣ-ਪੱਧਰ ਵਿਗਾੜ ਰਹੇ ਹਨ। ਕੋਈ ਦੇਸ਼, ਕੋਈ ਸ਼ਹਿਰ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਦਾ ਪ੍ਰਦੂਸ਼ਣ-ਪੱਧਰ ਅੱਜ ਨੀਵਾਂ ਹੈ ਅਤੇ ਇਹ ਨੇੜ-ਭਵਿੱਖ ਵਿਚ ਵੀ ਨੀਵਾਂ ਬਣਿਆ ਰਹੇਗਾ। ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਸਮਿਆਂ ਵਿਚ ਆਪਣੇ-ਆਪ ਨੂੰ ਪ੍ਰਦੂਸ਼ਣ ਤੋਂ ਕਿਵੇਂ ਤੇ ਕਿੰਨਾ ਕੁ ਬਚਾਇਆ ਜਾ ਸਕਦਾ ਹੈ? ਘਰ ਦੇ ਅੰਦਰ ਰਹਿਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਏਅਰ ਪਿਓਰੀਫਾਇਰ ਦੀ ਵਰਤੋਂ ਕਰ ਸਕਦੇ ਹਾਂ। ਵਿਟਾਮਿਨ-ਸੀ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ। ਧੂੰਏਂ ਦੇ ਸਿੱਧੇ ਸੰਪਰਕ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ। ਘਰ ਅਤੇ ਘਰ ਦੇ ਆਸ-ਪਾਸ ਪੇੜ-ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਹਰਿਆਵਲ ਹਵਾ ਨੂੰ ਸਾਫ਼ ਕਰੇ। ਗ੍ਰੀਨ ਚਾਹ, ਅਦਰਕ, ਤੁਲਸੀ, ਹਲਦੀ, ਲਸਣ ਜਿਹੀਆਂ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਾਂ। ਮਾਸਕ ਪਹਿਨ ਕੇ ਪ੍ਰਦੂਸ਼ਣ ਦੇ ਦੁਰ-ਪ੍ਰਭਾਵਾਂ ਤੋਂ ਕਿਸੇ ਹੱਦ ਤੱਕ ਬਚਿਆ ਜਾ ਸਕਦਾ ਹੈ। ਮਾਸਕ, ਐੱਨ 95, ਐੱਨ 99 ਜਾਂ ਪੀ.100 ਹੋਣਾ ਚਾਹੀਦਾ ਹੈ। ਸੈਰ-ਕਸਰਤ ਕਰਨ ਨਾਲ ਵੀ ਫ਼ਾਇਦਾ ਮਿਲਦਾ ਹੈ ਪਰ ਕਸਰਤ ਘਰ ਦੇ ਅੰਦਰ ਹੀ ਕਰਨੀ ਚਾਹੀਦੀ ਹੈ ਅਤੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਬੰਦ ਰੱਖਣੇ ਚਾਹੀਦੇ ਹਨ।
ਬਹੁਤ ਸਾਰੇ ਅਜਿਹੇ ਕੁਦਰਤੀ ਪੌਦੇ ਹਨ ਜਿਹੜੇ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਂਦੇ ਹਨ। ਅਜਿਹੇ ਪੌਦੇ ਗਮਲਿਆਂ ਵਿਚ ਲਗਾ ਕੇ ਘਰ ਦੇ ਅੰਦਰ ਰੱਖੇ ਜਾ ਸਕਦੇ ਹਨ। ਜਿਨ੍ਹਾਂ ਦਿਨਾਂ ਵਿਚ ਪ੍ਰਦੂਸ਼ਣ-ਪੱਧਰ ਵਧੇਰੇ ਉੱਚਾ ਹੁੰਦਾ ਹੈ, ਉਨ੍ਹਾਂ ਦਿਨਾਂ ਵਿਚ ਸਰਕਾਰਾਂ ਅਤੇ ਪ੍ਰਸ਼ਾਸਨ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹਨ। ਉਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ।
ਪੰਜਾਬ ਵਿਚ ਦੀਵਾਲੀ ਤੋਂ ਬਾਅਦ ਅਤੇ ਖੇਤਾਂ ਵਿਚ ਪਰਾਲੀ ਨੂੰ ਜਲਾਉਣ ਦੌਰਾਨ ਸਥਿਤੀ ਖ਼ਤਰਨਾਕ ਬਣ ਜਾਂਦੀ ਹੈ। ਹਵਾ ਵਿਚ ਜ਼ਹਿਰੀਲੇ ਕਣਾਂ ਦੀ ਮਾਤਰਾ ਬਹੁਤ ਵਧ ਜਾਂਦੀ ਹੈ। ਭਾਰਤ ਵਿਚ ਦਿੱਲੀ, ਪੰਜਾਬ ਅਤੇ ਹਰਿਆਣਾ ਦੀ ਸਥਿਤੀ ਸਭ ਤੋਂ ਖ਼ਰਾਬ ਹੁੰਦੀ ਹੈ। ਪ੍ਰਦੂਸ਼ਣ ਕਾਰਨ ਪੰਜਾਬ ਦੇ ਲੋਕਾਂ ਦੀ ਉਮਰ 4-5 ਸਾਲ ਘੱਟ ਹੋ ਗਈ ਹੈ। ਦਿੱਲੀ ਦੇ ਲੋਕਾਂ ਨੂੰ ਆਪਣੀ ਉਮਰ ਵਿਚ 7-8 ਸਾਲ ਦੀ ਕਟੌਤੀ ਨਾਲ ਪ੍ਰਦੂਸ਼ਣ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਦਿੱਲੀ, ਪੰਜਾਬ ਤੇ ਹਰਿਆਣਾ ਦੇ ਸ਼ਹਿਰਾਂ ਵਿਚ ਅਕਤੂਬਰ-ਨਵੰਬਰ ਮਹੀਨਿਆਂ ਵਿਚ ਪ੍ਰਦੂਸ਼ਣ ਦਾ ਪੱਧਰ 250 ਤੋਂ 400 ਤੱਕ ਪਹੁੰਚ ਜਾਂਦਾ ਹੈ। ਇਹ ਸਮੂਹਿਕ ਸਿਹਤ ਐਮਰਜੈਂਸੀ ਵਾਲੇ ਹਾਲਾਤ ਬਣ ਜਾਂਦੇ ਹਨ। ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਬੇਹੱਦ ਚੌਕਸੀ ਵਰਤਣ ਦੀ ਲੋੜ ਹੁੰਦੀ ਹੈ।
-ਪ੍ਰੋ. ਕੁਲਬੀਰ ਸਿੰਘ
-ਮੋਬਾਈਲ : 94171-53513