ਪਿਛਲੇ ਛੇ ਸਾਲਾਂ ’ਚ ਸਥਿਤੀ ਜ਼ਿਆਦਾ ਗੰਭੀਰ ਹੋਈ ਹੈ। ਸਾਲ 2019 ’ਚ ਧਰਤੀ ਹੇਠਲੇ ਪਾਣੀ ’ਚ ਯੂਰੇਨੀਅਮ 24.2 ਫ਼ੀਸਦ ਤੋਂ ਵਧ ਕੇ 2024 ’ਚ 53.04% ਤੱਕ ਪੁੱਜ ਗਿਆ ਹੈ। ਪੀਣ ਵਾਲੇ ਪਾਣੀ ਦੇ ਸੈਂਪਲ ਵੀ ਲਗਾਤਾਰ ਫੇਲ੍ਹ ਹੋ ਰਹੇ ਹਨ। ਸ਼ਹਿਰਾਂ ਤੋਂ ਇਲਾਵਾ ਲੋਕਾਂ ਨੂੰ ਪਿੰਡਾਂ ’ਚ ਵੀ ਆਰਓ ਸਿਸਟਮ ਵਰਤ ਕੇ ਪਾਣੀ ਪੀਣਾ ਪੈ ਰਿਹਾ ਹੈ।

ਗੁਰਬਾਣੀ ਦਾ ਮਹਾਵਾਕ ‘ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ’ ਇਸ ਗੱਲ ਦਾ ਸੰਦੇਸ਼ ਦਿੰਦਾ ਹੈ ਕਿ ਪਾਣੀ ਸਿਰਫ਼ ਇਕ ਤੱਤ ਨਹੀਂ, ਸਗੋਂ ਜੀਵਨ ਦਾ ਆਧਾਰ ਹੈ। ਇਸ ਵੇਲੇ ਹਾਲਾਤ ਇਸ ਤੋਂ ਉਲਟ ਹੋ ਰਹੇ ਹਨ। ਗੰਧਲੇ ਹੋ ਰਹੇ ਪਾਣੀਆਂ ਤੇ ਜ਼ਮੀਨ ਹੇਠਲੇ ਪਾਣੀ ਦੇ ਲਗਾਤਾਰ ਘਟਦੇ ਪੱਧਰ ਦੀ ਮੌਜੂਦਾ ਸਥਿਤੀ ਚਿੰਤਾ ਵਧਾ ਰਹੀ ਹੈ। ਇਸ ਬਾਰੇ ਸੰਸਦ ’ਚ ਪੇਸ਼ ਤਾਜ਼ਾ ਅੰਕੜਿਆਂ ਮੁਤਾਬਕ ਸੂਬੇ ਦੇ ਪਾਣੀਆਂ ’ਚ ਯੂਰੇਨੀਅਮ ਪਹਿਲਾਂ ਨਾਲੋਂ ਦੁੱਗਣਾ ਹੋ ਗਿਆ ਹੈ।
ਪਿਛਲੇ ਛੇ ਸਾਲਾਂ ’ਚ ਸਥਿਤੀ ਜ਼ਿਆਦਾ ਗੰਭੀਰ ਹੋਈ ਹੈ। ਸਾਲ 2019 ’ਚ ਧਰਤੀ ਹੇਠਲੇ ਪਾਣੀ ’ਚ ਯੂਰੇਨੀਅਮ 24.2 ਫ਼ੀਸਦ ਤੋਂ ਵਧ ਕੇ 2024 ’ਚ 53.04% ਤੱਕ ਪੁੱਜ ਗਿਆ ਹੈ। ਪੀਣ ਵਾਲੇ ਪਾਣੀ ਦੇ ਸੈਂਪਲ ਵੀ ਲਗਾਤਾਰ ਫੇਲ੍ਹ ਹੋ ਰਹੇ ਹਨ। ਸ਼ਹਿਰਾਂ ਤੋਂ ਇਲਾਵਾ ਲੋਕਾਂ ਨੂੰ ਪਿੰਡਾਂ ’ਚ ਵੀ ਆਰਓ ਸਿਸਟਮ ਵਰਤ ਕੇ ਪਾਣੀ ਪੀਣਾ ਪੈ ਰਿਹਾ ਹੈ। ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਚੁੱਕਾ ਹੈ।
ਸਾਲ 2024 ’ਚ ਦੇਸ਼ ’ਚ ਲਏ ਗਏ ਪਾਣੀ ਦੇ ਨਮੂਨਿਆਂ ’ਚੋਂ 6.7 ਪ੍ਰਤੀਸ਼ਤ ਯੂਰੇਨੀਅਮ ਸੁਰੱਖਿਆ ਮਾਪਦੰਡਾਂ ਤੋਂ ਵੱਧ ਮਿਲਿਆ ਸੀ। ਹਾਲਾਂਕਿ ਸਾਲ 2019 ’ਚ ਇਹ 3% ਸੀ। ਇਸ ਤੋਂ ਅੰਦਾਜ਼ਾ ਲਗਾਉਣਾ ਸੌਖਾ ਹੈ ਕਿ ਸਥਿਤੀ ਕਿਸ ਰਫ਼ਤਾਰ ਨਾਲ ਚਿੰਤਾਜਨਕ ਹੋਈ ਹੈ। ਮਨੁੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤਾਂ ਤੋਂ ਲੈ ਕੇ ਉਦਯੋਗਾਂ ਤੱਕ ਸਭ ਲਈ ਪਾਣੀ ਜ਼ਰੂਰੀ ਹੈ। ਪਾਣੀ ਦੇ ਸਰੋਤਾਂ ਦੀ ਬੇਹਿਸਾਬੀ ਵਰਤੋਂ ਕਾਰਨ ਹੀ ਇਹ ਬੁਰੀ ਤਰ੍ਹਾਂ ਪਲੀਤ ਹੋ ਰਹੇ ਹਨ। ਇਸ ਦਾ ਸਿੱਧਾ ਅਸਰ ਮਨੁੱਖ ਦੀ ਸਿਹਤ ’ਤੇ ਪੈ ਰਿਹਾ ਹੈ। ਝੋਨਾ ਲਾਉਣ ਲਈ ਸਭ ਤੋਂ ਵੱਧ ਪਾਣੀ ਦੀ ਵਰਤੋਂ ਹੁੰਦੀ ਹੈ।
ਇਹ ਹੋਰ ਸਬਜ਼ੀਆਂ ਤੇ ਫ਼ਸਲਾਂ ਦੇ ਮੁਕਾਬਲੇ ਜ਼ਿਆਦਾ ਹੈ ਪਰ ਇਕੱਲੀ ਖੇਤੀ ਨੂੰ ਪਾਣੀਆਂ ਦੇ ਘਟਦੇ ਪੱਧਰ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਵਧ ਰਹੀ ਆਬਾਦੀ ਮੁਤਾਬਕ ਖਾਣ ਵਾਲੀਆਂ ਵਸਤਾਂ ਦੀ ਮੰਗ ਪੂਰੀ ਕਰਨ ਲਈ ਖੇਤੀ ਤੋਂ ਵੱਧ ਉਤਪਾਦਨ ਕਰਨ ਲਈ ਕਈ ਤਰ੍ਹਾਂ ਦੇ ਸਪਰੇਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਵੱਧ ਝਾੜ ਹਾਸਲ ਕੀਤਾ ਜਾ ਸਕੇ। ਇਸ ਦਾ ਸਿੱਧਾ ਅਸਰ ਮਿੱਟੀ ਦੀ ਉਪਜਾਊ ਸ਼ਕਤੀ ’ਤੇ ਪੈ ਰਿਹਾ ਹੈ।
ਪਾਣੀਆਂ ’ਚ ਘੋਲ ਕੇ ਫ਼ਸਲਾਂ ’ਤੇ ਸੁੱਟੀਆਂ ਜਾਣ ਵਾਲੀਆਂ ਇਹ ਜ਼ਹਿਰੀਲੀਆਂ ਦਵਾਈਆਂ ਜ਼ਮੀਨੀ ਪਾਣੀ ’ਚ ਰਲ਼ ਕੇ ਉਸ ਨੂੰ ਗੰਧਲਾ ਕਰ ਰਹੀਆਂ ਹਨ। ਫ਼ਸਲਾਂ ’ਤੇ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਨਾਲ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਵਧ ਰਹੀਆਂ ਹਨ।
ਬਠਿੰਡਾ ਤੋਂ ਰਾਜਸਥਾਨ ਮਰੀਜ਼ ਲੈ ਕੇ ਜਾਣ ਵਾਲੀ ਕੈਂਸਰ ਰੇਲਗੱਡੀ ਇਸ ਗੱਲ ਦੀ ਗਵਾਹ ਹੈ। ਇਹ ਗੰਧਲੇ ਪਾਣੀਆਂ ਦਾ ਨਤੀਜਾ ਹੈ ਕਿ ਪੰਜਾਬ ’ਚ ਸਾਲ 2024 ’ਚ 42 ਹਜ਼ਾਰ ਤੋਂ ਵੱਧ ਕੈਂਸਰ ਦੇ ਨਵੇਂ ਮਾਮਲੇ ਸਾਹਮਣੇ ਆਏ ਸਨ। ਕਈ ਮੀਡੀਆ ਰਿਪੋਰਟਾਂ ਮੁਤਾਬਕ ਇਸ ਰੋਗ ਕਾਰਨ ਪਿਛਲੇ ਸਾਲ 24 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ। ਹਾਲਾਤ ਇਹ ਹਨ ਕਿ ਪੰਜਾਬ ਇਸ ਵੇਲੇ ਕੈਂਸਰ ਨਾਲ ਹੋਣ ਵਾਲੀਆਂ ਰੋਜ਼ਾਨਾ 60 ਤੋਂ 100 ਮੌਤਾਂ ਨਾਲ ਪੂਰੇ ਦੇਸ਼ ’ਚ ਸਭ ਤੋਂ ਅੱਗੇ ਹੈ। ਜੇਕਰ ਪਾਣੀ ’ਚ ਯੂਰੇਨੀਅਮ ਵਧਦਾ ਹੈ ਤਾਂ ਕਿਡਨੀਆਂ ਖ਼ਰਾਬ ਤੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।
ਇਨ੍ਹਾਂ ਅੰਕੜਿਆਂ ਨੂੰ ਬੇਹੱਦ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਦਯੋਗਾਂ ’ਚੋਂ ਨਿਕਲਣ ਵਾਲੇ ਜ਼ਹਿਰੀਲੇ ਪਾਣੀਆਂ ਨੂੰ ਨਹਿਰਾਂ, ਨਾਲਿਆਂ ਤੇ ਸੀਵਰੇਜਾਂ ’ਚ ਡਿੱਗਣ ਤੋਂ ਰੋਕਣਾ ਪਵੇਗਾ। ਫ਼ਸਲਾਂ ਤੇ ਸਬਜ਼ੀਆਂ ਉਗਾਉਣ ਲਈ ਅਜਿਹੇ ਬਦਲ ਲੱਭਣੇ ਸਮੇਂ ਦੀ ਲੋੜ ਹੈ ਜਿਨ੍ਹਾਂ ’ਚ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਯਕੀਨੀ ਬਣਾਈ ਜਾ ਸਕੇ। ਜ਼ਹਿਰੀ ਹੋ ਰਹੇ ਪਾਣੀਆਂ ਨੂੰ ਸਾਫ਼-ਸੁਥਰਾ ਰੱਖਣ ਲਈ ਸਰਕਾਰਾਂ ਤੇ ਲੋਕਾਂ ਨੂੰ ਬੇਹੱਦ ਸੰਜੀਦਗੀ ਨਾਲ ਸੋਚ ਕੇ ਹੱਲ ਲੱਭਣ ਦੀ ਜ਼ਰੂਰਤ ਹੈ।