ਇਹ ਤਾਂ ਉਨ੍ਹਾਂ ਦਾ ਕੰਮ ਹੈ। ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਚੁਣਿਆ ਹੈ ਤਾਂ ਜੋ ਉਹ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ। ਸੜਕਾਂ ਬਣਾਉਣਾ, ਹਸਪਤਾਲ ਖੋਲ੍ਹਣੇ, ਸਕੂਲ ਬਣਾਉਣੇ, ਰੁਜ਼ਗਾਰ ਦੇ ਮੌਕੇ ਪੈਦਾ ਕਰਨਾ, ਇਹ ਸਭ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਪਰ ਭਾਰਤ ਵਿਚ ਬਿਲਕੁਲ ਇਸ ਦੇ ਉਲਟ ਹੋ ਰਿਹਾ ਹੈ।

ਅੱਜ ਦੇ ਸਮੇਂ ਵਿਚ ਭਾਰਤੀ ਰਾਜਨੀਤੀ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਇਕ ਵੱਡਾ ਡਰਾਮਾ ਚੱਲ ਰਿਹਾ ਹੋਵੇ, ਜਿੱਥੇ ਹੁਕਮਰਾਨ ਰਾਜੇ ਬਣ ਜਾਂਦੇ ਹਨ ਅਤੇ ਆਮ ਜਨਤਾ ਨੂੰ ਭਿਖਾਰੀ ਵਾਂਗ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ। ਨੇਤਾ ਚੋਣਾਂ ਤੋਂ ਪਹਿਲਾਂ ਤਾਂ ਆਮ ਜਨਤਾ ਨੂੰ ਵੱਡੇ-ਵੱਡੇ ਸੁਪਨੇ ਵਿਖਾਉਂਦੇ ਹਨ ਪਰ ਜਿੱਤਣ ਉਪਰੰਤ ਉਹ ਆਪਣੇ-ਆਪ ਨੂੰ ਰਾਜੇ ਸਮਝਣ ਲੱਗ ਪੈਂਦੇ ਹਨ ਅਤੇ ਜਨਤਾ ਨੂੰ ਉਨ੍ਹਾਂ ਦੇ ਰਹਿਮੋ-ਕਰਮ ’ਤੇ ਨਿਰਭਰ ਹੋ ਜਾਂਦੀ ਹੈ।
ਚੋਣਾਂ ਤੋਂ ਪਹਿਲਾਂ ਨੇਤਾ ਆਮ ਲੋਕਾਂ ਨੂੰ ਹੱਥ ਜੋੜ ਕੇ ਮਿਲਦੇ ਹਨ, ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਹਨ, ਉਨ੍ਹਾਂ ਨਾਲ ਗਲੇ ਮਿਲਦੇ ਹਨ, ਉਨ੍ਹਾਂ ਦੇ ਘਰਾਂ ਵਿਚ ਜਾ ਕੇ ਚਾਹ ਪੀਂਦੇ ਹਨ ਅਤੇ ਵੱਡੇ-ਵੱਡੇ ਵਾਅਦੇ ਕਰਦੇ ਹਨ। ਉਹ ਅਜਿਹਾ ਬੋਲਦੇ ਹਨ ਜਿਵੇਂ ਉਹ ਲੋਕਾਂ ਦੇ ਸੱਚੇ ਹਮਦਰਦ ਹੋਣ ਪਰ ਜਿੱਤਣ ਉਪਰੰਤ ਇਹੀ ਨੇਤਾ ਬਦਲ ਜਾਂਦੇ ਹਨ। ਉਨ੍ਹਾਂ ਨੂੰ ਮਿਲਣ ਲਈ ਆਮ ਨਾਗਰਿਕ ਨੂੰ ਉਨ੍ਹਾਂ ਦੇ ਦਫ਼ਤਰਾਂ ਵਿਚ ਧੱਕੇ ਖਾਣੇ ਪੈਂਦੇ ਹਨ। ਸਕਿਉਰਿਟੀ ਵਾਲੇ ਉਨ੍ਹਾਂ ਨੂੰ ਰੋਕਦੇ ਹਨ ਅਤੇ ਇਹ ਯਕੀਨੀ ਨਹੀਂ ਹੁੰਦਾ ਕਿ ਨੇਤਾ ਨਾਲ ਮੇਲ ਹੋਵੇਗਾ ਜਾਂ ਨਹੀਂ, ਕੰਮ ਪੂਰਾ ਹੋਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ।
ਇਹ ਰਾਜਨੇਤਾ ਸਰਕਾਰੀ ਬੰਗਲਿਆਂ ਵਿਚ ਰਹਿੰਦੇ ਹਨ, ਵੀਆਈਪੀ ਸਹੂਲਤਾਂ ਦਾ ਆਨੰਦ ਮਾਣਦੇ ਹਨ ਅਤੇ ਆਮ ਜਨਤਾ ਲਈ ਨੀਤੀਆਂ ਬਣਾਉਂਦੇ ਹਨ ਜੋ ਅਕਸਰ ਉਨ੍ਹਾਂ ਦੇ ਆਪਣੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਜਾਂਦੀਆਂ ਹਨ। ਉਹ ਆਪਣੇ ਆਲੇ-ਦੁਆਲੇ ਚਾਪਲੂਸਾਂ ਨੂੰ ਇਕੱਠੇ ਕਰ ਲੈਂਦੇ ਹਨ ਜੋ ਆਮ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰੱਖਦੇ ਹਨ। ਇਕ ਵੱਡੀ ਵਿਡੰਬਣਾ ਇਹ ਵੀ ਹੈ ਕਿ ਜਦੋਂ ਇਹ ਨੇਤਾ ਕਿਸੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਦੇ ਹਨ ਜਾਂ ਉਸ ਨੂੰ ਪੂਰਾ ਕਰ ਕੇ ਉਦਘਾਟਨ ਕਰਦੇ ਹਨ ਤਾਂ ਆਲੇ-ਦੁਆਲੇ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਨਾਂ ਦੇ ਜਿੰਦਾਬਾਦ ਦੇ ਨਾਅਰੇ ਲਗਾਉਣੇ ਪੈਂਦੇ ਹਨ ਅਤੇ ਧੰਨਵਾਦ ਕਰਨਾ ਪੈਂਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਹ ਧੰਨਵਾਦ ਕਿਸ ਗੱਲ ਲਈ?
ਇਹ ਤਾਂ ਉਨ੍ਹਾਂ ਦਾ ਕੰਮ ਹੈ। ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਚੁਣਿਆ ਹੈ ਤਾਂ ਜੋ ਉਹ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ। ਸੜਕਾਂ ਬਣਾਉਣਾ, ਹਸਪਤਾਲ ਖੋਲ੍ਹਣੇ, ਸਕੂਲ ਬਣਾਉਣੇ, ਰੁਜ਼ਗਾਰ ਦੇ ਮੌਕੇ ਪੈਦਾ ਕਰਨਾ, ਇਹ ਸਭ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਪਰ ਭਾਰਤ ਵਿਚ ਬਿਲਕੁਲ ਇਸ ਦੇ ਉਲਟ ਹੋ ਰਿਹਾ ਹੈ। ਸੱਤਾਧਾਰੀ ਲੋਕ ਇਨ੍ਹਾਂ ਕੰਮਾਂ ਨੂੰ ਆਪਣੀ ਮਿਹਰਬਾਨੀ ਵਾਂਗ ਪੇਸ਼ ਕਰਦੇ ਹਨ ਅਤੇ ਜਨਤਾ ਨੂੰ ਉਨ੍ਹਾਂ ਦੇ ਅਹਿਸਾਨਮੰਦ ਬਣਨ ਲਈ ਮਜਬੂਰ ਕਰਦੇ ਹਨ। ਭਾਰਤੀ ਰਾਜਨੀਤੀ ਦੀ ਇਸ ਵਿਵਸਥਾ ਨੇ ਸਮਾਜ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।
ਇਕ ਵਾਰ ਜਿੱਤਣ ’ਤੇ ਕਿਸੇ ਵੀ ਨੇਤਾ ਦੀ ਜ਼ਿੰਦਗੀ ਬਦਲ ਜਾਂਦੀ ਹੈ। ਉਸ ਨੂੰ ਵੱਡੇ ਬੰਗਲੇ, ਕਾਰਾਂ, ਸਕਿਉਰਿਟੀ ਅਤੇ ਅਨੇਕ ਸਹੂਲਤਾਂ ਮਿਲ ਜਾਂਦੀਆਂ ਹਨ। ਉਹ ਅਮੀਰ ਬਣ ਜਾਂਦਾ ਹੈ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਉੱਚੇ ਅਹੁਦਿਆਂ ’ਤੇ ਬਿਠਾ ਲੈਂਦਾ ਹੈ। ਜਦਕਿ ਆਮ ਜਨਤਾ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ। ਗ਼ਰੀਬੀ ਵਧ ਰਹੀ ਹੈ, ਬੇਰੁਜ਼ਗਾਰੀ ਨੌਜਵਾਨਾਂ ਨੂੰ ਖਾ ਰਹੀ ਹੈ, ਸਿਹਤ ਅਤੇ ਸਿੱਖਿਆ ਵਿਵਸਥਾ ਬੁਰੀ ਹਾਲਤ ਵਿਚ ਹੈ।
ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਕੁਝ ਵਿਸ਼ੇਸ਼ ਵਰਗਾਂ ਲਈ ਇਕਤਰਫ਼ਾ ਪੱਖਪਾਤੀ ਨਿਯਮ ਭਾਵ ਕਾਨੂੰਨਾਂ ਦਾ ਨਿਰਮਾਣ ਕਰ ਕੀਤਾ ਜਾਂਦਾ ਹੈ। ਇਸ ਵਿਵਸਥਾ ਨੇ ਸਮਾਜ ਵਿਚ ਅਸਮਾਨਤਾ ਵਧਾ ਦਿੱਤੀ ਹੈ। ਅੱਜ ਨੌਜਵਾਨ ਰਾਜਨੀਤੀ ਨੂੰ ਨਫ਼ਰਤ ਨਾਲ ਵੇਖਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਇਕ ਅਜਿਹੀ ਖੇਡ ਹੈ ਜਿੱਥੇ ਸਿਰਫ਼ ਅਮੀਰ ਅਤੇ ਸੱਤਾਧਾਰੀ ਜਿੱਤਦੇ ਹਨ। ਆਮ ਆਦਮੀ ਨੂੰ ਵੋਟਾਂ ਵੇਲੇ ਹੀ ਯਾਦ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਭੁੱਲ-ਭੁਲਾ ਦਿੱਤਾ ਜਾਂਦਾ ਹੈ।
-ਸੰਦੀਪ ਕੁਮਾਰ,
ਰੂਪਨਗਰ।
-ਮੋਬਾਈਲ : 70098-07121