ਪਿਛਲੇ ਤਿੰਨ ਦਹਾਕਿਆਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਬੰਗਲਾਦੇਸ਼ ਦੀਆਂ ‘ਦੋ ਬੇਗਮਾਂ’- ਅਵਾਮੀ ਲੀਗ ਦੀ ਸ਼ੇਖ ਹਸੀਨਾ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਖਾਲਿਦਾ ਜ਼ਿਆ ਚੋਣ ਪਿੜ ਵਿਚ ਨਹੀਂ ਹਨ। ਅਜਿਹੇ ਵਿਚ ਇਹ ਚੋਣਾਂ ਨਵੇਂ ਸਿਆਸੀ ਸਮੀਕਰਨਾਂ ਵਿਚਕਾਰ ਲੜੀਆਂ ਜਾ ਰਹੀਆਂ ਹਨ।

ਬੰਗਲਾਦੇਸ਼ ਵਿਚ ਅੱਜ ਆਮ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਹੀ ਨਵੇਂ ਬੰਗਲਾਦੇਸ਼ ਦੀ ਦਿਸ਼ਾ ਨਿਰਧਾਰਤ ਕਰਨਗੇ। ਇਸ ਵਾਰ ਅਵਾਮੀ ਲੀਗ ਪਾਬੰਦੀ ਕਾਰਨ ਚੋਣਾਂ ਤੋਂ ਬਾਹਰ ਹੈ ਪਰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਫਿਰ ਵੀ ਚੋਣ ਮਾਹੌਲ ਵਿਚ ਚਰਚਾ ਦਾ ਮੁੱਖ ਵਿਸ਼ਾ ਬਣੀ ਰਹੀ।
ਪਿਛਲੇ ਤਿੰਨ ਦਹਾਕਿਆਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਬੰਗਲਾਦੇਸ਼ ਦੀਆਂ ‘ਦੋ ਬੇਗਮਾਂ’- ਅਵਾਮੀ ਲੀਗ ਦੀ ਸ਼ੇਖ ਹਸੀਨਾ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਖਾਲਿਦਾ ਜ਼ਿਆ ਚੋਣ ਪਿੜ ਵਿਚ ਨਹੀਂ ਹਨ। ਅਜਿਹੇ ਵਿਚ ਇਹ ਚੋਣਾਂ ਨਵੇਂ ਸਿਆਸੀ ਸਮੀਕਰਨਾਂ ਵਿਚਕਾਰ ਲੜੀਆਂ ਜਾ ਰਹੀਆਂ ਹਨ। 13ਵੀਆਂ ਸੰਸਦੀ ਚੋਣਾਂ ਵਿਚ ਨੌਜਵਾਨ ਵਰਗ ਦੀ ਭੂਮਿਕਾ ਖ਼ਾਸ ਤੌਰ ’ਤੇ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ 2024 ਵਿਚ ਸ਼ੇਖ ਹਸੀਨਾ ਖ਼ਿਲਾਫ਼ ਹੋਏ ਅੰਦੋਲਨ ਅਤੇ ਉਨ੍ਹਾਂ ਦੇ ਅਸਤੀਫ਼ੇ ਵਿਚ ਇਹੀ ਵਰਗ ਸਭ ਤੋਂ ਅੱਗੇ ਸੀ।
ਵਰਤਮਾਨ ਵਿਚ 18-35 ਉਮਰ ਵਰਗ ਦੀ ਆਬਾਦੀ ਲਗਪਗ 30 ਪ੍ਰਤੀਸ਼ਤ ਹੈ ਜੋ ਆਧੁਨਿਕ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਨਾਲ ਲੈਸ ਹੈ ਅਤੇ ਜੁਲਾਈ ਦੇ ਅੰਦੋਲਨ ਦੀ ਮੁੱਖ ਪ੍ਰਤੀਨਿਧੀ ਮੰਨੀ ਜਾਂਦੀ ਹੈ। ਸਵਾਲ ਇਹ ਹੈ ਕਿ ਕੀ ਇਹ ਨੌਜਵਾਨ ਵਰਗ ਵਿਦਿਆਰਥੀ ਅੰਦੋਲਨ ਤੋਂ ਉੱਭਰੀ ਨੈਸ਼ਨਲ ਸਿਟੀਜ਼ਨਜ਼ ਪਾਰਟੀ (ਐੱਨਸੀਪੀ) ਨੂੰ ਸਮਰਥਨ ਦੇਵੇਗਾ ਜਾਂ ਰਵਾਇਤੀ ਪਾਰਟੀਆਂ ਆਪਣੇ ਪ੍ਰਸ਼ਾਸਕੀ ਤਜਰਬੇ ਅਤੇ ਸੰਗਠਨਾਤਮਕ ਮਜ਼ਬੂਤੀ ਦੇ ਬਲਬੂਤੇ ਫਿਰ ਸੱਤਾ ਵਿਚ ਆਉਣਗੀਆਂ?
ਲੰਡਨ ਵਿਚ 17 ਸਾਲਾਂ ਦੀ ਜਲਾਵਤਨੀ ਤੋਂ ਬਾਅਦ ਖਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਰਹਿਮਾਨ ਨੇ ਬੀਐੱਨਪੀ ਦੀ ਕਮਾਨ ਸੰਭਾਲੀ ਹੈ।
ਪਿਛਲੇ ਸਾਲ 25 ਦਸੰਬਰ ਨੂੰ ਉਨ੍ਹਾਂ ਦੀ ਬੰਗਲਾਦੇਸ਼ ਵਾਪਸੀ ਦੌਰਾਨ ਉਮੜੀ ਭੀੜ ਨੇ ਸਾਫ਼ ਕਰ ਦਿੱਤਾ ਸੀ ਕਿ 2024 ਦੇ ਅੰਦੋਲਨ ਦਾ ਰਾਜਨੀਤਕ ਲਾਭ ਬੀਐੱਨਪੀ ਨੂੰ ਮਿਲਿਆ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਇਸ ਤੋਂ ਕਾਫ਼ੀ ਉਮੀਦਾਂ ਹਨ। ਢਾਕਾ ਪਹੁੰਚਣ ’ਤੇ ਤਾਰਿਕ ਰਹਿਮਾਨ ਨੇ ਕਿਹਾ, ‘‘ਮੇਰੇ ਕੋਲ ਬੰਗਲਾਦੇਸ਼ ਦੇ ਵਿਕਾਸ ਦੀ ਯੋਜਨਾ ਹੈ।’’ ਇਸੇ ਆਧਾਰ ’ਤੇ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਸਭ ਤੋਂ ਪਹਿਲਾਂ ਰਾਸ਼ਟਰੀ ਬਦਲਾਅ, ਸਮਾਜਿਕ ਬਰਾਬਰੀ, ਆਰਥਿਕ ਸਥਿਰਤਾ, ਖੇਤਰਵਾਦ ਅਤੇ ਧਾਰਮਿਕ ਭਾਈਚਾਰੇ ਜਿਹੇ ਮੁੱਦਿਆਂ ਨੂੰ ਪ੍ਰਮੁੱਖਤਾ ਦਿੱਤੀ ਹੈ। ਬੰਗਲਾਦੇਸ਼ ਦੇ ਚੋਣ ਇਤਿਹਾਸ ਵਿਚ ਮੁੱਦਿਆਂ ਤੋਂ ਵੱਧ ਪਾਰਟੀ ਅਤੇ ਲੀਡਰਸ਼ਿਪ ਦਾ ਪ੍ਰਭਾਵ ਰਿਹਾ ਹੈ ਅਤੇ ਤਾਰਿਕ ਰਹਿਮਾਨ ਨੇ ਪਿਛਲੇ ਡੇਢ ਸਾਲਾਂ ਵਿਚ ਇਸੇ ਦਿਸ਼ਾ ਵਿਚ ਕੰਮ ਕੀਤਾ ਹੈ।
ਵਿਦੇਸ਼ ਵਿਚ ਰਹਿੰਦੇ ਹੋਏ ਵੀ ਉਹ ਆਨਲਾਈਨ ਮਾਧਿਅਮ ਰਾਹੀਂ ਪਾਰਟੀ ਨਾਲ ਜੁੜੇ ਰਹੇ। ਚੋਣ ਗਣਿਤ ਦੇ ਹਿਸਾਬ ਨਾਲ ਬੀਐੱਨਪੀ ਇਸ ਸਮੇਂ ਇਕ ਮਜ਼ਬੂਤ ਪਾਰਟੀ ਮੰਨੀ ਜਾ ਰਹੀ ਹੈ ਜਿਸ ਨੂੰ ਅਵਾਮੀ ਲੀਗ ਦੀ ਗ਼ੈਰ-ਮੌਜੂਦਗੀ ਦਾ ਵੀ ਲਾਭ ਮਿਲ ਸਕਦਾ ਹੈ। ਵਿਦਿਆਰਥੀ ਆਗੂ ਨਾਹਿਦ ਇਸਲਾਮ ਫਰਵਰੀ 2025 ਵਿਚ ਐੱਨਸੀਪੀ ਦੀ ਸਥਾਪਨਾ ਕਰ ਕੇ ਰਾਜਨੀਤੀ ਵਿਚ ਆਇਆ।
ਹਾਲਾਂਕਿ ਵਿਦਿਆਰਥੀ ਅੰਦੋਲਨ ਦੀ ਅਗਵਾਈ ਚੋਣਾਂ ’ਚ ਸਫਲਤਾ ਦੀ ਗਾਰੰਟੀ ਨਹੀਂ ਹੁੰਦੀ। ਅੰਦਰੂਨੀ ਮੁੱਦਿਆਂ ਵਿਚਕਾਰ ਬੀਐੱਨਪੀ, ਜਮਾਤ ਅਤੇ ਐੱਨਸੀਪੀ, ਤਿੰਨਾਂ ਨੇ ਭਾਰਤ ਨਾਲ ਸਬੰਧਾਂ ’ਤੇ ਵੱਖ-ਵੱਖ ਰੁਖ਼ ਅਪਣਾਇਆ ਹੈ। ਬੰਗਲਾਦੇਸ਼ ਕਈ ਵਾਰ ਰਾਜਨੀਤਕ ਉਥਲ-ਪੁਥਲ ’ਚੋਂ ਗੁਜ਼ਰ ਚੁੱਕਾ ਹੈ ਪਰ ਇਸ ਦਾ ਸਿਆਸੀ ਢਾਂਚਾ ਕਾਇਮ ਰਿਹਾ ਹੈ। ਜੇ ਇਨ੍ਹਾਂ ਚੋਣਾਂ ਵਿਚ ਜਮਾਤ ਸੱਤਾ ਵਿਚ ਆਉਂਦੀ ਹੈ ਤਾਂ ਨਾ ਸਿਰਫ਼ ਅੰਦਰੂਨੀ ਰਾਜਨੀਤੀ, ਬਲਕਿ ਵਿਦੇਸ਼ ਨੀਤੀ ਵਿਚ ਵੀ ਮਜ਼ਹਬੀ ਪ੍ਰਭਾਵ ਵਧ ਸਕਦਾ ਹੈ ਜੋ ਭਾਰਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।
-ਰਿਸ਼ੀ ਗੁਪਤਾ