- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦੇ ਸਾਹਮਣੇ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ’ਚ ਸੱਤਾਧਾਰੀ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਵਿਸ਼ਵਾਸ ਵਿਚ ਲਵੇ ਤੇ ਉਨ੍ਹਾਂ ਨਾਲ ਲਗਾਤਾਰ ਸੰਵਾਦ ਕਰੇ। ਪ੍ਰਧਾਨ ਮੰਤਰੀ ਮੋਦੀ ਨੇ ਆਪ੍ਰੇਸ਼ਨ ਸਿੰਧੂਰ ਨੂੰ ਲੈ ਕੇ ਜਿਸ ਤਰ੍ਹਾਂ ਸਾਰੀਆਂ ਪਾਰਟੀਆਂ ਨੂੰ ਵਿਸ਼ਵਾਸ ’ਚ ਲਿਆ, ਉਹ ਸ਼ਲਾਘਾਯੋਗ ਸੀ। ਇਸ ਨਾਲ ਪ੍ਰਧਾਨ ਮੰਤਰੀ ਤੇ ਭਾਰਤੀ ਲੋਕਤੰਤਰ ਦੋਵਾਂ ਦਾ ਕੱਦ ਵਧਿਆ।

ਅੱਜ ਦੇਸ਼ ਮੁਸ਼ਕਲ ਵਿਸ਼ਵ ਪੱਧਰੀ ਹਾਲਾਤ ’ਚ ਖੜ੍ਹਾ ਹੈ। ਸਾਰੀਆਂ ਉਮੀਦਾਂ ਵਿਚਾਲੇ ਆਂਢ-ਗੁਆਂਢ ਦਾ ਘਟਨਾਕ੍ਰਮ ਵੀ ਕੋਈ ਸ਼ੁਭ ਸੰਕੇਤ ਨਹੀਂ ਹੈ। ਇਹ ਸਿਰਫ਼ ਸਰਕਾਰ ਤੇ ਸੱਤਾਧਾਰੀ ਪਾਰਟੀ ਦੀ ਨਹੀਂ, ਸਾਰੀਆਂ ਸਿਆਸੀ ਪਾਰਟੀਆਂ ਲਈ ਸਾਂਝੀ ਚੁਣੌਤੀ ਹੈ। ਜਿਸ ਤਰ੍ਹਾਂ ਉਂਗਲੀਆਂ ਛੋਟੀਆਂ-ਵੱਡੀਆਂ ਹੁੰਦੀਆਂ ਹਨ, ਪਰ ਤਾਕਤਵਰ ਮੁੱਠੀ ਬਣਾਉਣ ’ਚ ਸਭ ਦਾ ਯੋਗਦਾਨ ਹੁੰਦਾ ਹੈ, ਉਸੇ ਤਰ੍ਹਾਂ ਪਾਰਟੀਆਂ ਛੋਟੀਆਂ-ਵੱਡੀਆਂ ਹੁੰਦੀਆਂ ਹਨ, ਪਰ ਤਾਕਤਵਰ ਤੇ ਵਿਕਸਿਤ ਭਾਰਤ ਬਣਾਉਣ ’ਚ ਸਾਰਿਆਂ ਦਾ ਯੋਗਦਾਨ ਹੁੰਦਾ ਹੈ।
ਦੇਸ਼ ਦੇ ਸਾਹਮਣੇ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ’ਚ ਸੱਤਾਧਾਰੀ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਵਿਸ਼ਵਾਸ ਵਿਚ ਲਵੇ ਤੇ ਉਨ੍ਹਾਂ ਨਾਲ ਲਗਾਤਾਰ ਸੰਵਾਦ ਕਰੇ। ਪ੍ਰਧਾਨ ਮੰਤਰੀ ਮੋਦੀ ਨੇ ਆਪ੍ਰੇਸ਼ਨ ਸਿੰਧੂਰ ਨੂੰ ਲੈ ਕੇ ਜਿਸ ਤਰ੍ਹਾਂ ਸਾਰੀਆਂ ਪਾਰਟੀਆਂ ਨੂੰ ਵਿਸ਼ਵਾਸ ’ਚ ਲਿਆ, ਉਹ ਸ਼ਲਾਘਾਯੋਗ ਸੀ। ਇਸ ਨਾਲ ਪ੍ਰਧਾਨ ਮੰਤਰੀ ਤੇ ਭਾਰਤੀ ਲੋਕਤੰਤਰ ਦੋਵਾਂ ਦਾ ਕੱਦ ਵਧਿਆ।
ਵਿਰੋਧੀ ਪਾਰਟੀਆਂ ਨੂੰ ਵੀ ਲੱਗਾ ਕਿ ਰਾਸ਼ਟਰੀ ਮੁਸ਼ਕਲ ਦੇ ਹੱਲ ’ਚ ਉਨ੍ਹਾਂ ਦੀ ਭੂਮਿਕਾ ਹੈ। ਪ੍ਰਧਾਨ ਮੰਤਰੀ ਦਾ ਸੰਕਲਪ ‘ਸਬ ਕਾ ਸਾਥ, ਸਬ ਕਾ ਵਿਸ਼ਵਾਸ, ਸਬ ਕਾ ਪ੍ਰਯਾਸ ਔਰ ਸਬ ਕਾ ਵਿਸ਼ਵਾਸ’ ਸਿਰਫ਼ ਚੋਣਾਂ ’ਚ ਹੀ ਨਹੀਂ, ਬਲਕਿ ਨੀਤੀ-ਨਿਰਮਾਣ, ਗੰਭੀਰ ਫ਼ੈਸਲੇ ਲੈਣ ਤੇ ਰਾਸ਼ਟਰੀ ਮੁਸ਼ਕਲ ਨਾਲ ਨਜਿੱਠਣ ’ਚ ਵੀ ਦਿਖਾਈ ਦੇਣਾ ਚਾਹੀਦਾ ਹੈ।
ਕਾਂਗਰਸ ਦੇਸ਼ ’ਚ ਸਭ ਤੋਂ ਮਹੱਤਵਪੂਰਨ ਵਿਰੋਧੀ ਪਾਰਟੀ ਹੈ। ਉਹ ਲੰਬੇ ਸਮੇਂ ਤੱਕ ਸੱਤਾ ’ਚ ਰਹੀ। ਉਸ ਨੂੰ ਪਤਾ ਹੋਵੇਗਾ ਕਿ ਸਰਕਾਰ ਦੀਆਂ ਕੀ-ਕੀ ਮੁਸ਼ਕਲਾਂ ਹੁੰਦੀਆਂ ਹਨ ਤੇ ਵਿਰੋਧੀ ਪਾਰਟੀ ਤੋਂ ਉਸ ਦੀਆਂ ਕੀ ਉਮੀਦਾਂ ਹੁੰਦੀਆਂ ਹਨ? ਕਦੀ ਦੇਸ਼ ਦੀ ਸਿਆਸੀ ਵਿਵਸਥਾ ਨੂੰ ‘ਕਾਂਗਰਸ ਸਿਸਟਮ’ ਕਿਹਾ ਜਾਂਦਾ ਸੀ, ਪਰ ਅੱਜ ਦੇਸ਼ ‘ਭਾਜਪਾ ਸਿਸਟਮ’ ਵੱਲ ਵਧ ਰਿਹਾ ਹੈ। ਜੇ ਕਾਂਗਰਸ ਨੇ ਭਾਰਤੀ ਸਿਆਸਤ ’ਚ ਅਹਿਮ ਬਣੇ ਰਹਿਣਾ ਹੈ ਤਾਂ ਉਸ ਨੂੰ ਆਪਣੀ ਲੀਡਰਸ਼ਿਪ, ਵਿਚਾਰਧਾਰਾ, ਸੰਗਠਨ ਤੇ ਕਾਰਜ ਸੱਭਿਆਚਾਰ ਦਾ ‘ਗਿਅਰ’ ਬਦਲਣਾ ਪਵੇਗਾ।
ਕਾਂਗਰਸ ਨੂੰ ਕਿਉਂ ਲੱਗਦਾ ਹੈ ਕਿ ਬਿਨਾਂ ‘ਗਾਂਧੀ’ ਦੇ ਉਸ ਦੀ ਕਿਸ਼ਤੀ ਡੁੱਬ ਜਾਵੇਗੀ? ਮਨਮੋਹਨ ਸਰਕਾਰ ’ਤੇ ਕਿਉਂ ‘ਇਕ ਗਾਂਧੀ’ ਦੀ ਜ਼ਰੂਰਤ ਸੀ? ਮੱਲਿਕਾਰਜੁਨ ਖੜਗੇ ਦੇ ਕਾਂਗਰਸ ਪ੍ਰਧਾਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ‘ਗਾਂਧੀ ਹਾਈ ਕਮਾਨ’ ਦੀ ਕਿਉਂ ਜ਼ਰੂਰਤ ਹੈ? ਕਾਂਗਰਸ ’ਚ ਕਈ ਆਗੂ ਅਗਵਾਈ ਦੇ ਯੋਗ ਹਨ, ਪਰ ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ’ਤੇ ਵੀ ਪਾਰਟੀ ਕਿਉਂ ਗਾਂਧੀ ’ਤੇ ਨਿਰਭਰ ਰਹਿਣਾ ਚਾਹੁੰਦੀ ਹੈ? ‘ਗਾਂਧੀ’ ਇਕ ਉਪ ਨਾਮ ਹੈ ਜੋ ਮਹਾਤਮਾ ਗਾਂਧੀ ਨੇ ਇੰਦਰਾ ਗਾਂਧੀ ਦੇ ਪਤੀ ਫ਼ਿਰੋਜ਼ ਨੂੰ ਦਿੱਤਾ ਸੀ। ‘ਗਾਂਧੀ’ ਉਪ ਨਾਮ ਨਾ ਤਾਂ ਮਜ਼ਹਬ ਬਦਲ ਸਕਦਾ ਹੈ, ਨਾ ਕੋਈ ਜਾਤੀ ਦੇ ਸਕਦਾ ਹੈ।
ਅੱਜ ਵਿਚਾਰਧਾਰਾ ਦੇ ਪੱਧਰ ’ਤੇ ਵੀ ਕਾਂਗਰਸ ਦਿਸ਼ਾਹੀਣ ਹੋ ਗਈ ਹੈ। ਜਿਸ ਪਾਰਟੀ ਨੇ ਆਜ਼ਾਦੀ ਅੰਦੋਲਨ ਦੀ ਅਗਵਾਈ ਕੀਤੀ ਹੋਵੇ, ਕਿਉਂ ਅੱਜ ਉਸ ਦੇ ਆਗੂ ਵਿਦੇਸ਼ ਜਾ ਕੇ ਭਾਰਤੀ ਲੋਕਤੰਤਰ ਤੇ ਸੰਵਿਧਾਨਕ ਸੰਸਥਾਵਾਂ ’ਤੇ ਸਵਾਲੀਆ ਨਿਸ਼ਾਨ ਲਾਉਂਦੇ ਹਨ? ਜ਼ਿਆਦਾਤਰ ਵਿਰੋਧੀ ਆਗੂ ਸਾਰਥਕ, ਤਰਕਪੂਰਨ ਅਤੇ ਰਚਨਾਤਮਕ ਨਿੰਦਾ ਦੀ ਥਾਂ ਦੋਸ਼, ਵਿਅੰਗ ਤੇ ਮਰਿਆਦਾ ਤੋਂ ਬਿਨਾਂ ਵਤੀਰੇ ਨਾਲ ਆਪਣੀ ਤੇ ਆਪਣੀਆਂ ਪਾਰਟੀਆਂ ਦੇ ਅਕਸ ਹੀ ਮਿੱਟੀ ’ਚ ਮਿਲਾਉਂਦੇ ਹਨ।
ਸੰਗਠਨ ਦੇ ਪੱਧਰ ’ਤੇ ਵੀ ਕਾਂਗਰਸ ਬਹੁਤ ਖ਼ਰਾਬ ਸਥਿਤੀ ’ਚ ਹੈ। ਜਿਨ੍ਹਾਂ ਸੂਬਿਆਂ ’ਚ ਕਾਂਗਰਸ ਦੀ ਸਿਆਸੀ ਜ਼ਮੀਨ ਬਚੀ ਵੀ ਹੈ, ਉਥੇ ਸੰਗਠਨ ਦੇ ਕਾਰਨ ਨਹੀਂ, ਬਲਕਿ ਗ਼ੈਰ-ਕਾਂਗਰਸੀ ਪਾਰਟੀ ਨਾਲ ਜਨਤਾ ਦੀ ਨਾਰਾਜ਼ਗੀ ਦੇ ਕਾਰਨ ਬਚੀ ਹੈ। ਕਾਂਗਰਸ ’ਚ ਆਮ ਵਰਕਰ ਦੀ ਮਿਹਨਤ ਦਾ ਕੋਈ ਅਰਥ ਨਹੀਂ, ਕਿਉਂਕਿ ਹਰੇਕ ਫ਼ੈਸਲਾ ਹਾਈ ਕਮਾਨ ਜਾਂ ਇਕ ਪਰਿਵਾਰ ਤੋਂ ਤੈਅ ਹੁੰਦਾ ਹੈ। ਤਦ ਵਰਕਰ ਮਿਹਨਤ ਕਰਨ ਹੀ ਕਿਉਂ?ਇਸ ਦਾ ਹੀ ਨਤੀਜਾ ਹੈ ਕਿ ਕਾਂਗਰਸ ਸੰਗਠਨ ਸਿਰਫ਼ ਕਾਗਜ਼ਾਂ ’ਚ ਹੀ ਹੈ।
ਇਸੇ ਹਾਈ ਕਮਾਨ ਸੱਭਿਆਚਾਰ ਨੇ ਪਾਰਟੀ ’ਚ ਅੰਦਰੂਨੀ ਲੋਕਤੰਤਰ ਤਬਾਹ ਤੇ ਕਾਰਜ ਸੱਭਿਆਚਾਰ ਨੂੰ ਦੂਸ਼ਿਤ ਕਰ ਦਿੱਤਾ, ਜਿਸ ਨਾਲ ਲੋਹੀਆ, ਜੈ ਪ੍ਰਕਾਸ਼ ਨਾਰਾਇਣ, ਆਚਾਰਿਆ ਕ੍ਰਿਪਲਾਨੀ ਵੱਲੋਂ ਇਕ ਸਮੇਂ ਕਾਂਗਰਸ ਛੱਡਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ, ਉਹ ਮੋਰਾਰਜੀ ਦੇਸਾਈ, ਚੌਧਰੀ ਚਰਨ ਸਿੰਘ, ਚੰਦਰ ਸ਼ੇਖਰ, ਜਗਜੀਵਨ ਰਾਮ, ਸ਼ਰਦ ਪਵਾਰ , ਮਮਤਾ ਬੈਨਰਜੀ ਤੋਂ ਹੁੰਦੇ ਹੋਏ ਗੁਲਾਮ ਨਬੀ ਆਜ਼ਾਦ, ਜੋਤੀਰਾਦਿੱਤਿਆ ਸਿੰਧੀਆ, ਜਿਤਿਨ ਪ੍ਰਸਾਦ, ਜਗਨ ਮੋਹਨ ਰੈੱਡੀ ਵਰਗੇ ਆਗੂਆਂ ਤੱਕ ਚੱਲਿਆ ਤੇ ਚੱਲ ਰਿਹਾ ਹੈ। ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਗਾਂਧੀ ਪਰਿਵਾਰ ’ਚ ਅਜਿਹੀ ਕਿਹੜੀ ਅਲੌਕਿਕ ਸ਼ਕਤੀ ਹੈ ਕਿ ਕਾਂਗਰਸ ਉਸ ਦੇ ਕੰਟਰੋਲ ਤੋਂ ਬਾਹਰ ਨਹੀਂ ਨਿਕਲ ਸਕਦੀ?
ਕਾਂਗਰਸ ਵਰਗੀ ਹੀ ਸਥਿਤੀ ਉੱਤਰ ਪ੍ਰਦੇਸ਼ ’ਚ ਮਾਇਆਵਤੀ ਦੀ ਬਸਪਾ, ਅਖਿਲੇਸ਼ ਦੀ ਸਮਾਜਵਾਦੀ ਪਾਰਟੀ, ਬਿਹਾਰ ’ਚ ਲਾਲੂ ਦੀ ਆਰਜੇਡੀ, ਆਂਧਰਾ ’ਚ ਜਗਨਮੋਹਨ ਰੈੱਡੀ ਦੀ ਵਾਈਐੱਸਆਰ-ਕਾਂਗਰਸ, ਤਾਮਿਲਨਾਡੂ ’ਚ ਐੱਮਕੇ ਸਟਾਲਿਨ ਦੀ ਦਰਮੁਕ, ਬੰਗਾਲ ’ਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਆਦਿ ਦੀ ਹੈ। ਬਸਪਾ ਕਦੀ ਰਾਸ਼ਟਰੀ ਪੱਧਰ ’ਤੇ ਅਸਰਦਾਰ ਪਾਰਟੀ ਸੀ, ਅੱਜ ਮਾਇਆਵਤੀ ਦੇ ਕਾਰਜ ਸੱਭਿਆਚਾਰ ਨਾਲ ਉਹ ਮਹੱਤਵਹੀਣ ਹੋ ਰਹੀ ਹੈ।
ਅਖਿਲੇਸ਼ ਵੱਲੋਂ ਜਾਤੀ ’ਤੇ ਆਧਾਰਿਤ ਸਿਆਸਤ ਕਰਨ ਤੇ ਸਮਾਜਵਾਦੀ ਵਿਚਾਰਧਾਰਾ ਤੇ ਸਮਾਵੇਸ਼ੀ ਸਿਆਸਤ ਨਾ ਸਮਝਣ ਨਾਲ ਸਮਾਜਵਾਦੀ ਪਾਰਟੀ ਕਦੀ ਕਾਂਗਰਸ, ਕਦੀ ਬਸਪਾ ਤਾਂ ਕਦੀ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਕਰਦੀ ਰਹੀ ਹੈ। ਬਿਹਾਰ ’ਚ ਆਰਜੇਡੀ ਸਰਕਾਰ ਦਾ ਅਪਰਾਧਕ ਕਾਰਜ ਸੱਭਿਆਚਾਰ ਪਾਰਟੀ ਆਗੂ ਤੇਜਸਵੀ ਯਾਦਵ ਦੇ ਗਲੇ ਦੀ ਹੱਡੀ ਬਣ ਗਿਆ। ਜਗਨ ਨੇ ਆਂਧਰਾ ’ਚ ਆਪਣੇ ਪਾਰਟੀ ਸੰਗਠਨ ਨੂੰ ਨਜ਼ਰਅੰਦਾਜ਼ ਕਰ ਕੇ ਨਿੱਜੀ ਸੰਗਠਨਾਤਮਕ ਵਿਵਸਥਾ ਬਣਾਈ ਤੇ ਆਪਣੇ ਆਪ ਨੂੰ ਇਕ ਫ਼ਰਿਸ਼ਤੇ ਦੇ ਰੂਪ ’ਚ ਪ੍ਰੋਜੈਕਟ ਕੀਤਾ, ਜਿਸ ਦੇ ਮਾੜੇ ਨਤੀਜੇ ਸਾਹਮਣੇ ਆਏ।
ਤਾਮਿਲਨਾਡੂ ’ਚ ਜਦ ਮੁੱਖ ਮੰਤਰੀ ਸਟਾਲਿਨ ਤਮਿਲ ਆਧਾਰਿਤ ਤੇ ਹਿੰਦੂ ਵਿਰੋਧ ਦੀ ਸਿਆਸਤ ਕਰ ਰਹੇ ਹਨ, ਤਦ ਪ੍ਰਧਾਨ ਮੰਤਰੀ ਮੋਦੀ ਵਾਰਨਸੀ ’ਚ ਕਾਸ਼ੀ-ਤਮਿਲ ਸੰਗਮਮ ਨਾਲ ਉੱਤਰ-ਦੱਖਣ ਨੂੰ ਏਕਤਾ ਦੇ ਸੂਤਰ ’ਚ ਪਿਰੋ ਰਹੇ ਹਨ। ਮਮਤਾ ਬੈਨਰਜੀ ਜਿਸ ਤਰ੍ਹਾਂ ਬੰਗਾਲੀ ਦੀ ਆੜ ’ਚ ਬੰਗਾਲਦੇਸ਼ੀ ਤੇ ਰੋਹਿੰਗਿਆਵਾਂ ਨੂੰ ਸੁਰੱਖਿਆ ਦੇ ਰਹੀ ਹੈ, ਉਹ ਉਨ੍ਹਾਂ ਨੂੰ ਸੱਤਾ ਸੁੱਖ ਤਾਂ ਦੇ ਸਕਦੀ ਹੈ, ਪਰ ਇਹ ਬੰਗਾਲ ਤੇ ਰਾਸ਼ਟਰੀ ਸੁਰੱਖਿਆ ਲਈ ਇਕ ਵੱਡੀ ਚੁਣੌਤੀ ਹੈ।
ਸਿਆਸੀ ਪਾਰਟੀਆਂ ਨੂੰ ਸਮਝਣਾ ਪਵੇਗਾ ਕਿ ਜਮਹੂਰੀ ਸਿਆਸਤ ਤੇ ਸੰਘੀ ਵਿਵਸਥਾ ਦਾ ਆਨੰਦ ਉਹ ਤਦ ਤੱਕ ਉਠਾ ਸਕਦੇ ਹਨ, ਜਦ ਤੱਕ ਦੇਸ਼ ਦੀ ਖ਼ੁਦਮੁਖਤਿਆਰੀ, ਸੁਰੱਖਿਆ ਤੇ ਖ਼ੁਸ਼ਹਾਲੀ ਕਾਇਮ ਹੈ। ਦੇਸ਼ ’ਚ ਕੇਂਦਰ, ਸੂਬਿਆਂ ਤੇ ਸਾਰੀਆਂ ਸਥਾਨਕ ਸਰਕਾਰਾਂ ਇਨ੍ਹਾਂ ਹੀ ਪਾਰਟੀਆਂ ਨੇ ਚਲਾਉਣੀਆਂ ਹਨ।
ਇਸ ਲਈ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਭਾਰਤ ਦੀ ਜਨਤਾ ਸਿਆਸੀ ਪਾਰਟੀਆਂ ਤੇ ਸਰਕਾਰਾਂ ਦੀਆਂ ਨੀਤੀਆਂ-ਫ਼ੈਸਲਿਆਂ ਨਾਲ ਸਹਿਮਤ-ਅਸਹਿਮਤ ਹੋ ਸਕਦੀ ਹੈ, ਪਰ ਦੇਸ਼ ਪ੍ਰਤੀ ਮਾੜੀ ਭਾਵਨਾ, ਲੋਕਤੰਤਰ ਦੇ ਪ੍ਰਤੀ ਮਾੜਾ ਪ੍ਰਚਾਰ ਤੇ ਭਾਰਤੀ ਸੱਭਿਆਚਾਰ ਦੇ ਉਲਟ ਵਿਚਾਰ ਤੇ ਵਿਵਹਾਰ ਵਾਲਿਆਂ ਨੂੰ ਮਾਫ਼ ਨਹੀਂ ਕਰਦੀ। ਇਸ ਨੂੰ ਨਜ਼ਰਅੰਦਾਜ਼ ਕਰ ਕੇ ਜੇ ਸਿਆਸੀ ਪਾਰਟੀਆਂ ਆਪਣੀ ਦਿਸ਼ਾ ਨਹੀਂ ਬਦਲਦੀਆਂ ਤਾਂ ਕੋਈ ਉਨ੍ਹਾਂ ਨੂੰ ਮਾੜੇ ਨਤੀਜਿਆਂ ਤੋਂ ਨਹੀਂ ਬਚਾ ਸਕਦਾ।
ਡਾ. ਏਕੇ ਵਰਮਾ
(ਲੇਖਕ ਸੈਂਟਰ ਫਾਰ ਦ ਸਟੱਡੀ ਆਫ ਸੋਸਾਇਟੀ ਐਂਡ ਪਾਲਿਟਿਕਸ ਦਾ ਡਾਇਰੈਕਟਰ ਅਤੇ ਸਿਆਸੀ ਵਿਸ਼ਲੇਸ਼ਕ ਹੈ)।
response@jagran.com