ਜਦ ਬੱਚੇ ਘੰਟਿਆਂਬੱਧੀ ਫੋਨ ਵਿਚ ਰੁੱਝੇ ਰਹਿੰਦੇ ਹਨ, ਤਦ ਉਨ੍ਹਾਂ ਦੀ ਸਰੀਰਕ ਵਰਜਿਸ਼ ਨਹੀਂ ਹੁੰਦੀ ਤੇ ਅੱਖਾਂ ਤੇ ਦਿਮਾਗ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਸਰੀਰ ਵਿਚ ਖ਼ੂਨ ਦਾ ਸੰਚਾਰ ਘੱਟ ਹੁੰਦਾ ਹੈ। ਅਨੇਕ ਬਿਮਾਰੀਆਂ ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਆ ਘੇਰਦੀਆਂ ਹਨ। ਵੱਡਾ ਸਵਾਲ ਇਹ ਹੈ ਕਿ ਮੋਬਾਈਲ ਫੋਨ ਦੀ ਬਹੁਤ ਜ਼ਿਆਦਾ ਵਰਤੋਂ ਦੇ ਇਨ੍ਹਾਂ ਸਭ ਨੁਕਸਾਨਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਬੱਚੇ ਇਸ ਦੀ ਦੁਰਵਰਤੋਂ ਕਿਉਂ ਕਰ ਰਹੇ ਹਨ?

ਮਾਂ ਤੇ ਬੱਚਿਆਂ ਦਾ ਰਿਸ਼ਤਾ ਰੱਬ ਜਿਹਾ ਪਾਕੀਜ਼ਾ ਹੁੰਦਾ ਹੈ। ਇਹ ਕਹਿਣਾ ਵੀ ਅਤਿਕਥਨੀ ਨਹੀਂ ਕਿ ਜਿੱਥੇ ਰੱਬ ਨਹੀਂ ਅੱਪੜਦਾ, ਓਥੇ ਮਾਂ ਪੁੱਜ ਜਾਂਦੀ ਹੈ। ਅੱਜ ਦੇ ਇਸ ਵਿਗਿਆਨਕ ਯੁੱਗ ਵਿਚ ਜਿੱਥੇ ਟੈਕਨਾਲੋਜੀ ਨੇ ਬੜੀਆਂ ਤਬਦੀਲੀਆਂ ਲਿਆਂਦੀਆਂ ਹਨ, ਓਥੇ ਹੀ ਮੋਬਾਈਲ ਦੀ ਦੁਰਵਰਤੋਂ ਕਾਰਨ ਮਾਪਿਆਂ ਤੇ ਬੱਚਿਆਂ ਦੇ ਰਿਸ਼ਤਿਆਂ ਵਿਚ ਅਨੇਕ ਤਣਾਅ ਅਤੇ ਚਿੰਤਾਵਾਂ ਉਪਜ ਗਈਆਂ ਹਨ। ਬੱਚਿਆਂ ਦਾ ਮੋਬਾਈਲ ਨਾਲ ਰਿਸ਼ਤਾ ਦਿਨ-ਬ-ਦਿਨ ਗੂੜ੍ਹਾ ਹੁੰਦਾ ਜਾ ਰਿਹਾ ਹੈ। ਮਾਤਾ-ਪਿਤਾ ਆਪਣੇ ਰੁਝੇਵਿਆਂ ਵਿਚ ਇੰਨੇ ਰੁੱਝ ਜਾਂਦੇ ਹਨ ਕਿ ਬੱਚਿਆਂ ਨਾਲ ਸਮਾਂ ਬਿਤਾਉਣ ਦੀ ਥਾਂ ਉਨ੍ਹਾਂ ਨੂੰ ਮੋਬਾਈਲ ਫੜਾ ਦਿੰਦੇ ਹਨ। ਫੋਨ ਦੀ ਜ਼ਿਆਦਾ ਵਰਤੋਂ ਸਾਡੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਹਾਨੀਕਾਰਕ ਹੈ।
ਜਦ ਬੱਚੇ ਘੰਟਿਆਂਬੱਧੀ ਫੋਨ ਵਿਚ ਰੁੱਝੇ ਰਹਿੰਦੇ ਹਨ, ਤਦ ਉਨ੍ਹਾਂ ਦੀ ਸਰੀਰਕ ਵਰਜਿਸ਼ ਨਹੀਂ ਹੁੰਦੀ ਤੇ ਅੱਖਾਂ ਤੇ ਦਿਮਾਗ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਸਰੀਰ ਵਿਚ ਖ਼ੂਨ ਦਾ ਸੰਚਾਰ ਘੱਟ ਹੁੰਦਾ ਹੈ। ਅਨੇਕ ਬਿਮਾਰੀਆਂ ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਆ ਘੇਰਦੀਆਂ ਹਨ। ਵੱਡਾ ਸਵਾਲ ਇਹ ਹੈ ਕਿ ਮੋਬਾਈਲ ਫੋਨ ਦੀ ਬਹੁਤ ਜ਼ਿਆਦਾ ਵਰਤੋਂ ਦੇ ਇਨ੍ਹਾਂ ਸਭ ਨੁਕਸਾਨਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਬੱਚੇ ਇਸ ਦੀ ਦੁਰਵਰਤੋਂ ਕਿਉਂ ਕਰ ਰਹੇ ਹਨ?
ਇਸ ਸਭ ਦਾ ਕਸੂਰਵਾਰ ਕੌਣ ਹੈ? ਮਾਪੇ ਬੱਚਿਆਂ ਦੇ ਹੱਥਾਂ ਵਿਚ ਫੋਨ ਫੜਾ ਦਿੰਦੇ ਹਨ ਤਾਂ ਜੋ ਉਹ ਭੋਜਨ ਖਾ ਲੈਣ ਪਰ ਇਸ ਤਰ੍ਹਾਂ ਖਾਧਾ ਭੋਜਨ ਬਹੁਤਾ ਫ਼ਾਇਦਾ ਨਹੀਂ ਕਰਦਾ। ਇਸ ਦਾ ਤਾਂ ਉਲਟਾ ਨੁਕਸਾਨ ਹੀ ਹੁੰਦਾ ਹੈ। ਇਸ ਤਰ੍ਹਾਂ ਕਰਨ ਨਾਲ ਬੱਚੇ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਉਹ ਕੀ ਖਾ ਰਿਹਾ ਹੈ ਤੇ ਉਸ ਨੇ ਕਿੰਨਾ ਭੋਜਨ ਹੋਰ ਖਾਣਾ ਹੈ। ਮੈਂ ਅੱਖੀਂ ਦੇਖਿਆ ਹੈ ਕਿ ਮਾਂ-ਬਾਪ ਬੱਚੇ ਦੇ ਮੂੰਹ ਵਿਚ ਬੁਰਕੀਆਂ ਪਾਉਂਦੇ ਜਾਂਦੇ ਹਨ ਤੇ ਬੱਚਾ ਫੋਨ ’ਤੇ ਗੇਮਜ਼ ਖੇਡਣ ਵਿਚ ਵਿਅਸਤ ਰਹਿੰਦਾ ਹੈ। ਮੇਰੀ ਮਾਂ-ਬਾਪ ਅੱਗੇ ਅਰਜ਼ ਹੈ ਕਿ ਅਸੀਂ ਮਾਪਿਆਂ ਤੋਂ ਕੁਮਾਪੇ ਨਾ ਬਣੀਏ।
ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦੀ ਲਤ ਤੋਂ ਬਚਾਈਏ। ਅਸੀਂ ਸਭ ਪ੍ਰਣ ਲਈਏ ਕਿ ਫੋਨ ਦੀ ਵਰਤੋਂ ਦੇ ਕੁਝ ਨਿਯਮ ਬਣਾਈਏ। ਬੱਚਿਆਂ ਲਈ ਫੋਨ ਦੀ ਵਰਤੋਂ ਦਾ ਸਮਾਂ ਨਿਸ਼ਚਿਤ ਕਰੀਏ। ਜਿੰਨਾ ਹੋ ਸਕੇ, ਬੱਚਿਆਂ ਨਾਲ ਵੱਧ ਤੋਂ ਵੱਧ ਬੈਠੀਏ, ਉਨ੍ਹਾਂ ਨਾਲ ਗੱਲਾਂ ਕਰੀਏ ਅਤੇ ਆਪਣੇ ਪਿਆਰ ਦਾ ਇਜ਼ਹਾਰ ਵਾਰ-ਵਾਰ ਕਰੀਏ। ਇਸ ਵਾਸਤੇ ਜ਼ਰੂਰੀ ਹੈ ਕਿ ਮਾਂ-ਬਾਪ ਆਪਣੀ ਦੇਖਭਾਲ ਕਰਦਿਆਂ ਬੱਚਿਆਂ ਨੂੰ ਪੂਰਾ ਆਦਰ-ਮਾਣ ਦੇਣ।
ਬੱਚਿਆਂ ਦਾ ਨਿਰਾਦਰ ਕਰ ਕੇ ਅਸੀਂ ਉਨ੍ਹਾਂ ਨੂੰ ਕਦੇ ਵੀ ਚੰਗੀ ਸਿਖਲਾਈ ਨਹੀਂ ਦੇ ਸਕਦੇ। ਉਨ੍ਹਾਂ ਨੂੰ ਪਿਆਰ ਨਾਲ ਉਨ੍ਹਾਂ ਦੇ ਭਲੇ ਤੇ ਬੁਰੇ ਬਾਰੇ ਸੁਚੇਤ ਕਰੀਏ। ਮਿਸਾਲ ਵਜੋਂ ਇਕ ਸੜਕ ਜਿਸ ’ਤੇ ਅਨੇਕ ਟੋਏ ਤੇ ਗੰਦਗੀ ਹੋਵੇ ਤਾਂ ਸੂਝਵਾਨ ਬੱਚਾ ਆਪਣੇ-ਆਪ ਸੁਚੇਤ ਹੋ ਕੇ ਖ਼ੁਦ ਨੂੰ ਟੋਇਆਂ ਤੇ ਗੰਦਗੀ ਤੋਂ ਬਚਾਉਂਦਾ ਹੋਇਆ ਅੱਗੇ ਵਧਦਾ ਜਾਂਦਾ ਹੈ, ਉਸੇ ਤਰ੍ਹਾਂ ਅਸੀਂ ਬੱਚਿਆਂ ਦੀ ਪਰਵਰਿਸ਼ ਇਸ ਤਰ੍ਹਾਂ ਕਰੀਏ ਕਿ ਉਹ ਆਪਣੇ ਭਲੇ-ਬੁਰੇ ਤੋਂ ਆਪ ਸੁਚੇਤ ਹੋਣ।
ਮਾਂ-ਬਾਪ ਨੂੰ ਬੱਚਿਆਂ ਨੂੰ ਪਰਖਣ ਦੀ ਥਾਂ ਪਿਆਰ ਨਾਲ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਨ੍ਹਾਂ ਲਈ ਸੀਮਾਵਾਂ ਨਿਸ਼ਚਿਤ ਕਰਨੀਆਂ ਚਾਹੀਦੀਆਂ ਹਨ। ਰੋਜ਼ ਬੱਚਿਆਂ ਨਾਲ ਗੱਲਬਾਤ ਕਰੀਏ ਤੇ ਉਨ੍ਹਾਂ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿਖਾਈਏ ਤੇ ਆਪਣੇ ਬੱਚਿਆਂ ਨੂੰ ਨਿਰੋਗ ਤੇ ਸੂਝਵਾਨ ਬਣਾਈਏ।
-ਰੱਬੀ ਕੌਰ